ਗੁਰੂ ਰਾਮਦਾਸ ਸਾਹਿਬ ਜੀ – ਸਾਖੀ ਭਾਗ 2 – ਸਤਿਗੁਰ ਸੇਵਾ
ਜਦ ਭਾਈ ਜੇਠਾ ਜੀ ਗੋਇੰਦਵਾਲ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਗੋਇੰਦਵਾਲ ਸ਼ਹਿਰ ਦੀ ਉਸਾਰੀ ਜ਼ੋਰ ਸ਼ੋਰ ਨਾਲ ਹੋ ਰਹੀ ਹੈ ਅਤੇ ਪਿੰਡਾਂ ਦੇ ਲੋਕ ਬੜੇ ਸਤਿਕਾਰ ਅਤੇ ਪ੍ਰੇਮ ਨਾਲ ਸੇਵਾ ਕਰ ਰਹੇ ਸਨ।
ਉਨਾਂ ਨੇ ਉਥੇ ਜਾ ਕੇ ਘੁੰਗਣੀਆਂ ਦੀ ਛਾਬੜੀ ਲਾ ਲਈ। ਜਦ ਘੁੰਗਣੀਆਂ ਵਿਕ ਜਾਂਦੀਆਂ ਤਾਂ ਉਹ ਵੀ ਸੇਵਾ ਵਿਚ ਲੱਗ ਜਾਂਦੇ। ਬਾਬਾ ਅਮਰ ਦਾਸ ਜੀ ਜਿਨ੍ਹਾਂ ਨੂੰ ਉਸ ਸਮੇਂ ਹਾਲੇ ਗੁਰੂ ਗਦੀ ਨਹੀ ਮਿਲੀ ਸੀ, ਸਵੇਰੇ ਸਵੱਖਤੇ ਉੱਠ ਕੇ ਪਾਣੀ ਦੀ ਗਾਗਰ ਦਰਿਆ ਬਿਆਸ ਵਿਚੋਂ ਭਰ ਕੇ ਖਡੂਰ ਸਾਹਿਬ ਚਲੇ ਜਾਂਦੇ ਸਨ। ਭਾਈ ਜੇਠਾ ਜੀ ਦੇ ਕੰਮ ਕਾਰ ਤੇ ਉਹ ਬਹੁਤ ਖੁਸ਼ ਸਨ।
ਬਾਬਾ ਜੀ ਨੇ ਉਨ੍ਹਾਂ ਦੇ ਰਹਿਣ ਦਾ ਵੀ ਚੰਗਾ ਪ੍ਰਬੰਧ ਕਰ ਦਿੱਤਾ ਸੀ। ਸਾਰੇ ਲੋਕ ਉਨ੍ਹਾਂ ਨੂੰ ਬਾਬਾ ਪਰਿਵਾਰ ਦਾ ਹੀ ਸਮਝਦੇ ਸਨ, ਕਿਉਂਕਿ ਬਸਾਰਕੇ ਤੋਂ ਉਹ ਬਾਬਾ ਜੀ ਨਾਲ ਹੀ ਆਏ ਸਨ।
ਉਹ ਹੀ ਪਰਿਵਾਰ ਨਾਲ ਘੁਲ ਮਿਲ ਗਏ ਸਨ। ਉਹ ਮਾਤਾ ਮਨਸਾ ਦੇਵੀ ਜੀ ਨੂੰ ਆਪਣੀ ਸਕੀ ਮਾਂ ਵਾਂਗ ਸਮਝਦੇ ਸਨ ਅਤੇ ਮਾਤਾ ਮਨਸਾ ਦੇਵੀ ਜੀ ਵੀ ਉਨ੍ਹਾਂ ਨੂੰ ਆਪਣਾ ਪੁੱਤਰ ਹੀ ਸਮਝਦੀ ਸੀ। ਇਸ ਤਰ੍ਹਾਂ ਛੇ ਸਾਲ ਗੋਇੰਦਵਾਲ ਦੀ ਉਸਾਰੀ ਚਲਦੀ ਰਹੀ। ਜਿਵੇਂ ਜਿਵੇਂ ਬਾਬਾ ਅਮਰ ਦਾਸ ਜੀ ਗੋਇੰਦੇ ਨੂੰ ਕਹਿੰਦੇ ਗਏ, ਉਸ ਤਰ੍ਹਾਂ ਹੀ ਉਹ ਸ਼ਹਿਰ ਦੀ ਉਸਾਰੀ ਕਰਵਾਉਂਦਾ ਗਿਆ।
ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਨੂੰ ਸ਼ਹਿਰ ਦੀ ਉਸਾਰੀ ਕਰਦੇ ਵੇਖ ਕੇ ਗੋਇੰਦੇ ਦੇ ਸ਼ਰੀਕਾਂ ਦੀ ਇਹ ਹਿੰਮਤ ਨਾ ਹੋਈ ਕਿ ਉਹ ਭੂਤਾਂ ਪੇ੍ਰਤਾਂ ਦਾ ਡਰਾਵਾ ਦੇ ਕੇ ਕੰਮ ਵਿਚ ਰੁਕਾਵਟ ਪਾ ਸਕਣ। ਹੁਣ ਉਹ ਵੀ ਉਸਾਰੀ ਵਿਚ ਸਹਾਇਤਾ ਕਰਨ ਲੱਗੇ।
