21 ਫਰਵਰੀ ਦਾ ਇਤਿਹਾਸ – ਸਾਕਾ ਨਨਕਾਣਾ ਸਾਹਿਬ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜਿਹੜਾ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ ਦਾ ਸ਼ਰਾਬੀ ਅਤੇ ਭੈੜੇ ਆਚਰਣ ਵਾਲਾ ਸੀ। ਉਸ ਨੇ ਪਵਿੱਤਰ ਗੁਰਧਾਮ ਨੂੰ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ। ਉਸ ਨੇ 1917 ਈ. ਵਿੱਚ ਗੁਰਦੁਆਰੇ ਦੀ ਹਦੂਦ ਅੰਦਰ ਵੇਸਵਾ ਦਾ ਨਾਚ ਕਰਾਇਆ। ਗੁਰਦੁਆਰੇ ਦੀ ਹਦੂਦ ਅੰਦਰ ਸ਼ਰ੍ਹੇਆਮ ਸ਼ਰਾਬ ਦਾ ਦੌਰ ਚਲੌਦਾ ਰਹਿੰਦਾ ਸੀ ਅਤੇ ਉਸ ਦੇ ਚੇਲੇ ਖ਼ਤਰਨਾਕ ਹੱਦ ਤਕ ਵਿਗੜੇ ਹੋਏ ਸਨ। ਸੰਨ 1918 ਨੂੰ ਇੱਕ ਰਿਟਾਇਰਡ ਸਿੰਧੀ ਅਫਸਰ ਆਪਣੇ ਪਰਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਰਾਤ ਸਮੇਂ ਉਸ ਦੀ 13 ਸਾਲਾ ਲੜਕੀ ਦਾ ਮਹੰਤ ਦੇ ਇੱਕ ਚੇਲੇ ਨੇ ਬਲਾਤਕਾਰ ਕੀਤਾ। ਉਸੇ ਸਾਲ ਹੀ ਪੂਰਨਮਾਸ਼ੀ ਨੂੰ ਜ਼ਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ ਛੇ ਬੀਬੀਆਂ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਈਆਂ ਤਾਂ ਮਹੰਤ ਦੇ ਚੇਲਿਆਂ ਨੇ ਉਨ੍ਹਾਂ ਦਾ ਵੀ ਇਹੋ ਹਸ਼ਰ ਕੀਤਾ। ਜਦ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਕੀਤਾ ਤਾਂ ਅੱਗੋਂ ਉਸ ਨੇ ਇਹ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਇਥੇ ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ। ਇਸ ਮਹੰਤ ਦੀ ਵਧ ਰਹੀ ਗੁੰਡਾਗਰਦੀ ਨੂੰ ਵੇਖਦੇ ਹੋਏ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਗੁਰਮਤਾ ਪਾਸ ਕੀਤਾ ਗਿਆ ਕਿ 4, 5 ਅਤੇ 6 ਮਾਰਚ 1921 ਈ. ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇ, ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਤਜਵੀਜ਼ਾਂ ਹੋਣੀਆਂ ਸਨ। ਖਾਸ ਕਰਕੇ ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਬਾਰੇ ਵਿਚਾਰ ਕੀਤੀ ਜਾਣੀ ਸੀ ਕਿ ਉਸ ਨੂੰ ਆਪਣੇ ਆਪ ਦਾ ਅਤੇ ਗੁਰਦੁਆਰੇ ਦੇ ਪ੍ਰਬੰਧ ਦਾ ਸੁਧਾਰ ਕਰਨ ਲਈ ਕਿਹਾ ਜਾਵੇ।
ਦੂਜੇ ਪਾਸੇ ਜਦ ਮਹੰਤ ਨਰੈਣੂ ਨੂੰ ਇਸ ਫੈਸਲੇ ਦੀ ਸੂਹ ਮਿਲੀ ਤਾਂ ਉਸ ਨੇ ਵੀ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 19, 20 ਅਤੇ 21 ਫਰਵਰੀ ਨੂੰ ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸੱਦ ਲਈ, ਜਿਸ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤਾਂ ਅਤੇ ਸਰਬਰਾਹਾਂ ਨੂੰ ਸੱਦਾ ਦਿੱਤਾ ਗਿਆ ਇਹ ਵਿਚਾਰ ਕਰਨ ਲਈ ਕਿ ਇਨ੍ਹਾਂ ਅਕਾਲੀ ਸੁਧਾਰਕਾਂ ਦਾ ਡੱਟ ਕੇ ਮੁਕਾਬਲਾ ਕਿਵੇਂ ਕਰਨਾ ਹੈ? ਮਹੰਤ ਸਾਜ਼ਿਸ਼ਾਂ ਕਰਨ ਵਿੱਚ ਬੜਾ ਮਾਹਰ ਸੀ। ਉਹ ਇੱਕ ਪਾਸੇ ਇਹ ਕਹਿ ਰਿਹਾ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ, ਦੂਸਰੇ ਪਾਸੇ ਉਸ ਨੇ ਇਲਾਕੇ ਦੇ ਰਾਂਝੇ ਅਤੇ ਰੀਹਾਨੇ ਵਰਗੇ ਚੋਟੀ ਦੇ ਬਦਮਾਸ਼ਾਂ, ਗੁੰਡਿਆਂ ਨੂੰ ਇਕੱਠਾ ਕਰਕੇ ਇਹ ਗੋਂਦ ਗੁੰਦੀ ਕਿ 4, 5 ਅਤੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਏ ਪੰਥਕ ਆਗੂਆਂ ਨੂੰ ਹਮਲਾ ਕਰਕੇ ਖਤਮ ਕਰ ਦੇਣਾ ਹੈ। ਇਸ ਲਈ ਉਸ ਨੇ ਕਈ ਪਠਾਣਾਂ ਨੂੰ ਨੌਕਰ ਵੀ ਰੱਖ ਲਿਆ ਅਤੇ ਬਹੁਤ ਸਾਰੇ ਟਕੂਏ, ਛਵ੍ਹੀਆਂ, ਗੰਡਾਸੇ, ਬੰਦੂਕਾਂ ਅਤੇ ਪਿਸਤੌਲਾਂ ਆਦਿ ਹਥਿਆਰ ਇਕੱਠੇ ਕਰ ਲਏ। ਭਾਰੀ ਗਿਣਤੀ ਵਿੱਚ ਗੋਲੀ ਸਿੱਕਾ, ਮਿੱਟੀ ਦਾ ਤੇਲ ਅਤੇ ਲੱਕੜਾਂ ਦਾ ਜਖ਼ੀਰਾ ਜਮ੍ਹਾਂ ਕਰ ਲਿਆ।
ਮਹੰਤ ਨਰੈਣੂ ਦੀ ਇਸ ਕੋਝੀ ਹਰਕਤ ਦੀ ਸੂਹ ਭਾਈ ਵਰਿਆਮ ਸਿੰਘ ਦੇ ਰਾਹੀਂ, ਜਿਸ ਨੂੂੰ ਸੂਹੀਏ ਦੇ ਤੌਰ ਤੇ ਮਹੰਤ ਕੋਲ ਛੱਡਿਆ ਹੋਇਆ ਸੀ, ਭਾਈ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਲੱਗੀ ਕਿ ਮਹੰਤ ਦੀ ਨੀਅਤ ਸਾਫ ਨਹੀਂ ਅਤੇ ਉਹ ਪੰਥਕ ਆਗੂਆਂ ਨੂੰ ਖਤਮ ਕਰਨਾ ਚਾਹੁੰਦਾ ਹੈ। ਉਸ ਨੇ ਇਲਾਕੇ ਦੇ ਮੁਖੀ ਸਿੰਘਾਂ ਜਿਵੇਂ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਬੂਟਾ ਸਿੰਘ ਲਾਇਲਪੁਰੀ ਆਦਿ ਨਾਲ ਸਲਾਹ ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਮਹੰਤ ਨਾਲ ਸਿੱਝ ਲਿਆ ਜਾਵੇ। ਇਸ ਨੇ ਆਪਣੀ ਹਰਕਤ ਤੋਂ ਬਾਜ਼ ਨਹੀਂ ਆਉਣਾ। ਇਸ ਲਈ ਗੁਰਦੁਆਰੇ ਤੇ ਅਚਾਨਕ ਉਸ ਵੇਲੇ ਕਬਜ਼ਾ ਕਰ ਲਿਆ ਜਾਵੇ, ਜਦੋਂ ਮਹੰਤ ਲਾਹੌਰ ਵਿਖੇ ਹੋ ਰਹੀ ਸਨਾਤਨ ਕਾਨਫਰੰਸ ਵਿੱਚ ਗਿਆ ਹੋਵੇ।
੧੭ ਫਰਵਰੀ ੧੯੨੧
17 ਫਰਵਰੀ 1921 ਈ. ਨੂੰ ਗੁ: ਸੱਚਾ ਸੌਦਾ ਚੂਹੜਕਾਣਾ ਵਿਖੇ ਮੀਟਿੰਗ ਕਰਕੇ ਮਤਾ ਪਕਾਇਆ ਗਿਆ ਕਿ 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਅਤੇ ਭਾਈ ਕਰਤਾਰ ਸਿੰਘ ਝੱਬਰ ਪਿੰਡਾਂ ਵਿਚੋਂ ਸਿੰਘਾਂ ਦਾ ਜਥਾ ਇਕੱਤਰ ਕਰਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ। 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਦਾ ਜਥਾ ਚੰਦਰਕੋਟ ਦੀ ਝਾਲ ਤੇ ਪਹੁੰਚ ਜਾਵੇ, ਉਥੇ ਹੀ ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਉਸ ਨੂੰ ਮਿਲ ਪਵੇਗਾ ਅਤੇ ਫਿਰ ਇਕੱਠੇ ਹੋ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਕੂਚ ਕੀਤਾ ਜਾਵੇ। ਇਹ ਸਾਰੇ ਫੈਸਲੇ ਦੀ ਖ਼ਬਰ ਪੰਥਕ ਆਗੂਆਂ ਤੋਂ ਗੁਪਤ ਰੱਖੀ ਗਈ।
20 ਫਰਵਰੀ
20 ਫਰਵਰੀ ਨੂੰ ਭਾਈ ਲਛਮਣ ਸਿੰਘ ਡੇਢ ਕੁ ਸੌ ਸਿੰਘਾਂ ਦਾ ਜਥਾ ਲੈ ਕੇ ਚੱਲ ਪਿਆ ਅਤੇ ਭਾਈ ਕਰਤਾਰ ਸਿੰਘ ਝੱਬਰ ਨੇ ਵੀ ਗੁਰਦੁਆਰਾ ਸੱਚਾ ਸੌਦਾ ਵਿਖੇ 2200 ਸਿੰਘਾਂ ਦਾ ਜਥਾ ਇਕੱਠਾ ਕਰ ਲਿਆ। ਦੂਜੇ ਪਾਸੇ 20 ਫਰਵਰੀ ਨੂੰ ਹੀ ਲਾਹੌਰ ਵਿਖੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿੱਚ ਪੰਥਕ ਮੁਖੀਆਂ ਦੀ ਇਕੱਤਰਤਾ ਹੋਣੀ ਸੀ, ਜਿਸ ਵਿੱਚ ਮਾਸਟਰ ਤਾਰਾ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਹਰਚਰਨ ਸਿੰਘ, ਗਿਆਨੀ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ. ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਇਕੱਠੇ ਹੋਏ ਤਾਂ ਉਥੇ ਪੰਥਕ ਆਗੂਆਂ ਨੂੰ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਦੇ ਫੈਸਲੇ ਦਾ ਪਤਾ ਲੱਗਾ। ਉਨ੍ਹਾਂ ਨੇ ਫੈਸਲਾ ਕੀਤਾ ਕਿ ਪਹਿਲਾਂ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲੋਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ। ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਲਛਮਣ ਸਿੰਘ ਨੂੰ ਰੋਕਣ ਲਈ ਦੋ ਆਦਮੀ ਭੇਜੇ, ਜਿਹੜੇ ਭਾਈ ਕਰਤਾਰ ਸਿੰਘ ਝੱਬਰ ਨੂੰ ਗੁਰਦੁਆਰਾ ਸੱਚਾ ਸੌਦਾ ਜਾ ਕੇ ਮਿਲੇ ਅਤੇ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਉਨ੍ਹਾਂ ਨੂੰ ਸ੍ਰੀ ਨਨਕਾਣਾ ਸਾਹਿਬ ਨਾ ਜਾਣ ਲਈ ਮਨਾ ਲਿਆ। ਪਰ ਝੱਬਰ ਨੇ ਕਿਹਾ ਕਿ ਜੇ ਹੋਰ ਜਥੇ ਸ੍ਰੀ ਨਨਕਾਣਾ ਸਾਹਿਬ ਪੁੱਜ ਗਏ ਤਾਂ ਉਨ੍ਹਾਂ ਦੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਉਨ੍ਹਾਂ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਈ ਦਲੀਪ ਸਿੰਘ ਸਾਹੋਵਾਲ ਨੇ ਆਪਣੇ ਸਿਰ ਲਈ ਅਤੇ ਆਪਣੇ ਕੁਝ ਆਦਮੀ ਸ੍ਰੀ ਨਨਕਾਣਾ ਸਾਹਿਬ ਨੂੰ ਆਉਂਦੇ ਰਾਹਾਂ ਤੇ ਖਿੰਡਾ ਦਿੱਤੇ ਤਾਂ ਜੋ ਆਉਣ ਵਾਲੇ ਜਥਿਆਂ ਨੂੰ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਵਾਪਸ ਮੋੜ ਦੇਣ। ਆਪ ਭਾਈ ਦਲੀਪ ਸਿੰਘ, ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਲਈ ਚੰਦਰਕੋਟ ਦੀ ਝਾਲ ਤੇ ਪਹੁੰਚੇ ਤਾਂ ਉਥੇ ਭਾਈ ਲਛਮਣ ਸਿੰਘ ਦਾ ਜਥਾ ਨਾ ਮਿਲਿਆ। ਭਾਈ ਦਲੀਪ ਸਿੰਘ ਨੇ ਸੋਚਿਆ ਕਿ ਹੋ ਸਕਦਾ ਹੈ, ਉਨ੍ਹਾਂ ਨੂੰ ਸੁਨੇਹਾ ਮਿਲ ਗਿਆ ਹੋਵੇ ਅਤੇ ਉਹ ਵਾਪਸ ਮੁੜ ਗਏ ਹੋਣ। ਫਿਰ ਵੀ ਉਨ੍ਹਾਂ ਨੇ ਭਾਈ ਵਰਿਆਮ ਸਿੰਘ ਦੀ ਡਿਊਟੀ ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਦੀ ਲਾਈ ਅਤੇ ਆਪ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਆ ਗਏ। ਭਾਈ ਲਛਮਣ ਸਿੰਘ ਦੇ ਜਥੇ ਨੇ ਅਰਦਾਸਾ ਸੋਧ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦਾ ਮੇਲ ਭਾਈ ਵਰਿਆਮ ਸਿੰਘ ਨਾਲ ਹੋਇਆ। ਉਸ ਨੇ ਭਾਈ ਲਛਮਣ ਸਿੰਘ…

ਦੇ ਜਥੇ ਨੂੰ ਪੰਥਕ ਆਗੂਆਂ ਦੇ ਫੈਸਲੇ ਦੀ ਚਿੱਠੀ ਦਿਖਾ ਕੇ ਅਤੇ ਮਹੰਤ ਦੀ ਘਿਨਾਉਣੀ ਸਾਜ਼ਿਸ਼ ਦੱਸ ਕੇ ਵਾਪਸ ਮੁੜਨ ਦੀ ਬੇਨਤੀ ਕੀਤੀ। ਭਾਈ ਲਛਮਣ ਸਿੰਘ ਹੋਰੀਂ ਨਾ ਮੰਨੇ, ਉਹ ਕਹਿਣ ਲੱਗੇ ਅਸੀਂ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਕੋਲੋਂ ਅਜ਼ਾਦ ਕਰਾਉਣ ਲਈ ਅਰਦਾਸਾ ਸੋਧ ਕੇ ਤੁਰੇ ਹਾਂ, ਹੁਣ ਵਾਪਸ ਨਹੀਂ ਮੁੜ ਸਕਦੇ, ਚਾਹੇ ਸਿੱਟਾ ਕੁਝ ਵੀ ਹੋਵੇ। ਅਰਦਾਸਾ ਸੋਧ ਕੇ ਪਿੱਛੇ ਹੱਟਣਾ ਗਿੱਦੜਾਂ ਦਾ ਕੰਮ ਹੈ, ਸ਼ੇਰਾਂ ਦਾ ਨਹੀਂ। ਇਹ ਕਹਿ ਕੇ ਜਥਾ ਅੱਗੇ ਚੱਲ ਪਿਆ।
21 ਫਰਵਰੀ
21 ਫਰਵਰੀ ਨੂੰ ਸਵੇਰੇ ਛੇ ਵਜੇ ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਇਆ। ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ ਆਇਆ। ਉਸ ਨੇ ਸਿੰਘਾਂ ਦਾ ਘਾਣ ਕਰਨ ਲਈ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਉਢੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਆਪਣੇ ਗੁੰਡਿਆਂ ਪਾਸੋਂ ਰੱਬੀ ਪਿਆਰ ਵਿੱਚ ਜੁੜੇ ਸ਼ਾਂਤਮਈ ਸਿੰਘਾਂ ਉਂਪਰ ਗੋਲੀਆਂ ਦੀ ਬੁਛਾੜ ਕਰਵਾ ਦਿੱਤੀ। ਸਿੰਘ ਸ਼ਾਂਤਮਈ ਰਹਿੰਦੇ ਹੋਏ ਸ਼ਹੀਦੀ ਪਾ ਰਹੇ ਸਨ। ਗੋਲੀਆਂ ਦੀ ਬੁਛਾੜ ਬੰਦ ਕਰਕੇ ਗੁੰਡੇ ਟਕੂਏ, ਕ੍ਰਿਪਾਨਾਂ, ਛਵ੍ਹੀਆਂ ਤੇ ਗੰਡਾਸੇ ਆਦਿ ਲੈ ਕੇ ਸਿੰਘਾਂ ਉਂਪਰ ਵਾਰ ਕਰਨ ਲੱਗ ਪਏ। ਵੇਖਦਿਆਂ ਵੇਖਦਿਆਂ ਹੀ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਅਤੇ ਕਈ ਜ਼ਖ਼ਮੀ ਹੋ ਗਏ। ਇਹ ਇਤਨਾ ਦਿਲਕੰਬਾਊ ਦ੍ਰਿਸ਼ ਸੀ, ਜਿਸ ਨੂੰ ਦੇਖ ਕੇ ਸ਼ਾਇਦ ਔਰੰਗਜ਼ੇਬ, ਨਾਦਰ ਸ਼ਾਹ ਅਬਦਾਲੀ, ਮੀਰ ਮਨੂੰ ਵਰਗਿਆਂ ਦੀਆਂ ਰੂਹਾਂ ਵੀ ਕੰਬ ਉਂਠੀਆਂ ਹੋਣਗੀਆਂ। ਭਾਈ ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ।
