6 ਨਵੰਬਰ ਦਾ ਇਤਿਹਾਸ – ਗੁਰਗੱਦੀ ਦਿਵਸ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਗੁਰਿਆਈ ਦਿਵਸ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਮਾਤਾ ਜੀ: ਮਾਤਾ ਕ੍ਰਿਸ਼ਨ ਕੌਰ ਜੀ
ਪਿਤਾ ਜੀ: ਸ੍ਰੀ ਗੁਰੂ ਹਰਿਰਾਇ ਜੀ
ਪ੍ਰਕਾਸ਼ ਮਿਤੀ: 8 ਸਾਵਣ, ਸੰਮਤ 1713 ਬਿ. (7 ਜੁਲਾਈ, ਸੰਨ 1656 ਈ.)
ਪ੍ਰਕਾਸ਼ ਸਥਾਨ: ਕੀਰਤਪੁਰ ਸਾਹਿਬ, ਜ਼ਿਲ੍ਹਾ ਰੂਪਨਗਰ, ਪੰਜਾਬ
ਗੁਰਿਆਈ: 6 ਕੱਤਕ, ਸੰਮਤ 1718 ਬਿ. (7 ਅਕਤੂਬਰ, ਸੰਨ 1661 ਈ.)
ਜੋਤੀ-ਜੋਤ: 3 ਵੈਸਾਖ, ਸੰਮਤ 1721 ਬਿ. (30 ਮਾਰਚ, ਸੰਨ 1664 ਈ.)
ਜੋਤੀ-ਜੋਤ ਸਥਾਨ: ਦਿੱਲੀ
ਗੁਰੂ ਸਾਹਿਬ ਜੀ ਦਾ ਬਚਪਨ: ਆਪ ਜੀ ਦਾ ਚਿਹਰਾ ਮਨਮੋਹਣਾ ਅਤੇ ਹਿਰਦਾ ਕੋਮਲ ਸੀ।ਆਪ ਜੀ ਦਾ ਬਚਪਨ ਗੁਰੂ-ਪਿਤਾ ਸ੍ਰੀ ਗੁਰੂ ਹਰਿਰਾਇ ਜੀ ਦੀ ਨਿਗਰਾਨੀ ਹੇਠ ਬੀਤਿਆ ਜਿਸ ਕਾਰਨ ਗੁਰੂ ਸਾਹਿਬ ਜੀ ਦੀ ਰੱਬੀ ਸ਼ਖ਼ਸੀਅਤ ਵਾਲੇ ਗੁਣ ਆਪ ਜੀ ਦੇ ਜੀਵਨ ਦਾ ਹਿੱਸਾ ਬਣ ਗਏ।
ਸ੍ਰੀ ਗੁਰੂ ਹਰਿਰਾਇ ਜੀ ਦਾ ਵੱਡੇ ਪੁੱਤਰ ਵੱਲੋਂ ਮੁੱਖ ਮੋੜਨਾ: ਬਾਲ ਹਰਿਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਇ ਜੀ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ।ਜਦ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਰਾਇ ਜੀ ਨੂੰ ਦਿੱਲੀ ਬੁਲਾਇਆ ਤਾਂ ਗੁਰੂ ਜੀ ਨੇ ਆਪਣੀ ਥਾਂ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਦਿੱਲੀ ਭੇਜ ਦਿੱਤਾ।ਰਾਮ ਰਾਇ ਨੇ ਪਹਿਲਾਂ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਅਤੇ ਬਾਅਦ ਵਿੱਚ ਕਰਾਮਾਤਾਂ ਵੀ ਦਿਖਾਈਆਂ।ਅੰਤ ਵਿੱਚ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜ਼ੇਬ ਨੇ ਰਾਮ ਰਾਇ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ।ਬਾਦਸ਼ਾਹ ਉੱਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸ਼ੀ ਪ੍ਰਾਪਤ ਕਰਨ ਲਈ ਰਾਮ ਰਾਇ ਨੇ ਕਿਹਾ ਕਿ ਅਸਲ ਸ਼ਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ।ਇਸ ਘੋਰ ਅਵੱਗਿਆ ਕਾਰਨ ਸ੍ਰੀ ਗੁਰੂ ਹਰਿਰਾਇ ਜੀ ਨੇ ਉਸ ਨੂੰ ਗੁਰਿਆਈ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ।
