ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 8
ਮਾਛੀਵਾੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਵਿਚ ਇਕ ਪੁਰਾਣਾ ਕਸਬਾ ਹੈ । ਸੰਨ ੧੭੦੪ ਵਿਚ ਵੀ ਪੱਕਾ ਕਸਬਾ ਸੀ ਤੇ ਅੱਜ ਵੀ । ਇਕ ਤਰ੍ਹਾਂ ਦਾ ਛੋਟਾ ਸ਼ਹਿਰ ਹੈ । ਉਸ ਵੇਲੇ ਵੀ ਅਮੀਰਾਂ ਦਾ ਸ਼ਹਿਰ ਸੀ , ਬਾਗ ਤੇ ਬਾਜ਼ਾਰ ਸਨ । ਹਰ ਤਰ੍ਹਾਂ ਦਾ ਕੰਮ ਉਸ ਵਿਚ ਹੁੰਦਾ ਸੀ । ਮਾਛੀਵਾੜਾ ਸਿੱਖ ਇਤਿਹਾਸ ਵਿਚ ਪੂਜਨੀਕ ਸ਼ਹਿਰ ਹੈ , ਕਿਉਂਕਿ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਯਾਦਾਂ ਸੰਭਾਲ ਕੇ ਰੱਖੀਆਂ ਹਨ । ਦੱਖਣ ਵੱਲ ਸਮਰਾਲੇ ਤੇ ਕੁਰਾਲੀ ਦਾ ਮੋਟਰਾਂ ਟਾਂਗਿਆਂ ਦਾ ਅੱਡਾ ਹੈ । ਉਸ ਅੱਡੇ ਤੋਂ ਸ਼ਹਿਰ ਵੱਲ ਜਾਈਏ , ਸ਼ਹਿਰ ਦੇ ਵਿਚੋਂ ਦੀ ਅਗਲੇ ਪਾਸੇ ਪੂਰਬ – ਉੱਤਰ ਦਿਸ਼ਾ ਦੀ ਨੁੱਕਰ ਵਿਚ ਕੋਈ ਸਵਾ ਮੀਲ ਦੂਰ ਅੰਬਾਂ ਦਾ ਬਾਗ ਹੈ ਤੇ ਸੜਕ ਉੱਤੇ ਉੱਚੀਆਂ ਟਾਹਲੀਆਂ । ਉਥੋਂ ਤਕ ਪੱਕੀ ਸੜਕ ਹੈ । ਉਥੇ ਆ ਜਾਂਦਾ ਹੈ ‘ ਗੁਰਦੁਆਰਾ ਚਰਨ ਕੰਵਲ ਸਾਹਿਬ ‘ । ਗੁਰਦੁਆਰਾ ਚਰਨ ਕੰਵਲ ਦੇ ਪੱਛਮ ਵੱਲ ਪੈਲੀ ਦੀ ਵਾਟ ‘ ਤੇ ਇਕ ਖੂਹ ਹੈ । ਉਸ ਖੂਹ ਉੱਤੇ ਟੂਟੀਆਂ ਵੀ ਬਣੀਆਂ ਹਨ । ਹਲਟੀ ਹੈ — ਤੇ ਪਾਣੀ ਦਿੰਦਾ ਹੈ । ਪਾਣੀ ਪੀਣ ਵਾਸਤੇ ਵੀ ਅਤੇ ਖੇਤਾਂ ਨੂੰ ਦੇਣ ਵਾਸਤੇ ਵੀ । ਖੇਤਾਂ ਤੋਂ ਭਾਵ ਬਾਗ ਦੀਆਂ ਪੈਲੀਆਂ ਨੂੰ । ਉਹ ਬਾਗ , ਉਹ ਖੂਹ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਾਲਾ ਖੂਹ ਹੈ । ਉਸ ਖੂਹ ਵਿਚੋਂ ਕਦੀ ਚੋਜੀ ਪਿਤਾ ਜੀ ਨੇ ਜਲ ਪੀਤਾ ਸੀ । ਪੋਹ ਦੇ ਦਿਨਾਂ ਵਿਚ । ਖੂਹ ਦਾ ਨਿੱਘਾ ਜਲ । ਜਿਹੜਾ ਜਲ ਉਸ ਵੇਲੇ ਅੰਮ੍ਰਿਤ ਰੂਪ ਬਣਿਆ । ਉਸ ਖੂਹ ਦੇ ਦਰਸ਼ਨ ਕਰਨ ਲਈ ਜਦੋਂ ਕੋਈ ਸ਼ਰਧਾਲੂ ਜਾਂਦਾ ਹੈ ਤਾਂ ਖੂਹ ਦੀ ਚੁੱਪ ਅਡੋਲ ਅਵਸਥਾ ਤਿੰਨ ਸੌ ਸਾਲ ਦੇ ਲਗਪਗ ਦੀ ਬੀਤੀ ਘਟਨਾ ਇਕ ਸਾਖੀ ਦੇ ਰੂਪ ਸੁਣਾਉਂਦਾ ਹੈ । ਏਥੇ ਸ੍ਰੀ ਕਲਗੀਧਰ ਪਿਤਾ ….. ਦੀਨ ਦੁਨੀਆਂ ਦੇ ਮਾਲਕ , ਝਾੜ ਸਾਹਿਬ ਤੋਂ ਪੈਦਲ ਚੱਲ ਕੇ , ਨੰਗੀਂ ਪੈਰੀਂ , ਰਾਤ ਤਾਰਿਆਂ ਦੀ ਡਲ੍ਹਕ ਤੇ ਹਨੇਰੇ ਵਿਚ , ਠਰੀ ਰੇਤ ਉੱਤੇ ਨੰਗੇ ਪੈਰ ਰੱਖਦੇ ਹੋਏ ਏਥੇ ਪਹੁੰਚੇ ਸਨ । ਉਹ ! ਜਿੰਨੀ ਹਨੇਰੀ ਸੀ , ਉਨੀ ਹੀ ਠਰੀ ਹੋਈ ਸੀ । ਸਾਰੇ ਪਸ਼ੂ , ਪੰਛੀ ਤੇ ਮਨੁੱਖ ਕਿਸੇ ਨਾ ਕਿਸੇ ਘਰ ਵਿਚ ਨਿੱਘੇ ਸੁੱਤੇ ਸਨ । ਪਰ ਪਿਆਰਾ ਮਾਹੀ ਉਸ ਵੇਲੇ ਇਥੇ ਪੁੱਜਾ । ਦਿਨ ਦੇ ਚੜ੍ਹਾਅ ਨਾਲ ਆਇਆ । ਅੱਕਾਂ ਦੀਆਂ ਕਰੂੰਬਲਾਂ ਤੇ ਜੰਗਲ ਦੇ ਫਲ – ਪੱਤੇ ਕੁਝ ਖਾਧੇ ਸਨ । ਉਸ ਬਨਸਪਤੀ ਖ਼ੁਰਾਕ ਨੇ ਪਿਆਸ ਲਾਈ ਸੀ । ਭਾਵੇਂ ਮਾਹੀ ਥੱਕਿਆ ਸੀ , ਉਨੀਂਦਰੇ ਵਿਚ ਸੀ , ਪੈਰਾਂ ਦੀਆਂ ਤਲੀਆਂ ਵਿਚੋਂ ਲਹੂ ਸਿੰਮਦਾ ਸੀ । ਛਾਲੇ ਪਏ ਸਨ ਅਤੇ ਸੋਜ ਨਾਲ ਪੈਰ ਭਾਰੇ ਹੋ ਗਏ ਸਨ । ਫਿਰ ਵੀ ਉਸ ਨੇ ਖੂਹ ਆਪ ਗੇੜਿਆ । ਆਪ ਭਰੀਆਂ ਟਿੰਡਾਂ ਉਪਰ ਲਿਆਂਦੀਆਂ । ਰੇਤਲੀ ਧਰਤੀ ਦੇ ਖੂਹ ਦਾ ਪਾਣੀ ਨਿੱਘਾ ਸੀ । ਭਰੀ ਹੋਈ ਟਿੰਡ ਆਈ । ਉਸ ਨੂੰ ਖੋਲ੍ਹਿਆ ਤੇ ਬੁੱਲ੍ਹਾਂ ਨਾਲ ਲਾ ਕੇ ਪੀ ਗਏ । ਛੇ ਪਹਿਰ ਤੋਂ ਪਾਣੀ ਪੀਣ ਲਈ ਨਹੀਂ ਸੀ ਮਿਲਿਆ । ਰਾਹ ਵਿਚ ਕੋਈ ਖੂਹ ਨਜ਼ਰ ਨਾ ਪਿਆ । ਜੰਗਲ ਤੇ ਬਰੇਤੀ ਧਰਤੀ ‘ ਤੇ ਘੁੰਮਦੇ ਰਹੇ ਸਨ । ਪਾਣੀ ਪੀ ਕੇ ਪੂਰਬ ਵਾਲੇ ਪਾਸੇ ਬਾਗ ਵਿਚ ਜੰਡ ਸੀ । ਉਸ ਜੰਡ ਦੇ ਹੇਠਾਂ ਧਰਤੀ ਉੱਤੇ ਬਾਂਹ ਸਿਰ ਹੇਠਾਂ ਰੱਖ ਕੇ ਲੇਟ ਗਏ । ਉਹਨਾਂ ਨੇ ਧਰਤੀ ਦੇ ਠਰੀ ਤੇ ਅਨਕੱਜੀ ਹੋਣ ਦਾ ਖ਼ਿਆਲ ਨਾ ਕੀਤਾ । ਜਾਮੇ ਨਾਲ ਹੀ ਲੇਟੇ । ਕਿਉਂਕਿ ਥਕੇਵਾਂ ਬੇਅੰਤ ਹੋ ਗਿਆ ਸੀ । ਲੇਟਣ ਸਮੇਂ ਮਾਲਕ ਪਰਮਾਤਮਾ ਦਾ ਖ਼ਿਆਲ ਆਇਆ । ਉਸ ਦੇ ਪਿਆਰ ਵਿਚ ਹੀ ਤਾਂ ਘਰੋਂ ਬੇਘਰ ਹੋਏ ਫਿਰਦੇ ਸਨ । ਉਸ ਵੇਲੇ ਦੁੱਧ ਤੇ ਪਾਣੀ ਦੀ ਪਿਆਰ ਕਹਾਣੀ ਚੇਤੇ ਆਈ ਤੇ ਸੁਤੇ ਸਿਧ ਸੱਚੇ ਪ੍ਰਭੂ ਪਿਆਰ ਵਿਚ ਰੰਗੇ ਗਏ ਅਤੇ ਸ਼ਬਦ ਮੁੱਖੋਂ ਉਚਾਰਿਆ :
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥
ਇਉਂ ਸੋਚਦੇ ਪ੍ਰਭੂ ਅਕਾਲ ਪੁਰਖ ਦਾ ਧਿਆਨ ਧਰ ਕੇ ਲੇਟੇ ਰਹੇ ਤੇ ਨੀਂਦ ਆ ਗਈ। ਅਨੋਖੇ ਮਾਹੀ ਦੀ ਅੱਖ ਲੱਗੀ ਦੇਖ ਦੇ ਪੰਛੀ ਵੀ ਚੁੱਪ ਹੋ ਗਏ । ਹਵਾ ਰੁਕ ਗਈ ਤੇ ਕੁਦਰਤ ਦੀਆਂ ਸ਼ਕਤੀਆਂ ਬਾਜਾਂ ਵਾਲੇ ਸਤਿਗੁਰੂ ਜੀ ਦੀ ਰੱਖਿਆ ਕਰਨ ਲੱਗੀਆਂ । । ਉਸ ਵੇਲੇ ਸ਼ੇਸ਼ਨਾਗ ਆ ਹਾਜ਼ਰ ਹੋਇਆ । ਉਹ ਤਿੰਨ ਚਾਰ ਰੂਪ ਧਾਰਨ ਕਰ ਕੇ ਕੋਈ ਦੋ ਤਿੰਨ ਫ਼ਟ ਦੀ ਵਿੱਥ ਉੱਤੇ ਬੈਠ ਗਿਆ । ਰਾਖੀ ਕਰਨ ਲੱਗਾ । ਦੁਸ਼ਮਨੀ ਦੇ ਭਾਵ ਨਾਲ ਜਦੋਂ ਕੋਈ ਆਵੇਗਾ , ਉਸ ਨੂੰ ਡੰਗ ਮਾਰ ਕੇ ਰੋਕੇਗਾ । । ਸ਼ੇਸ਼ਨਾਗ ਨੇ ਕਦੀ ਸਤਿਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਸੀ , ਜਦੋਂ ਤਲਵੰਡੀ ਦੇ ਬਾਹਰ ਸਾਹਿਬ ਗਊਆਂ ਚਾਰਦੇ ਹੋਏ ਨਿੰਦਰਾ ਦੇ ਵੱਸ ਹੋ ਕੇ ਵਣ ਦੀ ਛਾਂ ਹੇਠਾਂ ਲੇਟੇ ਸਨ । ਛਾਂ ਫਿਰ ਗਈ , ਸੂਰਜ ਦੀਆਂ ਤੇਜ਼ ਕਿਰਨਾਂ ਨੂੰ ਰੋਕਣ ਲਈ ‘ ਫਨ ’ ਖਿਲਾਰ ਕੇ ਛਾਂ ਕੀਤੀ , ਇਸ ਵਾਸਤੇ ਕਿ ਸਤਿਗੁਰੂ ਜੀ ਦੀ ਨੀਂਦ ਅਧੂਰੀ ਨਾ ਰਹੇ । ਮੁੜ ਸ਼ੇਸ਼ਨਾਗ ਨੂੰ ਸੇਵਾ ਕਰਨ ਦਾ ਮੌਕਾ ਮਾਛੀਵਾੜੇ ਵਿਚ ਮਿਲਿਆ । ਭਾਗਾਂ ਨਾਲ ਹੀ ਐਸੇ ਸਮੇਂ ਮਿਲਦੇ ਹਨ । ਦਸਮੇਸ਼ ਪਿਤਾ ਜੀ ਜੰਡ ਹੇਠਾਂ ਬਿਰਾਜ ਗਏ ਸਨ । ਆਪਣੀ ਕ੍ਰਿਪਾਨ ਦੀ ਮੁੱਠ ਆਪਣੇ ਹੱਥ ਵਿਚ ਸੀ । ਉਹ ਭਗਉਤੀ ਆਸਰਾ ਸੀ , ਨਿੱਕਾ ਆਸਰਾ ਸੀ ਤੇ ਵੱਡਾ ਆਸਰਾ ਸੀ , ਅਕਾਲ ਪੁਰਖ ਦਾ । ਉਧਰ ਭਾਈ ਜੀਊਣਾ ਵਿਆਕੁਲ ਹੋਇਆ ਜੰਗਲ ਦੀ ਝਾੜੀ ਝਾੜੀ ਦੇਖ ਰਿਹਾ ਸੀ । ‘ ਏਥੇ ਹੀ ਕਿਤੇ , ਏਥੇ ਹੀ ਕਿਤੇ । ਉਸ ਦੇ ਦਿਲ ਦੀ ਆਵਾਜ਼ ਸੀ । ਗੁਰੂ ਮਹਾਰਾਜ ਦੀ ਭਾਲ ਵਿਚ ਉਸ ਨੂੰ ਸੁਧ – ਬੁਧ ਨਹੀਂ ਸੀ ਰਹੀ । ਨਾ ਕੰਡੇ ਵੱਜਣ ਦੀ ਚਿੰਤਾ , ਨਾ ਠੰਡ ਦਾ ਡਰ , ਭੁੱਖ – ਤ੍ਰੇਹ ਭੁੱਲ ਗਈ ਸੀ । ਉਹ ਭਾਲਦਾ ਫਿਰਦਾ ਸੀ , ਦੋ ਤਿੰਨ ਵਾਰ ਮੁਗ਼ਲਾਂ ਨਾਲ ਟਾਕਰਾ ਹੋਇਆ ਪਰ ਗੁਰੂ ਮਹਾਰਾਜ ਆਪ ਹੀ ਆਪਣੇ ਸੇਵਕਾਂ ਨੂੰ ਬਚਾ ਕੇ ਰੱਖਦੇ ਰਹੇ । ਉਹ ‘ ਝਾੜ ਸਾਹਿਬ ’ ਦੇ ਨੇੜੇ ਗਏ । ਅੱਗੇ ਵਧੇ । ਝਾੜੀ ‘ ਤੇ ਕੱਪੜਾ ਪਿਆ ਦੇਖਿਆ , ਚੁੱਕ ਲਿਆ । “ ਇਹੋ ਤਾਂ ਗੁਰੂ ਜੀ ਦਾ ਬਸਤਰ ਹੈ । ” ਇਹ ਆਖ ਕੇ ਸਿਰ ਮੱਥੇ ਨੂੰ ਲਾਇਆ । ਆਵਾਜ਼ ਦਿੱਤੀ । “ ਮਹਾਰਾਜ ! ……..
