ਇਤਿਹਾਸ – ਭਗਤ ਸੈਣ ਜੀ

ਇੱਕ ਮਾਨਤਾ ਅਨੁਸਾਰ ਸੈਣ ਜੀ ਦਾ ਜਨਮ 15 ਵੀਂ ਸਦੀ ਦੇ ਅੱਧ ਵਿੱਚ ਹੋਇਆ। ‘ਮਹਾਨ ਕੋਸ਼` ਅਨੁਸਾਰ ਆਪ ਬਾਂਧਣਗੜ ਦੇ ‘ਰਾਜਾ ਰਾਮ` ਦੇ ਨਾਈ ਸਨ। ਰਾਮਾਨੰਦ ਜੀ ਦੀ ਸ਼ਿਸ਼ ਪਰੰਪਰਾ ਵਿੱਚ ਵੀ ਇਨ੍ਹਾਂ ਦਾ ਮਹੱਤਵਪੂਰਨ ਸਥਾਨ ਹੈ। ਇੱਕ ਰਵਾਇਤ ਅਨੁਸਾਰ ਜਦੋਂ ਇੱਕ ਰਾਤ ਆਪ ਰਾਜੇ ਦੀ ਸੇਵਾ ਵਿੱਚ ਨਾ ਜਾ ਸਕੇ ਤਾਂ ਪ੍ਰਭੂ ਉਹਨਾਂ ਦੇ ਰੂਪ ਧਾਰ ਕੇ ਆਪ ਆ ਗਿਆ। ਪ੍ਰਭੂ ਦੇ ਆਪ ਆਉਣ ਕਾਰਨ ਰਾਜੇ ਦਾ ਗਠੀਏ ਦਾ ਰੋਗ ਦੂਰ ਹੋ ਗਿਆ। ਇਉ ਰਾਜੇ ਨੂੰ ਸਾਰਾ ਭੇਦ ਸਮਝ ਆ ਗਿਆ ਅਤੇ ਸੈਣ ਪ੍ਰਤਿ ਉਸ ਦੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ। ਭਗਤ ਸੈਣ ਜੀ ਬਾਣੀ ਦਾ ਕੇਵਲ ਇੱਕ ਹੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਧੁਕੜੀ ਭਾਸ਼ਾ ਵਿੱਚ ਰਚੇ ਗਏ ਇਸ ਸ਼ਬਦ ਵਿੱਚ ਪਰਮਾਤਮਾ ਦੀ ਵਿਰਾਟ ਆਰਤੀ ਲਈ ਧੂਪ ਦੀਪ ਦੀ ਥਾਂ ਦਿਲ ਦੇ ਸੱਚੇ ਪ੍ਰੇਮ ਨੂੰ ਅਹਿਮੀਅਤ ਦਿੱਤੀ ਗਈ ਹੈ।
ਭਗਤ ਸੈਣ ਦਾ ਜਨਮ: 1390 ਈਸਵੀ, ਗਰਾਮ ਸੋਹਿਲ ਥਾਠੀਅਨ ਜਿਲਾ ਅਮ੍ਰਿਤਸਰ ਸਾਹਿਬ, ਸ਼੍ਰੀ ਮੁਕੰਦ ਰਾਏ ਜੀ ਤੇ ਮਾਤਾ ਜੀਵਨੀ ਜੀ ਦੇ ਘਰ ਹੋਇਆ ਪੇਸ਼ੇ ਵਜੋਂ ਇਹ ਸ਼ਾਹੀ ਖਾਨਦਾਨ ਬਿਦਰ ਦੇ ਰਾਜੇ ਦੇ ਨਾਈ ਸਨ ਆਤਮਕ ਗੁਰੂ: ਕਬੀਰ ਜੀ, ਰਵਿਦਾਸ ਜੀ ਅਤੇ ਸੰਤ ਗਿਆਨੇਸ਼ਵਰ ਜੀ ਸਨ ਧਰਮ ਪਤਨੀ ਦਾ ਨਾਮ ਸੁਲੱਖਨੀ ਜੀ ਸੀ
ਗੁਰੂ ਗਰੰਥ ਸਾਹਿਬ ਵਿਚ 695 ਅੰਗ ਤੇ ਇਨ੍ਹਾ ਦਾ ਇਕ ਸ਼ਬਦ ਰਾਗ ਧਨਾਸਰੀ ਵਿਚ ਦਰਜ ਹੈ
ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖੁ ਹੋਆ ਸੈਣੁ ਨਾਈ ॥
ਪ੍ਰੇਮ ਭਗਤਿ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ ॥
ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ ॥
ਛਡਿ ਨਹੀਂ ਸਕੈ ਸੰਤ ਜਨ ਰਾਜ ਦੁਆਰਿ ਨ ਸੇਵ ਕਮਾਈ ॥
ਸੈਣ ਰੂਪਿ ਹਰਿ ਜਾਇ ਕੈ ਆਇਆ ਰਾਣੈ ਨੋ ਰੀਝਾਈ ॥
ਸਾਧ ਜਨਾਂ ਨੋ ਵਿਦਾ ਕਰਿ ਰਾਜ ਦੁਆਰਿ ਗਇਆ ਸਰਮਾਈ ॥
ਰਾਣੈ ਦੂਰਹੂੰ ਸਦਿ ਕੈ ਗਲਹੁੰ ਕਵਾਇ ਖੋਲਿ ਪੈਨਹਾਈ ॥
ਵਸ ਕੀਤਾ ਹਉਂ ਤੁਧੁ ਅਜੁ ਬੋਲੈ ਰਾਜਾ ਸੁਣੈ ਲੁਕਾਈ ॥
ਪਰਗਟੁ ਕਰੈ ਭਗਤਿ ਵਡਿਆਈ ॥16॥ (ਭਾਈ ਗੁਰਦਾਸ ਜੀ, ਵਾਰ 10)
ਇਨ੍ਹਾਂ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਫਰਮਾਂਦੇ ਹਨ ਕਿ ਭਗਤਾਂ ਦੀ ਵਡਿਆਈ ਬੇਅੰਤ ਹੈ। ਹਜਾਰਾਂ ਵਿੱਚ, ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਅਤੇ ਜਾਪ ਕਰਕੇ ਜਗਤ ਵਿੱਚ ਜਸ ਕਮਾਇਆ ਹੈ। ਅਜਿਹੇ ਭਗਤਾਂ ਵਿੱਚੋਂ ਪ੍ਰਸਿੱਧ ਭਗਤ ਸੈਨ ਜੀ ਵੀ ਹੋਏ ਹਨ ਹੇਠ ਲਿਖੇ ਗੁਰਬਾਣੀ ਦੇ ਪਵਿੱਤਰ ਮਹਾਂ ਵਾਕ ਅਨੁਸਾਰ ਨਾਈ ਬਰਾਦਰੀ ਵਿੱਚ ਜਨਮ ਲੈਣ ਵਾਲੇ ਤੇ ਲੋਕਾਂ ਦੀਆਂ ਗੰਢਾਂ ਬੁੱਤੀਆਂ (ਵਗਾਰਾਂ) ਕਰਨ ਵਾਲੇ ਭਗਤ ਸ੍ਰੀ ਸੈਣ ਜੀ ਅਧਿਆਤਮਿਕ ਬਲ ਨਾਲ ਰੂਹਾਨੀਅਤ ਸ਼ਕਤੀ ਵਿੱਚ ਭਰਪੂਰ ਭਗਤਾਂ ਦੀ ਸਫ (ਕਤਾਰ) ਵਿੱਚ ਆ ਖਲੋਤੇ ਹਨ। ਜਿਨ੍ਹਾਂ ਦੀ ਗਿਣਤੀ ਸ਼੍ਰੋਮਣੀ ਭਗਤਾਂ ਵਿੱਚ ਸ਼ੁਮਾਰ ਹੋ ਚੁੱਕੀ ਹੈ।
” ਸੈਨ ਨਾਈ ਬੁਤਕਾਰੀਆ, ਉਹ ਘਰ-ਘਰ ਸੁਣਿਆ॥
ਹਿਰਦੇ ਵਸਿਆ ਪਾਰਬ੍ਰਹਮ ਭਗਤਾਂ ਮੇਂ ਗਨਿਆ॥ਰਾਗ ਆਸਾ
ਭਗਤ ਸ੍ਰੀ ਸੈਣ ਜੀ ਦੀ ਇੱਕ ਜੀਵਨ ਗਾਥਾ ਅਨੁਸਾਰ ਭਗਤ ਜੀ ਉਥੋਂ ਦੇ ਰਾਜਾ ਦੀ ਨੋਕਰੀ ਕਰਦੇ ਸੀ ਰੋਜ਼ ਰਾਤ ਨੂੰ ਮਾਲਸ਼ ਕਰਨ ਰਾਤਰੀ ਸਮੇਂ ਜਾਇਆ ਕਰਦੇ ਸਨ। ਇੱਕ ਦਿਨ ਰਾਜ ਮਹਿਲ ਵਿੱਚ ਜਾਣ ਸਮੇਂ ਸ੍ਰੀ ਸੈਣ ਜੀ ਨੂੰ ਸਾਧੂ ਮੰਡਲੀ ਮਿਲੀ ਪਈ ਜਿਨ੍ਹਾ ਦੀ ਪੂਰੀ ਰਾਤ ਕੀਰਤਨ ਕਰਨ ਦੀ ਸਲਾਹ ਸੀ । ਉਹ ਸਾਧੂਆਂ ਨੂੰ ਨਾਲ ਲੈ ਕੇ ਆਪਣੇ ਘਰ ਚਲੇ ਗਏ। ਸਾਧੂਆਂ ਨਾਲ ਗਿਆਨ ਚਰਚਾ ਕਰਦਿਆਂ ਪ੍ਰਭੂ ਦੇ ਗੁਣ-ਗਾਇਨ ਕਰਦਿਆਂ ਸਾਰੀ ਰਾਤ ਕਿਸ ਤਰ੍ਹਾ ਗੁਜਰ ਗਈ ਪਤਾ ਹੀ ਨਹੀਂ ਚਲਿਆ । ਸੰਤਾਂ ਨਾਲ ਅਜਿਹੇ ਮਸਤ ਹੋਏ ਕਿ ਰਾਜਾ ਜੀ ਦੀ ਡਿਊਟੀ ਕਰਨ ਦਾ ਖਿਆਲ ਹੀ ਭੁੱਲ ਗਿਆ। ਸਵੇਰੇ ਅੰਮ੍ਰਿਤ ਵੇਲੇ ਸਾਧੂਆਂ ਦੀ ਟੋਲੀ ਸ੍ਰੀ ਸੈਣ ਜੀ ਤੋਂ ਆਗਿਆ ਲੈ ਕੇ ਵਿਦਾਅ ਹੋ ਗਈ । ਸਾਧੂਆਂ ਦੇ ਜਾਣ ਸਾਰ ਹੀ ਤੁਰੰਤ ਉਨ੍ਹਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਤੁਰੰਤ ਰਾਜਾ ਦੇ ਮਹਿਲਾਂ ਵੱਲ ਟੁਰ ਪਏ। ਜਾਣ ਸਾਰ ਆਪਣੀ ਗੈਰ-ਹਾਜ਼ਰੀ ਦੇ ਡਰੋਂ ਨਿਮੋਝੂਣੇ ਰੌਂ ਵਿੱਚ ਜਾ ਕੇ ਰਾਜਾ ਨੂੰ ਨਮਸਕਾਰ ਕੀਤਾ ਤੇ ਰਾਤ ਨਾ ਆਉਣ ਦੀ ਵਜ੍ਹਾ ਦੱਸਣ ਲਈ ਸ਼ਕਤੀ ਇਕੱਠੀ ਕਰਨ ਲੱਗੇ । ਚਿੰਤਤ ਹੋ ਉਠੇ ਕਿ ਕਿਤੇ ਰਾਜਾ ਕੰਮ ਤੋਂ ਜਵਾਬ ਹੀ ਨਾ ਦੇ ਦੇਵੇ। ਪ੍ਰੇਮਸ਼ਵਰ ਆਪਣੇ ਪਿਆਰੇ ਭਗਤਾਂ ਦੀ ਲਾਜ ਤਾਂ ਹਮੇਸ਼ਾ ਹੀ ਰਖਦਾ ਆਇਆ ਹੈ । ਸ੍ਰੀ ਸੈਣ ਜੀ ਦੀ ਗੈਰ ਹਾਜ਼ਰੀ ਵਿੱਚ ਸਰਬ-ਸ਼ਕਤੀਆਂ ਦੇ ਮਾਲਕ ਪ੍ਰਭੂ ਆਪ ਖੁੱਦ ਹਾਜ਼ਰ ਹੋ ਕੇ ਸੈਣ ਜੀ ਦੀ ਡਿਊਟੀ ਨਿਭਾਈ।
