ਸਾਖੀ ਭਾਈ ਮੁਗਲੂ ਜੀ
ਮਾਲਵੇ ਦਾ ਪਿੰਡ ਹੈ “ਗੰਡੂ” ਜਾਂ “ਗੰਡੂਆ”। ਇਸ ਪਿੰਡ ਦਾ ਇੱਕ ਸਿੱਖ ਹੋਇਆ ਹੈ ਭਾਈ ਮੁਗਲੂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅੰਮ੍ਰਿਤਸਰ ਵਿਖੇ ਪਹਿਲੀ ਜੰਗ ਵਿੱਚ ਇਹ ਸਿੱਖ ਜਖਮੀ ਹੋ ਗਿਆ। ਗੁਰੂ ਸਾਹਿਬ ਜੀ ਨੇ ਬੇਹੋਸ਼ ਡਿੱਗੇ ਹੋਏ ਇਸ ਸਿੱਖ ਦਾ ਚਿਹਰਾ ਸਾਫ ਕੀਤਾ ਅਤੇ ਮੂੰਹ ਵਿੱਚ ਜਲ ਪਾਇਆ ਤਾਂ ਭਾਈ ਮੁਗਲੂ ਨੂੰ ਹੋਸ਼ ਆ ਗਈ। ਗੁਰੂ ਜੀ ਨੇ ਕਿਹਾ ਭਾਈ ਮੁਗਲੂ ਜੀ ਕੁਝ ਮੰਗ ਲਵੋ। ਭਾਈ ਮੁਗਲੂ ਜੀ ਕਹਿਣ ਲੱਗੇ ਗੁਰੂ ਜੀ ਜੇ ਤਾਂ ਇਹ ਮੇਰਾ ਆਖਰੀ ਵਖਤ ਹੈ ਤਾਂ ਤੁਹਾਡਾ ਕੋਟ ਕੋਟ ਸ਼ੁਕਰ ਹੈ ਪਰ ਜੇ ਮੈਂ ਅਜੇ ਹੋਰ ਜੀਣਾ ਹੈ ਤਾਂ ਮੇਰੀ ਇਹੀ ਮੰਗ ਹੈ ਕਿ ਮੇਰੇ ਸੁਆਸ ਇਸ ਤਰਾਂ ਤੁਹਾਡੀ ਗੋਦ ਵਿੱਚ ਹੀ ਨਿਕਲਣ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਭਾਈ ਮੁਗਲੂ ਜੀ ਤੁਸੀਂ ਅਜੇ ਜੀਣਾ ਹੈ, ਅਜੇ ਸੁਆਸ ਨਹੀਂ ਛੱਡਣੇ। ਭਾਈ ਮੁਗਲੂ ਜੀ ਕਹਿਣ ਲੱਗੇ ਫਿਰ ਗੁਰੂ ਜੀ ਮੈਂ ਸਰੀਰ ਤੁਹਾਡੀ ਗੋਦ ਵਿੱਚ ਹੀ ਛੱਡਾਂ। ਗੁਰੂ ਜੀ ਕਹਿਣ ਲੱਗੇ ਭਾਈ ਮੁਗਲੂ ਜੀ ਜਦੋਂ ਨੂੰ ਤੁਸੀਂ ਸਰੀਰ ਛੱਡਣਾ ਹੈ ਉਸ ਤੋਂ ਪਹਿਲਾਂ ਅਸੀਂ ਆਪਣਾ ਚੋਲਾ ਤਿਆਗ ਦੇਣਾ ਹੈ। ਭਾਈ ਮੁਗਲੂ ਜੀ ਕਹਿਣ ਲੱਗੇ ਗੁਰੂ ਜੀ ਚੋਲਾ ਤਿਆਗ ਦੇਣਾ ਹੈ ਪਰ ਜੋਤ ਤਾਂ ਤੁਹਾਡੀ ਏਥੇ ਹੀ ਹੋਵੇਗੀ, ਕਿਰਪਾ ਰੱਖਿਓ ਕਿ ਆਖਰੀ ਸਾਹ ਤੁਹਾਡੀ ਗੋਦ ਵਿੱਚ ਹੀ ਲਵਾਂ। ਗੁਰੂ ਸਾਹਿਬ ਜੀ ਨੇ ਸਿੱਖ ਨੂੰ ਬਚਨ ਕੀਤਾ ਕਿ ਭਾਈ ਮੁਗਲੂ ਜੀ ਸਾਡਾ ਬਚਨ ਹੈ ਕਿ ਤੁਸੀਂ ਜਿੱਥੇ ਵੀ ਹੋਵੋਗੇ ਤੁਹਾਡੇ ਆਖਰੀ ਸਾਹ ਗੁਰੂ ਨਾਨਕ ਦੀ ਗੋਦ ਵਿੱਚ ਹੀ ਨਿਕਲਣਗੇ।
ਸਮਾਂ ਆਇਆ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਭਾਈ ਮੁਗਲੂ ਨੂੰ ਜਦ ਆਪਣੇ ਆਖਰੀ ਸਾਹ ਪ੍ਰਤੀਤ ਹੋਏ ਤਾਂ ਭਾਈ ਸਾਹਿਬ ਨੇ ਪਿੰਡ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਸਵੇਰ ਅੰਮ੍ਰਿਤ ਵੇਲੇ ਤੱਕ ਅਸੀਂ ਆਪਣੇ ਸੁਆਸ ਤਿਆਗ ਜਾਣੇ ਹਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਵੇਰੇ ਆਪਣੇ ਪਿੰਡ ਆ ਰਹੇ ਹਨ। ਪਿੰਡ ਵਾਲਿਆਂ ਨੇ ਯਕੀਨ ਨਾ ਕੀਤਾ। ਭਾਈ ਸਾਹਿਬ ਨੇ ਆਪਣੇ ਪਰਿਵਾਰ ਨੂੰ ਵੀ ਕਹਿ ਦਿੱਤਾ ਕਿ ਅੱਜ ਘਰ ਦੇ ਦਰਵਾਜੇ ਬੰਦ ਨਾ ਕੀਤੇ ਜਾਣ ਸਵੇਰੇ ਗੁਰੂ ਸਾਹਿਬ ਜੀ ਆ ਰਹੇ ਹਨ।
ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਸਿੱਖ ਦੇ ਘਰ ਆਣ ਪਹੁੰਚੇ ਅਤੇ ਕਿਹਾ ਕਿ ਭਾਈ ਮੁਗਲੂ ਜੀ ਅਸੀਂ ਤੁਹਾਡੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਆਏ ਹਾਂ। ਗੁਰੂ ਸਾਹਿਬ ਘੋੜੇ ਤੋਂ ਉੱਤਰੇ ਅਤੇ ਭਾਈ ਮੁਗਲੂ ਨੂੰ ਆਪਣੀ ਗੋਦ ਵਿੱਚ ਲਿਆ। ਗੁਰੂ ਜੀ ਨੇ ਭਾਈ ਮੁਗਲੂ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਬੋਲੋ ਵਾਹਿਗੁਰੂ। ਭਾਈ ਮੁਗਲੂ ਜੀ ਨੇ ਵਾਹਿਗੁਰੂ ਕਿਹਾ ਅਤੇ ਆਪਣੇ ਸੁਆਸ ਤਿਆਗ ਗਏ।
(ਰਣਜੀਤ ਸਿੰਘ ਮੋਹਲੇਕੇ)