ਗੁਰਿਆਈ ਦੀ ਬਖ਼ਸ਼ਸ਼: ਸ੍ਰੀ ਗੁਰੂ ਹਰਿਰਾਇ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਅਕਤੂਬਰ 1661 ਈਸਵੀ ਵਿੱਚ ਯੋਗਤਾ ਦੇ ਅਧਾਰ ‘ਤੇ ਗੁਰਿਆਈ ਬਖਸ਼ ਦਿੱਤੀ।ਇਸ ਕਰਕੇ ਰਾਮ ਰਾਇ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ।ਗੁਰਿਆਈ ਦੀ ਬਖ਼ਸ਼ਸ਼ ਤੋਂ ਬਾਅਦ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹਿਲੇ ਗੁਰੂਆਂ ਦੀ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ਼ ਦਿੰਦੇ।ਦੂਰ-ਦੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ।ਗੁਰੂ ਜੀ ਨੇ ਉਨ੍ਹਾਂ ਨੂੰ ਨਾਮ ਸਿਮਰਨ ਦੀ ਦਾਤ ਦੇ ਕੇ ਸਿੱਧੇ ਰਸਤੇ ਪਾਇਆ।
ਰਾਮ ਰਾਇ ਵੱਲੋਂ ਔਰੰਗਜ਼ੇਬ ਪਾਸ ਸ਼ਿਕਾਇਤ: ਗੁਰੂ ਸਾਹਿਬ ਦੇ ਵੱਡੇ ਭਰਾ ਰਾਮ ਰਾਇ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਿਆਈ ਅਤੇ ਜਾਇਦਾਦ ਦੇ ਦਿੱਤੀ ਹੈ।ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ।ਇਹ ਸੁਣਕੇ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ।ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ।ਦੀਵਾਨ ਨੇ ਕੀਰਤਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ।ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜ਼ੇਬ ਵਰਗੇ ਬਾਦਸ਼ਾਹ ਦਾ ਮੂੰਹ ਨਹੀਂ ਵੇਖਣਗੇ।ਅੰਤ ਵਿੱਚ ਗੁਰੂ ਸਾਹਿਬ ਨੇ ਆਪਣੀ ਮਾਤਾ ਜੀ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ।ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਕੀਰਤਪੁਰ ਸਾਹਿਬ ਪਹੁੰਚ ਗਈਆਂ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਅਤੇ ਦਿਲਾਸਾ ਦਿੱਤਾ। ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ।ਅੰਬਾਲੇ ਜ਼ਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉੱਘੇ ਸਿੱਖਾਂ ਤੋਂ ਬਿਨਾਂ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ।
ਲਾਲ ਚੰਦ ਬ੍ਰਾਹਮਣ ਦਾ ਹੰਕਾਰ ਤੋੜਨਾ: ਦਿੱਲੀ ਜਾਂਦੇ ਹੋਏ ਗੁਰੂ ਜੀ ਨੇ ਪਹਿਲੀ ਰਾਤ ਪੰਜੋਖਰੇ ਕੱਟੀ।ਉੱਥੋਂ ਦਾ ਇੱਕ ਹੰਕਾਰੀ ਪੰਡਿਤ ਲਾਲ ਚੰਦ ਗੁਰੂ ਜੀ ਨੂੰ ਮਿਲਿਆ ਅਤੇ ਕਿਹਾ ਕਿ ਸਿੱਖ ਤੁਹਾਨੂੰ ਗੁਰੂ ਹਰਿਕ੍ਰਿਸ਼ਨ ਕਹਿੰਦੇ ਹਨ।ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਨੇ ਗੀਤਾ ਰਚੀ ਸੀ।ਤੁਸੀਂ ਉਸ ਦੇ ਅਰਥ ਕਰਕੇ ਵਿਖਾਓ।