ਜਦੋਂ ਔਰਤਾਂ ਦਾ ਜਤ ਪਰਖਣ ਦੀ ਗੱਲ ਕਰਨ ਵਾਲਿਆਂ ਦਾ ਸਿੰਘਾਂ ਨੇ ਸਤ ਪਰਖਿਆ
ਅਹਿਮਦ ਸ਼ਾਹ ਅਬਦਾਲੀ ਹਿੰਦ ਮੁਲਕ ਦੀ ਧੁਨੀ ਦਿੱਲੀ ਨੂੰ ਫ਼ਤਹ ਕਰਕੇ, ਮੇਰਠ, ਬਿੰਦ੍ਰਬਨ ਦਾ ਇਲਾਕਾ ਲੁਟ ਪੁਟ ਕੇ ਜਦੋਂ ਵਾਪਸ ਆਪਣੇ ਮੁਲਕ ਨੂੰ ਮੁੜਨ ਲੱਗਦਾ ਹੈ ਤਾਂ ਉਹ ਜਿੱਥੇ ਆਪਣੀ ਨਾਲ ਬੇਇੰਤਹਾ ਦੌਲਤ, ਹੀਰੇ-ਜਵਾਰਾਤ, ਨੌਜਵਾਨ ਗੁਲਾਮ ਲਿਜਾ ਰਿਹਾ ਸੀ, ਉਥੇ ਹੀ ਉਹ ਕਾਬੁਲ ਕੰਧਾਰ ਗਜ਼ਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੇ ਵੇਚਣ ਲੀ ਇਸ ਮੁਲਕ ਦੀ ਔਰਤਾਂ ਵੀ ਲਿਜਾ ਰਿਹਾ ਸੀ, ਜਿਨ੍ਹਾਂ ਦੀ ਗਿਣਤੀ ਕਈ ਸੈਕੜਿਆਂ ਵਿਚ ਸੀ। ਕਿਸੇ ਮਰਾਠੇ ਜਾਂ ਰਾਜਪੂਤ ਦੀ ਹਿੰਮਤ ਨ ਪਈ ਕਿ ਉਹ ਇਨ੍ਹਾਂ ਧੀਆਂ ਧਿਆਣੀਆਂ ਦੀ ਇੱਜ਼ਤ ਕੱਜ ਸਕੇ।
ਅਬਦਾਲੀ ਜਦ ਬਿਆਸ ਦਾ ਪੱਤਣ ਟੱਪਿਆ ਤਾਂ ਸਿੰਘਾਂ ਨੇ ਥਾਂ ਪੁਰ ਅੱਟਕ ਤਕ ਉਸਤੇ ਹਮਲੇ ਕਰਕੇ ਉਸਦਾ ਜਿੱਥੇ ਧਨ ਦੌਲਤ ਦਾ ਭਾਰ ਹੌਲਾ ਕੀਤਾ, ਉਥੇ ਹੀ ਸ.ਜੱਸਾ ਸਿੰਘ ਆਹਲੂਵਾਲੀਆ, ਚੜਤ ਸਿੰਘ ਸ਼ੁਕਰਚੱਕੀਆ, ਹਰੀ ਸਿੰਘ ਭੰਗੀ ਆਦਿ ਨੇ ਕਹਿੰਦੇ ਕੋਈ ੧੭੦੦ ਦੇ ਲਾਗੇ ਤਾਗੇ ਜਵਾਨ ਨੂੰਹਾਂ ਧੀਆਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਬਚਾ ਲਿਆ, ਜਦੋਂ ਇਨ੍ਹਾਂ ਨੂੰ ਵਾਪਸ ਇਨ੍ਹਾਂ ਦੇ ਘਰਾਂ ਤਕ ਪਹੁੰਚਾਣ ਦਾ ਵਕਤ ਆਇਆ ਤਾਂ ਕੁਝ ਬਾਹਮਣਾਂ ਦੀ ਚੁਕ ਵਿਚ ਇਹਨਾਂ ਦੇ ਪਰਿਵਾਰਾਂ ਨੇ ਆਪਣੀਆਂ ਧੀਆਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ, ਅਖੇ ਇਹ ਇਨ੍ਹੇ ਦਿਨ ਬਾਹਰ ਰਹੀਆਂ ਨੇ ਅਪਵਿੱਤਰ ਹੋ ਗਈਆਂ ਹਨ। ਸਿੰਘਾਂ ਬੜਾ ਸਮਝਾਇਆ ਕਿ ਭਾਈ ਇਹੋ ਜਾ ਕੁਝ ਨਹੀ ਹੋਇਆ, ਇਹ ਬੱਚੀਆਂ ਜਤ ਸਤ ਵਿਚ ਪ੍ਰਪਕ ਨੇ, ਨਾਲੇ ਇਨ੍ਹਾਂ ਵਿਚਾਰੀਆਂ ਦਾ ਕਾਅਦਾ ਦੋਸ਼, ਫਰਜ਼ ਤੇ ਥੋਡਾ ਸੀ ਇਨ੍ਹਾਂ ਨੂੰ ਬਚਾਉਣ ਦਾ !
