ਇਤਿਹਾਸ – ਭਗਤ ਭੀਖਣ ਜੀ
ਇਨ੍ਹਾਂ ਦੀਆਂ ਰਚਨਾਵਾਂ ਨੂੰ ਮੁੱਖ ਰੱਖਦੇ ਹੋਏ ਕਈ ਵਿਦਵਾਨਾਂ ਨੇ ਆਪ ਨੂੰ ਹਿੰਦੂ ਸੰਤ ਵੀ ਕਿਹਾ ਹੈ ਹਾਲਾਂਕਿ ਇਨ੍ਹਾਂ ਦੇ ਮੁਸਲਮਾਨ ਹੋਣ ਦਾ ਕੋਈ ਚਿੰਨ੍ਹ ਨਹੀਂ ਮਿਲਦਾ, ਆਪਜੀ ਨੂੰ ਇਸਲਾਮ ਧਰਮ ਦੇ ਸੂਫੀ ਪ੍ਰਚਾਰਕ ਮੰਨਿਆ ਜਾਂਦਾ ਹੈ। ਆਪ ਜੀ ਦਾ ਜਨਮ ਪਿੰਡ ਕਾਕੋਰੀ, ਲਖਨਉ ਵਿੱਚ 1470 ਈ. ਨੂੰ ਹੋਇਆ “ਡਾ. ਤਾਰਨ ਸਿੰਘ” ਇਨ੍ਹਾਂ ਨੂੰ ਅਕਬਰ ਦੇ ਰਾਜ ਦੇ ਸਮੇਂ ਪੈਦਾ ਹੋਏ ਅਤੇ ਇਸਲਾਮ ਧਰਮ ਦੇ ਸੂਫੀ ਉਪਦੇਸ਼ਕਾ ਮੰਨਦੇ ਹਨ । “ਭਾਈ ਕਾਹਨ ਸਿੰਘ ਨਾਭਾ” ਇਨ੍ਹਾਂ ਨੂੰ ਕਾਕੋਰੀ ਦਾ ਵਸਨੀਕ ਅਤੇ ਸੂਫੀ ਫਕੀਰ ਦੇ ਰੂਪ ਵਿੱਚ ਮਾਨਤਾ ਦਿੰਦੇ ਹਨ। “ਮੈਕਾਲਿਫ” ਵੀ ਇਸ ਧਾਰਣਾ ਨੂੰ ਸਵੀਕਾਰ ਕਰਦਾ ਹੈ।
ਉਹਨਾਂ ਨੂੰ ਮੁਸਲਿਮ ਸੂਫੀ ਸੰਤ ਖਿਆਲ ਕੀਤਾ ਹੈ।ਇਸ ਕਰਕੇ ਚਿਤਰਕਾਰਾਂ ਨੇ ਉਹਨਾਂ ਦੀਆਂ ਤਸਵੀਰਾਂ ਅਤੇ ਸਕੈਂਚ ਵੀ ਇਸਲਾਮੀ ਦਿੱਖ ਵਾਲੇ ਬਣਾਏ ਹਨ।ਪਰ ਗੁਰੂ ਗਰੰਥ ਸਾਹਿਬ ਵਿਚਲੇ ਉਹਨਾਂ ਦੇ ਦੋਵਾਂ ਸ਼ਬਦਾਂ ਦੀ ਪੜ੍ਹਤ ਨਾਲ ਉਹਨਾਂ ਨੂੰ ਮੁਸਲਿਮ ਪਰਿਵਾਰ ਜਾਂ ਪਿਛੋਕੜ ਨਾਲ ਸਬੰਧਤ ਸਮਝਣਾ ਠੀਕ ਨਹੀਂ ਬੈਠਦਾ । ਹੋ ਸਕਦਾ ਹੈ ਕਿ ਭੀਖਨ ਨਾਮ ਦੇ ਕੋਈ ਮੁਸਲਿਮ ਸੂਫ਼ੀ ਸੰਤ ਉਤਰ ਪ੍ਰਦੇਸ਼ ਦੇ ਉਸੇ ਇਲਾਕੇ ਵਿਚ ਹੋਏ ਹੋਣ ਅਤੇ 1470 ਈ . ਦਾ ਜਨਮ ਵਰ੍ਹਾ ਵੀ ਉਸੇ ਮੁਸਲਿਮ ਸੂਫੀ ਭੀਖਨ ਦਾ ਹੋਵੇ । ਪਰ ਜਿਸ ਭਗਤ ਭੀਖਨ ਜੀ ਦੀ ਬਾਣੀ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ ਉਹਨਾਂ ਨੂੰ ਮੁਸਲਿਮ ਸੂਫੀ ਨਹੀਂ ਮੰਨਿਆਂ ਜਾ ਸਕਦਾ । ਉਹਨਾਂ ਦੇ ਦੋਵਾਂ ਸ਼ਬਦਾਂ ਵਿਚ ਇਸਲਾਮੀ ਰੰਗਤ ਵਾਲਾ ਕੋਈ ਲਫ਼ਜ਼ ਨਹੀਂ , ਕਿਸੇ ਇਸਲਾਮੀ ਮਰਿਯਾਦਾ ਦਾ ਜਿਕਰ ਨਹੀਂ । ਸਗੋਂ ਇਹਨਾਂ ਦੀ ਸ਼ਬਦਾਵਲੀ ਕੇਵਲ ਗੁਰਮਤਿ ਦੇ ਗੂੜੇ ਰੰਗ ਵਾਲੀ ਹੈ । ਉਦਾਹਰਨ ਦੇ ਤੌਰ ਤੇ ਉਹਨਾਂ ਦੀ ਬਾਣੀ ਵਿਚ ਸੰਤ , ਰਾਮ ਰਾਇ , ਹਰਿ , ਨਾਮੁ , ਅੰਮ੍ਰਿਤ , ਗੁਰ ਪਰਸਾਦਿ ਆਦਿ ਸ਼ਬਦ ਆਉਂਦੇ ਹਨ । ਦੂਸਰਾ , ਗੁਰੂ ਗਰੰਥ ਸਾਹਿਬ ਵਿਚ ਉਹਨਾਂ ਦੀ ਬਾਣੀ ਨੂੰ ਦਰਜ ਕੀਤੇ ਜਾਣ ਦੇ ਅੰਦਾਜ਼ ਤੋਂ ਵੀ ਉਹ ਇਸਲਾਮੀ ਸੰਤ ਨਹੀਂ ਜਾਪਦੇ । ਇਸਲਾਮੀ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੀ ਬਾਣੀ ਦਰਜ ਕਰਨ ਸਮੇਂ ਇਸ ਬਾਣੀ ਦੇ ਸਿਰਲੇਖ ਵਿਚ ਗੁਰੂ ਸਾਹਿਬ ਨੇ ਉਹਨਾਂ ਨੂੰ ‘ ਸੇਖ ਫਰੀਦ ‘ ਲਿਖਿਆ ਹੈ ਪਰ ਭੀਖਨ ਜੀ ਦਾ ਬਾਣੀ ਦਾ ਸਿਰਲੇਖ ਹੈ- ‘ ਬਾਣੀ ਭਗਤ ਭੀਖਨ ਕੀ । ਭਗਤ ਭੀਖਨ ਜੀ ਦਾ ਜਨਮ ਜਿਥੇ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ 10-11 ਸਾਲ ਮਗਰੋਂ ( 1470 ਈ . ) ਮੰਨਿਆਂ ਜਾਂਦਾ ਹੈ ਉਥੇ ਉਹਨਾਂ ਦਾ ਚਲਾਣਾ ਗੁਰੂ ਅਰਜਨ ਦੇਵ ਜੀ ਦੇ ਜਨਮ ਤੋਂ 10-11 ਸਾਲ ਮਗਰੋਂ ( 1573 ਈ . ) ਹੋਇਆ ਮੰਨਿਆਂ ਜਾਂਦਾ ਹੈ।ਇਸ ਤਰ੍ਹਾਂ ਉਹਨਾਂ ਦੇ ਜੀਵਨ ਕਾਲ ਦਾ ਸਬੰਧ ਗੁਰੂ ਨਾਨਕ , ਗੁਰੂ ਅੰਗਦ , ਗੁਰੂ ਅਮਰਦਾਸ , ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਨਾਲ ਹੈ।ਪਰ ਉਹਨਾਂ ਦਾ ਸਬੰਧ ਕਦੀ ਕਰਤਾਰਪੁਰ , ਖਡੂਰ ਸਾਹਿਬ , ਗੋਇੰਦਵਾਲ ਸਾਹਿਬ ਜਾਂ ਅੰਮ੍ਰਿਤਸਰ ਨਾਲ ਰਿਹਾ ਹੋਵੇ ਇਸ ਦਾ ਕੋਈ ਆਲੇਖ ਪ੍ਰਾਪਤ ਨਹੀਂ ਹੈ । ਉਸ ਵੇਲੇ ਦੀਆਂ ਸਿੱਖ ਸੰਸਥਾਵਾਂ ਨਾਲ ਉਹਨਾਂ ਦੀ ਕਿਸੇ ਤਰ੍ਹਾਂ ਦੀ ਸਾਂਝ ਦਾ ਵੀ ਕੋਈ ਇਤਿਹਾਸਕ ਵੇਰਵਾ ਪ੍ਰਾਪਤ ਨਹੀਂ ਹੈ।ਉਹਨਾਂ ਦੀ ਕਿਸੇ ਗੁਰੂ ਸਾਹਿਬ ਨਾਲ ਹੋਈ ਮੁਲਾਕਾਤ ਜਾਂ ਵਾਰਤਾ ਸਬੰਧੀ ਕੋਈ ਕਥਾ ਜਾਂ ਸਾਖੀ ਵੀ ਪ੍ਰਚਲਤ ਨਹੀਂ ਹੈ । ਕਹਿਣ ਤੋਂ ਭਾਵ ਭਗਤ ਭੀਖਨ ਜੀ ਸਿੱਖ ਅਸਥਾਨਾਂ , ਸੰਸਥਾਵਾਂ , ਸਿੱਖ ਸਰਗਰਮੀਆਂ ਤੋਂ ਬਾਹਰ ਵਿਚਰਨ ਵਾਲੀ ਸਖ਼ਸ਼ੀਅਤ ਸਨ । ਭੱਟਾਂ ਦੇ ਸਵੱਈਆਂ ਵਿਚ ਵੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈ । ਭਗਤ ਭੀਖਨ ਜੀ ਦੀ ਬਾਣੀ ਨਾਲ ਹੋਰ ਬਾਣੀਕਾਰਾਂ ਦੀ ਰਚਨਾ ਨਾਲ ਭਾਸ਼ਾਈ ਅਤੇ ਵਿਚਾਰਧਾਰਕ ਸਾਂਝ ਤੋਂ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਉਹਨਾਂ ਦੀ ਬਾਣੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਦੇ ਹੱਥਾਂ ਅਤੇ ਨਜ਼ਰਾਂ ‘ ਚੋਂ ਗੁਜ਼ਰੀ ਸੀ , ਉਹਨਾਂ ਦੇ ਹਿਰਦਿਆਂ ਵਿਚ ਵਸੀ ਹੋਈ ਸੀ । ਇਹ ਵੀ ਸੰਭਵ ਹੈ ਕਿ ਉਹਨਾਂ ਦਾ ਜਨਮ ਗੁਰੂ ਨਾਨਕ ਸਾਹਿਬ ਤੋਂ ਕੁਝ ਸਮਾਂ ਪਹਿਲਾਂ ਦਾ ਹੋਵੇ । ਪੂਰੇ ਵਿਸਥਾਰ ਤੋਂ ਪਹਿਲਾਂ ਇਸ ਸਾਂਝ ਦੇ ਕੁਝ ਝਲਕਾਰੇ ਉਦਾਹਰਨ ਮਾਤਰ ਪੇਸ਼ ਹਨ : ਭੀਖਨ ਜੀ : ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥ ( ੬੫੯ ) ਗੁਰੂ ਨਾਨਕ : ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ ( ੬੩੫ ) ਗੁਰੂ ਰਾਮਦਾਸ : ਇਹੁ ਹਰਿ ਰਸੁ ਸੋਈ ਜਾਣਦੇ ਜਿਉ ਗੁੰਗੈ ਮਿਠਿਆਈ ਖਾਈ ॥ ( ੧੧ ) ਭੀਖਨ ਜੀ : ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੋਜੇ ਮਾਹੀ ॥ ( ੬੫੯ ) ਗੁਰੂ ਨਾਨਕ : ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥ ( ੧੨੭੯ ) ਭੀਖਨ ਜੀ ; ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ( ੬੫੯ )
ਗੁਰੂ ਨਾਨਕ : ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥ ( ੫੬੬ ) ਗੁਰੂ ਅਮਰਦਾਸ ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥ ( ੫੫੪ ) ਗੁਰੂ ਅਰਜਨ : ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥ ( ੮੧੪ ) ਹਰਿ ਹਰਿ ਅਉਖਧੁ ਜੋ ਜਨੁ ਖਾਇ ॥ ਤਾ ਕਾ ਰੋਗੁ ਸਗਲ ਮਿਟਿ ਜਾਇ ॥ ( ੮੯੩ ) ਗੁਰੂ ਗਰੰਥ ਸਾਹਿਬ ਵਿਚ ਦਰਜ ਆਪਣੇ ਪਹਿਲੇ ਸ਼ਬਦ ਵਿਚ ਭਗਤ ਭੀਖਨ ਜੀ ਨੇ ਬੁਢਾਪੇ ਦੀ ਤਕਲੀਫ , ਬੇਵਸੀ ਅਤੇ ਉਦਾਸੀ ਦਾ ਵਰਨਣ ਕਰਦਿਆਂ ਇਸ ਨਾਲ ਪੈਦਾ ਹੁੰਦੀ ਮਨੋਦਸ਼ਾ ਦਾ ਵੈਰਾਗਮਈ ਵਰਨਣ ਕੀਤਾ ਹੈ ਅਤੇ ਅਜਿਹੀ ਸਥਿਤੀ ਦਾ ਇਲਾਜ ਪ੍ਰਮਾਤਮਾ ਦੇ ਨਾਮ ਦੇ ਅੰਮ੍ਰਿਤ ਜਲ ਨੂੰ ਦੱਸਿਆ ਹੈ :
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥ ਰਾਮ ਰਾਇ ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥ਰਹਾਉ ॥ ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥ ( ੬੫੯ , ਭੀਖਨ ਜੀ )