ਦਰਸ਼ਨ ਦਿਉ ! ਮੈਂ ਆਪ ਦਾ ਸੇਵਕ ਜੀਊਣਾ ਹਾਂ । ” ਭਾਈ ਜੀਊਣੇ ਦਾ ਬੋਲ ਜੰਗਲ ਦੀ ਚੁੱਪ ਨੂੰ ਚੀਰ ਦੇ ਦੂਰ ਤਕ ਚਲਿਆ ਗਿਆ ਹੋਏਗਾ , ਗੂੰਜ ਉਤਪੰਨ ਹੋਈ , ਉਸ ਦੇ ਦੋ ਕੁ ਮਿੰਟ ਪਿੱਛੋਂ ਝਾੜ ਹਿੱਲਣ ਦੀ ਆਵਾਜ਼ ਆਈ । ਭਾਈ ਜੀਊਣੇ ਦੇ ਕੰਨ ਉਧਰ ਹੋਏ , ਅੱਖਾਂ ਉਧਰ ਦੇਖਣ ਲੱਗੀਆਂ । ਉਸ ਦੀਆਂ ਅੱਖਾਂ ਨੇ ਤਾਂ ਕੁਝ ਨਾ ਸੁਣਿਆ ਪਰ ਕੰਨੀਂ ਆਵਾਜ਼ ਪਈ , “ ਸਤਿਨਾਮ ਵਾਹਿਗੁਰੂ ! ’ ਉਹ ਖ਼ੁਸ਼ ਹੋ ਗਿਆ । “ ਮੈਂ ਜੀਊਣਾ ਹਾਂ ! ” ਉਸ ਨੇ ਉੱਚੀ ਆਖਿਆ , “ ਮਹਾਰਾਜ , ਤੁਸਾਂ ਦਾ ਸੇਵਕ ! ਦਰਸ਼ਨ ਦਿਉ । ਵੈਰੀ ਕੋਈ ਨਹੀਂ ਨੇੜੇ ਤੇੜੇ । ” ਇਉਂ ਆਖਦਾ ਹੋਇਆ ਕਾਹਲੀ ਨਾਲ ਜੀਊਣਾ ਉਧਰ ਨੂੰ ਹੋਇਆ , ਜਿਧਰੋਂ ਆਵਾਜ਼ ਆਈ ਸੀ , ਪਰ ਅੱਗੇ ਝਾੜੀਆਂ ਐਨੀਆਂ ਸੰਘਣੀਆਂ ਸਨ , ਉਸ ਨੂੰ ਰਾਹ ਨਾ ਮਿਲਿਆ । ਕੰਡਿਆਂ ਨਾਲ ਸਰੀਰ ਵਿੰਨ੍ਹਿਆਂ ਗਿਆ । ਪਿੱਛੇ ਹਟਣ ਲੱਗਾ ਤਾਂ ਉਪਰਲੀ ਲੋਈ ਅੜ ਕੇ ਪਾਟ ਗਈ । ਉਸ ਨੂੰ ਲੀੜਿਆਂ ਤੇ ਜਾਨ ਦੀ ਪਰਵਾਹ ਨਹੀਂ ਸੀ , ਉਹ ਤਾਂ ਗੁਰ – ਦਰਸ਼ਨਾਂ ਦੀ ਖਿੱਚ ਨਾਲ ਦੀਵਾਨਾ ਹੋਇਆ ਫਿਰਦਾ ਸੀ । ਉਸ ਦੀ ਘਬਰਾਹਟ ਵਧ ਚੁੱਕੀ ਸੀ । ਉਹ ਦਰਸ਼ਨ ਤਾਂਘ ਆਸਰੇ ਹੀ ਤੁਰਿਆ ਫਿਰਦਾ ਜਾਂ ਜੀਉਂਦਾ ਸੀ , ਵੈਸੇ ਠੰਡ ਤੇ ਨੱਠ ਭੱਜ ਨੇ ਉਸ ਦੇ ਸਰੀਰ ਨੂੰ ਨਿਰਬਲ ਕਰ ਦਿੱਤਾ ਸੀ । “ ਮਹਾਰਾਜ ! ” ਉਸ ਨੇ ਆਵਾਜ਼ ਦਿੱਤੀ । ‘ ‘ ਏਥੇ ਰੁਕ ਭਾਈ ਜੀਊਣੇ । ” ਅੱਗੋਂ ਉੱਤਰ ਮਿਲਿਆ । “ ਸਤਿ ਬਚਨ ਮਹਾਰਾਜ ! ’ ’ ਉਸ ਦੇ ਪਿੱਛੋਂ ਝਾੜੀਆਂ ਹਿੱਲੀਆਂ , ਇਕ ਦੀ ਥਾਂ ਦੋ ਪ੍ਰਗਟ ਹੋਏ । ਖੁਸ਼ੀ ਨਾਲ ਜੀਊਣਾ ਬੋਲ ਨਾ ਸਕਿਆ , ਦੋਹਾਂ ਵੱਲ ਦੇਖ ਕੇ ਹੈਰਾਨ ਹੋ ਰਿਹਾ , ਸ਼ਾਇਦ ਇਹ ਸੋਚ ਰਿਹਾ ਸੀ ਕਿ ਕਿਸ ਨੂੰ ‘ ਗੁਰੂ ’ ਮੰਨੇ , ਕਿਸ ਦੇ ਚਰਨ ਫੜੇ ? “ ਅਸੀਂ ਸਿੱਖ ਹਾਂ । ਸਤਿਗੁਰੂ ਜੀ ਦੀ ਭਾਲ ਵਿਚ ਚਮਕੌਰੋਂ ਚੱਲੇ ਸਾਂ । ” ਇਕ ਨੇ ਉੱਤਰ ਦਿੱਤਾ । “ ਤੁਸਾਂ ਵਿਚ ਗੁਰੂ ਜੀ ਨਹੀਂ ਹਨ ? ” ਨਹੀਂ । ” “ ਤਾਂ ਫਿਰ ? ” “ ਪਰ ਤੁਸਾਂ ਕਿਥੇ ਤੱਕ ? ” “ ਬਲੋਲ ਵਿਚ ਪੂਰਨ ਮਸੰਦ ਦੇ ਘਰ ਗਏ ਸੀ …..। ” “ ਫਿਰ ! ’ ’ ਮਾਛੀਵਾੜਾ ਭਾਈ ਜੀਊਣੇ ਨੇ ਸਾਰੀ ਵਾਰਤਾ ਸੁਣਾ ਦਿੱਤੀ । ਅੰਤ ਵਿਚ ਕਿਹਾ , “ ਇਕ ਝਾੜੀ ਉੱਤੇ ਇਹ ਕੱਪੜਾ ਪਿਆ ਮਿਲਿਆ । ” “ ਕਿਹੜਾ ? ” “ ਇਹ । ” “ ਬਲਿਹਾਰੇ ਜਾਈਏ । ਇਹ ਤਾਂ ਮਹਾਰਾਜ ਜੀ ਦੇ ਪਾਸ ਸੀ । ਨਿਸ਼ਾਨੀ ਰੱਖ ਗਏ । “ ਹਾਂ ? ਨਿਸ਼ਾਨੀ ਰੱਖ ਗਏ ? ” “ ਗਏ ਕਿਧਰ ? ” “ ਪੈੜ ਦੇਖੋ …. ਨੰਗੇ ਪੈਰ ! ‘ ‘ ਇਉਂ ਤਿੰਨਾਂ ਨੇ ਆਪਸ ਵਿਚ ਗੱਲ ਕੀਤੀ । ਉਸ ਵੇਲੇ ਸੂਰਜ ਚੜ੍ਹ ਚੁੱਕਾ ਸੀ , ਆਕਾਸ਼ ਨਿਰਮਲ ਨਜ਼ਰ ਆਇਆ । ਲੋਹੜੇ ਦੀ ਸੀਤ ਪਈ । ਕਈਆਂ ਦਿਨਾਂ ਪਿੱਛੋਂ ਸੂਰਜ ਨਿਕਲਿਆ ਸੀ , ਪਹਿਲਾਂ ਮੀਂਹ ਤੇ ਹਨੇਰੀ ਰਹੀ , ਲੋਹੜੇ ਦੀ ਸੀਤ ਪਈ । “ ਏਥੇ ਤਾਂ ਘਾਹ ਤੇ ਰੋੜਾਂ ਦੀ ਧਰਤੀ ਹੈ । ਜੰਗਲ ਤੋਂ ਬਾਹਰ ਭਾਵੇਂ ਕੁਝ ਨਜ਼ਰ ਪਵੇ । ‘ ‘ ਚਲੋ । ” “ ਇਹ ਦੇਖੋ ਟਾਹਣੀਆਂ ਕੱਟੀਆਂ । ਦੇਖੋ ਨਾ ….. ਐਨੂੰ ਗਏ ਜੋ ਟਾਹਣੀਆਂ ਕੱਟ ਕੇ ਤੁਰੇ ਗਏ ਹਨ । ” ਭਾਈ ਜੀਊਣੇ ਨੇ ਆਖਿਆ । ਸੱਜਰੀਆਂ ਕੱਟੀਆਂ ਝਾੜੀਆਂ ਦੀਆਂ ਟਾਹਣੀਆਂ ਸਨ । “ ਏਧਰੇ ਚਲੋ । ਜ਼ਰੂਰ ਮਹਾਰਾਜ ਏਧਰ ਗਏ ਹਨ । ” ‘ ਹਾਂ । ’ ’ “ ਛੇਤੀ ਚੱਲੀਏ ! ” ਇਉਂ ਕਾਹਲੀ ਨਾਲ ਬਚਨ ਕਰਦੇ ਹੋਏ ਅੱਗੇ ਵਧੀ ਗਏ । ਜੰਗਲ ਵਿਚੋਂ ਨਿਕਲੇ ਤਾਂ ਅੱਗੇ ਰੇਤਲੀ ਧਰਤੀ ਉੱਤੇ ਪੈਰ – ਚਿੰਨ੍ਹ ਦੇਖੇ । ਉਹਨਾਂ ਚਿੰਨ੍ਹਾਂ ਦੇ ਪਿੱਛੇ ਖੋਜੀਆਂ ਵਾਂਗ ਚੱਲਦੇ ਗਏ । ਤੁਰੇ ਗਏ ਪੱਛਮ ਦਿਸ਼ਾ ਵੱਲ “ ਮੈਂ ਆਖਦਾ ਹਾਂ , ਮਾਛੀਵਾੜੇ ਵੱਲ ਗਏ ਹੋਣਗੇ । ” ਭਾਈ ਜੀਊਣੇ ਨੇ ਆਖਿਆ । “ ਚਰਨ ਚਿੰਨ੍ਹ ਵੀ ਤਾਂ ਉਧਰ ਨੂੰ ਜਾ ਰਹੇ ਹਨ । ” ਇਕ ਸਿੰਘ ਨੇ ਉੱਤਰ ਦਿੱਤਾ । “ ਗੁਲਾਬਾ ਮਸੰਦ ਹੈ । ਮਾਛੀਵਾੜੇ ਵਿਚ । ਗੁਰਮੁਖ ਤੇ ਸ਼ਰਧਾਲੂ । ਉਹ ਪੂਰਨ ਵਾਂਗ ਅਕ੍ਰਿਤਘਣ ਨਹੀਂ , ਨਾ ਬੇਈਮਾਨ ਹੈ । ” ਭਾਈ ਜੀਊਣਾ ਇਹ ਆਖ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਅੱਗੇ ਚੰਦਰਾ ਮਸੰਦ ਪੂਰਨ ਸੀ , ਜਿਹੜਾ ਮੁਗਲਾਂ ਕੋਲੋਂ ਡਰ ਕੇ ਗੁਰੂ ਮਹਾਰਾਜ ਤੋਂ ਬੇਮੁੱਖ ਹੋਇਆ । “ ਨੱਠੇ ਚੱਲੀਏ । ” ਜੀਊਣੇ ਨੇ ਆਖਿਆ । “ ਚੱਲੋ ! ਜਿੰਨਾ ਛੇਤੀ ਪੰਧ ਹੁੰਦਾ ਹੈ , ਕਰੋ । ” ਉਹ ਵਾਹੋ – ਦਾਹੀ ਚੱਲ ਪਏ । ਉਸ ਵੇਲੇ ਸੂਰਜ ਵਾਹਵਾ ਚੜ੍ਹ ਆਇਆ , ਸੂਰਜ ਦੀਆਂ ਕਿਰਨਾਂ ਨਿੱਘੀਆਂ ਸਨ । ਸਰੀਰ ਗਰਮ ਹੁੰਦੇ ਜਾਂਦੇ ਸੀ । ਕੁਝ ਕਾਹਲੀ ਤੁਰਨ ਨਾਲ ਤੇ ਕੁਝ ਸੂਰਜ ਦੀਆਂ ਕਿਰਨਾਂ ਨਾਲ । ‘ ਰੁਕ ਜਾਓ , ਕੌਣ ਹੋ ? ‘ ‘ ਦੋਂਹ ਬੰਦਿਆਂ ਨੇ ਉਹਨਾਂ ਨੂੰ ਆਵਾਜ਼ ਦਿੱਤੀ । ਉਹਨਾਂ ਦੇ ਜੀਵਨ ਦੇ ਦਿਨ ਪੂਰੇ ਹੋ ਚੁੱਕੇ ਸਨ ਤੇ ਮੌਤ ਦਾ ਬਹਾਨਾ ਸਿੰਘਾਂ ਨੂੰ ਆਵਾਜ਼ ਦੇਣਾ ਸੀ । ਉਹ ਤਿੰਨੇ ਰੁਕ ਗਏ । ਆਵਾਜ਼ ਦੇਣ ਵਾਲੇ ਨੇੜੇ ਆਏ । ਇਕ ਸਿੰਘ ਨੇ ਪੁੱਛਿਆ । “ ਕੀ ਗੱਲ ? ” “ ਤੁਸੀਂ ਕੌਣ ਹੋ ? ” “ ਬੰਦੇ ! ” ਭਾਈ ਜੀਊਣਾ ਅੱਗੇ ਹੋਇਆ । “ ਬੰਦੇ ਜਾਂ ਸਿੱਖ ? ’ ’ “ ਸਿੱਖ ਬੰਦੇ ਨਹੀਂ ਹੁੰਦੇ ? ” “ ਤੁਸੀਂ ਸਰਕਾਰ ਦੇ ਬਾਗ਼ੀ । ਤੁਸਾਂ ਵਿਚ ਗੁਰੂ ! ” ‘ ਗੁਰੂ ’ ਸ਼ਬਦ ਇਕ ਦੇ ਮੂੰਹੋਂ ਨਿਕਲਿਆ ਸੀ ਕਿ ਇਕ ਸਿੰਘ ਨੇ ਕ੍ਰਿਪਾਨ ਨਾਲ ਉਸ ਨੂੰ ਝਟਕਾ ਦਿੱਤਾ । ਦੂਸਰਾ ਤਲਵਾਰ ਖਿੱਚਣ ਲੱਗਾ ਹੀ ਸੀ ਕਿ ਉਸ ਦਾ ਵੀ ਹੱਥ ਵੱਢ ਦਿੱਤਾ । ਉਹ ਵੀ ਨੱਠ ਨਾ ਸਕਿਆ ਤੇ ਅਗਲੀ ਦੁਨੀਆਂ ਚਲਿਆ ਗਿਆ । “ ਚੰਗਾ ਕੀਤਾ , ਝਟਕਾ ਦਿੱਤਾ , ਨਹੀਂ ਤੇ ਇਹਨਾਂ ਚੰਡਾਲਾਂ ਨੇ ਪਿੱਛਾ ਕਰਨਾ ਸੀ । ” ਭਾਈ ਜੀਊਣੇ ਨੇ ਆਖਿਆ । “ ਇਹਨਾਂ ਦੀ ਨੀਤ ਭੈੜੀ ਸੀ । ” “ ਬਿਲਕੁਲ ! ” ਇਹਨਾਂ ਮੁਗ਼ਲਾਂ ਨੂੰ ਜਾ ਕੇ ਦੱਸਣਾ ਸੀ । ” “ ਜੋ ਅੜੇ ਸੋ ਝੜੇ । ਵਾਹੋ ਦਾਹੀ ਨਿਕਲੋ , …. ਕੋਈ ਹੋਰ ਨਾ ਦੇਖ ਲਏ । ਉਹ ਤਿੰਨੇ ਉਥੋਂ ਨੱਠ ਉੱਠੇ , ਸਿੱਧਾ ਮੂੰਹ ਉਹਨਾਂ ਨੇ ਮਾਛੀਵਾੜੇ ਵੱਲ ਕਰ ਲਿਆ ਤੇ ਦੌੜੇ ਹੀ ਚਲੇ ਜਾਣ ਲਗੇ ।
( ਚਲਦਾ )