ਗੱਲ ਦਾ ਪਾਸਾ ਜਦ ਪੁਠਾ ਪੈਂਦਾ ਦੇਖਿਆ ਤਾਂ ਬਾਹਮਣ ਕਹਿਣ ਲੱਗੇ ਕਿ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇਨ੍ਹਾਂ ਨੂੰ ਆਪਣੇ ਜਤ ਸਤ ਦਾ ਸਬੂਤ ਦੇਣਾ ਪਵੇਗਾ, ਅਸੀਂ ਅੱਗ ਬਾਲ੍ਹਾਂਗੇ, ਇਹ ਉਸ ਵਿਚੋਂ ਲੰਘਣ ਜੋ ਪਾਕ ਪਵਿੱਤਰ ਹੋਣਗੀਆਂ ਅੱਗ ਉਨ੍ਹਾਂ ਦਾ ਕੁਝ ਨਹੀ ਵਿਗਾੜ ਸਕੇਗੀ! ਇਹ ਗੱਲ ਸੁਣ ਕੇ ਸਭ ਦੇ ਸਾਹ ਸੂਤੇ ਗਏ। ਸ.ਹਰੀ ਸਿੰਘ ਭੰਗੀ ਕਹਿਣ ਲੱਗੇ, ਵਈ ਸਾਨੂੰ ਥੋਡੀ ਸ਼ਰਤ ਮਨਜ਼ੂਰ ਹੈ, ਪਰ ਇਕ ਸ਼ਰਤ ਸਾਡੀ ਵੀ ਹੈ, ਇਨ੍ਹਾਂ ਦੀ ਪਰਖ ਵੀ ਕੋਈ ਜਤ ਸਤ ਵਾਲਾ ਬ੍ਰਹਾਮਣ ਹੀ ਲੈ ਸਕੇਗਾ,ਇਸ ਲਈ ਪਹਿਲ੍ਹਾਂ ਮੈਂ ਤੁਹਾਡੀ ਪ੍ਰੀਖਿਆ ਲਵਾਂਗਾ, ਬ੍ਰਹਾਮਣ ਸਾਰੇ ਹੈਰਾਨ, ਉਹ ਕਹਿਣ ਲੱਗੇ ਅਸੀ ਸਭ ਬਹੁਤ ਉੱਚੇ ਆਚਰਣ ਦੇ ਮਾਲਕ ਹਾਂ , ਸਰਦਾਰ ਕਹਿੰਦਾ ਲੱਗ ਜਾਂਦਾ ਬਸ ਹੁਣੇ ਹੀ ਪਤਾ ਤੁਹਾਡਾ ਕਿਰਦਾਰ ਕੀ ਹੈ?…ਸਰਦਾਰ ਨੇ ਇਕ ਮੁੱਢ ਮੰਗਵਾਇਆ ਤੇ ਨਾਲ ਹੀ ਆਪਣੀ ਸ੍ਰੀ ਸਾਹਬ ਮਿਆਨ ਵਿਚੋਂ ਬਾਹਰ ਕੱਢ ਕੇ ਕਹਿਣ ਲੱਗਾ, ਹਾਂਜੀ ਪੰਡਤੋ!ਹੋ ਜੋ ਤਿਆਰ ਫਿਰ ਆਪਣੇ ਜਤ ਸਤ ਦੇ ਪਰਚੇ ਲਈ, ਆਹ ਮੁੱਢ ਤੇ ਆਪਣਾ ਵਾਰੀ ਵਾਰੀ ਸਿਰ ਰੱਖਦੇ ਜਾਹੋ, ਮੈੰ ਸ੍ਰੀ ਸਾਹਿਬ ਨਾਲ ਵਾਰ ਕਰਦਾ ਜਾਵਾਂਗਾ, ਜੋ ਜਤੀ ਸਤੀ ਹੋਵੇਗਾ, ਉਸਦੀ ਧੋਣ ਮੇਰੀ ਸ੍ਰੀ ਸਾਹਿਬ (ਕਿਰਪਾਨ) ਨਹੀ ਲਾਹ ਸਕੇਗੀ ਤੇ ਜੋ ਦਿਖਾਵਾ ਕਰ ਰਿਹਾ ਉਹ ਮੂਲੀ ਗਾਜਰ ਵਾਂਗ ਛਿੱਲਿਆ ਜਾਵੇਗਾ । ਇਹ ਸੁਣ ਸਾਰੇ ਬਾਹਮਣਾਂ ਦੇ ਹੱਥਾਂ ਦੇ ਤੋਤੇ ਉੱਡ ਗਏ, ਉਤਲਾ ਸਾਹ ੳਤਾਂਹ ਤੇ ਥੱਲੜਾ ‘ਠਾਂਹ ਰਹਿ ਗਿਆ। ਝੱਟ ਹਥ ਜੋੜ ਕੇ ਸਰਦਾਰ ਨੂੰ ਕਹਿਣ ਲੱਗੇ ਬਖਸ਼ੋ ਅਸੀਂ ਤੇ ਤੁਹਾਡੀ ਗਊ ਹਾਂ, ਸਾਨੂੰ ਪੂਰਾ ਯਕੀਨ ਹੈ ਕਿ ਇਹ ਬੀਬੀਆਂ ਜਤ ਸਤ ਵਿਚ ਪੂਰੀਆਂ ਨੇ , ਅਸੀਂ ਇਨ੍ਹਾਂ ਨੂੰ ਅੰਗੀਕਾਰ (ਕਬੂਲ ) ਕਰਦੇ ਹਾਂ। ਸਰਦਾਰਾਂ ਨੇ ਧੀਆਂ ਭੈਣਾਂ ਦੇ ਸਿਰ ਪਲੋਸੇ ਤੇ ਕਿਹਾ ਬੱਚੜੀਓ, ਕੋਈ ਹੀਲ ਹੁਜਤਾਂ ਕਰੇ ਤਾਂ ਆਪਣੇ ਇੰਨਾਂ ਭਰਾਵਾਂ ਨੂੰ ਯਾਦ ਕਰ ਲੈਣਾ । ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਕਲਾ ਬਖਸ਼ੇ ।
ਬਲਦੀਪ ਸਿੰਘ ਰਾਮੂੰਵਾਲੀਆ