ਇਤਿਹਾਸ – ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪੰਜਵੀ ਸਾਹਿਬ ਜੀ
ਜਿਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰਠ ਸਾਹਿਬ ਵਿਖੇ ਆਏ ਉਸ ਸਮੇਂ ਬਾਬਾ ਸ਼੍ਰੀ ਚੰਦ ਜੀ ਸਮਾਧੀ ਵਿਚ ਲੀਨ ਸਨ। ਗੁਰੂ ਸਾਹਿਬ ਜੀ ਦੇ ਬਾਬਾ ਸ਼੍ਰੀ ਚੰਦ ਜੀ ਨਾਲ ਬਚਨ ਬਿਲਾਸ ਨਾ ਹੋਏ ਅਤੇ ਇਸ ਅਸਥਾਨ ਤੇ ਰਾਤ ਸਮੇਂ ਵਿਸ਼ਰਾਮ ਕੀਤਾ। ਇਸ ਅਸਥਾਨ ਤੋਂ ਹੀ ਗੁਰੂ ਜੀ ਹਰ ਰੋਜ਼ ਅੰਮ੍ਰਿਤ ਵੇਲੇ ਗੁ: ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਵਿਖੇ ਥੰਮ ਸਾਹਿਬ ਵਾਲੀ ਜਗ੍ਹਾ ਤੇ ਜਾ ਕੇ ਬਾਬਾ ਸ਼੍ਰੀ ਚੰਦ ਜੀ ਦੀ ਸਮਾਧੀ ਖੁਲਣ ਦੀ ਉਡੀਕ ਵਿਚ ਨਿਮਰਤਾ ਸਹਿਤ ਖਲੋਤੇ ਰਹਿੰਦੇ ਸਨ। ਇਸ ਤਰਾਂ ਇਹ ਸਿਲਸਲਾ ਲਗਾਤਾਰ 6 ਮਹੀਨੇ ਦੇ ਕਰੀਬ ਚਲਦਾ ਰਿਹਾ। ਬਾਬਾ ਸ਼੍ਰੀ ਚੰਦ ਮਹਾਰਾਜ ਦੀ ਸਮਾਧੀ ਖੁੱਲਣ ਉਪਰੰਤ ਗੁਰੂ ਸਾਹਿਬ ਜੀ ਨਾਲ ਬਚਨ ਬਿਲਾਸ ਹੋਏ। ਗੁਰੂ ਸਾਹਿਬ ਜੀ ਦੇ 6 ਮਹੀਨੇ ਦਿਨ ਤੇ ਰਾਤ ਵਿਸ਼ਰਾਮ ਕਰਨ ਦੇ ਕਾਰਨ ਇਸ ਪਾਵਨ ਅਸਥਾਨ ਨੂੰ ਗੁਰੂਸਰ ਕਰਕੇ ਜਾਣਿਆ ਜਾਂਦਾ ਹੈ। ਇਸ ਪਵਿੱਤਰ ਅਸਥਾਨ ਤੇ ਚੋਧਰੀ ਦੋਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਮੌਤ ਮੰਗਦਾ ਹੈ। ਗੁਰੂ ਜੀ ਉਸ ਨੂੰ ਮੁਕਤੀ ਦਾ ਦਾਨ ਬਖਸ਼ਿਸ ਕਰਦੇ ਹਨ। ਇਸ ਪਵਿੱਤਰ ਅਸਥਾਨ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਅਤੇ ਉਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਵਿਚ ਇੱਕ ਬਾਗ਼ ਲੁਆਇਆ।