ਇਤਿਹਾਸ – ਭਗਤ ਫਰੀਦ ਜੀ
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥78॥
ਬਾਬਾ ਫਰੀਦ ਪੰਜਾਬ ਦੇ ਉਨ੍ਹਾਂ ਮਹਾਨ ਸੂਫ਼ੀ ਦਰਵੇਸ਼ਾਂ ਵਿਚੋਂ ਹਨ ਜਿਨ੍ਹਾਂ ਨੇ ਆਪਣੇ ਰੂਹਾਨੀ ਸੰਦੇਸ਼ ਅਤੇ ਮਿੱਠੀ ਸ਼ਾਇਰੀ ਰਾਹੀਂ ਪੰਜਾਬੀ ਅਦਬ ਦੀ ਸੂਫ਼ੀਆਨਾ ਰਵਾਇਤ ਦਾ ਮੁੱਢ ਬੰਨਿਆਂ। ਬਾਬਾ ਫਰੀਦ ਕਾਬਲ ਦੇ ਬਾਦਸ਼ਾਹ ਫ਼ਰਖ਼ ਸ਼ਾਹ ਆਦਲ ਦੇ ਖ਼ਾਨਦਾਨ ਵਿਚੋਂ ਸਨ। ਪਰ ਜਦੋਂ ਕਾਬਲ ਗ਼ਜ਼ਨੀ ਦੇ ਅਧੀਨ ਹੋ ਗਿਆ ਤਾਂ ਫਰੀਦ ਦੇ ਦਾਦਾ ਕਾਜ਼ੀ ਸ਼ੇਖ਼ ਸ਼ੁਐਬ ਆਪਣੇ ਪਰਿਵਾਰ ਨੂੰ ਲੈ ਕੇ ਪੰਜਾਬ ਵਿਚ ਆ ਵਸੇ। ਬਾਬਾ ਫਰੀਦ ਦੇ ਪਿਤਾ ਜਮਾਲਉੱਦੀਨ ਸੁਲੇਮਾਨ ਮਹੁੰਮਦ ਗ਼ੌਰੀ ਦੇ ਜ਼ਮਾਨੇ ਵਿਚ ਪੱਛਮੀ ਪੰਜਾਬ ਦੇ ਕਸਬੇ ਕੋਠੀਵਾਲ, ਸੂਬਾ ਮੁਲਤਾਨ, ਦੇ ਕਾਜ਼ੀ ਮੁਕੱਰਰ ਹੋਏ।ਇਹ ਉਹ ਸਮਾ ਸੀ ਜਦੋਂ ਭਾਰਤ ਵਿਚ ਇਸਲਾਮੀ ਹਕੂਮਤ ਦੀ ਸਥਾਪਤੀ ਹੋ ਚੁੱਕੀ ਸੀ ਅਤੇ ਕੁਤਬੁੱਦਦੀਨ ਵਰਗੇ ਕੁਝ ਸ਼ਾਸਕਾਂ ਨੇ ਤਾਕਤ ਦੇ ਜ਼ੋਰ ਨਾਲ ਇਸਲਾਮ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵੈਰ-ਵਿਰੋਧ ਦੀ ਭਾਵਨਾ ਫੈਲ ਰਹੀ ਸੀ।
ਇਸੇ ਸਮੇਂ ਹੀ ਇੱਥੇ ਮੁਸਲਿਮ ਪੀਰ ਫ਼ਕੀਰਾਂ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਸੀ। ਇਨ੍ਹਾਂ ਸੂਫ਼ੀ ਸੰਤਾਂ ਨੇ ਰੱਬੀ ਪਿਆਰ ਅਤੇ ਭਾਈਚਾਰੇ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਵਿਚ ਬਹੁਤ ਮਕਬੂਲ ਹੋ ਗਏ। ਇਹ ਦੌਰ ਭਗਤੀ ਲਹਿਰ ਅਤੇ ਸੂਫ਼ੀ ਲਹਿਰ ਦੇ ਸਮਾਨੰਤਰ ਉਭਾਰ ਦਾ ਦੌਰ ਹੈ। ਜੇ ਭਗਤੀ ਲਹਿਰ ਨੇ ਮੁਗ਼ਲ ਸਾਮੰਤਵਾਦ ਦੇ ਆਰਥਕ ਸ਼ੋਸ਼ਣ ਅਤੇ ਕੱਟੜ ਮਜ਼੍ਹਬੀ ਨੀਤੀ ਕਾਰਣ ਦਹਿਸ਼ਤ ਅਤੇ ਦਮਨ ਦੇ ਸੰਤਾਪੇ ਹੋਏ ਹਿੰਦੂ ਸਮਾਜ ਦੇ ਨੈਤਿਕ ਮਨੋਬਲ ਨੂੰ ਉਭਾਰਣ ਦਾ ਉਪਰਾਲਾ ਕੀਤਾ ਸੀ ਤਾਂ ਸੂਫ਼ੀ ਲਹਿਰ ਨੇ ਇਸਲਾਮ ਦੀ ਰਹੱਸਵਾਦੀ ਵਿਆਖਿਆ ਰਾਹੀਂ ਬੰਦੇ ਅਤੇ ਖ਼ੁਦਾ ਦੀ ਬੁਨਿਆਦੀ ਏਕਤਾ ਉੱਤੇ ਬਲ ਦਿੱਤਾ। ਇਸਲਾਮ ਦੇ ਇਸ ਉਦਾਰਵਾਦੀ ਸਰੂਪ ਨੇ ਸ਼ਰ੍ਹਈ ਕੱਟੜਤਾ ਨਾਲੋਂ ਰੱਬੀ ਪਿਆਰ (ਇਸ਼ਕ-ਹਕੀਕੀ) ਨੂੰ ਜੀਵਨ-ਜਾਚ ਦਾ ਆਧਾਰ ਬਣਾਇਆ।
ਇਨ੍ਹਾ ਵਕਤਾਂ ਵਿਚ ਹੀ ਬਾਬੇ ਫ਼ਰੀਦ ਦਾ ਜਨਮ ਸੰਨ 1173 ਪਿੰਡ ਖੇਤਵਾਲ, ਜ਼ਿਲ੍ਹਾ ਮੁਲਤਾਨ ( ਪਾਕਿਸਤਾਨ) ਵਿੱਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਂਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ ਸੀ । ਬਾਬਾ ਫ਼ਰੀਦ ਦਾ ਪੂਰਾ ਨਾਮ ਸ਼ੇਖ਼ ਫ਼ਰੀਦਉੱਦੀਨ ਮਸਊਦ ਗੰਜਿ-ਸ਼ਕਰ ਸੀ। ਉਹਨਾਂ ਦੇ ਪਿਤਾ ਬਾਬਾ ਫ਼ਰੀਦ ਜੀ ਨੂੰ ਕੇਵਲ 18 ਮਹੀਨੇ ਦੀ ਉਮਰ ਵਿੱਚ ਛੱਡ ਕੇ ਗੁਜਰ ਗਏ ਸਨ। ਉਨ੍ਹਾ ਦੀ ਮਾਤਾ ਕਰਸੂਮ ਸੁਭਾਅ, ਕਰਮ ਅਤੇ ਸ਼ਰੀਰ ਵਲੋਂ ਇੰਨੀ ਪਵਿਤਰ ਅਤੇ ਸੁੰਦਰ ਸੀ ਕਿ ਲੋਕ ਉਨ੍ਹਾਂ ਨੂੰ ਪਿਆਰ ਅਤੇ ਸ਼ਰਧਾ ਵਲੋਂ ਮਾਤਾ ਮਰੀਅਮ ਕਹਿਕੇ ਬੁਲਾਉਂਦੇ ਸਨ। ਮਾਤਾ ਮਰੀਅਮ (ਕਰਸੂਮ) ਜੀ ਦੀ ਮਾਂ ਹਜਰਤ ਅਲੀ ਦੇ ਖਾਨਦਾਨ ਵਿੱਚੋਂ ਸਨ। ਮਾਤਾ ਮਰੀਅਮ (ਕਰਸੂਮ) ਜੀ ਵਿੱਚ ਪ੍ਰਭੂ ਦੀ ਭਗਤੀ ਦੇ ਕਾਰਣ ਕੁੱਝ ਨਿਰਾਲੀ ਸ਼ਕਤੀਆਂ ਸਨ। ਪਰ ਉਹ ਕਦੇ ਇਨ੍ਹਾਂ ਦੀ ਨੁਮਾਇਸ਼ ਨਹੀਂ ਕਰਦੀ ਸੀ।
ਫਰੀਦ ਜੀ ਨੇ ਮੁਢਲੀ ਵਿਦਿਆਂ ਆਪਣੀ ਮਾਤਾ ਕੁਰਸੂਮ ਕੋਲੋਂ ਹੀ ਪ੍ਰਾਪਤ ਕੀਤੀ 15 ਸਾਲ ਤਕ ਹੱਜ ਦੀ ਰਸਮ ਪੂਰੀ ਕਰਕੇ ਹਾਜੀ ਦੀ ਪਦਵੀ ਹਾਸਲ ਕੀਤੀ ਮਜੀਦ ਮੌਲਾਨਾ ਅਬੂ ਹਾਫ਼ਜ਼ ਕੋਲੋਂ ਕੁਰਾਨ ਪੜਿਆ ਤੇ ਸਾਰਾ ਕੁਰਾਨ ਯਾਦ ਕਰਕੇ ਹਾਫ਼ਿਜ਼ ਬਣ ਗਏ ਇਨ੍ਹਾ ਦੇ ਤਿੰਨ ਵਿਆਹ ਹੋਏ , ਪਹਿਲੀ ਪਤਨੀ ਦਿਲੀ ਦੇ ਬਾਦਸ਼ਾਹ ਬਲਬਨ ਦੀ ਪੁਤਰੀ ਸੀ । ਪੰਜ ਪੁਤਰ ਤੇ ਤਿਨ ਧੀਆਂ ਨੇ ਜਨਮ ਲਿਆ ਉਸਤੋਂ ਬਾਅਦ ਉਹ ਪਾਕਪਟਨ (ਪਾਕਿਸਤਾਨ) ਚਲੇ ਗਏ ਜਿਥੇ ਉਨ੍ਹਾ ਨੇ ਬੜੀ ਕੜੀ ਸਾਧਨਾ ਕੀਤੀ, ਇਲਾਹੀ ਪਿਆਰ, ਭਗਤੀ ਤੇ ਉਚ ਸਦਾਚਾਰ ਦਾ ਪ੍ਰਚਾਰ ਕੀਤਾ ਇਸ ਪਿਛੋਂ ਉਹ ਬਗਦਾਦ ਗਏ ਜਿੱਥੇ ਉਹਨਾਂ ਨੇ ‘ਅਬਦੁਲ ਕਾਦਰ ਜੀਲਾਨੀ`, ‘ਸ਼ੇਖ ਸ਼ਿਰਾਬੁਦੀਨ ਸੁਹਰਾਵਰਦੀ`, ‘ਖਵਾਜ਼ਾ ਮੁਅਈਉਨਦੀਨ ਚਿਸ਼ਤੀ` ਤੇ ‘ਸ਼ੇਖ ਕਿਰਸਾਨੀਂ` ਆਦਿ ਦੀ ਸੰਗਤ ਵਿਚ ਰਹਿ ਬਹੁਤ ਕੁਝ ਸਿਖਿਆ ।” ਸੂਫ਼ੀਵਾਦ ਦੇ ਪ੍ਰਸਿੱਧ ਸਮਕਾਲੀ ਪਾਕਿਸਤਾਨੀ ਵਿਦਵਾਨ ਕਾਜ਼ੀ ਜਾਵੇਦ ਨੇ ਆਪਣੀ ਪੁਸਤਕ ਪੰਜਾਬ ਦੀ ਸੂਫ਼ੀਆਨਾ ਰਵਾਇਤ ਵਿਚ ਲਿਖਿਆ ਹੈ ਕਿ ਸੂਫੀਆਂ ਵਿਚੋਂ ਮੁਹੱਬਤ, ਇਨਸਾਨ-ਦੋਸਤੀ, ਉਦਾਰਤਾ, ਸੰਗੀਤ ਅਤੇ ਹੋਰਨਾਂ ਕੋਮਲ ਕਲਾਵਾਂ ਨਾਲ ਲਗਾਉ ਚਿਸ਼ਤੀ ਬਜ਼ੁਰਗਾਂ ਦੇ ਨਿੱਖੜਵੇਂ ਗੁਣ ਹਨ!