ਇਸ ਸ਼ਬਦ ਨੂੰ ਭਗਤ ਬੇਣੀ ਜੀ ਦੇ ਪਹਿਰਿਆ ਦੇ ਘਰ ਗਾਏ ਜਾਣ ਵਾਲੇ ਸ਼ਬਦ ਦੇ ਮਗਰਲੇ ਭਾਗ ਨਾਲ ਮਿਲਾ ਕੇ ਪੜ੍ਹਨ ਤੇ ਦੋਹਾਂ ਸ਼ਬਦਾਂ ਵਿਚ ਕਾਫੀ ਸਾਂਝ ਦਿਖਾਈ ਦਿੰਦੀ ਹੈ । ਬੇਣੀ ਜੀ ਨੇ ਬੁਢਾਪੇ ਵਿਚ ਅਜਿਹੀ ਦਸ਼ਾ ਹੋਣ ਬਾਰੇ ਖਬਰਦਾਰ ਕੀਤਾ ਸੀ । ਪਹਿਲੀਆਂ ਦੋ ਸਤਰਾਂ ਤਾਂ ਬਿਲਕੁਲ ਸਮਾਨ ਅਰਥੀ ਹਨ :
ਪੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥ ਲੋਚਨ ਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥ ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥ ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥ ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੁ ਨ ਸੂਝੈ ॥ ਥਾਕਾ ਤੇਜੂ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥ ( ੯੩ , ਬੇਣੀ ਜੀ )
ਇਹਨਾਂ ਸ਼ਬਦਾਂ ਅੰਦਰਲੀ ਵਿਚਾਰ ਅਤੇ ਮੁਹਾਵਰੇ ਦੀ ਸਾਂਝ ਦੇ ਨਾਲ ਨਾਲ ਇਲਾਕੇ ਦੇ ਪੱਖ ਨੂੰ ਦੇਖਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਭਗਤ ਭੀਖਨ ਜੀ ਮੁਸਲਿਮ ਸੂਫੀ ਹੋਣ ਦੀ ਬਜਾਏ ਭਗਤ ਬੇਣੀ ਜੀ ਵਾਂਗ ਭਗਤ ਕਬੀਰ ਜੀ ਅਤੇ ਰਵਿਦਾਸ ਜੀ ਵਾਲੀ ਕਾਵਿ ਪ੍ਰੰਪਰਾ ਨਾਲ ਸਬੰਧਤ ਸਨ । ਗੁਰੂ ਨਾਨਕ ਨੇ ਗੁਰਮਤਿ ਚਿੰਤਨ ਦੇ ਜਿਹਨਾਂ ਪੁਰਾਤਨ ਅਸਥਾਨਾਂ ਦੀ ਯਾਤਰਾ ਕੀਤੀ ਅਤੇ ਉਥੋਂ ਕਾਫੀ ਸਮਾਂ ਪਹਿਲਾਂ ਹੋ ਚੁੱਕੇ ਬਾਣੀਕਾਰਾਂ ਦੀ ਰਚਨਾ ਹਾਸਿਲ ਕੀਤੀ ਉਹਨਾਂ ਵਿਚੋਂ ਕਈ ਅਸਥਾਨ ਉਸ ਸਮੇਂ ਵੀ ਗੁਰਮਤਿ ਸ਼ਬਦ ਵਿਚਾਰ ਦੀ ਸਰਗਰਮੀ ਨਾਲ ਊਰਜਤ ਸਨ । ਗੁਰੂ ਨਾਨਕ ਦੇ ਸਮਕਾਲ ਵਿਚ ਅਤੇ ਮਗਰੋਂ ਵੀ ਇਹਨਾਂ ਅਸਥਾਨਾਂ ਤੇ
ਅਜਿਹੇ ਸੁਖ਼ਨ ਦੀ ਰਚਨਾ ਹੁੰਦੀ ਰਹੀ।ਇਸ ਸਬੰਧੀ ਭਗਤ ਪਰਮਾਨੰਦ ਜੀ ਅਤੇ ਭਗਤ ਭੀਖਨ ਜੀ ਦੀ ਮਿਸਾਲ ਦੇਖੀ ਜਾ ਸਕਦੀ ਹੈ।ਜਿਸ ਮਹਾਰਾਸ਼ਟਰ ਵਿਚ ਜਨਮੇ ਭਗਤ ਤ੍ਰਿਲੋਚਨ ਜੀ ਅਤੇ ਭਗਤ ਨਾਮਦੇਵ ਜੀ ਨੇ ਗੁਰਮਤਿ ਵਿਚਾਰਧਾਰਾ ਦਾ ਬਾਨਣੂ ਬੰਨਿਆਂ ਉਸੇ ਮਹਾਰਾਸ਼ਟਰ ਵਿਚ ਵਿਚ ਜਨਮੇ ( ਮੰਨੇ ਜਾਂਦੇ ) ਭਗਤ ਪਰਮਾਨੰਦ ਜੀ ਗੁਰਮਤਿ ਬਾਣੀ ਦੀ ਰਚਨਾ ਕਰ ਰਹੇ ਸਨ । ਇਸੇ ਤਰ੍ਹਾਂ ਉਤਰ ਪ੍ਰਦੇਸ਼ ਵਿਚ ਜਨਮੇ ਕਬੀਰ ਜੀ ਦੇ ਕਦਮ ਚਿੰਨਾਂ ਤੇ ਚਲਦੇ ਹੋਏ ਇਸ ਉੱਤਰ ਪ੍ਰਦੇਸ਼ ਵਿਚ ਉਹਨਾਂ ਤੋਂ ਪੌਣੀ ਕੁ ਸਦੀ ਬਾਅਦ ਜਨਮੇ ਭਗਤ ਭੀਖਨ ਜੀ ਗੁਰਮਤਿ ਕਾਵਿ ਦੇ ਉੱਘੇ ਹਸਤਾਖਰ ਬਣੇ । ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੀਆਂ ਉਦਾਸੀਆਂ ਤੋਂ ਬਾਅਦ ਗੁਰਿਆਈ ਦੀ ਰੀਤ ਨਾਲ ਗੁਰਮਤਿ ਚਿੰਤਨ ਦਾ ਕੇਂਦਰੀਕਰਨ ਨਹੀਂ ਹੋਇਆ ਜਾਂ ਗੁਰਮਤਿ ਦੀ ਵਿਚਾਰਧਾਰਕ ਸਰਗਰਮੀ ਕੇਵਲ ਇਕ ਝੰਡੇ ਹੇਠ ਇਕੋ ਜਗਾ ਸੰਗਠਤ ਨਹੀਂ ਹੋਈ ਸਗੋਂ ਦੂਰ – ਦਰਾਜ਼ ਵਿਚਰਦੇ ਅਤੇ ਗੁਰਮਤਿ ਦੇ ਪੁਰਤਨ ਕੇਂਦਰਾਂ ਅਤੇ ਅਸਥਾਨਾਂ ਨਾਲ ਜੁੜੇ ਸੁਖ਼ਨਵਰ ਵੀ ਸੁਤੰਤਰ ਰੂਪ ਵਿਚ ਆਪੋ ਆਪਣੀ ਥਾਈਂ ਯੋਗਦਾਨ ਪਾਉਂਦੇ ਰਹੇ।ਪਰ ਇਹਨਾਂ ਵਿਚ ਵਿਚਾਰਧਾਰਾ ਦੀ ਸਾਂਝ ਦੇ ਨਾਲ ਨਾਲ ਕਾਵਿ ਮੁਹਾਵਰੇ , ਕਾਵਿ ਭਾਸ਼ਾ , ਕਾਵਿ ਜੁਗਤਾਂ ਅਤੇ ਬਿਆਨ ਦੀਆਂ ਸਮਾਨਤਾਵਾਂ ਹੈਰਾਨ ਕਰਨ ਵਾਲੀਆਂ ਹਨ । ਮਿਸਾਲ ਦੇ ਤੌਰ ਤੇ ਕਬੀਰ ਜੀ ਅਤੇ ਰਵਿਦਾਸ ਜੀ ਦੀ ਬਾਣੀ ਨੂੰ ਪ੍ਰਾਪਤ ਕਰਕੇ ਸੰਭਾਲਣ ਵਾਲੇ ਗੁਰੂ ਨਾਨਕ ਦੀ ਗੁਰਿਆਈ ਧਾਰਨ ਕਰਨ ਵਾਲੇ ਤੀਜੀ ਪੀੜ੍ਹੀ ਦੇ ਗੋਇੰਦਵਾਲ ਵਿਚ ਬੈਠੇ ਗੁਰੂ ਅਮਰਦਾਸ ਜੀ ਅਤੇ ਦੂਜੇ ਪਾਸੇ ਕਬੀਰ ਜੀ ਦੀ ਸਥਾਨਕ ਪ੍ਰੰਪਰਾ ਨਾਲ ਸਬੰਧਤ ਉੱਤਰ ਪ੍ਰਦੇਸ਼ ਵਿਚ ਬੈਠੇ ਭਗਤ ਭੀਖਨ ਜੀ ਦੇ ਇਕ ਇਕ ਸ਼ਬਦ ਦੀ ਆਖਰੀ ਸਤਰ ਕੋਲ ਕੋਲ ਰੱਖ ਕੇ ਦੇਖਦੇ ਹਾਂ : ਭੀਖਨ ਜੀ :
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥ ( ੬੫੯ ) ਗੁਰੂ ਅਮਰਦਾਸ ਜੀ
ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥ ( ੫੫੦ ) ਇਹਨਾਂ ਦੋਵਾਂ ਸਤਰਾਂ ਦਾ ਪਹਿਲਾ ਅੱਧ ਬਿਲਕੁਲ ਸਮਾਨ ਹੈ।ਭਗਤ ਭੀਖਨ ਜੀ ਦੀ ਉਪਰੋਕਤ ਸਤਰ ਦੇ ਦੂਸਰੇ ਅੱਧ ਨਾਲ ਨਾਲ ਗੁਰੂ ਸਾਹਿਬਾਨ ਦੀਆ ਦੋ ਹੋਰ ਤੁਕਾਂ ਮਿਲਾ ਕੇ ਦੇਖ ਸਕਦੇ ਹਾਂ : ਗੁਰੂ ਅਮਰਦਾਸ ਜੀ
ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ॥ ( ੧੨੩੪ )
ਗੁਰੂ ਰਾਮਦਾਸ ਜੀ
ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥ ( ੪੪੩ ) ਗੁਰੂ ਗਰੰਥ ਸਾਹਿਬ ਵਿਚ ਦਰਜ ਭਗਤ ਭੀਖਨ ਜੀ ਦੀ ਬਾਣੀ ਗੁਰੂ ਸਾਹਿਬਾਨ ਪਾਸ ਕਦੋਂ ਅਤੇ ਕਿਵੇਂ ਪਹੁੰਚੀ , ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ । ਪਰ ਇਹ ਨਿਸਚਤ ਹੈ ਕਿ ਇਹ ਬਾਣੀ ਆਦਿ ਸ੍ਰੀ ਗਰੰਥ ਸਾਹਿਬ ਦੀ ਸੰਪਦਨਾ ਤੋਂ ਕਾਫੀ ਸਮਾਂ ਪਹਿਲਾਂ ਗੁਰੂ ਸਾਹਿਬਾਨ ਪਾਸ ਮੌਜੂਦ ਸੀ । ਗੁਰੂ ਰਾਮ ਦਾਸ ਜੀ ਦੇ ਸੋਰਠਿ ਰਾਗ ਦੇ ਇਕ ਸ਼ਬਦ ਵਿਚ ਹੇਠ ਲਿਖੀਆਂ ਪੰਕਤੀਆਂ ਆਉਂਦੀਆਂ ਹਨ :
ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥ ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥ ( ੬੦੮ , ੪.੪ ) ਇਹ ਪੰਗਤੀਆਂ ਉਚਾਰਨ ਸਮੇਂ ਗੁਰੂ ਰਾਮ ਦਾਸ ਜੀ ਦੇ ਸਨਮੁਖ ਭਗਤ ਭੀਖਨ ਜੀ ਦਾ ਸੋਰਠਿ ਰਾਗ ਵਿਚ ਹੀ ਦਰਜ ਦੂਸਰਾ ਸ਼ਬਦ ਮੌਜੂਦ ਹੋਵੇਗਾ ਜਿਸ ਵਿਚ ਉਹਨਾਂ ਨੇ ਨਾਮ ਨੂੰ ਨਾ – ਲੁਕਣ ਵਾਲਾ ਰਤਨ ਕਿਹਾ ਹੈ ਅਤੇ ਪ੍ਰਮਾਤਮਾ ਦੇ ਗੁਣਾਂ ਦੇ ਅਨੁਭਵ ਨੂੰ ਗੁੰਗੇ ਦੀ ਮਿਠਿਆਈ ਦੇ ਅਨੁਭਵ ਵਰਗਾ ਨਾ – ਵਰਨਣਯੋਗ ਮੰਨਿਆਂ ਹੈ।ਭੀਖਨ ਜੀ ਦੇ ਦੂਸਰੇ ਸ਼ਬਦ ਦੀਆਂ ਪਹਿਲੀਆਂ ਚਾਰ ਸਤਰਾਂ ਹਨ : ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥ ਹਰਿ ਗੁਨ ਕਹਤੇ ਕਹਨੁ ਨ ਜਾਈ॥ਜੈਸੇ ਗੂੰਗੇ ਕੀ ਮਿਠਿਆਈ ॥ ( ੬੫੯ , ਭੀਖਨ ਜੀ )
ਨਾਮ ਰਸ ਇਸ ਸ਼ਬਦ ਦੀਆਂ ਅਗਲੀਆਂ ਅਤੇ ਆਖਰੀ ਪੰਕਤੀਆਂ ਵਿਚ ਭਗਤ ਭੀਖਨ ਜੀ ਨੇ ਜ਼ੁਬਾਨ ਨਾਲ ਪ੍ਰਮਾਤਮਾ ਦੇ ਨਾਮ ਨੂੰ ਜਪਣ ਅਤੇ ਕੰਨਾਂ ਨਾਲ ਸੁਣ ਕੇ ਮਾਣਨ ਦਾ ਮਹਾਤਮ ਦਰਜ ਕੀਤਾ ਹੈ । ਅੱਖਾਂ ਬੰਦ ਕਰਕੇ ਈਸ਼ਵਰ ਦੀ ਸਰਬ ਵਿਆਪਕਤਾ ਨੂੰ ਮਹਿਸੂਸ ਕਰਨ ਅਤੇ ਅਜਿਹਾ ਕਰਨ ਨਾਲ ਆਪਣੇ ਮਨ ਅੰਦਰ ਸੁੱਖ , ਸੰਤੋਖ ਅਤੇ ਆਨੰਦ ਪ੍ਰਾਪਤ ਹੋਣ ਦੀ ਗੱਲ ਕੀਤੀ ਹੈ :
ਰਸਨਾ ਰਮਤ ਸੁਨਤ ਸੁਖੁ ਨਾ ਚਿਤ ਚੇਤੇ ਸੁਖੁ ਹੋਈ ॥ ਕਹੁ ਭੀਖਨ ਦੁਇ ਨੈਨ ਸੰਤੋਖੋ ਜਹ ਦੇਖਾਂ ਤਹ ਸੋਈ ॥ ( ੬੫੯ , ਭੀਖਨ ਜੀ )
