ਦਸਵੰਧ ਬਾਰੇ ਜਾਣਕਾਰੀ – ਜਰੂਰ ਪੜਿਓ

ਗਰੀਬ ਦਾ ਮੂੰਹ ਗੁਰੂ ਕੀ ਗੋਲਕ
‘ਦਸਵੰਧ’ ਸ਼ਬਦ, ਇੱਕ ਅਜਿਹੀ ਸੋਚ ਵਿੱਚੋਂ ਉਪਜਿਆ ਹੋਇਆ ਨਾਮ ਹੈ, ਜਿਸ ਨੂੰ ਵਿਸ਼ਵ ਭਰ ਦੀਆਂ ਤਮਾਮ ਸਰਕਾਰਾਂ ਨੇ ਸਮਾਜ ਸੇਵਾ (Charitable Trust) ਦੇ ਨਾਮ ਹੇਠ ਹਰ ਪ੍ਰਕਾਰ ਦੀਆਂ ਸੁਵਿਧਾਵਾਂ (ਟੈਕਸਾਂ ਵਿਚ ਰਿਆਇਤਾਂ) ਦਿੱਤੀਆਂ ਹੁੰਦੀਆਂ ਹਨ ਕਿਉਂਕਿ ਇਹ ਲੋਕ ਸਮਾਜਿਕ ਸੁਧਾਰਾਂ ਲਈ ਸਰਕਾਰਾਂ ਦੇ ਹੀ ਮਦਦਗਾਰ ਬਣਦੇ ਹਨ। ਮੁਸਲਿਮ ਧਾਰਮਿਕ ਗ੍ਰੰਥ ‘ਕੁਰਾਨ’ ਅਨੁਸਾਰ ਜ਼ਕਾਤ (40% ਦਾਨ ਜਾਂ ਟੈਕਸ) ਦੇਣਾ ਜ਼ਰੂਰੀ ਹੁੰਦਾ ਹੈ ਪਰ ਸਮਾਜ ਸੇਵਾ ਦੇ ਕੰਮਾਂ ਵਿੱਚ ਆਉਣ ਵਾਲੇ ਜਾਨਵਰ (ਘੋੜਿਆਂ, ਖੱਚਰਾਂ ਆਦਿ) ਤੋਂ ਜ਼ਕਾਤ ਨਹੀਂ ਲਿਆ ਜਾਂਦਾ ਕਿਉਂਕਿ ਇਹ ਲੜਾਈਆਂ (ਯੁੱਧਾਂ) ਦੌਰਾਨ ਕੰਮ ਆਉਂਦੇ ਹਨ ਅਤੇ ਗੱਡੀਆਂ ਵਿੱਚ ਜੋਤੇ ਭੀ ਜਾਂਦੇ ਹਨ, ਜੋ ਕਿ ਮਾਨਵਤਾ ਦੀ ਸ਼ਾਂਤੀ ਲਈ ਹੈ।
ਪਰ ਕੁਝ ਲੋਕ ਇਨ੍ਹਾਂ ਰਿਆਇਤਾਂ ਦਾ ਨਜਾਇਜ ਫਾਇਦਾ ਭੀ ਉਠਾਉਂਦੇ ਰਹਿੰਦੇ ਹਨ ਕਿਉਂਕਿ ਟੈਕਸਾਂ ’ਚ ਰਿਆਇਤਾਂ ਹੋਣ ਕਾਰਨ, ਚਲਤ (ਲੈਣ-ਦੇਣ) ਦਾ ਬਹੁਤਾ ਹਿਸਾਬ ਕਿਤਾਬ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਕਿ ਜਨਤਾ ਦੇ ਪੈਸੇ ਰਾਹੀਂ ਪੰਜਾਬ ਵਿੱਚ ਚੱਲ ਰਹੇ ਜ਼ਿਆਦਾਤਰ ਡੇਰੇ, ਗੁਰਦੁਆਰੇ, ਮੰਦਿਰ ਆਦਿ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦਾ ਆਨੰਦ, ਸਰਕਾਰਾਂ ਨੂੰ ਹਿਸਾਬ ਕਿਤਾਬ ਦੇਣ ਤੋਂ ਬਿਨਾ ਹੀ ਭੋਗ ਰਹੇ ਹੁੰਦੇ ਹਨ। ਖ਼ੂਨ-ਪਸੀਨੇ ਦੀ ਕਮਾਈ ਤੋਂ ਬਿਨਾ ਹੀ ਮਿਲ ਰਹੀਆਂ ਇਨ੍ਹਾਂ ਤਮਾਮ ਸਮਾਜਿਕ ਸੁਵਿਧਾਵਾਂ ਨੂੰ ਵੇਖ ਕੇ ਹਰ ਇੱਕ ਵਿਹਲੜ (ਲਾਲਚ ਬਿ੍ਰਤੀ) ਮਨੁੱਖ ਦੇ ਮੂੰਹ ਵਿੱਚ ਪਾਣੀ ਆਉਣਾ ਸੁਭਾਵਕ ਹੈ। ਇਸ ਲਈ ਹੀ ਧਾਰਮਿਕ ਅਦਾਰਿਆਂ ’ਤੇ ਆਏ ਦਿਨ ਖ਼ੂਨ-ਖ਼ਰਾਬੇ ਹੁੰਦੇ, ਵੇਖਣ ਨੂੰ ਆਏ ਦਿਨ ਮਿਲਦੇ ਰਹਿੰਦੇ ਹਨ। ਇਨ੍ਹਾਂ ਧਾਰਮਿਕ ਸੰਸਥਾਂਵਾਂ ’ਤੇ ਨਿਰੰਤਰ ਕਾਬਜ਼ ਰਹਿਣ ਲਈ ਕੁਝ ਕੇਸ ਅਦਾਲਤਾਂ ਤੱਕ ਵੀ ਪੁੱਜ ਗਏ ਹਨ ਜਿਸ ਦੇ ਸਬੰਧ ’ਚ ਅਦਾਲਤੀ ਖ਼ਰਚਾ ਭੀ ‘ਦਸਵੰਧ’ ਵਿੱਚੋਂ ਹੀ ਕੀਤਾ ਜਾਂਦਾ ਹੈ।
ਧਾਰਮਿਕ ਅਤੇ ਰਾਜਨੀਤਿਕ ਅਖਵਾਉਣ ਵਾਲੇ ਜ਼ਿਆਦਾਤਰ ਲੋਕ, ਵਿਰੋਧੀ ਧਿਰ ਨੂੰ ਨੀਵਾਂ ਵਿਖਾ ਕੇ, ਕਮੇਟੀਆਂ ’ਤੇ ਸਦਾ ਕਾਬਜ਼ ਰਹਿਣ ਲਈ ਅਤੇ ਆਪਣੀ ਸੁਆਰਥੀ ਸੋਚ ਨੂੰ ਦੂਸਰਿਆਂ ’ਤੇ ਲਾਗੂ ਕਰਨ (ਥੋਪਣ) ਲਈ (ਸਾਮ, ਦਾਮ, ਦੰਡ, ਭੇਦ ਨੀਤੀ ਨੂੰ ਸਫਲ ਬਣਾਉਣ ਵਾਸਤੇ) ਭੀ ਇਸ ‘ਦਸਵੰਧ’ ਵਿੱਚੋਂ ਹੀ ਮਾਇਆ ਦਾ ਪ੍ਰਯੋਗ ਕਰਦੇ ਹਨ, ਪਰ ਫਿਰ ਭੀ ਭੋਲੀ-ਭਾਲੀ ਜਨਤਾ ਸਮਾਜਿਕ ਸੁਧਾਰਾਂ ਦੇ ਨਾਮ ’ਤੇ ਜਾਂ ਆਪਣੇ ਗੁਰੂ ਦੇ ਨਾਮ ’ਤੇ, ਆਪਣੀ ਹੱਕ-ਸੱਚ ਦੀ ਕਮਾਈ ਇਨ੍ਹਾਂ ਲੋਕਾਂ ਦੇ ਹਵਾਲੇ ਕਰਦੀ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਜਿਹੀ ਸੋਚ ਨੂੰ ਸਮਾਜ ਸੇਵਾ ਦੀ ਬਜਾਏ ਸ਼ੈਤਾਨੀ ਗੱਲਾਂ ਆਖਿਆ ਹੈ ਅਤੇ ਆਪਣਾ ਦਾਨ (ਦਸਵੰਧ) ਹਮੇਸ਼ਾ ਸੋਚ-ਵੀਚਾਰ ਕੇ ਦੇਣ ਲਈ ਬਚਨ ਕੀਤਾ ‘‘ਅਕਲੀ ਪੜਿ੍ ਕੈ ਬੁਝੀਐ, ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ, ਹੋਰਿ ਗਲਾਂ ਸੈਤਾਨੁ॥’’ (ਮ:੧/੧੨੪੫) ਭਾਵ ਅਕਲ ਇਹ ਹੈ (ਕਿ ਗੁਰਬਾਣੀ) ਪੜ੍ਹ ਕੇ (ਚੰਗੀ ਤਰ੍ਹਾਂ) ਵੀਚਾਰੀਏ ਅਤੇ ਹੋਰਾਂ ਨਾਲ (ਤਨ, ਮਨ, ਧਨ ਰਾਹੀਂ) ਸਾਂਝ ਕਰੀਏ। ਗੁਰੂ ਨਾਨਕ ਆਖਦਾ ਹੈ ਕਿ ਇਹੀ ਅਸਲ ਜ਼ਿੰਦਗੀ ਦਾ ਮਾਰਗ ਹੈ ਇਸ ਤੋਂ ਬਿਪ੍ਰੀਤ ਸਭ ਕੁਝ ਵਿਕਾਰੀ ਭਾਵਨਾ (ਬਦੀ) ਪੈਦਾ ਕਰਨ ਵਾਲਾ ਹੈ।
ਦਰਅਸਲ, ਧਰਮੀ (ਰੱਬੀ ਡਰ-ਅਦਬ ’ਚ ਰਹਿਣ ਵਾਲੇ ਅਤੇ ਖੁਲ੍ਹਦਿਲੀ) ਵਿਅਕਤੀ ਆਪਣੇ ਗੁਰੂ (ਪੀਰ ਆਦਿ) ਦੀ ਸੋਚ (ਫ਼ਿਲਾਸਫ਼ੀ, ਸਿਧਾਂਤ) ’ਤੇ ਪਹਿਰਾ ਦਿੰਦਿਆਂ ਅਤੇ ਆਪਣੇ ਹੱਥੀਂ ਕੀਤੀ ਗਈ ਹੱਕ-ਸੱਚ ਦੀ ਕਿਰਤ ਕਮਾਈ ਵਿੱਚੋਂ ਕੱਢੇ ਗਏ ਦਸਮੇ ਹਿੱਸੇ (10%, ਦਸਵੰਧ) ਦੀ ਮਾਇਆ ਰਾਹੀਂ ਲੋੜਵੰਦਾਂ ਦੀ ਮਦਦ ਕਰਦੇ ਹੋਏ ਸਮਾਜ ਲਈ ‘ਮਾਰਗ ਦਰਸ਼ਕ’ ਬਣਦੇ ਹਨ, ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਇੱਕ ਆਮ ਵਿਅਕਤੀ ਉਨ੍ਹਾਂ ਆਦਰਸ਼ ਜੀਵਨਾਂ ਦੇ ਮੂਲ ਸਰੋਤ (ਗੁਰੂ, ਪੀਰ ਆਦਿ) ਦੀ ਵਿਚਾਰਧਾਰਾ ਨੂੰ ਅਪਣਾਉਂਦਾ ਹੈ। ਜਿਤਨਾ ਜ਼ਿਆਦਾ ਕਿਸੇ ਵਿਅਕਤੀ ਦਾ ਜੀਵਨ ਆਦਰਸ਼ਵਾਦੀ ਹੋਵੇਗਾ ਉਤਨਾ ਹੀ ਜ਼ਿਆਦਾ ਲੋਕ ਉਸ ਸਿਧਾਂਤ ਨੂੰ ਅਪਣਾਉਂਗੇ, ਅਪਣਾਉਂਦੇ ਰਹਿੰਦੇ ਹਨ। ਇਸ ਲਈ ਦੀਰਘ ਸੋਚ ਵਾਲੇ ਗੁਰੂ (ਪੀਰ) ਆਪਣੇ ਅਨੁਆਈਆਂ ਨੂੰ ਇਸ ਨੇਕ ਕਾਰਜਾਂ ਬਾਰੇ ‘ਦਸਵੰਧ’ ਦੇਣ ਲਈ ਪ੍ਰੇਰਦੇ ਰਹਿੰਦੇ ਹਨ ਤਾਂ ਜੋ ਸਮਾਜਿਕ ਸਦਭਾਵਨਾ ਬਣੀ ਰਹੇ ਅਤੇ ਮਿਲ ਕੇ ਬੁਰਾਈਆਂ ਦਾ ਮੁਕਾਬਲਾ ਵੀ ਕੀਤਾ ਜਾ ਸਕੇ।
ਸੰਨ 1590 ਵਿੱਚ ਜਦ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦਾ ਕੰਮ ਉਸਾਰੀ ’ਤੇ ਚੱਲ ਰਿਹਾ ਸੀ ਤਾਂ ਗੁਰੂ ਅਰਜੁਨ ਦੇਵ ਜੀ ਨੇ ਭਾਈ ਕਲਿਆਣਾ ਜੀ ਨੂੰ ਜਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਵਿੱਚ ਲਕੜੀ ਅਤੇ ਦਸਵੰਧ ਇਕੱਠਾ ਕਰਨ ਲਈ ਭੇਜਿਆ ਜਿੱਥੇ ਕ੍ਰਿਸ਼ਨ ਜਨਮਅਸਟਮੀ ਕਾਰਨ ਚੁੱਲ੍ਹੇ ’ਚ ਅੱਗ ਜਲਾਉਣਾ ਮਨ੍ਹਾ ਸੀ ਭਾਵ ਪੂਰਨ ਤੌਰ ’ਤੇ ਬ੍ਰਤ ਰੱਖਣ ਦੇ ਸਰਕਾਰੀ ਆਦੇਸ਼, ਰਾਜੇ (ਹਰੀਸੈਨ) ਵੱਲੋਂ ਜਾਰੀ ਹੋ ਚੁੱਕੇ ਸੀ ਪਰ ਭਾਈ ਕਲਿਆਣਾ ਜੀ ਨੇ ਅੱਗ ਜਲਾ ਕੇ ਲੰਗਰ ਤਿਆਰ ਕੀਤਾ ਅਤੇ ਜਨਤਾ ਨੂੰ ਬ੍ਰਤ ਨਾ ਰੱਖਣ ਲਈ ਪ੍ਰੇਰਿਤ ਕੀਤਾ, ਜੋ ਕਿ ਸਰਕਾਰੀ ਆਦੇਸ਼ਾਂ ਦਾ ਉਲੰਘਣ ਸੀ। ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਰਾਜੇ ਕੋਲ ਪੇਸ਼ ਕੀਤਾ ਗਿਆ। ਰਾਜਾ ਹਰੀਸੈਨ, ਭਾਈ ਸਾਹਿਬ ਜੀ ਦੇ ਆਤਮ ਗਿਆਨ ਤੋਂ ਇਤਨਾ ਪ੍ਰਭਾਵਤ ਹੋਇਆ ਕਿ ਉਸ ਨੇ ਗੁਰੂ ਦੇ ਬਿਬੇਕੀ ਸਿੱਖ ਦੇ ਚਰਨਾਂ ’ਤੇ ਡਿੱਗ ਕੇ ਮਾਫ਼ੀ ਮੰਗੀ ਅਤੇ ਉਸ ਦੇ ਆਤਮ ਗਿਆਨ ਦੇ ਮੂਲ ਸਰੋਤ ਗੁਰੂ ਅਰਜੁਨ ਸਾਹਿਬ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਆਇਆ ਤੇ ਸਿੱਖ ਸਜਿਆ, ਇਹ ਸੀ ਆਦਰਸ਼ ਜੀਵਨ ਦੀ ਇੱਕ ਉਦਾਹਰਨ।