ਭਾਈ ਦਲੀਪ ਸਿੰਘ ਨੇ, ਜੋ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਬੈਠੇ ਸਨ, ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਇਹ ਕਹਿ ਕੇ ਗੁਰਦੁਆਰਾ ਸਾਹਿਬ ਵੱਲ ਦੌੜ ਪਏ ਕਿ ਲੱਗਦਾ ਹੈ ਕਿ ਮਹੰਤ ਨੇ ਕਾਰਾ ਕਰ ਦਿੱਤਾ ਹੈ। ਜਦ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਮਹੰਤ ਆਪਣੇ ਗੁੰਡਿਆਂ ਪਾਸੋਂ ਸਿੰਘਾਂ ਦਾ ਘਾਣ ਕਰਵਾ ਰਿਹਾ ਸੀ। ਭਾਈ ਦਲੀਪ ਸਿੰਘ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤ ਦੇ ਗੁੰਡਿਆਂ ਨੇ ਉਸ ਨੂੰ ਅਕਾਲੀ ਅਕਾਲੀ ਕਹਿ ਕੇ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਇਹ ਸਾਰਾ ਕਾਰਾ ਕਰਨ ਤੋਂ ਬਾਅਦ ਮਹੰਤ ਨੇ ਲੱਕੜਾਂ ਦੇ ਢੇਰ ਲਗਾ ਕੇ ਉਂਪਰ ਮਿੱਟੀ ਦਾ ਤੇਲ ਪਾਇਆ ਅਤੇ ਉਸ ਉਂਪਰ ਸ਼ਹੀਦ ਹੋ ਚੁਕੇ ਅਤੇ ਜ਼ਖਮੀ ਸਿੰਘਾਂ ਨੂੰ ਸੁੱਟ ਕੇ ਅੱਗ ਲਗਾ ਦਿੱਤੀ ਜੋ ਸ਼ਾਮ ਚਾਰ ਵਜੇ ਤਕ ਲੱਗੀ ਰਹੀ।
ਸ. ਧੰਨਾ ਸਿੰਘ, ਸ. ਉਤਮ ਸਿੰਘ ਕਾਰਖਾਨੇਦਾਰ ਅਤੇ ਸ. ਕਰਮ ਸਿੰਘ ਸਟੇਸ਼ਨ ਮਾਸਟਰ ਦੇ ਉਂਦਮ ਸਦਕਾ ਇਸ ਘਟਨਾ ਦੀ ਖ਼ਬਰ ਸ਼ਾਮ ਤਕ ਚਾਰੇ ਪਾਸੇ ਫੈਲ ਗਈ। ਉਨ੍ਹਾਂ ਨੇ ਇਸ ਸੋਗਮਈ ਘਟਨਾ ਦੀ ਖ਼ਬਰ ਪੰਜਾਬ ਦੇ ਗਵਰਨਰ, ਕਮਿਸ਼ਨਰ, ਡੀ.ਸੀ. ਅਤੇ ਸ਼੍ਰੋਮਣੀ ਕਮੇਟੀ ਆਦਿ ਨੂੰ ਤਾਰਾਂ ਭੇਜ ਕੇ ਦਿੱਤੀ। ਡੀ. ਸੀ. ਮਿਸਟਰ ਕੈਰੀ ਜਦ ਸ੍ਰੀ ਨਨਕਾਣਾ ਸਾਹਿਬ ਪੁੱਜਾ ਤਾਂ ਉਸ ਸਮੇਂ ਮਹੰਤ ਦੇ ਆਦਮੀ ਲਾਸ਼ਾਂ ਨੂੰ ਸਾੜ ਫੂਕ ਰਹੇ ਸਨ, ਜੋ ਸਿਲਸਿਲਾ ਉਸ ਦੇ ਪਹੁੰਚਣ ਤੋਂ ਡੇਢ ਘੰਟੇ ਬਾਅਦ ਵੀ ਚੱਲਦਾ ਰਿਹਾ। ਮਹੰਤ ਨੂੰ ਅਜਿਹਾ ਕਰਨ ਤੋਂ ਕਿਸੇ ਨੇ ਵੀ ਨਾ ਰੋਕਿਆ। ਰਾਤ ਨੌ ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟਰੇਨ ਰਾਹੀਂ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਆਪਣੇ ਨਾਲ ਸੌ ਦੇ ਕਰੀਬ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਵੇਲੇ ਵੀ ਮਹੰਤ ਦੇ ਹੱਥ ਵਿੱਚ ਬੰਦੂਕ ਸੀ। ਸਰਕਾਰ ਨੇ ਮਹੰਤ ਅਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ ਕਾਫੀ ਅਸਲਾ ਹਥਿਆਰ ਆਦਿ ਬਰਾਮਦ ਕਰ ਲਏ ਅਤੇ ਗੁਰਦੁਆਰੇ ਉਂਪਰ ਸਰਕਾਰ ਨੇ ਕਬਜ਼ਾ ਕਰ ਲਿਆ। ਅਗਲੇ ਦਿਨ 22 ਫਰਵਰੀ ਨੂੰ ਸ. ਮਹਿਤਾਬ ਸਿੰਘ, ਸ. ਹਰਬੰਸ ਸਿੰਘ ਅਟਾਰੀ ਆਦਿ ਆਗੂ ਅਤੇ ਹੋਰ ਸੰਗਤਾਂ ਵੀ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਈਆਂ। ਭਾਈ ਕਰਤਾਰ ਸਿੰਘ ਝੱਬਰ ਵੀ 2200 ਜੁਆਨਾਂ ਦਾ ਜਥਾ ਲੈ ਕੇ ਪਹੁੰਚ ਗਿਆ। ਇਸ ਘਟਨਾ ਦਾ ਅਤੇ ਗੁਰਦੁਆਰੇ ਉਂਪਰ ਸਰਕਾਰੀ ਕਬਜ਼ੇ ਵਿਰੁੱਧ ਸੰਗਤਾਂ ਅੰਦਰ ਹੋਰ ਰੋਹ ਜਾਗ ਪਿਆ ਸੀ। ਅਖੀਰ ਅੰਗਰੇਜ਼ ਅਧਿਕਾਰੀਆਂ ਨੂੰ ਹਾਰ ਮੰਨਣੀ ਪਈ ਅਤੇ ਗੁਰਦੁਆਰੇ ਦਾ ਪ੍ਰਬੰਧ ਪੰਥ ਦੇ ਹਵਾਲੇ ਕਰ ਦਿੱਤਾ ਗਿਆ।
23-24 ਫਰਵਰੀ
23 ਫਰਵਰੀ ਨੂੰ ਪੰਜਾਬ ਦਾ ਗਵਰਨਰ ਮਕਲੈਗਨ ਆਪਣੀ ਐਗਜ਼ੈਕਟਿਵ ਦੇ ਮੈਂਬਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਅਤੇ ਸਾਰਾ ਦ੍ਰਿਸ਼ ਉਸ ਨੇ ਅੱਖੀਂ ਵੇਖਿਆ। 24 ਫਰਵਰੀ ਨੂੰ ਸਾਰੇ ਸ਼ਹੀਦ ਸਿੰਘਾਂ ਦਾ ਗੁਰ ਮਰਯਾਦਾ ਅਨੁਸਾਰ ਸਸਕਾਰ ਕੀਤਾ ਗਿਆ।
ਮਹੰਤ ਨੂੰ ਸਜ਼ਾਵਾਂ
21 ਫਰਵਰੀ ਦੀ ਰਾਤ ਨੂੰ ਹੀ ਦੋ ਵਜੇ ਸਪੈਸ਼ਲ ਟਰੇਨ ਰਾਹੀਂ ਮਹੰਤ ਅਤੇ ਉਸ ਦੇ ਸਾਥੀ ਕਾਤਲਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਵੀ ਸਨ ਅਤੇ ਪੰਜਾਬ ਕੌਸਲ ਦੇ ਡਿਪਟੀ ਚੀਫ਼ ਵੀ ਸਨ। 180 ਤੋਂ ਵੱਧ ਸਿੱਖਾਂ ਦਾ ਕਾਤਲ ਮਹੰਤ ਨਰੈਣੂ, ਸਰਕਾਰੀ ਅਫ਼ਸਰਾਂ ਨਾਲ ਨੇੜਤਾ ਰਖਦਾ ਸੀ। ਇਸ ਕਰ ਕੇ ਪੁਲਿਸ ਉਸ ਦਾ ਕੇਸ ਕਮਜ਼ੋਰ ਰੱਖ ਕੇ ਉਸ ਨੂੰ ਬਚਾਉਣਾ ਚਾਹੁੰਦੀ ਸੀ। ਸਰਕਾਰੀ ਸਾਜ਼ਸ਼ਾਂ ਨੂੰ ਵੇਖ ਕੇ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਸਰਕਾਰੀ ਵਕੀਲ ਦੇ ਅਹੁਦੇ ਤੋਂ ਅਤੇ ਪੰਜਾਬ ਕੌਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ। ਦੋਸ਼ੀ ਉਂਪਰ ਮੁਕੱਦਮਾ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ। 12 ਅਕਤੂਬਰ 1921 ਨੂੰ ਸੈਸ਼ਨ ਜੱਜ ਨੇ ਇਸ ਘਟਨਾ ਵਿੱਚ ਸ਼ਾਮਲ ਮਹੰਤ ਅਤੇ ਉਸ ਦੇ ਸੱਤ ਸਾਥੀਆਂ ਕਾਦਰ ਜਲਾਲਾਬਾਦੀ, ਆਤਮ ਰਾਮ ਖਾਨ ਕੀ, ਰਾਂਝਾ ਥਾਣਾ ਝੰਗ, ਹਰੀ ਨਾਥ ਕਨਫਟਾ ਜੋਗੀ, ਨੂਰ ਸ਼ਾਹ ਦੀਨ ਪਠਾਣ, ਸੁਰੈਣ ਸਿੰਘ ਲੁਲਿਆਣੀ, ਰੀਹਾਨਾ ਲੁਲਿਆਣੀ ਨੂੰ ਫਾਂਸੀ ਦੀ ਸਜ਼ਾ, ਅੱਠ ਨੂੰ ਕਾਲੇਪਾਣੀ ਦੀ ਅਤੇ ਬਾਕੀਆਂ ਨੂੰ ਸੱਤ ਸੱਤ ਸਾਲ ਦੀ ਸਜ਼ਾ ਸੁਣਾਈ, ਪਰ ਬਾਅਦ ਵਿੱਚ ਹਾਈਕੋਰਟ ਨੇ ਇਹ ਸਜ਼ਾਵਾਂ ਘੱਟ ਕਰ ਦਿੱਤੀਆਂ। ਮਹੰਤ ਦੀ ਸਜ਼ਾ ਫਾਂਸੀ ਤੋਂ ਘਟਾ ਕੇ ਕਾਲੇਪਾਣੀ ਦੀ ਕਰ ਦਿੱਤੀ। ਬਾਕੀ ਸੱਤਾਂ ਵਿਚੋਂ ਤਿੰਨ ਦੀ ਫਾਂਸੀ ਦੀ ਸਜ਼ਾ ਅਤੇ ਅੱਠ ਦੀ ਕਾਲੇਪਾਣੀ ਦੀ ਸਜ਼ਾ ਵਿਚੋਂ ਦੋ ਦੀ ਕਾਲੇਪਾਣੀ ਦੀ ਸਜ਼ਾ ਕਾਇਮ ਰਹੀ। ਬਾਕੀ ਦੇ ਸਾਰੇ ਬਰੀ ਕਰ ਦਿੱਤੇ ਗਏ।
ਇਸ ਤਰ੍ਹਾਂ ਸ਼ਹੀਦੀਆਂ ਦੇ ਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿੱਚ ਆਇਆ। ਪਰ 1947 ਈ. ਦੀ ਦੇਸ਼ ਵੰਡ ਹੋਣ ਕਰਕੇ ਇਹ ਗੁਰਧਾਮ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਫਿਰ ਪੰਥ ਇਸ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝਾ ਹੋ ਗਿਆ, ਜਿਸ ਦੇ ਖੁੱਲ੍ਹੇ ਦਰਸ਼ਨਾਂ ਦੀ ਸਿੱਕ ਲੈ ਕੇ ਅੱਜ ਹਰੇਕ ਸਿੱਖ ਅਰਦਾਸ ਕਰਦਾ ਹੈ। ਇਹ ਸ਼ਹੀਦੀਆਂ ਸਿੱਖਾਂ ਦੀ ਰੋਜ਼ਾਨਾ ਅਰਦਾਸ ਦਾ ਹਿੱਸਾ ਬਣ ਗਈਆਂ। ਅੱਜ ਵੀ ਜਦ ਸਿੱਖ ਅਰਦਾਸ ਕਰਦਾ ਹੈ ਤਾਂ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਆਖਦਾ ਹੈ– “…ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!”
ਜੋਰਾਵਰ ਸਿੰਘ ਤਰਸਿੱਕਾ ।


Related Posts

One thought on “ਇਤਿਹਾਸ – ਗੁਰਦੁਆਰਾ ਸ਼੍ਰੀ ਸ਼ਦੀਮਾਰਗ ਸਾਹਿਬ , ਪੁਲਵਾਮਾ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top