ਭਗਤ ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੀ ਐਸੀ ਮਾਲਸ਼ ਕੀਤੀ ਕਿ ਉਸਦੇ ਯੁੱਗਾਂ ਯੁਗੰਤਰਾਂ ਦੇ ਦਰਦ ਹਰਨ ਹੋ ਗਏ ,ਰੋਗ ਕੱਟੇ ਗਏ। ਜਦੋਂ ਭਗਵਾਨ ਦੇ ਹੱਥਾਂ ਦਾ ਸੰਪਰਸ਼ ਰਾਜਾ ਜੀ ਦੇ ਸਰੀਰ ਨਾਲ ਹੋਇਆ ਤਾਂ ਰਾਜਾ ਜੀ ਦੀ ਦੇਹ ਸਦਾ ਲਈ ਆਰੋਗ ਹੋ ਗਈ।
ਰਾਜਾ ਬਹੁਤ ਹੀ ਖੁਸ਼ ਸੀ ਭਗਤ ਸ੍ਰੀ ਸੈਨ ਜੀ ਨੂੰ ਮੁਖਾਤਿਬ ਕਰਕੇ ਕਹਿਣ ਲੱਗੇ ਬਈ ਸੈਣ! ਕੀ ਗੱਲ ਕੁਝ ਪ੍ਰੇਸ਼ਾਨ ਲੱਗ ਰਿਹਾ ਹੈ ਤੇਰੀ ਅਜ ਦੀ ਸੇਵਾ ਤੋਂ ਤਾਂ ਮੈਂ ਬਹੁਤ ਖੁਸ਼ ਹਾਂ। ਅਜ ਰਾਤ ਦੀ ਮਾਲਿਸ਼ ਨੇ ਤੇ ਲਗਦਾ ਹੈ ਮੇਰੇ ਜਨਮ ਜਨਮ ਦੇ ਰੋਗ ਕਟ ਦਿਤੇ ਹਨ ਰਾਜਾ ਜੀ ਦੇ ਉਦਾਰਤਾ ਭਰੇ ਬੋਲ ਸੁਣ ਕੇ ਭਗਤ ਸੈਣ ਜੀ ਹੈਰਾਨ ਹੋ ਉਠੇ ਤੇ ਸੋਚਣ ਲੱਗੇ ਕਿਤੇ ਰਾਜਾ ਜੀ ਜਾਣ ਬੁਝ ਕੇ ਨਰਾਜ਼ਗੀ ਵਿਚ ਤਾਂ ਅਜਿਹੀ ਗੱਲ ਨਹੀਂ ਕਹਿ ਰਹੇ । ਉਨ੍ਹਾਂ ਤੁਰੰਤ ਹੱਥ ਜੋੜ ਕੇ ਸਨਿਮਰ ਢੰਗ ਨਾਲ ਬੇਨਤੀ ਕੀਤੀ ਮਹਾਰਾਜਾ! ਮੇਰੇ ਪਾਸੋਂ ਕਠੋਰ ਗਲਤੀ ਹੋ ਗਈ, ਰਾਤ ਨੂੰ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਨਹੀਂ ਹੋ ਸਕਿਆ। ਮੈਨੂੰ ਖਿਮਾ ਕਰ ਦਿਉ ਅੱਗੋਂ ਅਜਿਹੀ ਭੁੱਲ ਨਹੀਂ ਕਰਾਂਗਾ। ਰਾਜਾ ਜੀ ਨੇ ਫਿਰ ਆਪਣੀ ਗਲ ਦੁਹਰਾਈ ।