ਸਨਾਤਨੀ (ਹਿੰਦੂ) ਸੋਚ ਅਨੁਸਾਰ ਦਸਵੰਧ ਦੇਣ ਦੀ ਕੋਈ ਪ੍ਰਥਾ ਨਹੀਂ ਹੈ ਬਲਕਿ ਇੱਕ ਵਿਹਲੜ ਸ਼੍ਰੇਣੀ (ਵਰਗ ਭਾਵ ਪੰਡਿਤ, ਪੂਜਾਰੀ) ਹੀ ਆਪਣੇ ਜਜਮਾਨਾਂ ਪਾਸੋਂ ਦਾਨ-ਦਛਣਾ, ਆਪਣੀਆਂ ਸਮਾਜਿਕ ਲੋੜਾਂ ਦੀ ਪੂਰਤੀ ਲਈ ਉਮਰ ਦੇ ਅੰਤ ਤੱਕ ਮੰਗਦਾ/ਲੈਂਦਾ ਰਹਿੰਦਾ ਹੈ ਅਤੇ ਉਸ ਦੇ ਜਜਮਾਨਾਂ ਲਈ ਵੀ ਸਮਾਜ ਸੇਵਾ ਦੇ ਨਾਮ ’ਤੇ ਇਹੀ ਉੱਤਮ ਸੇਵਾ ਹੈ। ਲੋਕਤੰਤ੍ਰ ਪ੍ਰਣਾਲੀ (System) ਵਿੱਚ ਵੋਟ-ਸ਼ਕਤੀ ਲਈ ਸਰਕਾਰਾਂ ਵੀ ਇਨ੍ਹਾਂ ਵਿਹਲੜਾਂ (ਸਮਾਜ ’ਤੇ ਭਾਰਾਂ, ਬੋਝਲਾਂ) ਨੂੰ ਟੈਕਸਾਂ ’ਚ ਰਿਆਇਤਾਂ ਦਿੰਦੀਆਂ ਰਹਿੰਦੀਆਂ ਹਨ। ਇਨ੍ਹਾਂ ਨੇ ਆਪਣੀ ਇਸ ਕੂਟਨੀਤੀ ਨੂੰ ਬਣਾਏ ਰੱਖਣ ਲਈ ਜਜਮਾਨਾਂ ਅੰਦਰ, ਦਿੱਤੇ ਹੋਏ ਦਾਨ ਬਦਲੇ ਹਜ਼ਾਰਾਂ ਗੁਣਾਂ ਵੱਧ ਮਾਇਆ ਮਿਲਣ ਦੀ ਲਾਲਸਾ ਵੀ ਭਰੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਨ੍ਹਾਂ ਪ੍ਰਥਾਏ ਪਾਵਨ ਵਾਕ ਹੈ ‘‘ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰੁ॥’’ (ਮ:੧) ੪੬੬) ਭਾਵ ਦਾਨੀ ਮਨੁੱਖ ਅੰਦਰ ਪਰਉਪਕਾਰ ਕਰਨ ਦੀ ਮਨਸ਼ਾ ਕਾਰਨ ਸਬਰ (ਆਨੰਦ) ਪੈਦਾ ਹੁੰਦਾ ਹੈ ਪਰ (ਕੁਝ ਦਾਨੀ, ਦਾਨ) ਕਰ ਕਰ ਕੇ ਮਾਲਕ ਪਾਸੋਂ (ਇਸ ਬਦਲੇ ਹੋਰ) ਹਜ਼ਾਰਾਂ ਗੁਣਾਂ ਵਧੀਕ (ਮਾਇਆ) ਵੀ ਮੰਗਦੇ ਹਨ ਅਤੇ (ਆਪਣੇ ਵੱਲੋਂ ਕੀਤੇ ਗਏ ਦਾਨ ਬਦਲੇ) ਸਮਾਜਿਕ ਜੀਵਾਂ ਪਾਸੋਂ ਸਤਿਕਾਰ ਵੀ ਚਾਹੁੰਦੇ ਹਨ।
ਹਿੰਦੂ ਗ੍ਰੰਥਾਂ ਅਨੁਸਾਰ ਇੱਕ ਪਰਾਸ਼ਰ ਰਿਸ਼ੀ ਹੋਇਆ ਹੈ ਜਿਸ ਨੇ ਖੱਤ੍ਰੀ ਰਾਜਿਆਂ (ਜਜਮਾਨਾਂ) ਨੂੰ ਆਪਣੀ ਕੁਲ ਕਮਾਈ ਵਿੱਚੋਂ 21% ਦਾਨ ਬ੍ਰਾਹਮਣਾਂ ਵਾਸਤੇ ਅਤੇ 31% ਦਾਨ ਦੇਵਤਿਆਂ ਵਾਸਤੇ ਦੇਣ ਲਈ ਪ੍ਰੇਰਿਆ ਸੀ। ਸ਼ਾਇਦ ਇਸ ਲਈ ਬ੍ਰਾਹਮਣ (ਪੂਜਾਰੀ) 52% ਹਿੱਸਾ (ਅੱਧ ਤੋਂ ਵਧੀਕ) ਆਪ ਲੈਣ ਲਈ ਪ੍ਰੇਰਨਾ ਕਰਦਾ ਹੋਵੇ ਜਦਕਿ ਜੈਨ ਧਰਮ ਅਨੁਸਾਰ ਪੂਜਾਰੀਆਂ ਨੂੰ ਕੇਵਲ ਭੋਜਨ ਹੀ ਛਕਾਇਆ ਜਾ ਸਕਦਾ ਹੈ। ਨਕਦ ਮਾਇਆ ਲੈਣ ਵਾਲੇ ਪੂਜਾਰੀ ਨੂੰ ਜੈਨ ਧਰਮ ਵਿੱਚੋਂ ਕੱਢ ਦਿੱਤਾ ਜਾਂਦਾ ਹੈ।
(ਬ੍ਰਾਹਮਣ ਅਤੇ ‘‘ਦੇ ਦੇ ਮੰਗਹਿ ਸਹਸਾ ਗੂਣਾ..॥’’ ਵਾਲੇ ਜਜਮਾਨਾਂ ਵਾਂਙ ਲਾਲਚੀ ਸ਼੍ਰੇਣੀ ਨੂੰ) ਇਸ ਸੁਆਰਥੀ ਲਾਲਸਾ ਤੋਂ ਆਜ਼ਾਦ ਕਰਵਾਉਣ ਲਈ ਹੀ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਹਨ ਕਿ ਇਹ ਸੁਆਰਥੀ ਦਾਨੀ (ਜਜਮਾਨ) ਅਤੇ ਸੁਆਰਥੀ ਸੋਚ ਵਾਲੇ ਪੂਜਾਰੀ (ਪੰਡਿਤ) ਸਾਰੇ ਹੀ ਆਪਣੀ ਕੀਤੀ ਹੋਈ ਦਾ ਫਲ ਜ਼ਰੂਰ ਭੋਗਣਗੇ ‘‘ਪੁੰਨ ਦਾਨੁ ਜੋ ਬੀਜਦੇ, ਸਭ ਧਰਮ ਰਾਇ ਕੈ ਜਾਈ॥’’ (ਮ:੩/੧੪੧੪)
ਸਿੱਖਾਂ ਲਈ ਸਭ ਤੋਂ ਵਧੀਕ ‘ਦਸਵੰਧ’ ਦੇਣ ਦੀ ਜ਼ਰੂਰਤ, ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸਮੇਂ ਤਦ ਪਈ, ਜਦ ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਸੀ ਅਤੇ ਦੇਸ਼ ਵਿੱਚ ਕਾਲ ਤੇ ਮਹਾਂਮਾਰੀ ਫੈਲੀ ਹੋਈ ਸੀ, ਜਿਸ ਕਾਰਨ ਗੁਰੂ ਜੀ ਨੇ ਸਿੱਖਾਂ ਨੂੰ ਫ਼ੁਰਮਾਨ ਕੀਤਾ ਹੋਇਆ ਸੀ ਕਿ ‘‘ਸੇਵਾ ਕਰਤ, ਹੋਇ ਨਿਹਕਾਮੀ॥ (ਮ:੫/੨੮੭) ਭਾਵ ਦਿੱਤੇ ਹੋਏ ‘ਦਸਵੰਧ’ ਬਦਲੇ ਲਾਲਚ ਬਿ੍ਰਤੀ ਨਹੀਂ ਹੋਣੀ ਚਾਹੀਦੀ।
ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸਿੱਖਾਂ ਨੂੰ ਆਪਣਾ ‘ਦਸਵੰਧ’ ਚੰਗੀ ਨਸਲ ਦੇ ਅਰਬੀ ਘੋੜਿਆਂ ’ਤੇ ਖਰਚ ਕਰਨ ਲਈ ਕਿਹਾ। ਜ਼ਮੀਨੀ ਹਾਲਾਤਾਂ ਕਾਰਨ ਇਹੀ ਸਿਲਸਿਲਾ (ਭਾਵ ‘ਦਸਵੰਧ’ ਨੂੰ ਜੰਗੀ ਸਾਜੋ-ਸਾਮਾਨ ਖਰੀਦਣ ਬਾਬਤ ਖਰਚ ਕਰਨ ਵਾਲਾ ਹੁਕਮ) ਦਸਮੇਸ਼ ਪਿਤਾ ਜੀ ਤੱਕ ਨਿਰੰਤਰ ਚੱਲਦਾ ਰਿਹਾ।
ਇਸ (ਗੁਰੂ ਕਾਲ) ਸਮੇਂ ਦੌਰਾਨ ‘ਮਸੰਦਾਂ’ ਨੂੰ ਭੀ ਇਸ ਆਰਾਮ ਦਾਇਕ ਕਮਾਈ ਨੇ ਅਜਿਹਾ ਭਿ੍ਰਸ਼ਟ ਬਣਾਇਆ ਕਿ ਉਹ ਦੂਸਰੇ (ਮਸੰਦ) ਭਰਾਵਾਂ ਨੂੰ ਵੀ ਨੀਵਾਂ ਵਿਖਾਉਣ ਤੱਕ ਚਲੇ ਜਾਂਦੇ ਤਾਂ ਜੋ ਇਹ ‘ਦਸਵੰਧ’ ਭੇਟਾ ਦੂਸਰੇ ਮਸੰਦ ਪਾਸ ਨਾ ਚਲੀ ਜਾਵੇ ‘‘ਜੋ ਕਰਿ ਸੇਵ ਮਸੰਦਨ ਕੀ ਕਹੈ, ਆਨਿ ਪ੍ਰਸਾਦਿ(ਘਰੋਂ ਲਿਆ ਕੇ) ਸਬੈ ਮੋਹਿ ਦੀਜੈ॥ ਜੋ ਕਛੁ ਮਾਲ ਤਵਾਲਯ ਸੋ (ਘਰ ਵਿੱਚ ਹੈ); ਅਬ ਹੀ ਉਠਿ, ਭੇਟ ਹਮਾਰੀ ਹੀ ਕੀਜੈ॥ ਮੇਰੋ ਈ ਧਯਾਨ ਧਰੋ ਨਿਸਿ ਬਾਸੁਰ (ਦਿਨ-ਰਾਤ), ਭੂਲ ਕੈ ਅਉਰ ਕੋ ਨਾਮੁ ਨ ਲੀਜੈ॥ ਦੀਨੇ (ਦਾਨ) ਕੋ ਨਾਮੁ ਸੁਨੈ ਭਜਿ ਰਾਤਹਿ (ਰਾਤ ਨੂੰ ਹੀ), ਲੀਨੇ (ਲਏ) ਬਿਨਾ, ਨਹਿ ਨੈਕੁ ਪ੍ਰਸੀਜੈ (ਨਾ ਰਤਾ ਭਰ ਖੁਸ਼ ਹੁੰਦੇ)॥੨੯॥’’ (੩੩ ਸਵੈਯੇ/ ਦਸਮ ਗ੍ਰੰਥ)
ਜਦ ‘ਮਸੰਦਾਂ’ ਦੀਆਂ ਇਹ ਹਰਕਤਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸ ਪੁੱਜੀਆਂ ਕਿ ਗੁਰੂ ਘਰ ਦੇ ਪ੍ਰਚਾਰਕ ‘ਮਸੰਦ’, ਆਪਣੀਆਂ ਅੱਖਾਂ ’ਚ ਤੇਲ ਦੀਆਂ ਸਲਾਈਆਂ ਪਾ ਕੇ ਨਕਲੀ ਹੰਝੂ ਕੱਢ-ਕੱਢ ਕੇ ਲੋਕਾਂ ਨੂੰ ਲੁੱਟ ਰਹੇ ਹਨ: ‘‘ਆਖਨ (ਅੱਖਾਂ) ਭੀਤਰਿ ਤੇਲ ਕੌ ਡਾਰ, ਸੁ ਲੋਗਨ ਨੀਰੁ ਬਹਾਇ ਦਿਖਾਵੈ॥ ਜੋ ਧਨਵਾਨੁ ਲਖੈ (ਚੰਗਾ ਦਾਨੀ ਵਿਖਾਈ ਦਿੰਦਾ) ਨਿਜ ਸੇਵਕ, ਤਾਹੀ ਪਰੋਸਿ ਪ੍ਰਸਾਦਿ ਜਿਮਾਵੈ (ਛਕਾਉਂਦੇ)॥ (ਪਰ) ਜੋ ਧਨਹੀਨ ਲਖੈ(ਗ਼ਰੀਬ ਦਿਖਾਈ ਦੇਵੇ) ਤਿਹ ਦੇਤ ਨ, ਮਾਗਨ ਜਾਤ ਮੁਖੋ ਨ ਦਿਖਾਵੈ॥ ਲੂਟਤ ਹੈ ਪਸੁ ਲੋਗਨ ਕੋ, ਕਬਹੂੰ ਨ ਪ੍ਰਮੇਸੁਰ ਕੇ ਗੁਨ ਗਾਵੈ॥੩੦॥ (੩੩ ਸਵੈਯੇ/ਦਸਮ ਗ੍ਰੰਥ) ਤਾਂ ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਜੋ ‘ਮਸੰਦ’, ਸੰਗਤਾਂ ਤੋਂ ਇਕੱਠਾ ਕੀਤਾ ਹੋਇਆ ‘ਦਸਵੰਧ’ ਗੁਰੂ ਘਰ ਵਿੱਚ ਜਮਾ ਨਹੀਂ ਕਰਵਾਉਂਦੇ, ਉਨ੍ਹਾਂ ਨੂੰ ਦਾੜ੍ਹੀ ਤੋਂ ਫੜ੍ਹ ਕੇ ਲਿਆਂਦਾ ਜਾਵੇ। ਗੁਰੂ ਘਰ ਮਾਇਆ ਜਮਾ ਨਾ ਕਰਵਾਉਣ ਵਾਲੇ ਇਨ੍ਹਾਂ ‘ਮਸੰਦਾਂ’ ਵਿੱਚੋਂ ਇੱਕ (ਨੱਕੇ ਸ਼ਹਿਰ ਦਾ)‘ਮਸੰਦ’ ਭਾਈ ‘ਸੰਗਤ’ ਜੀ ਭੀ ਸੀ (ਜੋ ‘ਦਸਵੰਧ’ ਦੀ ਪੂਰੀ ਰਕਮ ਆਪਣੇ ਹੀ ਇਲਾਕੇ ਵਿੱਚ ‘ਸਮਾਜ ਸੇਵਾ’ ਦੇ ਕੰਮਾਂ ’ਤੇ ਖਰਚ ਕਰ ਦਿਆ ਕਰਦੇ ਸਨ, ਇਨ੍ਹਾਂ ਦਾ ਜਨਮ ਸੰਨ 1640 ਈ: ਵਿੱਚ ਹੋਇਆ ਅਤੇ ਵਪਾਰ ਲਈ ਫੇਰੀ ਪਾਉਂਦੇ ਹੋਏ, ਸੰਨ 1656 ਈ: (16 ਸਾਲ ਦੀ ਉਮਰ) ’ਚ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਸਿੱਖ ਬਣੇ। ਵਪਾਰ ਲਈ ਫੇਰੀ ਪਾਉਣਾ, ਕਿੱਤਾ ਹੋਣ ਕਾਰਨ, ਗੁਰੂ ਜੀ ਨੇ ਇਨ੍ਹਾਂ ਦਾ ਨਾਮ ਹੀ ‘ਫੇਰੂ’ ਰੱਖ ਦਿੱਤਾ ਸੀ।) ਸੰਗਤਾਂ ਇਸ ਦੇ ਆਦਰਸ਼ (ਇਮਾਨਦਾਰ) ਜੀਵਨ ਤੋਂ ਬਹੁਤ ਪ੍ਰਭਾਵਤ ਸਨ, ਜਿਸ ਕਾਰਨ ਇਸ ਦੀ ਦਾੜ੍ਹੀ ਕਿਸੇ ਨੇ ਨਾ ਫੜ੍ਹੀ ਪਰ ਇਹ ਆਪ ਹੀ ਆਪਣੀ ਦਾੜ੍ਹੀ ਫੜ੍ਹ ਕੇ (ਬੜੀ ਨਿਮਰਤਾ ਨਾਲ) ਦਸਮੇਸ਼ ਪਿਤਾ ਜੀ ਦੇ ਸਨਮੁਖ ਆਇਆ, ਗੁਰੂ ਜੀ ਇਸ ਦੇ ਅਜਿਹੇ ਵਿਵਹਾਰ ਤੋਂ ਇਤਨੇ ਪ੍ਰਭਾਵਤ ਹੋਏ ਕਿ ਇਨ੍ਹਾਂ ਨੂੰ ‘ਸੱਚੀ ਦਾੜ੍ਹੀ’ ਅਤੇ ‘ਸੰਗਤ ਸਾਹਿਬ’ ਦਾ ਖ਼ਿਤਾਬ ਬਖ਼ਸ਼ਿਆ। ਕਵੀ ਸੰਤੋਖ ਸਿੰਘ ਜੀ ਇਨ੍ਹਾਂ ਦੇ ਜੀਵਨ ਬਾਰੇ ‘ਇਕ ਨੱਕੇ ਮੇ ਹੁਤੋ ਮਸੰਦ।’ (ਗੁਰ ਪ੍ਰਤਾਪ ਸੂਰਜ) ਲਿਖ ਰਹੇ ਹਨ।
ਉਪਰੋਕਤ ਸਾਰੀ ਗਿਰਾਵਟ ‘ਦਸਵੰਧ’ ਨੂੰ ਵੇਖ ਕੇ ਜ਼ਿਆਦਾਤਰ ਵਿਹਲੜ ਪੂਜਾਰੀਆਂ (ਧਰਮ ਦੇ ਠੇਕੇਦਾਰਾਂ) ਦੇ ਮਨਾਂ ਵਿੱਚ ਆਈ ਅਤੇ ਦਸਮੇਸ਼ ਪਿਤਾ ਜੀ ਨੇ ਗੁਰੂ ਅਮਰਦਾਸ ਜੀ ਦੇ ਬਚਨ ਕਿ ‘‘ਪੁੰਨ ਦਾਨੁ ਜੋ ਬੀਜਦੇ, ਸਭ ਧਰਮ ਰਾਇ ਕੈ ਜਾਈ॥’’ (ਮ:੩/੧੪੧੪) ਨੂੰ ਸਿੱਧ ਕਰ ਵਿਖਾਇਆ ਭਾਵ ਸਭ ਨੂੰ ਭੱਠੀ ਵਿੱਚ ਭੁੰਨਿਆ।
ਭਾਈ ਨੰਦ ਲਾਲ ਸਿੰਘ ਜੀ ਨੇ ਸਿੱਖਾਂ ਪ੍ਰਥਾਏ, ਗੁਰੂ ਜੀ ਦਾ ਹੁਕਮ ਇਉਂ ਪੜ੍ਹ ਕੇ ਸੁਣਾਇਆ ‘ਦਸਵੰਧ ਗੁਰੂ ਨਹਿ ਦੇਵਈ, ਝੂਠ ਬੋਲ ਜੋ ਖਾਇ। ਕਹੈ ‘ਗੋਬਿੰਦ ਸਿੰਘ’ ਲਾਲ ਜੀ! ਤਿਸ ਕਾ ਕਛੁ ਨ ਬਿਸਾਹੁ।’ (ਤਨਖ਼ਾਹ ਨਾਮਾ), ਭਾਈ ਦੇਸਾ ਜੀ ਵੀ ਇਉਂ ਬਿਆਨ ਕਰ ਰਹੇ ਹਨ ‘ਦਸ ਨਖ ਕਰ ਜੋ ਕਾਰ ਕਮਾਵੈ। ਤਾਂ ਕਰ ਜੋ ਧਨ ਘਰ ਮੈਂ ਆਵੈ। ਤਿਹ ਤੇ ਗੁਰ ‘ਦਸਵੰਧ’ ਜੋ ਦੇਈ। ਸਿੰਘ ਸੁ ਜਸ, ਬਹੁ ਜਗ ਮਹਿ ਲੇਈ।’ (ਰਹਿਤਨਾਮਾ)
ਕਵੀ ਸੰਤੋਖ ਸਿੰਘ ਜੀ ਗੁਰ ਪ੍ਰਤਾਪ ਸੂਰਜ ’ਚ ਇਉਂ ਦਰਜ ਕਰ ਰਹੇ ਹਨ ‘ਜੋ ਆਪਨੀ ਕਛੁ ਕਰਹੁ ਕਮਾਈ। ਗੁਰ ਹਿਤ ਦਿਹੁ ‘ਦਸਵੰਧ’ ਬਨਾਈ।’ (੨੫, ਰਾਸ਼ਿ ੧/ ਅੰਸੂ ੧੧)
ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਜਿੱਥੇ ‘‘ਕਿਰਤਿ ਵਿਰਤਿ ਕਰਿ ਧਰਮ ਦੀ, ਹਥਹੁ ਦੇ ਕੈ ਭਲਾ ਮਨਾਵੈ।’’ (ਵਾਰ ੬ ਪਉੜੀ ੧੨) ਵਾਲੀ ਭਾਵਨਾ ਵਿਅਕਤ ਕਰ ਰਹੇ ਹਨ ਉੱਥੇ ਹੀ ਪਰਉਪਕਾਰੀ ਭਾਵਨਾ ਵਾਲਿਆਂ ਤੋਂ ਕੁਰਬਾਨ ਹੁੰਦੇ ਹੋਏ ਇਉਂ ਬਿਆਨ ਕਰ ਰਹੇ ਹਨ: ‘‘ਹਉ ਤਿਸੁ ਘੋਲਿ ਘੁਮਾਇਆ, ਪਰ ਦਰਬੈ ਨੋ ਹਥੁ ਨ ਲਾਵੈ।’’ (ਵਾਰ ੧੨ / ਪਉੜੀ ੪)
ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜ ਨੂੰ ਹੁਣ ਵੀ ਵਧੇਰੇ ‘ਦਸਵੰਧ’ ਕੱਢਣ ਦੀ ਜ਼ਰੂਰਤ ਹੈ ਤਾਂ ਜੋ ਸਮੂਹ ਮਾਨਵਤਾ ’ਚ ਪ੍ਰੇਮ ਪੈਦਾ ਕਰਨ ਵਾਲਾ ਕੌਮੀ ਸਿਧਾਂਤ, ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾ ਸਕੇ। ਗੁਰੂ ਕ੍ਰਿਪਾ ਨਾਲ ਸਿੱਖ ਕੌਮ ਪੂਰੇ ਵਿਸ਼ਵ ਵਿੱਚ ਫੈਲੀ ਹੋਈ ਹੈ ਅਤੇ ਸਾਡੀ ਮਦਦ ਵਾਸਤੇ ਕਈ ਨਿਵੇਕਲੀਆਂ ਵਿਗਿਆਨਕ ਤਕਨੀਕਾਂ ਭੀ ਸਾਡੇ ਸਾਹਮਣੇ ਹਨ ਜਾਂ ਆ ਰਹੀਆਂ ਹਨ ਇਸ ਲਈ ਇਹ ਕਾਰਜ ਅਸੰਭਵ ਨਹੀਂ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਹੋਰਾਂ ਕੌਮਾਂ ਦੇ ਮੁਕਾਬਲੇ ਸਿੱਖ, ਦਾਨ ਦੇਣ ’ਚ ਅੱਵਲ (ਮੋਹਰੀ) ਰਹੇ ਹਨ ਅਤੇ ਹੈ, ਇਸ ਦੀ ਇਕ ਉਦਾਹਰਨ ਗੁਰੂ ਘਰਾਂ ਦੀਆਂ ਸੁੰਦਰ ਇਮਾਰਤਾਂ ਹਨ। ਅੱਜ ਵੀ ਸਿੱਖਾਂ ਪ੍ਰਤੀ ਆਮ ਹੀ ਕਿਹਾ ਜਾਂਦਾ ਹੈ ਕਿ ਅਗਰ ਦੋ ਸਿੱਖ ਇਕੱਠੇ ਹੋ ਜਾਣ ਤਾਂ ਗੁਰਦੁਆਰਾ ਬਣਾ ਸਕਦੇ ਹਨ ਪਰ ਹਜ਼ਾਰਾਂ ਹਿੰਦੂ, ਬਿਨਾ ਸਰਕਾਰੀ ਮਦਦ ਦੇ ਮੰਦਰ ਨਹੀਂ ਬਣਾ ਸਕਦੇ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਭੀ ਸਿੱਖ ਰਸਾਤਲ ਵੱਲ ਕਿਉਂ ਵਧ ਰਹੇ ਹਨ? ਵੀਚਾਰਨ ਦਾ ਵਿਸ਼ਾ ਹੈ। ਇਸ ਬਾਬਤ ਮੈਂ ਕੁਝ ਕੁ ਸੁਝਾਵ ਪੰਥ ਦਰਦੀਆਂ ਦੇ ਸਨਮੁਖ ਇਉਂ ਰੱਖ ਰਿਹਾ ਹਾਂ:
(1). ਹਰ ਇੱਕ ਸਿੱਖ, ਆਪਣੇ ਆਦਰਸ਼ ਜੀਵਨ ਰਾਹੀਂ ਸਮਾਜਿਕ ਸੇਵਾ ਕਰਕੇ ਲੁਕਾਈ ਨੂੰ ਪ੍ਰਭਾਵਤ ਕਰੇ ਅਤੇ ਆਪਣਾ ਬਣਦਾ ‘ਦਸਵੰਧ’ ਆਪਣੇ ਹੱਥੀਂ ਆਪਣੇ ਹੀ ਆਸ-ਪਾਸ ਖ਼ਰਚ ਕਰਨ ਨੂੰ ਤਰਜੀਹ ਦੇਵੇ। ਜ਼ਿੰਦਗੀ ਦੇ ਸਫ਼ਰ (ਖੁਸ਼ੀਆਂ-ਗ਼ਮੀਆਂ) ’ਚ ਵਿਚਰਦਿਆਂ ਸਾਦਗੀ ਦਾ ਪ੍ਰਗਟਾਵਾ, ਸਮਾਜਿਕ ਜੀਵਾਂ ’ਤੇ ਵਧੇਰੇ ਪ੍ਰਭਾਵ ਪਾਉਂਦਾ ਹੈ।
(2). ਸੰਗਤਾਂ ਵੱਲੋਂ ਦਿੱਤੇ ਜਾ ਰਹੇ ਗੁਰੂ ਘਰਾਂ ’ਚ ‘ਦਾਨ’ ਵਿੱਚੋਂ ਵੱਧ ਤੋਂ ਵੱਧ ਹਿੱਸਾ, ਆਮ ਲੋਕਾਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਹੀ ਖ਼ਰਚ ਕੀਤਾ ਜਾਏ।
(3). ਲੰਗਰਾਂ, ਰੁਮਾਲਿਆਂ, ਚੰਦੋਇਆਂ, ਪਾਲਕੀਆਂ, ਕਰਵਾਏ ਜਾ ਰਹੇ ਪਾਠਾਂ ਆਦਿ ’ਤੇ ਜ਼ਰੂਰਤ ਤੋਂ ਵਧੀਕ ਖ਼ਰਚ ਨਾ ਕੀਤਾ ਜਾਵੇ।
(4). ਇੱਕ ਜਾਗਰੂਕ ਸਿੱਖ ਨੂੰ ਆਪਣਾ ‘ਦਸਵੰਧ’, ਗ਼ਰੀਬ ਵਰਗ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ ਅਤੇ ਇੱਕ ਆਮ ਸਿੱਖ ਨੂੰ ਆਪਣਾ ‘ਦਸਵੰਧ’ ਗਿਆਨ (ਵਿੱਦਿਆ) ਦੇਣ/ ਵੰਡਣ ਵਾਲੇ ਪਾਸੇ ਵੀ ਖ਼ਰਚ ਕਰਨਾ ਚਾਹੀਦਾ ਹੈ ਕਿਉਂਕਿ ਇਉਂ ਕੀਤਿਆਂ ਕੌਮ ਵਿੱਚ ਆਪਸੀ ਪ੍ਰੇਮ ਵਧੇਗਾ।
(5). ਮੁਸ਼ਕਲਾਂ ਵਿੱਚ ਜਕੜੇ ਇਨਸਾਨ ਨੂੰ ਹਰ ਪੱਖ ਤੋਂ ਵਧੇਰੇ ਮਦਦ ਦੀ ਜ਼ਰੂਰਤ ਹੁੰਦੀ ਹੈ ਅਤੇ ਸਦੀਵ ਕਾਲ ਉਸ ਦੇ ਜੀਵਨ ’ਤੇ ਪ੍ਰਭਾਵ ਵੀ ਪਾਉਂਦੀ ਹੈ ਇਸ ਲਈ ਸਿੱਖਾਂ ਨੂੰ ਗ਼ਰੀਬ ਕਲੌਨੀਆਂ ’ਚ ਵਧੇਰੇ ਮੈਡੀਕਲ ਕੈਂਪ ਅਤੇ ਲੰਗਰ ਲਗਾਉਣੇ ਚਾਹੀਦੇ ਹਨ ਅਤੇ ਗ਼ਰੀਬ ਬੱਚਿਆਂ ਦੀ ਮੁਫ਼ਤ ਪੜ੍ਹਾਈ ਬਾਰੇ ਸੰਵੇਦਨਸ਼ੀਲ (Sensitive) ਹੋਣਾ ਚਾਹੀਦਾ ਹੈ।
(6). ਗੁਰਬਾਣੀ ਦੇ ਸਹਿਜ ਪਾਠ ਨੂੰ (ਸ਼ਬਦ ਅਰਥਾਂ ਸਮੇਤ) ਨਿਰੰਤਰ ਜਾਰੀ ਰੱਖਣ ਲਈ ਅਤੇ ਯੋਗ (ਨਿਪੁੰਨ) ਪਾਠੀ ਸਿੰਘਾਂ ਦੀ ਮਦਦ ਵਿਸ਼ੇਸ਼ ਤੌਰ ’ਤੇ ਲੈਣ ਲਈ ‘ਦਸਵੰਧ’ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਭਾਈ ਗੁਰਦਾਸ ਜੀ ਸੋਨੇ ਦੇ 7 ਬਣਾਏ ਗਏ ਮੰਦਿਰਾਂ ਦੇ ਪੁੰਨ ਦੀ ਤੁਲਨਾ, ਗੁਰੂ ਜੀ ਦਾ ਕੇਵਲ ਇੱਕ ਸ਼ਬਦ, ਸਿੱਖ ਨੂੰ ਸਮਝਾਉਣ ਦੇ ਬਰਾਬਰ ਕਰਦੇ ਹਨ ‘‘ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ, ਇਕ ਸਬਦ ਸਿਖਾਏ ਕਾ।’’ (ਕਬਿੱਤ ੬੭੩)
(ਯਾਦ ਰਹੇ ਕਿ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਭੀ ਪੂਰਨ ਤੌਰ ’ਤੇ ਸੋਨੇ ਦਾ ਨਹੀਂ ਬਣਿਆ ਹੈ, ਕੇਵਲ ਬਾਹਰੀ ਪਰਤ ਹੀ ਸੋਨੇ ਦੀ ਚੜ੍ਹੀ ਹੋਈ ਹੈ ਪਰ ਭਾਈ ਸਾਹਿਬ ਜੀ ਤਾਂ ਉਨ੍ਹਾਂ 7 ਮੰਦਿਰਾਂ ਦੀ ਗੱਲ ਕਰ ਰਹੇ ਹਨ ਜੋ ਪੂਰਨ ਤੌਰ ’ਤੇ ਸੋਨੇ ਦੇ ਬਣੇ ਹੋਏ ਹੋਣ, ਭਾਵ 7 ਸੋਨੇ ਦੇ ਮੰਦਿਰ= 1 ਗੁਰੂ ਦਾ ਸ਼ਬਦ ਕਿਸੇ ਨੂੰ ਸਮਝਾਉਣਾ।) ਆਦਿ।