ਹੂ – ਬ – ਹੂ ਇਹੀ ਵਿਚਾਰ ਗੁਰੂ ਨਾਨਕ ਅਤੇ ਗੁਰੂ ਅਰਜਨ ਸਾਹਿਬ ਦੇ ਦੋ ਸ਼ਬਦਾਂ ਵਿਚ ਪ੍ਰਗਟ ਹੋਏ ਹਨ : ਨੈਨ ਸੰਤੋਖੇ ਏਕ ਲਿਵ ਤਾਰਾ ॥ ਜਿਹਵਾ ਸੂਚੀ ਹਰਿ ਰਸ ਸਾਰਾ ॥ ਸਚੁ ਕਰਣੀ ਅਭ ਅੰਤਰਿ ਸੇਵਾ ॥ ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥ ( ੨੨੪ , ਮ .੧ ) ਨੈਨ ਸੰਤੋਖੇ ਦਰਸੁ ਪੇਖਿ ॥ ਰਸਨਾ ਗਾਏ ਗੁਣ ਅਨੇਕ ॥ ਤ੍ਰਿਸ਼ਨਾ ਬੂਝੀ ਗੁਰ ਪ੍ਰਸਾਦਿ ॥ ਮਨੁ ਆਘਾਨਾ ਹਰਿ ਰਸਹਿ ਸੁਆਦਿ ॥ ( ੧੧੮੧ , ਮ .੫ )
ਇਹਨਾਂ ਪੰਕਤੀਆਂ ਵਿਚ ਅੱਖਾਂ ਬੰਦ ਕਰਨ ਦੀ ਕਿਰਿਆ ਨੂੰ ਸੰਤੋਖਣਾ ਕਿਹਾ ਗਿਆ ਹੈ । ਇਥੋਂ ਹੀ ਗੁਰੂ ਗਰੰਥ ਸਾਹਿਬ ਦੀ ਬੀੜ ਨੂੰ ਬੰਦ ਕਰਨ ਵਾਸਤੇ ਸ਼ਬਦ ਸੰਤੋਖਣਾ ਵਰਤਿਆ ਜਾਣ ਲੱਗਾ ਹੈ।ਗੁਰੂ ਗਰੰਥ ਸਾਹਿਬ ਦੀ ਬੀੜ ਨੂੰ ਅੱਖ ਵਾਂਗ ਤਸਲੀਮ ਕੀਤਾ ਜਾਣ ਲੱਗਾ।ਜਿਸ ਤਰ੍ਹਾਂ ਅੱਖ ਨੂੰ ਬੰਦ ਕਰਨ ਸਮੇਂ ਦੋਨੋਂ ਪਾਸਿਆਂ ਦੀਆਂ ਪਲਕਾਂ ਇਕ ਦੂਸਰੀ ਨਾਲ ਮਿਲ ਜਾਂਦੀਆਂ ਹਨ , ਗੁਰੂ ਗਰੰਥ ਸਾਹਿਬ ਦੀ ਬੀੜ ਨੂੰ ਬੰਦ ਕਰਨ ਸਮੇਂ ਦੋਨਾਂ ਪਾਸਿਆਂ ਦੀ ਜਿਲਦ ਨਾਲ ਲਗਾਏ ਛੋਟੇ ਰੁਮਾਲੇ ਇਕ ਦੂਸਰੇ ਦੇ ਕੋਲ ਆ ਜਾਂਦੇ ਹਨ।ਇਸ ਕਰਕੇ ਬੀੜ ਦੇ ਪਾਸਿਆਂ ਤੇ ਲਟਕਾਏ ਜਾਂਦੇ ਇਹਨਾਂ ਨਿੱਕੇ ਰੁਮਾਲਿਆਂ ਨੂੰ ਪਲਕਾਂ ਕਿਹਾ ਜਾਣ ਲੱਗਾ ਹੈ ।
ਭਗਤ ਭੀਖਨ ਜੀ ਦੀ ਬਾਣੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 659, 660 ਵਿੱਚ ਉਨ੍ਹਾ ਦੇ ਦੋ ਸ਼ਬਦ ਰਾਗ ਸੋਰਠ ਵਿੱਚ ਹਨ। ਬਾਣੀ ਦੇ ਪਹਿਲੇ ਸ਼ਬਦ ਦੀ ਮੁੱਖ ਭਾਵਨਾ ਬੈਰਾਗ ਹੈ । ਇਸ ਵਿਚ ਨਾਮ ਦੇ ਮਹੱਤਵ ਨੂੰ ਦਰਸਾਇਆ ਹੈ ਤੇ ਅਤੇ ਦੂੱਜੇ ਸ਼ਬਦ ਵਿੱਚ ਬੈਰਾਗ, ਅੰਜਨ ਮਾਹਿ ਨਿਰੰਜਨ ਦੇ ਬਾਅਦ ਅਕਾਲਪੁਰਖ ਦੀ ਪ੍ਰਾਪਤੀ ਦਾ ਜਿਕਰ ਹੈ ਤੇ ਸਤਿਗੁਰ ਦੀ ਸ਼ਰਨ ਵਿਚ ਮੁਕਤੀ ਪ੍ਰਾਪਤ ਦਾ ਰਾਹ ਦੱਸਿਆ ਹੈ।
ਹਰਿ ਕਾ ਨਾਮ ਅਮ੍ਰਿਤ ਜਲ ਨਿਰਮਲੁ ਇਹੁ ਅਖਾਉਧੁ ਸਾਰਾ
ਗੁਰ ਪਰਸਾਦਿ ਕਹੇ ਜਨ ਜਨੁ ਭੀਖਨੁ ਪਾਵਉ ਮੋਖ ਦੁਆਰਾ।।3।।
ਐਸਾ ਨਾਮ ਰਤਨ ਨਿਰਮੋਲਕ ਪੁੰਨਿ ਪਦਾਰਥ ਪਾਇਆ
ਅਨਿਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੈ ਛਪਾਇਆ
ਹਰਿ ਗੁਨ ਕਹਤੇ ਕਹਨੁ ਜਾਈ ਜੈਸੇ ਗੁੰਗੇ ਕੀ ਮਠਿਆਈ ।।ਰਹਾਉ।।
ਰਸਨਾ ਰਮਤ ਸੁਨਤ ਸੁਖ ਸੁਣਨਾ ਚਿਤ ਚੇਤੇ ਸੁਖੁ ਹੋਈ