ਗੱਲ ਸੁਣ ਕੇ ਭਗਤ ਸ੍ਰੀ ਸੈਣ ਜੀ ਸੋਚੀਂ ਪੈ ਗਏ,” ਮੈਂ ਤਾਂ ਆਇਆ ਨਹੀਂ ਉਹ ਕੌਣ ਸੀ, ਜੋ ਮੇਰੀ ਥਾਂ ਰਾਜਾ ਜੀ ਦੀ ਖਿਦਮਤਦਾਰੀ ਕਰ ਗਿਆ ਹੈ”। ਹਿੰਮਤ ਕਰਕੇ ਬੋਲ ਪਏ। ਮਹਾਰਾਜ ਮੈਂ ਸੱਚ ਕਹਿੰਦਾ ਹਾਂ ਮੈਂ ਰਾਤ ਨਹੀਂ ਆਇਆ ਜਦੋਂ ਮੈਂ ਤੁਹਾਡੇ ਵੱਲ ਆ ਰਿਹਾ ਸੀ ਤਾਂ ਸਾਧੂ ਸੰਤਾਂ ਦੀ ਇੱਕ ਟੋਲੀ ਮੈਨੂੰ ਮਿਲ ਪਈ। ਮੈਂ ਉਨ੍ਹਾਂ ਨੂੰ ਘਰ ਲੈ ਗਿਆ ਤੇ ਸਾਰੀ ਰਾਤ ਭਜਨ ਕੀਰਤਨ ’ਚ ਸਮਾਂ ਬਤੀਤ ਹੋ ਗਿਆ, ਬੇਸ਼ੱਕ ਆਪ ਕਿਸੇ ਸੇਵਾਦਾਰ ਨੂੰ ਭੇਜ ਕੇ ਪਤਾ ਕਰ ਲਵੋ। ਰਾਜਾ ਬਹੁਤ ਹੈਰਾਨ ਹੋਇਆ ਤੇ ਉਸ ਨੂੰ ਗਿਆਨ ਹੋ ਗਿਆ ਕਿ ਸੈਣ ਇੱਕ ਪਹੁੰਚਿਆ ਹੋਇਆ ਭਗਤ ਹੈ ਜਿਸਦੀ ਲਾਜ ਰਖਣ ਵਾਸਤੇ ਭਗਵਾਨ ਖੁਦ ਅਰਸ਼ਾਂ ਤੋ ਉੱਤਰ ਕੇ ਆਇਆ ਹੈ ਮੇਰੀ ਸੇਵਾ ਕਰਨ ਵਾਸਤੇ। ਰਾਜੇ ਨੇ ਸਤਕਾਰ ਵਜੋਂ ਤੁਰੰਤ ਆਪਣੇ ਗਲੇ ’ਚੋਂ ਸੋਨੇ ਦੀ ਜੰਜ਼ੀਰੀ ਲਾਹ ਕੇ ਭਗਤ ਸੈਣ ਨੂੰ ਪਹਿਨਾ ਦਿੱਤੀ ਤੇ ਉਚਾ ਰੁਤਬਾ ਦੇ ਕੇ ਆਪਣੇ ਪਾਸ ਸਦਾ ਲਈ ਹੀ ਭਗਤ ਸੈਣ ਜੀ ਨੂੰ ਰੱਖ ਲਿਆ। ਇਸ ਗਾਥਾ ਦੀ ਪਰੋੜਤਾ ਰੂਹਾਨੀ ਜਗਤ ਦੀ ਸਿਰਮੌਰ ਸਖਸ਼ੀਅਤ ਤੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਵੀ ਆਪਣੀ ਉਚਾਰਨ ਕੀਤੀ ਇੱਕ ਪੌੜੀ ’ਚ ਬਿਆਨ ਕੀਤੀ ਹੈ।
ਆਪ ਜੀ ਨੇ 98 ਸਾਲਾਂ ਦੀ ਉਮਰ ਭੋਗੀ ਮੰਨੀ ਜਾਂਦੀ ਹੈ। ਸੰਨ 1440 ਈਸਵੀ ਵਿਚ ਦੇਹ ਤਿਆਗ ਦਿਤੀ ਭਗਤ ਸ੍ਰੀ ਸੈਣ ਜੀ ਦੀ ਯਾਦਗਾਰੀ ਇਮਾਰਤ ਪਿੰਡ ਪਰਤਾਬਪੁਰਾ ਜ਼ਿਲ੍ਹਾ ਜਲੰਧਰ ਵਿਖੇ ਬਣੀ ਹੋਈ ਹੈ।
ਜੋਰਾਵਰ ਸਿੰਘ ਤਰਸਿੱਕਾ ।
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top