ਬੀਬੀ ਝਾਲਾਂ ਕੌਰ – ਜਾਣੋ ਇਤਿਹਾਸ

ਮਾਝੇ ਦੇ ਰਹਿਣ ਵਾਲੀ ਝਾਲਾ ਕੌਰ ਇਕ ਧਾਰਮਿਕ ਸਿਦਕ ਤੇ ਸੰਤੋਖ ਦੀ ਮੂਰਤ ਸੀ । ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਸਮਝਿਆ ਤੇ ਧਰਮ ਤੇ ਸਿੱਖੀ ਤੇ ਪਹਿਰਾ ਦੇਂਦਿਆਂ ਇਕ ਆਦਰਸ਼ਕ ਜੀਵਨ ਦਾ ਨਮੂਨਾ ਪੇਸ਼ ਕੀਤਾ । ਪਹਿਲਾਂ ਆਪਣੇ ਪਤੀ ਨੂੰ ਗੁਰੂ ਜੀ ਦੀ ਫੌਜ ਵਿਚ ਭੇਜ ਕੇ ਦੇਸ਼ ਦੀ ਰਖਿਆ ਤੇ ਅਨਿਆ ਤੇ ਅਤਿਆਚਾਰ ਵਿਰੁੱਧ ਲੜਦਿਆਂ ਸ਼ਹੀਦ ਕਰਾਇਆ । ਫਿਰ ਉਸ ਦੀ ਇਕੋ ਇਕ ਨਿਸ਼ਾਨੀ ਆਪਣੇ ਦਿਲ ਦੇ ਟੁੱਕੜੇ ਬਿਜੈ ਸਿੰਘ ਨੂੰ ਇਨ੍ਹਾਂ ਲੀਹਾਂ ਤੇ ਤੋਰ ਕੇ ਪਿਤਾ ਵਾਂਗ ਦੇਸ਼ ਦੀ ਗੁਲਾਮੀ ਦੀ ਜਜ਼ੀਰਾਂ ਕੱਟਦੇ ਸ਼ਹੀਦ ਕਰਾਇਆ ।
ਮਾਝੇ ਦੇ ਇਕ ਪਿੰਡ ਸਰਹਾਲੀ ( ਤਰਨਤਾਰਨ ਤੋਂ ਫੀਰੋਜ਼ਪੁਰ ਵਾਲੀ ਸੜਕ ਉਤੇ ) ਵਿਚ ਇਕ ਕੇਸਰੂ ਮੱਲ ਨਾਮੀ ਸਖੀ ਸਰਵਰ ਦਾ ਸੇਵਕ ਰਹਿੰਦਾ ਸੀ । ਇਸ ਦੀ ਪਤਨੀ ਦਾ ਨਾਂ ਝਾਲਾਂ ਰਾਣੀ ਸੀ । ਇਸ ਪਿੰਡ ਨੂੰ ਗੁਰੂ ਅਰਜਨ ਦੇਵ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ । ਇਥੇ ਕੁਝ ਗੁਰਸਿੱਖ ਵੀ ਰਹਿੰਦੇ ਸਨ । ਭਾਈ ਬਿਧੀ ਚੰਦ ਜੀ ਦੇ ਏਥੇ ਨਾਨਕੇ ਵੀ ਸਨ । ਇਕ ਵਾਰ ਪਿੰਡ ਦੀ ਸੰਗਤ ਅਨੰਦਪੁਰ ਦਸ਼ਮੇਸ਼ ਪਿਤਾ ਦੇ ਦਰਸ਼ਨਾਂ ਨੂੰ ਚਲੀ ਤਾਂ ਇਸ ਝਾਲਾਂ ਰਾਣੀ ਨੇ ਆਪਣੇ ਪਤੀ ਨੂੰ ਵੀ ਉਸ ਸੰਗਤ ਨਾਲ ਜਾਣ ਲਈ ਮਨਾ ਲਿਆ । ਪੁੱਤਰ ਬਿਜੇ ਨੂੰ ਨਾਲ ਲੈ ਤੁਰੇ । ਗੁਰੂ ਜੀ ਦੀ ਦਯਾ ਦ੍ਰਿਸ਼ਟੀ ਦੁਆਰਾ ਸਾਰਾ ਪ੍ਰਵਾਰ ਹੀ ਅੰਮ੍ਰਿਤਪਾਣ ਕਰ ਘਰ ਵਾਪਿਸ ਮੁੜਿਆ ।
ਅੰਮ੍ਰਿਤ ਦੀ ਸ਼ਕਤੀ ਦੁਆਰਾ ਝਾਲਾ ਕੌਰ ਬੜੀ ਧਾਰਮਿਕ ਤੇ ਪਤੀ ਬ੍ਤਾ ਬਣ ਸਿਮਰਨ ਤੇ ਪ੍ਰਭੂ ਭਗਤੀ ਵਿੱਚ ਗੜੂੰਦ ਹੋ ਕੇ ਸਬਰ , ਸਿਦਕ ਤੇ ਸੰਤੋਖ ਦੀ ਮੂਰਤ ਬਣ ਜੀਵਨ ਮੁਕਤਿ ਅਵਸਥਾ ਪ੍ਰਾਪਤ ਕਰ ਲਈ । ਇਸੇ ਤਰ੍ਹਾਂ ਇਸ ਦਾ ਪਤੀ ਮਲ ਸਿੰਘ ਵੀ ਦਸਾਂ ਨੁਹਾਂ ਦੀ ਕਿਰਤ ਕਮਾਈ ਨਾਲ ਸਿਮਰਨ ਕਰਨਾ ਘਰ ਬੈਠਾ ਉਚ ਅਵਸਥਾ ਨੂੰ ਪੁੱਜ ਗਿਆ । ਇਨ੍ਹਾਂ ਨੂੰ ਸਿੱਖ ਇਤਿਹਾਸ ਪੜਦਿਆਂ ਸੁਣਦਿਆਂ ਇਹ ਵਿਸ਼ਵਾਸ਼ ਹੋ ਗਿਆ ਕਿ ਜਿਹੜਾ ਪੁਰਸ਼ ਦੇਸ਼ ਤੇ ਧਰਮ ਖਾਤਰ ਕੁਰਬਾਨੀ ਕਰਦਾ ਹੈ।ਉਸਦਾ ਸੱਚਖੰਡ ਵਿਚ ਵਾਸਾ ਹੁੰਦਾ ਹੈ। ਇਸ ਵਿਸ਼ਵਾਸ਼ ਨੂੰ ਪੱਲੇ ਬੰਨ ਝਾਲਾਂ ਕੌਰ ਨੇ ਆਪਣੇ ਪਤੀ ਮੱਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿਚ ਅਨੰਦਪੁਰ ਭੇਜ ਦਿੱਤਾ । ਤੇ ਆਪ ਪਿਛੇ ਬੱਚੇ ਬਿਜੇ ਸਿੰਘ ਨੂੰ ਨਾਲ ਲੈ ਗੁਰੂ ਕੇ ਲੰਗਰ ਦੀ ਸੇਵਾ ਵਿਚ ਜਾ ਜੁੱਟੀ । ਰਾਤ ਦਿਨ ਗੁਰੂ ਘਰ ਆਈ ਸੰਗਤ ਦੀ ਦੋਵੇਂ ਮਾਂ ਪੁੱਤ ਸੇਵਾ ਕਰਦੇ । ਯੁੱਧ ਵਿਚ ਇਸ ਦਾ ਪਤੀ ਮੱਲ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ । ਕੋਈ ਧਾਹਾਂ ਨਹੀਂ ਮਾਰੀਆਂ ਕੋਈ ਪਿਟਾਪਾ ਕਰਕੇ ਆਪਣੇ ਸਰੀਰ ਨੂੰ ਨਹੀਂ ਝਝੌੜਿਆ । ਕੇਵਲ ਪਤੀ ਦੇ ਵਿਯੋਗ ਵਿਚ ਨੈਣਾਂ ਵਿਚ ਹੰਝੂ ਚਲੇ । ਫਿਰ ਹੌਸਲਾ ਧਾਰਿਆ । ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਉਸ ਦੇ ਪਤੀ ਨੇ ਗੁਰੂ ਜੀ ਦੇ ਸਨਮੁਖ ਸ਼ਹੀਦੀ ਪ੍ਰਾਪਤ ਕੀਤੀ ਹੈ । ਗਲ ਵਿਚ ਪਲਾ ਪਾ ਕੇ ਹੱਥ ਜੋੜ ਪ੍ਰਭੂ ਅੱਗੇ ਅਰਦਾਸ ਕਰਦੀ ਹੈ “ ਹੇ ਪ੍ਰਭੂ ! ਮੇਰਾ ਪਤੀ ਧਰਮ ਦੀ ਖਾਤਰ ਗੁਰੂ ਜੀ ਦੇ ਸਨਮੁਖ ਵੈਰੀਆਂ ਨਾਲ ਜੂਝਦਾ ਸ਼ਹੀਦ ਹੋਇਆ ਹੈ । ਇਨ੍ਹਾਂ ਦਾ ਚਰਨਾਂ ਵਿਚ ਵਾਸਾ ਹੋਵੇ । ਮੈਨੂੰ ਨਿਮਾਣੀ ਨੂੰ ਇਨ੍ਹਾਂ ਦੀ ਬਿਰਹਾ ਦਾ ਸਲ ਝੱਲਣ ਦਾ ਬਲ ਬਖਸ਼ੋ । ਨਾਲ ਹੀ ਪੁੱਤਰ ਬਿਜੇ ਸਿੰਘ ਨੂੰ ਪਿਤਾ ਦੇ ਪੂਰਨਿਆ ਤੇ ਚੱਲਣ ਲਈ ਸੁਮੱਤ , ਹਿੰਮਤ ਤੇ ਬਲ ਬਖਸ਼ੋ । ਕੁਝ ਚਿਰ ਗੁਰੂ ਜੀ ਦੀ ਸੇਵਾ ਚ ਰਹਿ ਕੇ ਗੁਰੂ ਜੀ ਪਾਸੋਂ ਆਗਿਆ ਪਾ ਆਪਣੇ ਪੁੱਤਰ ਨੂੰ ਨਾਲ ਲੈ ਸਰਹਾਲੀ ਪਰਤ ਆਈ । ਪਿੰਡ ਆ ਕੇ ਆਪਣੇ ਲਾਡਲੇ ਪੁੱਤਰ ਨੂੰ ਬੜੀ ਚੰਗੀ ਰਿਸ਼ਟ ਪੁਸ਼ਟ ਖੁਰਾਕ ਖਵਾ ਕੇ ਝਟ ਹੀ ਜੁਆਨ ਗੱਭਰੂ ਬਣਾ ਦਿਤਾ ਨਾਲ ਹੀ ਸਾਰੇ ਜੰਗ ਕਰਤੱਵ ਗਤਕਾ , ਤੇਗ ਚਲਾਉਣੀ , ਤੀਰ ਅੰਦਾਜੀ , ਘੋੜ ਸਵਾਰੀ ਗਲ ਕੀ ਹਰ ਇਕ ਚੀਜ ‘ ਚ ਨਿਪੁੰਨ ਕਰ ਦਿੱਤਾ । ਦਿਨਾਂ ਵਿੱਚ ਹੀ ਆਲੇ ਦੁਆਲੇ ਦੇ ਗਭਰੂਆਂ ਨੂੰ ਕੁਸ਼ਤੀ ਆਦਿ ਚ ਪਿੱਛੇ ਛੱਡ ਗਿਆ ਪਿਤਾ ਵਾਂਗ ਸਿਆਣਾ ਸੂਰਬੀਰ ਦੇ ਦਲੇਰ ਬਣ ਗਿਆ । ਗਤਕੇ ਵਿੱਚ ਇਸ ਦਾ ਲਾਗਲੇ ਪਿੰਡਾਂ ਵਿੱਚ ਵੀ ਕੋਈ ਸਾਨੀ ਨਹੀਂ ਸੀ । ਜਦੋਂ ਬਾਈਧਾਰ ਦੇ ਰਾਜਿਆ ਤੇ ਮੁਗਲ ਸੈਨਾ ਦੇ ਦਲ ਨੇ ਆਨੰਦਪੁਰ ਨੂੰ ਘੇਰਾ ਪਾਇਆ ਤਾਂ ਦਸ਼ਮੇਸ਼ ਪਿਤਾ ਜੀ ਨੇ ਹੁਕਮਨਾਮੇ ਭੇਜੇ ਕਿ ਜਿਹੜਾ ਪੜੇ ਜਾਂ ਸੁਣੇ ਅਨੰਦਪੁਰ ਵਲ ਚਾਲੇ ਪਾ ਦੇਵੇ।ਆਪਣੇ ਸ਼ਸ਼ਤਰਾਂ ਤੇ ਘੋੜੇ ਸਮੇਤ । ਜਦੋਂ ਸਰਹਾਲੀ ਵਿਚਕਾਰਲੇ ਚੋਂਕ ਚ ਇਹ ਹੁਕਮਨਾਮਾ ਸਾਰੇ ਪਿੰਡ ਨੂੰ ਸੁਣਾਇਆ ਗਿਆ ਤਾਂ ਬਿਜੈ ਸਿੰਘ ਇਹ ਹੁਕਮਨਾਮਾ ਸੁਣ ਆਪਣੀ ਮਾਤਾ ਝਾਲਾਂ ਕੌਰ ਪਾਸ ਗਿਆ ਤਾਂ ਮਾਤਾ ਪਾਸੋਂ ਅਨੰਦਪੁਰ ਜਾਣ ਦੀ ਆਗਿਆ ਮੰਗੀ । ਮਾਤਾ ਜੀ ਬੜੀ ਖੁਸ਼ੀ ਹੋਈ ਤੇ ਸੌ ਸ਼ਗਣ ਕਰ ਦਿਲ ਦੇ ਟੋਟੇ ਨੂੰ ਸ਼ਸ਼ਤਰ ਬੱਧ ਕਰ ਘੋੜਾ ਦੇ ਕੇ ਤੋਰਿਆ ਤੇ ਅਰਦਾਸ ਕੀਤੀ ਕਿ “ ਹੇ ਪ੍ਰਭੂ ! ਮੇਰਾ ਭੁਝੰਗੀ ਧਰਮ ਯੁੱਧ ਲਈ ਜਾ ਰਿਹਾ ਹੈ । ਇਸ ਨੂੰ ਜੁਲਮ ਦੇ ਵਿਰੁੱਧ ਲੜਨ ਲਈ ਬੱਲ , ਵੀਰਤਾ ਤੇ ਹਿੰਮਤ ਬਖਸ਼ । ਇਹ ਯੁੱਧ ਵਿੱਚ ਜਿੱਤ ਪ੍ਰਾਪਤ ਕਰੇ ਜਾਂ ਸ਼ਹੀਦੀ ਪ੍ਰਾਪਤ ਕਰੇ । ਇਹ ਕਿਤੇ ਪਿੱਠ ਨਾ ਦਿਖਾਏ । ਇਹ ਆਪਣੇ ਪੁੱਤਰ ਨੂੰ ਵੀ ਆਪਣੇ ਪਤੀ ਵਾਂਗ ਨੇਕ ਬਹਾਦਰ , ਸੂਰਮਾ ਵੇਖਣਾ ਚਾਹੁੰਦੀ ਸੀ ।
ਹੁਣ ਬਿਜੈ ਸਿੰਘ ਨੂੰ ਪਿੰਡੋ ਗਏ ਕਾਫੀ ਸਮਾਂ ਹੋ ਗਿਆ ਕੋਈ ਖਬਰ ਆਦਿ ਨਾ ਆਈ । ਪਰ ਇਕ ਦਿਨ ਅਚਾਨਕ ਝਾਲਾਂ ਕੌਰ ਉਦਾਸ ਜਿਹੀ ਹੋ ਗਈ ਇਕ ਕਵੀ ਉਸ ਦੀ ਹਾਲਤ ਇਵੇਂ ਦਸਦਾ ਹੈ । ਬੈਠੀ ਵਿਚ ਸਹੇਲੀਆਂ ਲਾਇ ਤ੍ਰਿਞਣ , ਝਾਲਾਂ ਕੌਰ ਬਚਨ ਅਲਾਵਦੀ ਹੈ । ਮੇਰਾ ਉਛਲਦਾ ਅੱਜ ਕਲੇਜੜਾ ਏ , ਮੇਰੀ ਜਿੰਦ ਮੈਨੂੰ ਛੱਡੀ ਜਾਵਦੀ ਹੈ । ਗਮ ਸੋਚ ਦੇ ਪਏ ਹਨ ਆਣ ਘੇਰੇ , ਚਿੰਤਾ ਚਿਖਾ ਦੇ ਵਾਂਗ ਜਲਾਵਦੀ ਹੈ । ਅੜਿਓ ਅੱਖੀਆਂ ਅਗੇ ਗੁਬਾਰ ਆਇਆ , ਮੇਰੀ ਹੋਸ਼ ਉਡੀ ਤੁਰੀ ਜਾਂਵਦੀ ਹੈ । ਇਹ ਉਦਾਸੀ ਦੇ ਸ਼ਬਦ ਝਾਲਾਂ ਕੌਰ ਪਾਸੋਂ ਉਸ ਪਾਸ ਆ ਇਕੱਤਰ ਹੋਈਆਂ ਰਾਮੀ , ਪ੍ਰਤਾਪੀ , ਬਿਸ਼ਨੀ ਆਦਿ ਨੇ ਝਾਲਾਂ ਕੌਰ ਦੇ ਉਦਾਸੀ ਦੇ ਚਿੰਨ ਵੇਖ ਬੜੀਆਂ ਦੁਖੀ ਹੋਈਆਂ ਹਾਰ ਕੇ ਬਿਸ਼ਨੀ ਨੇ ਪੁਛ ਹੀ ਲਿਆ “ ਹੇ ਰਾਣੀ ! ਸਾਨੂੰ ਦਸ ਤੇਰੇ ਦਿਲ ਨੂੰ ਕੀ ਹੋ ਰਿਹਾ ਹੈ ? ਕੀ ਤੂੰ ਕੋਈ ਅਸ਼ੁਭ ਸੂਚਨਾ ਸੁਣੀ ਹੈ ? ਤੂੰ ਤਾਂ ਕਦੀ ਉਦਾਸ ਨਹੀਂ ਸੀ ਹੋਈ । ਤੇਰੀ ਇਸ ਉਦਾਸੀ ਦਾ ਕਾਰਨ ਕੀ ਹੈ ? ਤੇਰੇ ਤੇ ਤੇਰੇ ਪਤੀ ਤੇ ਕਿੰਨੀਆਂ ਔਕੜਾਂ ਆਈਆਂ ਤੂੰ ਉਦੋਂ ਨਾ ਘਬਰਾਈ ਹੁਣ ਕੀ ਗੱਲ ਹੈ ? ਦਿਲ ਦੀ ਗਲ ਖੋਹਲ ਕੇ ਦਸ ਬੀਬੀ ਧੀ ! ਕਿਸੇ ਨੂੰ ਖੋਹਲ ਕੇ ਗਲ ਦਸੀਏ ਤਾਂ ਦਿਲ ਹੌਲਾ ਹੋ ਜਾਂਦਾ ਹੈ । ਝਾਲਾਂ ਕੌਰ ਉਤਰ ਦਿੱਤਾ ਕਿ “ ਹੇ ਪਿਆਰੀ ਸਖੀਓ ! ਤੁਹਾਥੋਂ ਕਾਹਦਾ ਲੁਕਾ ਹੈ । ਅਨੰਦਪੁਰ ਦੀਆਂ ਚੰਗੀਆਂ ਖਬਰਾਂ ਨਹੀਂ ਆ ਰਹੀਆਂ । ਮੈਂ ਸੁਣਿਆ ਹੈ ਕਿ ਵੈਰੀ ਦਲ ਅਨੰਦਪੁਰ ਦੇ ਦੁਆਲੇ ਘੇਰਾ ਪਾ ਲਿਆ ਹੈ । ਮੁਸਲਮਾਨਾਂ ਦਾ ਹਿੰਦੂਆਂ ਰਾਜਿਆਂ ਨੇ ਵੀ ਸਾਥ ਦਿੱਤਾ ਹੈ । ਗੁਰੂ ਜੀ ਵੀ ਹਿੰਦੂਆਂ ਦੀ ਆਜ਼ਾਦੀ ਖਾਤਰ ਲੜ ਰਹੇ ਹਨ । ਇਨ੍ਹਾਂ ਦੇ ਪਿਤਾ ਜੀ ਨੇ ਹਿੰਦੂਆਂ ਦੇ ਤਿਲਕ ਬਚਾਉਣ ਖਾਤਰ ਸ਼ਹੀਦੀ ਦਿੱਤੀ , ਇਨ੍ਹਾਂ ਦੇ ਬਾਬੇ ਗੁਰੂ ਹਰਿਗੋਬਿੰਦ ਸਾਹਿਬ ਨੇ ਇਨ੍ਹਾਂ ਰਾਜਿਆਂ ਦੇ ਬਾਬਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਕਰਵਾਇਆ ਸੀ । ਇਹ ਅਕ੍ਰਿਤਘਣ ਵੀ ਗੁਰੂ ਜੀ ਦੇ ਵਿਰੁੱਧ ਹੋ ਗਏ । ਚੀਜ਼ ਬਾਹਰੋਂ ਅੰਦਰ ਨਹੀਂ ਜਾ ਸਕਦੀ । ਸਾਰੇ ਸਿੱਖ ਅੰਦਰ ਕਾਬੂ ਆਏ ਹੋਏ ਹਨ । ਬਾਹਰੋਂ ਸੰਗਤ ਸਹਾਇਤਾ ਨਹੀਂ ਕਰ ਸਕਦੀ । ਇਸ ਹਾਲਤ ਵਿਚ ਕੱਚੇ ਪਿਲੇ ਗੁਰੂ ਜੀ ਨੂੰ ਛੱਡ ਕੇ ਜਾ ਰਹੇ ਹਨ । ਭੁੱਖ ਦੇ ਦੁਖੋਂ ਕੁਝ ਸਿੱਖਾਂ ਨੇ ਬੇਦਾਵਾ ਵੀ ਲਿਖ ਦਿੱਤਾ ਹੈ । ਕਈ ਡਰਾਕਲ ਭਗੌੜੇ ਇਧਰ ਮਾਝੇ ਵਿਚ ਆਏ ਹਨ । ਇਹ ਸਭ ਕੁਝ ਮੈਂ ਉਨ੍ਹਾਂ ਪਾਸੋਂ ਸੁਣਿਆ ਹੈ । ਮੈਨੂੰ ਇਹ ਗੰਮ ਖਾਈ ਜਾ ਰਿਹਾ ਹੈ ਕਿ ਮੇਰਾ ਲਾਡਵਾ ਵੀ ਕਿਤੇ ਗੁਰੂ ਜੀ ਤੋਂ ਬੇਮੁਖ ਹੋ ਮੇਰੀ ਕੁੱਖ ਨੂੰ ਦਾਗ ਨਾ ਲਾ ਦੇਵੇ ਅਤੇ ਆਪਣੇ ਸ਼ਹੀਦ ਪਿਤਾ ਦੀ ਰੂਹ ਤੰਗ ਨਾ ਕਰੇ । ਗੁਰੂ ਜੀ ਤੋਂ ਬੇਮੁਖ ਹੋਣੋਂ ਮਰਨਾ ਚੰਗਾ ਹੈ । ਮਰਨਾ ਤਾਂ ਇਕ ਦਿਨ ਸਭ ਨੇ ਹੈ । ਆਹ ਵਿਚਾਰ ਦਿਲ ਵਿੱਚ ਕਿ ਮਨ ਡੋਬੇ ਖਾ ਰਿਹਾ ਹੈ । ਪੁਤਰ ਵੱਲੋਂ ਚੰਗੀ ਕਨਸੋਅ ਆਉਣੀ ਲੋਚਦੀ ਹਾਂ । ਪ੍ਰਤਾਪੀ ਕਿਹਾ “ ਧੀਏ । ਕੋਈ ਚਿੰਤਾ ਨਾ ਕਰ ਵਾਹਿਗੁਰੂ ਦਾ ਸਿਮਰਨ ਕਰ ਤੇਰਾ ਲਹੂ ਇਹੋ ਜਿਹਾ ਨਹੀਂ ਹੈ ਕਿ ਗੁਰੂ ਜੀ ਨੂੰ ਛਡ ਆਵੇ । ਉਸ ਨੇ ਸ਼ੀਹਣੀ ਮਾਂ ਦਾ ਦੁੱਧ ਚੁੰਘਿਆ ਹੈ । ਸ਼ੇਰ ਪਿਓ ਦਾ ਖੂਨ ਉਸ ਦੀਆਂ ਰਗਾਂ ਵਿਚ ਹੈ । ਉਹ ਪਿਓ ਵਾਂਗ ਪੁਰਜਾ ਪੁਰਜਾ ਕਰ ਕੇ ਕੱਟ ਮਰੇਗਾ । ਪਿੱਠ ਨਹੀਂ ਵਿਖਾਵੇਗਾ । ਪਿਤਾ ਵਾਂਗ ਸ਼ਹੀਦਾਂ ਦੀ ਕਤਾਰ ਵਿੱਚ ਖੜਾ ਹੋਵੇਗਾ । ਡਰ ਨਾ , ਭਰੋਸਾ ਰੱਖ ਛੇਤੀ ਚੰਗੀ ਖਬਰ ਆਵੇਗੀ । ‘ ‘ ਝਾਲਾਂ ਕੌਰ ਬੋਲੀ ਕਿ “ ਮੈਨੂੰ ਵੀ ਇਹ ਹੀ ਆਸ ਹੈ ਕਿ ਪਰਮਾਤਮਾ ਮੇਰੇ ਲਾਡਲੇ ਨੂੰ ਬਲ , ਹੌਸਲਾ ਤੇ ਜੁਅਰਤ ਬਖਸ਼ੇਗਾ ਕਿ ਆਪਣਾ ਸਰੀਰ ਧਰਮ ਦੇ ਲੇਖੇ ਲਾ ਸਕੇ । ਤਾਂ ਕਿ ਮੈਂ ਵੀ ਪ੍ਰਮਾਤਮਾਂ ਅੱਗੇ ਸੁਰਖਰੂ ਹੋ ਸਕਾਂ । ਹੋਰ ਇਸ ਦਾ ਪਿਓ ਵੀ ਸੁਰਗ ਵਿਚ ਬੈਠਾ ਆਪਣੇ ਬੇਟੇ ਤੋਂ ਇਹੋ ਹੀ ਆਸ ਲਾਈ ਬੈਠਾ ਹੈ । ਉਸ ਦੀ ਰੂਹ ਵੀ ਜੰਗ ਵਿੱਚ ਆ ਕੇ ਆਪਣੇ ਬੱਚੇ ਨੂੰ ਹੌਸਲਾ ਤੇ ਹਲਾਸ਼ੇਰੀ ਦੇ ਰਹੀ ਹੋਵੇਗੀ । ਸਾਡੇ ਪ੍ਰਾਣਾ ਤੋਂ ਪਿਆਰੇ ਗੁਰੂ ਜੀ ਦਾ ਖਿਆਲ ਦਿਲ ਵਿਚ ਆਉਂਦਾ ਹੈ ਕਿ ਲੋਕ ਹਿਤੂ , ਸ਼ਾਤੀ ਦੇ ਪੁਜਾਰੀ ਤੇ ਦੇਸ਼ ਭਗਤ ਗੁਰੂ ਜੀ ਨੂੰ ਮੁਗਲ ਅਜਾਈ ਤੰਗ ਤੇ ਪ੍ਰੇਸ਼ਾਨ ਕਰ ਰਹੇ ਹਨ । ਅਨੰਦਪੁਰੀ ਉਜੜ ਗਈ ਤਾਂ ਗੁਰੂ ਜੀ ਕਿਥੇ ਜਾਣਗੇ । ‘ ‘ ਇਹ ਸ਼ਬਦ ਸੁਣ ਬਿਸ਼ਣੀ ਬੋਲੀ “ ਇਹ ਪ੍ਰਮਾਤਮਾ ਦਾ ਭਾਣਾ ਹੈ । ਜਿਸ ਤਰ੍ਹਾਂ ਉਸ ਨੂੰ ਲੱਗਣ ਦੇਣੀ ਪ੍ਰਭੂ ਨੇ । ਸਿੱਖਾਂ ਦਾ ਅਕਾਲ ਪੁਰਖ ਆਪ ਰਾਖਾ ਹੈ , ਇਹ ਹੋਰ ਵਧਣੇ ਹਨ । ਇਉਂ ਬਿਸ਼ਣੀ ਤੇ ਹੋਰ ਇਸਤਰੀਆਂ ਨੇ ਝਾਲਾਂ ਕੌਰ ਨੂੰ ਗੱਲਾਂ ਕਰ ਕਰ ਹੌਸਲਾ ਤੇ ਧੀਰਜ ਦਿੱਤੀ ਕਿ ਉਹ ਆਪਣੇ ਪੁੱਤਰ ਦਾ ਇਸ ਗੱਲੋਂ ਖਿਆਲ ਦਿਲੋਂ ਕੱਢ ਦੇਵੇ , ਉਹ ਗੁਰੂ ਜੀ ਦਾ ਜ਼ਰੂਰ ਸਾਥ ਦੇਵੇਗਾ । ਭਾਵੇਂ ਉਸ ਤੇ ਭੁੱਖ ਤੇਹ ਦੇ ਕਿੰਨੀ ਵੀ ਬਿਪਤਾ ਕਿਉਂ ਨਾ ਆਵੇ । ਹੁਣ ਝਾਲਾਂ ਕੌਰ ਦੋਵੇਂ ਵੇਲੇ ਅਕਾਲ ਪੁਰਖ ਅੱਗੇ ਅਰਦਾਸਾਂ ਤੇ ਬੇਨਤੀਆਂ ਕਰਦੀ ਕਿ ਉਸ ਦਾ ਪੁੱਤਰ ਗੁਰੂ ਜੀ ਦਾ ਸੱਚਾ ਸਿਦਕੀ ਸਿੱਖ ਬਣਿਆ ਰਹੇ । ਹੁਣ ਝਾਲਾਂ ਕੌਰ ਨੂੰ ਖਬਰ ਮਿਲ ਗਈ ਕਿ ਉਸ ਦੇ ਪੁੱਤਰ ਬਿਜੈ ਸਿੰਘ ਪਾਸੋਂ ਬਲਬੀਰ ਸਿੰਘ ਜਿਹੜਾ ਉਸ ਦੇ ਨਾਲ ਪਿੰਡੋ ਗਿਆ ਸੀ ਫਟੜ ਹੋ ਕੇ ਆਇਆ ਹੈ ਉਸ ਨੇ ਦੱਸਿਆ ਕਿ ਜਦੋਂ ਅਨੰਦਪੁਰ ਛੱਡ ਕੇ ਗੁਰੂ ਜੀ ਨਾਲ ਆ ਰਹੇ ਸਾਂ ਕਿ ਪਿਛੋਂ ਵੈਰੀ ਹਮਲਾ ਕੀਤਾ , ਗੁਰੂ ਜੀ ਦੇ ਪ੍ਰਵਾਰ ਨੂੰ ਸਰਸਾ ਪਾਰ ਕਰਾ ਰਹੇ ਸਾਂ ਕਿ ਬਹਾਦਰ ਬਿਜੈ ਸਿੰਘ ਪਿਛੋਂ ਆਏ ਵੈਰੀ ਨਾਲ ਜੂਝਦੇ ਗੁਰੂ ਜੀ ਸਨਮੁਖ ਸ਼ਹੀਦੀ ਪ੍ਰਾਪਤ ਕਰ ਗਿਆ ਮੈਂ ਅਭਾਗਾ ਫਟੜ ਹੋ ਗਿਆ ਤੇ ਗੁਰੂ ਜੀ ਮੈਨੂੰ ਪਿੰਡ ਭੇਜ ਦਿੱਤਾ ਤੇ ਝਾਲਾਂ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ “ ਮਾਤਾ ! ਤੇਰਾ ਸੂਰਮਾ ਪੁੱਤਰ ਬਿਜੈ ਸਿੰਘ ਇਕੱਲਾ ਸਰਸਾ ਨਦੀ ਦੇ ਕੰਢੇ ਸਿੱਖਾਂ ਤੇ ਗੁਰੂ ਜੀ ਪ੍ਰਵਾਰ ਨੂੰ ਦਰਿਆ ਪਾਰ ਕਰਾਉਂਦਿਆਂ ਸੈਂਕੜੇ ਵੈਰੀਆਂ ਦੇ ਆਹੂ ਲਾਹੁੰਦਾ ਫਟੜ ਹੋਇਆ ਹੀ ਲੜਦਾ ਸ਼ਹੀਦ ਹੋ ਗਿਆ ਉਸ ਦੀ ਬਹਾਦਰੀ ਦੀ ਗੁਰੂ ਜੀ ਬੜੀ ਉਪਮਾ ਕੀਤੀ ਤੇ ਕਿਹਾ ਧੰਨ ਹਨ ਇਸਦੇ ਮਾਤਾ ਪਿਤਾ । ਜਿਨ੍ਹਾਂ ਇਹੋ ਜਿਹੇ ਸੂਰਮੇ ਨੂੰ ਜਨਮ ਦਿੱਤਾ । ਤੇਰੀ ਕੁਖ ਸਫਲ ਹੋਈ ਹੈ ਗੁਰੂ ਜੀ ਬਚਨ ਕੀਤਾ ਜਿਹੜੇ ਧਰਮ ਖਾਤਰ ਸ਼ਹੀਦ ਹੋਏ ਹਨ ਉਹ ਸੱਚਖੰਡ ਗਏ ਹਨ । ਮਾਤਾ ਮੈਨੂੰ ਅਫਸੋਸ ਹੈ ਮੈਂ ਕਿਉਂ ਪਿਛੇ ਰਹਿ ਗਿਆ । ਇਹ ਗੱਲਾਂ ਸੁਣ ਸੁਣ ਮਾਤਾ ਝਾਲਾਂ ਕੌਰ ਦਾ ਚਿਹਰਾ ਲਾਲ ਹੁੰਦਾ ਗਿਆ । ਉਸ ਨੇ ਹੌਸਲਾ ਨਹੀਂ ਛੱਡਿਆ ਧਾਹਾ ਨਹੀਂ ਮਾਰੀਆਂ । ਉਸ ਨੂੰ ਗਸ਼ਾ ਨਹੀਂ ਪਈਆਂ । ਸਗੋਂ ਉਹ ਖੁਸ਼ੀ ਵਿਚ ਹੱਸੀ ਇਵੇਂ ਤਾੜੀਆਂ ਮਾਰ ਕੇ ਹੱਸੀ । ਖਿਲੀਆਂ ਮਾਰ ਕੇ ਹਸਦੀ ਆਪਣੀਆਂ ਸਹੇਲੀਆਂ ਨੂੰ ਇਕੱਠੀਆਂ ਕਰ ਕਹਿਣ ਲੱਗੀ ਆਓ ਭੈਣੋਂ ਖੁਸ਼ੀਆਂ ਕਰੀਏ । ਸਖੀਆਂ ਪੁਛਿਆ ਕਿ ਕੀ ਬਿਜੈ ਸਿੰਘ ਦੇ ਸਹੀ ਸਲਾਮਤ ਦੀ ਸੂਚਨਾ ਮਿਲੀ ਹੈ ? ‘ ‘ ਝਾਲਾਂ ਕੌਰ ਅੱਗੋਂ ਹੱਸ ਕੇ ਬੋਲੀ ਭੈਣੋਂ ਮੈਨੂੰ ਵਧਾਈ ਦੇਵੋ ! ਮੇਰੀ ਕੁੱਖ ਸਫਲ ਹੋਈ ਹੈ । ਮੈਂ ਅੱਜ ਸਪੁਤੀ ਹੋਈ ਹਾਂ । ਮੇਰਾ ਲਾਡਲਾ , ਅੱਖੀਆਂ ਦਾ ਤਾਰਾ ਗੁਰੂ ਜੀ ਦੀ ਸੇਵਾ ਕਰਦਾ ਉਨ੍ਹਾਂ ਦੇ ਸਨਮੁਖ ਸ਼ਹੀਦੀ ਪ੍ਰਾਪਤ ਕੀਤੀ । ਜਾਉ ਅੱਜ ਗੁੜ ਵੰਡੋ ਮੇਰਾ ਪੁੱਤਰ ਲਾੜੀ ਮੌਤ ਨੂੰ ਵਰ ਕੇ ਆਪਣੇ ਪਿਤਾ ਜੀ ਪਾਸ ਜਾ ਬਿਰਾਜਿਆ ਹੈ । ਧੰਨ ਭਾਗ ਮੇਰੀ ਕੁਖ ਸਫਲ ਹੋਈ । ‘ ‘ ਧੰਨ ਹੈ ਮਾਤਾ ਝਾਲਾਂ ਕੌਰ , ਧੰਨ ਹੈ ਉਸ ਦਾ ਗੁਰੂ ਪ੍ਰਤੀ ਤੇ ਧਰਮ ਪ੍ਰਤੀ ਸੁਨੇਹ । ਧੰਨ ਹੈ ਉਸ ਦਾ ਸਿਦਕ , ਸੰਤੋਖ , ਸਬਰ ਤੇ ਜੇਰਾ ਜਿਸ ਨੇ ਪੁੱਤਰ ਦੇ ਮੌਤ ਤੇ ਧਾਹਾਂ ਚੀਖਾਂ , ਪਿਟਾਪਾ , ਕਰਨ ਦੀ ਥਾਂ ਅਕਾਲ ਪੁਰਖ ਦੇ ਭਾਣੇ ਨੂੰ ਸਿਰ ਮੱਥੇ ਮਨ ਖੁਸ਼ੀਆਂ ਮਨਾਈਆਂ । ਸਿੱਖ ਇਤਹਾਸ ਵਿਚ ਇਹ ਮਾਵਾਂ ਪ੍ਰਤੀ ਅਲੌਕਿਕ ਉਦਾਹਰਨ ਹੈ । ਲੇਖਕ ਦਾ ਇਸ ਮਾਤਾ ਅੱਗੇ ਸ਼ਰਧਾ ਵਜੋਂ ਆਪਣੇ ਆਪ ਸੀਸ ਝੁਕ ਜਾਂਦਾ ਹੈ ।
ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top