ਗੁਰੂ ਨਾਨਕ ਦੇ ਘਰ ਵਿੱਚੋਂ ਧੁਰੋਂ ਪ੍ਰਾਪਤ ਹੋਈ ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ।ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ।ਜੇਕਰ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ, ਗੁਰੂ ਨਾਨਕ ਪਾਤਸ਼ਾਹ ਆਪਣੀ ਮਿਹਰ ਸਦਕਾ ਗੀਤਾ ਦੇ ਅਰਥ ਕਰਕੇ ਤੇਰਾ ਹੰਕਾਰ ਤੋੜ ਦੇਣਗੇ।ਉਹ ਪੰਡਿਤ, ਇੱਕ ਛੱਜੂ ਨਾਮੀ ਅਨਪੜ੍ਹ ਆਦਮੀ ਨੂੰ ਲੈ ਆਇਆ।ਸਤਿਗੁਰਾਂ ਨੇ ਉਸ ਨੂੰ ਨਦਰੀਂ ਨਦਰਿ ਨਿਹਾਲ ਕੀਤਾ ਅਤੇ ਕਿਹਾ ਕਿ ਉਹ ਪੰਡਿਤ ਜੀ ਦੀ ਤਸੱਲੀ ਕਰਵਾਏ।ਗੁਰੂ ਜੀ ਨੇ ਉਸ ਦੇ ਸਿਰ ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿੱਚ ਨੇਤਰ ਪਾਏ।ਪੰਡਿਤ ਨੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਉਸ ਕੋਲੋਂ ਪੁੱਛੇ, ਜਿਨ੍ਹਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ।ਪੰਡਿਤ ਨੇ ਇਹ ਕੌਤਕ ਵੇਖ ਕੇ ਗੁਰੂ ਜੀ ਦੇ ਚਰਨੀਂ ਪੈ ਕੇ ਮਾਫ਼ੀ ਮੰਗੀ।ਉਹ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲੱਗਾ।
ਦਿੱਲੀ ਵਿੱਚ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰਨਾ: ਦਿੱਲੀ ਪਹੁੰਚ ਕੇ ਗੁਰੂ ਸਾਹਿਬ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ।ਔਰੰਗਜ਼ੇਬ ਨੇ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ।ਆਪ ਜੀ ਨੇ ਆਪਣੇ ਪਿਤਾ ਵੱਲੋਂ ਦਿੱਤੇ ਆਦੇਸ਼ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸਲੋਕ ਲਿਖ ਕੇ ਭੇਜ ਦਿੱਤਾ:
ਕਿਆ ਖਾਧੈ ਕਿਆ ਪੈਧੈ ਹੋਇ॥ਜਾ ਮਨਿ ਨਾਹੀ ਸਚਾ ਸੋਇ॥
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ॥
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ॥
ਔਰੰਗਜ਼ੇਬ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ।ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ।ਜਦ ਰਾਮ ਰਾਇ ਨੂੰ ਗੁਰਿਆਈ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਗੁਰਿਆਈ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ।ਰਾਮ ਰਾਇ ਨੇ ਗੁਰਬਾਣੀ ਦੀ ਤੁਕ ਬਦਲੀ, ਇਸ ਤੇ ਗੁਰੂ ਪਿਤਾ ਜੀ ਨੇ ਉਸ ਨੁੂੰ ਤਿਆਗ ਦਿੱਤਾ।ਇਸ ਲਈ ਉਸ ਦਾ ਗੁਰਿਆਈ ਬਾਰੇ ਦਾਅਵਾ ਝੂਠਾ ਹੈ।ਸ਼ਹਿਜ਼ਾਦਾ ਮੁਅੱਜ਼ਮ ਤੋਂ ਇਹ ਸਪੱਸ਼ਟੀਕਰਨ ਸੁਣ ਕੇ ਔਰੰਗਜ਼ੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ।ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤੀ ਸ਼ਕਤੀ ਪਰਖਣ ਲਈ ਕਿਹਾ।ਰਾਜਾ ਜੈ ਸਿੰਘ ਗੁਰੂ ਜੀ ਨੂੰ ਆਪਣੀ ਰਾਣੀ ਦੇ ਮਹਿਲ ਵਿੱਚ ਲੈ ਗਿਆ।ਰਾਣੀ ਨੇ ਆਪਣੀਆਂ ਗੋਲੀਆਂ ਨੂੰ ਵੀ ਆਪਣੇ ਵਰਗੀਆਂ ਵਧੀਆ ਪੁਸ਼ਾਕਾਂ ਪਹਿਨਾ ਦਿੱਤੀਆਂ ਅਤੇ ਆਪ ਉਨ੍ਹਾਂ ਦੇ ਵਿੱਚ ਬੈਠ ਗਈ।ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਭ ਗੋਲੀਆਂ ਨੂੰ ਛੱਡ ਕੇ ਰਾਣੀ ਦੀ ਗੋਦ ਵਿੱਚ ਜਾ ਕੇ ਬੈਠ ਗਏ।ਇਸ ਘਟਨਾ ਨਾਲ ਗੁਰੂ ਘਰ ਦੀ ਸ਼ੋਭਾ ਹੋਰ ਵੱਧ ਗਈ।
ਗੁਰੂ ਜੀ ਵੱਲੋਂ ਚੇਚਕ ਪੀੜਤ ਰੋਗੀਆਂ ਦੀ ਸਹਾਇਤਾ ਕਰਨਾ: ਜਦੋਂ ਗੁਰੂ ਜੀ ਦਿੱਲੀ ਪਹੁੰਚੇ ਸਨ ਤਾਂ ਉੱਥੇ ਬੁਖਾਰ ਅਤੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ।ਗੁਰੂ ਜੀ ਨੇ ਦੁਖੀਆਂ ਅਤੇ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ।ਸੰਗਤਾਂ ਦੇ ਦਸਵੰਧ ਅਤੇ ਭੇਟਾ ਨੂੰ ਇਸ ਸੇਵਾ ਲਈ ਵਰਤਿਆ।ਰੋਗੀਆਂ ਦੀ ਸੇਵਾ ਕਰਦਿਆਂ ਗੁਰੂ ਜੀ ਨੂੰ ਵੀ ਤੇਜ਼ ਬੁਖਾਰ ਹੋ ਗਿਆ।ਉਨ੍ਹਾਂ ਦੇ ਸਰੀਰ ਉੱਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ।ਆਪਣਾ ਅੰਤ ਸਮਾਂ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ, ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ।
ਜੋਤੀ-ਜੋਤ: ਆਪ ਜੀ 3 ਵੈਸਾਖ, ਸੰਮਤ 1721 ਬਿ. (30 ਮਾਰਚ, 1664 ਈ.) ਨੂੰ ਜੋਤੀ-ਜੋਤ ਸਮਾ ਗਏ।ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ‘ਤੇ ਕੀਤਾ ਗਿਆ, ਜਿਸ ਥਾਂ ਉੱਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਹੈ।
ਸਿੱਖਿਆ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਉਹ ਆਪਣੀ ਮਿਸਾਲ ਆਪ ਸੀ।ਉਨ੍ਹਾਂ ਨੇ ਦਰਸਾਅ ਦਿੱਤਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਆਤਮਿਕ ਗਿਆਨ ਕਿਸੇ ਵੀ ਉਮਰ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਦੇ ਜੀਵਨ ਤੋਂ ਸਾਨੂੰ ਨਿਰਭਉ ਅਤੇ ਨਿਰਵੈਰ ਰਹਿੰਦੇ ਹੋਏ ਲੋੜਵੰਦਾਂ ਦੀ ਮਦਦ ਕਰਨ ਅਤੇ ਪਰਮਾਤਮਾ ਦੀ ਯਾਦ ਨੂੰ ਹਰ ਸਮੇਂ ਮਨ ਵਿੱਚ ਵਸਾ ਕੇ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਪ੍ਰੇਰਨਾ ਮਿਲਦੀ ਹੈ।