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾ ਤਹ ਸੋਈ।।4।।]
ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ ੴ ਸਤਿਗੁਰ ਪ੍ਰਸਾਦਿ ॥
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥
ਰਾਮ ਰਾਇ ਹੋਹਿ ਬੈਦ ਬਨਵਾਰੀ ॥
ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ਅੰਗ 659
ਇਨਸਾਨ ਬੁਢੇਪੇ ਵਿਚ ਜਦ ਮਨੁਖ ਦੇ ਹਰ ਅੰਗ ਜਵਾਬ ਦੇ ਦਿੰਦੇ ਹਨ ,ਸ਼ਰੀਰ ਢਿਲਾ ਹੋ ਜਾਂਦਾ ਹੈ , ਵਾਲ ਸਫੇਦ ਹੋ ਜਾਂਦੇ ਹਨ ਪਰ ਫਿਰ ਵੀ ਮੋਹ ਮਾਇਆ ਦੇ ਜਾਲ ਵਿਚ ਇਨਸਾਨ ਫਸਿਆ ਰਹਿੰਦਾ ਹੈ । ਇਸ ਸ਼ਰੀਰਕ ਮੋਹ ਨੂੰ ਮਿਟਾਉਣ ਦਾ ਇਲਾਜ ਵੀ ਉਹ ਆਪ ਦਸਦੇ ਹਨ, ਉਹ ਹੈ ਪ੍ਰਭੂ ਦਾ ਨਾਮ ਰੂਪੀ ਅੰਮ੍ਰਿਤ। ਭੀਖਣ ਜੀ ਕਹਿੰਦੇ ਹਨ ਕਿ ਆਪਣੇ ਗੁਰੂ ਜੀ ਦੀ ਕਿਰਪਾ ਨਾਲ ਇਸਦਾ ਰਸਤਾ ਮੈਂ ਢੂੰਢ ਲਿਆ ਹੈ, ਉਹ ਹੈ ਪ੍ਰਭੁ ਦਾ ਗੁਨਗਾਨ ਕਰਨਾ ਜਿਸ ਨਾਲ ਮੋਹ ਮਾਇਆ ਦਾ ਜਾਲ ਟੁਟ ਜਾਂਦਾ ਹੈ, ਸਬਰ ਸੰਤੋਖ ਆ ਜਾਂਦਾ ਹੈ ਨਾਮ ਰਤਨ ਹਿਰਦੇ ਵਿਚ ਸਮਾ ਜਾਂਦਾ ਹੈ ॥3॥) ਭਗਤ ਭੀਖਨ ਜੀ ਦਾ ਦੂਜਾ ਸ਼ਬਦ:
ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥
ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥
ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥
ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥ ਅੰਗ 659
(ਵਾਹਿਗੁਰੂ) ਦਾ ਨਾਮ ਇੱਕ ਅਜਿਹਾ ਵਡਮੁੱਲਾ ਪਦਾਰਥ ਹੈ ਜੋ ਕਿਸਮਤ ਨਾਲ ਹੀ ਮਿਲਦਾ ਹੈ ਇਸ ਰਤਨ ਨੂੰ ਜੇਕਰ ਅਨੇਕਾਂ ਜਤਨ ਕਰਕੇ ਵੀ ਦਿਲ ਵਿੱਚ ਗੁਪਤ ਰੂਪ ਵਿੱਚ ਰੱਖਿਏ ਤਾਂ ਵੀ ਲੁਕਾਏ ਨਹੀਂ ਲੁੱਕਦਾ । ਜੋ ਈਸ਼ਵਰ ਦੇ ਗੁਣ ਗਾਉਂਦਾ ਹੈ, ਉਸਦਾ ਰਸਾ ਸਵਾਦ, ਮਨ ਦੀ ਸ਼ਾਂਤੀ ਤਾਂ ਕੇਵਲ ਉਹ ਹੀ ਦੱਸ ਸਕਦਾ ਹੈ, ਜਿਸ ਤਰ੍ਹਾਂ ਇੱਕ ਗੂੰਗੇ ਨੇ ਮਠਿਆਈ ਖਾਧੀ ਹੋਵੇ ਤਾਂ ਉਸਦਾ ਸਵਾਦ ਗੂੰਗਾ ਦੱਸ ਨਹੀਂ ਸਕਦਾ ॥ਰਹਾਉ
ਆਖਿਰ ਆਪ 1573 ਵਿਚ ਉਹ ਜੋਤੀ ਜੋਤ ਸਮਾ ਗਏ ।
ਜੋਰਾਵਰ ਸਿੰਘ ਤਰਸਿੱਕਾ ।