ਉਪਰੋਕਤ ਸੁਝਾਏ ਗਏ ਕੁਝ ਕੁ ਵਿਸ਼ਿਆਂ ਤੋਂ ਇਲਾਵਾ ਆਪਣੇ ਆਸ-ਪਾਸ ਦੇ ਜ਼ਮੀਨੀ ਹਾਲਾਤਾਂ ਨੂੰ ਮੁੱਖ ਰੱਖਦਿਆਂ ਹਰ ਇੱਕ ਗੁਰਸਿੱਖ ਨੂੰ ਆਪਣੀ ਸੂਝ-ਬੂਝ ਅਨੁਸਾਰ ‘ਦਸਵੰਧ’ ਦੇ ਸਾਰਥਿਕ ਪ੍ਰਯੋਗ ’ਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ, ਨਾ ਕਿ ਆਪਣੀ ਹੱਕ-ਸੱਚ ਦੀ ਕਮਾਈ ਕਿਸੇ ਡੇਰੇਦਾਰ, ਪ੍ਰਬੰਧਕ ਕਮੇਟੀ, ਪ੍ਰਚਾਰਕ ਆਦਿ ਦੇ ਸਪੁਰਦ ਕਰਕੇ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੀਦਾ ਹੈ ਕਿਉਂਕਿ ਇਉਂ ਕੀਤਿਆਂ ਜੋ ਕੌਮ ਦਾ ਨੁਕਸਾਨ ਹੋ ਰਿਹਾ ਹੈ ਉਸ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ:
(1). ਅਬਿਬੇਕੀ ਡੇਰੇਦਾਰਾਂ ਨੂੰ ‘ਦਸਵੰਧ’ ਭੇਟ ਕਰਕੇ ਸਿੱਖ ਕੌਮ ਨੇ ਆਪਣੀ ‘ਪੁਰਾਤਨ ਵਿਰਾਸਤ’ ਨਸ਼ਟ ਕਰਵਾ ਲਈ ਹੈ ਭਾਵ ਹਰ ਇੱਕ ਗੁਰਦੁਆਰਾ ਬਾਹਰੋਂ ਕੇਵਲ ਸਫ਼ੇਦ (ਪੱਥਰ) ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ, ਸਾਰੀਆਂ ਹੀ ਪੁਰਾਣੀਆਂ ਇਤਿਹਾਸਕ ਨਿਸ਼ਾਨੀਆਂ ਖ਼ਤਮ ਹੋ ਚੁੱਕੀਆਂ ਹਨ ਜਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ।
(2). ਗੁਰਦੁਆਰਾ ਪ੍ਰਬੰਧਕਾਂ ਨੂੰ ਦਿੱਤੇ ਗਏ ‘ਦਸਵੰਧ’ ਕਾਰਨ, ਪ੍ਰਬੰਧਕਾਂ ਨੇ ਗੁਰਦੁਆਰਿਆਂ ’ਤੇ ਸਦੀਵੀ ਕਾਬਜ਼ ਬਣੇ ਰਹਿਣ ਲਈ, ਇੱਕ-ਇੱਕ ਪਿੰਡ (ਨਗਰ ਜਾਂ ਮਹੱਲੇ) ਵਿੱਚ (ਜ਼ਰੂਰਤ ਤੋਂ ਵਧੀਕ) ਕਈ ਕਈ ਗੁਰੂ ਘਰ ਬਣਾ ਦਿੱਤੇ ਹਨ, ਜਿਸ ਕਾਰਨ ਭਗਤ ਰਵੀਦਾਸ ਜੀ ਦੇ ਪਾਵਨ ਵਾਕ ‘‘ਸਤਸੰਗਤਿ ਮਿਲਿ ਰਹੀਐ ਮਾਧਉ! ਜੈਸੇ ਮਧੁਪ ਮਖੀਰਾ॥’’ (੪੮੬) ਭਾਵ ਸ਼ਹਿਦ ਦੀਆਂ ਮੱਖੀਆਂ ਵਾਂਙ ਸੰਗਤਾਂ ’ਚ ਏਕਤਾ ਨੂੰ ਬਣਾਏ ਰੱਖਣ ਲਈ ਗੁਰਦੁਆਰਾ ਪ੍ਰਬੰਧਕ ਅਸਫਲ ਹੋ ਗਏ ਹਨ। ਕੌਮ ’ਚ ਕਈ ਧੜੇ ਬਣਨ ਕਾਰਨ, ਗੁਰੂ ਘਰ ਵੀ ਜ਼ਾਤਾਂ ਦੇ ਨਾਮ ’ਤੇ ਬਣਾ ਲਏ ਗਏ ਹਨ। ਅਸੀਂ ‘‘ਸਭੇ ਸਾਝੀਵਾਲ ਸਦਾਇਨਿ.. ॥’’ (ਮ:੫/੯੭) ਉਪਦੇਸ਼ ਨੂੰ ਭੁੱਲ ਗਏ, ਇਸ ਲਈ ਸਮੂਹ ਸਿੱਖ ਸੰਗਤ ਵੱਲੋਂ ਤਿਆਰ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’ ਵੀ ਗੁਰੂ ਘਰਾਂ ਵਿੱਚ ਪੂਰਨ ਤੌਰ ’ਤੇ (100%) ਲਾਗੂ ਨਹੀਂ ਕਰਵਾਈ ਜਾ ਸਕੀ।
ਉਪਰੋਕਤ ਭਾਵਨਾ ਅਧੀਨ ਬਣਾਏ ਗਏ ਇਨ੍ਹਾਂ ਗੁਰੂ ਘਰਾਂ ਵਿੱਚ ਪ੍ਰਬੰਧਕਾਂ ਨੂੰ ਗੁਰੂ ਦਾ ਵਜ਼ੀਰ ਵੀ (ਸਿਧਾਂਤਕ ਦੀ ਬਜਾਏ) ਉਹ ਚਾਹੀਦਾ ਹੈ ਜੋ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਲਈ ਪ੍ਰਬੰਧਕਾਂ ਨੂੰ ਸਹਿਯੋਗ ਦੇਵੇ। ਅਜਿਹੀ ਹੀ ਭਰਾ ਮਾਰੂ ਸੋਚ ਦੇ ਪ੍ਰਤੀ ਭਾਈ ਗੁਰਦਾਸ ਜੀ ਇੱਕ ਦਲੀਲ ਪੇਸ਼ ਕਰ ਰਹੇ ਹਨ ਕਿ ਅਗਰ ਕਿਸੇ ਸੁੱਕੇ ਥਾਂ ’ਤੇ ਖੜ੍ਹੀ ਬੇੜੀ (ਕਿਸਤੀ) ਨੂੰ ਅੱਗ ਲੱਗ ਜਾਵੇ ਤਾਂ ਨਜਦੀਕ ਵਹਿ (ਵਗ) ਰਹੇ ਸਮੁੰਦਰ ਦੇ ਪਾਣੀ ਨਾਲ ਅੱਗ ਬੁਝਾਈ ਜਾ ਸਕਦੀ ਹੈ ਪਰ ਜੇ ਕਿਸਤੀ ਪਾਣੀ ਵਿੱਚ ਹੋਵੇ ਅਤੇ ਅੱਗ ਲੱਗ ਜਾਵੇ ਤਾਂ ਸਮੁੰਦਰ ’ਚੋਂ ਪਾਣੀ, ਕਿਸਤੀ ’ਤੇ ਪਾਉਣ ਨਾਲ ਕਿਸਤੀ ਮੁਸਾਫ਼ਿਰਾਂ ਸਮੇਤ ਡੁੱਬਦੀ ਹੈ ਅਤੇ ਪਾਣੀ ਨਾ ਪਾਉਣ ਨਾਲ, ਕਿਸਤੀ ਅੱਗ ਨਾਲ ਸੜ ਕੇ ਡੁੱਬਦੀ ਹੈ, ਇਸ ਲਈ ਅੱਗ ਕਿਵੇਂ ਬੁਝੇ? ਦੂਸਰੀ ਉਦਾਹਰਨ ਦਿੰਦਿਆਂ ਕਿ ਪਿੱਛੇ ਆ ਰਹੇ ਚੋਰਾਂ ਤੋਂ ਲੁੱਟੇ ਜਾਣ ਦੇ ਡਰ ਕਾਰਨ ਕਿਸੇ ਘਰ ਜਾਂ ਰਾਜੇ ਦੇ ਮਹਿਲ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਜੇ ਉਸ (ਘਰ ਜਾਂ ਮਹਿਲ) ਦੇ ਅੰਦਰੋਂ ਹੀ ਕੋਈ ਲੁੱਟ ਲਵੇ ਫਿਰ ਕੀ ਕਰੀਏ? ਇਸ ਤਰ੍ਹਾਂ ਹੀ ਮਾਇਆ ਦੇ ਡਰ ਤੋਂ ਬਚਣ ਲਈ ਗੁਰੂ ਘਰ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਜੇ ਉੱਥੇ ਵੀ ਮਾਇਆ ਕਾਰਨ ਲੜ ਰਹੇ ਹੋਣ ਤਾਂ ਸ਼ਾਂਤੀ ਕਿੱਥੇ? ‘‘ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ; ਨਾਉ ਮੈ ਜਉ ਅਗਨਿ ਲਾਗੈ, ਕੈਸੇ ਕੈ ਬੁਝਾਈਐ। ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ। ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ; ਮਾਰੈ ਮਹੀਪਤਿ, ਜੀਉ ਕੈਸੇ ਕੈ ਬਚਾਈਐ। ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ; ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ॥’’ (ਕਬਿੱਤ ੫੪੪)
(3). ਕਿਸੇ ਕੌਮ ਦੀ ਫ਼ਿਲਾਸਫ਼ੀ ਨੂੰ ਸਮਾਜ ਵਿੱਚ ਲਾਗੂ ਕਰਨ ਅਤੇ ਕਰਵਾਉਣ ਲਈ ਅਹਿਮ ਭੂਮਿਕਾ ਪ੍ਰਚਾਰਕ (ਵਿਦਵਾਨ) ਵਰਗ ਵੱਲੋਂ ਨਿਭਾਈ ਜਾਂਦੀ ਹੈ ਪਰ ਸੁਆਰਥੀ ਪ੍ਰਚਾਰਕਾਂ ਨੂੰ ‘ਦਸਵੰਧ’ ਭੇਟਾ ਕਰਨ ਨਾਲ, ਅਜਿਹੇ ਵਿਦਵਾਨਾਂ ਵਿੱਚ, ‘ਦਾਨੀ ਸੱਜਣਾਂ’ ਨੂੰ ਆਪਣੇ ਹੱਕ ਵਿੱਚ ਭੁਗਤਾਨ ਲਈ ਹੋੜ ਲੱਗੀ ਜਾਂਦੀ ਹੈ ਕੁਝ ਨਿਵੇਕਲਾ ਕਰ ਕੇ ਵਿਖਾਉਣ ਦੀ ਮਨਸ਼ਾ ਨਾਲ ਭੀ ਆਪਸੀ ਵਿਚਾਰਾਂ ਵਿੱਚ ਸੰਤੁਲਨ ਨੂੰ ਬਣਾਏ ਰੱਖਣਾ ਮੁਸਕਿਲ ਹੋ ਜਾਂਦਾ ਹੈ ਜਿਸ ਕਾਰਨ ਕੌਮ ’ਚ ਕਈ ਹੋਰ ਧੜੇ ਜਨਮ ਲੈ ਲੈਂਦੇ ਹਨ। ਸੁਆਰਥੀ ‘ਮਸੰਦ’ ਵੀ ਇੱਕ ਪ੍ਰਚਾਰਕ (ਵਿਦਵਾਨ) ਵਰਗ ਹੀ ਸੀ, ਜਿਸ ਨੇ ਸਿਧਾਂਤਕ ਪ੍ਰਚਾਰਕਾਂ ਦੀ ਗੁਰੂ ਪ੍ਰਤੀ ਸਮਰਪਿਤ ਭਾਵਨਾ ਨੂੰ ਵੀ ਨਸ਼ਟ ਕਰਨ ਦਾ ਯਤਨ ਕੀਤਾ ਸੀ। ਅੱਜ ਸਿੱਖ ਕੌਮ ਵਿੱਚ ਇਹ (ਮਸੰਦ) ਸੋਚ ਬਿਲਕੁਲ ਖ਼ਤਮ ਹੈ, ਕਹਿਣਾ; ਆਪਣੇ ਆਪ ਅਤੇ ਗੁਰੂ ਨਾਲ ਧੋਖਾ ਹੈ। ਉਹ ਕਿਹੜੇ ਕਾਰਨ ਸਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਗੁਰੂ ਜੀ ਨੇ ਮਸੰਦ (ਆਪਣਾ ਹੀ ਵਿਦਵਾਨ ਪ੍ਰਚਾਰਕ ਵਰਗ) ਸਾੜਿਆ ਸੀ, ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਕਾਰਨਾਂ ਤੋਂ ਸੁਚੇਤ ਰਹਿਣਾ ਪਵੇਗਾ।
ਸੋ, ਅੰਤ ਵਿੱਚ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਵਾਕ ‘‘ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਐ ਮਾਨੁ॥ ਅਕਲੀ ਪੜਿ੍ ਕੈ ਬੁਝੀਐ, ਅਕਲੀ ਕੀਚੈ ਦਾਨੁ॥’’ (ਮ:੧/੧੨੪੫)’’ ਨੂੰ ਸਾਹਮਣੇ ਰੱਖ ਕੇ ਭਾਈ ਕਾਨ੍ਹ ਸਿੰਘ ਜੀ (ਨਾਭਾ) ਦੇ ਇਨ੍ਹਾਂ ਬਚਨਾਂ ਰਾਹੀਂ ਇਸ ਵਿਸ਼ੇ ਦੀ ਸਮਾਪਤੀ ਕਰਦਾ ਹਾਂ ਕਿ ‘ਧਰਮ ਦੀ ਕਮਾਈ ਵਿੱਚੋਂ ਦਸਵਾਂ ਹਿੱਸਾ ਕੌਮੀ ਕਾਰਜਾਂ ਲਈ ਅਰਪਨਾ ਪੰਥਿਕ ਰੀਤਿ ਹੈ, ਜੇ ਸਾਰੇ ਸਿੱਖ ਇਸ ਨਿਯਮ ਦੀ ਪਾਲਨਾ ਕਰਨ, ਤਦ ਸਾਰੇ ਸ਼ੁੱਭ ਕੰਮ ਆਸਾਨੀ ਨਾਲ ਪੂਰੇ ਹੋ ਸਕਦੇ ਹਨ।’
ਜੋਰਾਵਰ ਸਿੰਘ ਤਰਸਿੱਕਾ


Related Posts

One thought on “ਭਾਈ ਜੱਗਾ ਸਿੰਘ ਜੀ ਦੀ ਸਾਖੀ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top