ਜਦ ਸ਼ਹਿਰ ਦੀ ਕਾਫੀ ਹੱਦ ਤਕ ਉਸਾਰੀ ਹੋ ਗਈ ਤਾਂ ਬਾਬਾ ਅਮਰ ਦਾਸ ਜੀ ਗੁਰੂ ਜੀ ਪਾਸੋਂ ਪਿੰਡ ਦਾ ਨਾਂ ਰਖਣ ਬਾਰੇ ਪੁਛਣ ਗਏ। ਗੁਰੂ ਜੀ ਨੇ ਨਵੇ ਨਗਰ ਦਾ ਨਾਂ ਗੋਇੰਦਵਾਲ ਰੱਖਣ ਵਾਸਤੇ ਕਿਹਾ, ਇਹੋ ਨਾਂ ਬਾਅਦ ਵਿਚ ਪ੍ਰਸਿੱਧ ਹੋ ਗਿਆ।
ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰ ਗੱਦੀ ਬਾਬਾ ਅਮਰ ਦਾਸ ਜੀ ਨੂੰ ਸੌਂਪ ਗਏ। ਗੁਰ ਗੱਦੀ ਸੌਂਪਣ ਤੋਂ ਬਾਅਦ ਉਨ੍ਹਾਂ ਬਾਬਾ ਜੀ ਨੂੰ ਇਹ ਆਦੇਸ਼ ਕੀਤਾ ਕਿ ਉਹ ਆਪਣੀ ਪੱਕੀ ਰਿਹਾਇਸ਼ ਗੋਇੰਦਵਾਲ ਹੀ ਰੱਖਣ ਅਤੇ ਉਥੇ ਰਹਿਕੇ ਹੀ ਸਿੱਖੀ ਦਾ ਪ੍ਰਚਾਰ ਕਰਨ।
ਗੋਇੰਦਵਾਲ ਕਿਉਂਕਿ ਵੱਡੀ ਸੜਕ ਦੇ ਉੱਤੇ ਸਥਿਤ ਸੀ ਇਸ ਲਈ ਇਸ ਸਥਾਨ ਤੇ ਦੂਰੋਂ ਦੂਰੋਂ ਲੋਕਾਂ ਦਾ ਆਉਣਾ ਆਸਾਨ ਸੀ। ਜਦ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਤਾਂ ਗੁਰੂ ਅਮਰਦਾਸ ਜੀ ਪੱਕੇ ਤੌਰ ਤੇ ਗੋਇੰਦਵਾਲ ਆ ਗਏ।
ਹੁਣ ਭਾਈ ਜੇਠਾ ਜੀ ਨੂੰ ਗੁਰੂ ਜੀ ਦੀ ਸੇਵਾ ਕਰਨ ਦਾ ਸਮਾਂ ਮਿਲਿਆ। ਉਹ ਹਰ ਵੇਲੇ ਉਨ੍ਹਾਂ ਦੇ ਨਾਲ ਰਹਿੰਦੇ ਅਤੇ ਹਰ ਹੁਕਮ ਦੀ ਤੁਰੰਤ ਪਾਲਣਾ ਕਰਦੇ।
ਸੰਗਤ ਵਾਸਤੇ ਹਰ ਸਮੇਂ ਲੰਗਰ ਵਰਤਦਾ ਸੀ, ਪਰ ਭਾਈ ਜੇਠਾ ਜੀ ਫਿਰ ਵੀ ਘੁੰਗਣੀਆਂ ਦੀ ਛਾਬੜੀ ਲਾਉਂਦੇ। ਗੁਰੁ ਘਰ ਦੀ ਸੇਵਾ ਵਲੋਂ ਉਹ ਕਦੇ ਅਵੇਸਲੇ ਨਹੀਂ ਸਨ ਹੁੰਦੇ।
ਗੁਰੂ ਅਮਰ ਦਾਸ ਜੀ ਜਦ ਰੋਜ਼ ਵੇਖਦੇ ਕਿ ਭਾਈ ਜੇਠਾ ਜੀ ਦੀਵਾਨ ਦੀ ਹਾਜ਼ਰੀ ਵੀ ਭਰਦੇ ਹਨ, ਸੇਵਾ ਵੀ ਪੂਰੀ ਤਨਦੇਹੀ ਨਾਲ ਕਰਦੇ ਹਨ ਅਤੇ ਦਸਾਂ ਨੌਹਾਂ ਦੀ ਕਿਰਤ ਵੀ ਕਰਦੇ ਹਨ ਤਾਂ ਉਨ੍ਹਾਂ ਭਾਈ ਜੇਠਾ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ, ‘ਬੇਟਾ! ਕੀ ਖਾਹਿਸ਼ ਲੈ ਕੇ ਇਥੇ ਆਏ ਹੋ?’
ਭਾਈ ਜੇਠਾ ਜੀ ਨੇ ਕਿਹਾ, ‘ਮੈਂ ਸਭ ਖਾਹਿਸ਼ਾਂ ਛੱਡ ਕੇ ਇਥੇ ਆਇਆ ਹਾਂ’। ਗੁਰੂ ਜੀ ਉਨ੍ਹਾਂ ਦਾ ਇਹ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ।
ਅਗਲਾ ਹਿੱਸਾ ਕੱਲ