ਇਨ੍ਹਾਂ ਨੇ ਆਪਣੇ ਪ੍ਰਚਾਰ ਦਾ ਕੇਂਦਰ ਅਜੋਧਨ (ਪਾਕਪਟਨ) ਨੂੰ ਬਣਾਇਆ। ਇਨ੍ਹਾਂ ਨੇ ਆਪਣੇ ਪੀਰਾਂ ਅਤੇ ਮੁਰਸ਼ਦਾਂ ਦੇ ਕਹਿਣ ਉੱਤੇ 18 ਸਾਲਾਂ ਤਕ ਗ਼ਜ਼ਨੀ, ਬਗ਼ਦਾਦ, ਸੀਰੀਆ, ਈਰਾਨ ਆਦਿ ਇਸਲਾਮੀ ਮੁਲਕਾਂ ਦਾ ਸਫ਼ਰ ਕੀਤਾ ਅਤੇ ਆਪਣੇ ਵੇਲੇ ਦੇ ਪ੍ਰਸਿੱਧ ਸੂਫ਼ੀ ਫ਼ਕੀਰਾਂ ਨੂੰ ਮਿਲੇ।.ਇਨ੍ਹਾਂ ਨੂੰ ਆਪਣੇ ਜੀਵਨ-ਕਾਲ ਵਿਚ ਹੀ ਇੰਨੀ ਪ੍ਰਸਿੱਧੀ ਹਾਸਿਲ ਹੋ ਗਈ ਸੀ ਕਿ ‘ਸੀਅਰੁਲ ਔਲੀਆ’ ਪੁਸਤਕ ਦੇ ਲੇਖਕ ਹਜ਼ਰਤ ਕ੍ਰਿਮਾਨੀ ਨੇ ਇਨ੍ਹਾਂ ਨੂੰ ‘ਪੀਰਾਂ ਦਾ ਪੀਰ’ ਆਖਿਆ ਹੈ।
ਮਕੇ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪੰਜਾਬ ਵਿਚ ਆਉਣ ਤੇ ਜਦ ਉਹ ਮੁਲਤਾਨ ਵਿਚ ਉਸ ਵੇਲੇ ਦੇ ਪ੍ਰਸਿਧ ਸੂਫ਼ੀ ਫਕੀਰ ਖਵਾਜਾ ਬ੍ਖਤੀਅਰ ਕਾਕੀ ਨੂੰ ਮਿਲੇ ਤਾ ਇਤਨੇ ਪਰਭਾਵਿਤ ਹੋਏ ਕੀ ਉਨ੍ਹਾ ਦੇ ਹੋ ਕੇ ਰਹਿ ਗਏ ਤੇ ਉਨ੍ਹਾ ਨਾਲ ਹੀ ਦਿਲੀ ਆ ਗਏ । ਕਾਕੀ ਜੀ ਨੇ ਫ਼ਰੀਦ ਨੂੰ ਗਿਆਨ ਬਖ਼ਸ ਕੇ ਹਰ ਇੱਕ ਗੁਣਾ ਪੱਖੋਂ ਪਰਪੱਕ ਕਰ ਦਿੱਤਾ। ਲੰਮੇ ਫ਼ਾਕੇ ਕੱਟਣ, ਮਨ ਦੀ ਗ਼ਰੀਬੀ ਧਾਰਨ, ਰੋਜੇ ਨਮਾਜ਼ ਵਾਲਾ ਸ਼ਰੱਈ ਜੀਵਨ ਬਿਤਾਉਣ ਤੇ ਸਬਰ ਸੰਤੋਖ ਨਾਲ ਰਹਿਣ ਵਿਚੋਂ ਫ਼ਰੀਦ ਜੀ ਉਤਨੇ ਹੀ ਸਿਰਕੱਢ ਸਨ ਜਿਤਨੇ ਕਾਕੀ ਜੀ | ਇਸ ਸਾਧਨਾਂ ਦਾ ਫ਼ਲ ਇਹ ਹੋਇਆ ਕਿ ਕਾਕੀ ਜੀ ਦੇ ਅਕਾਲ ਚਲਾਣੇ ਸਮੇਂ ਫ਼ਰੀਦ ਜੀ ਨੂੰ ਆਪਣਾ ਖ਼ਲੀਫਾ ਥਾਪ ਗਏ ਤੇ ਬਾਅਦ ਵਿਚ ਚਿਸ਼ਤੀ ਸੰਪ੍ਰਦਾਇ ਦੇ ਪ੍ਰਸਿਧ ਮੁਖੀ ਬਣੇ। ਸ਼ੇਖ਼ ਫ਼ਰੀਦ ਨੇ ਬਾਰਾਂ ਸਾਲ ਇੱਥੇ ਰਹੇ ਤੇ ਫਿਰ ਵਾਪਸ ਪਾਕਪਟਨ ਚਲੇ ਗਏ ਹਾਂਸੀ ਨੂੰ ਸੂਫ਼ੀਆਂ ਦੇ ਗੜ੍ਹ ਵਜੋਂ ਸਥਾਪਿਤ ਤੇ ਵਿਕਸਿਤ ਕਰਨ ਦਾ ਸਿਹਰਾ ਸ਼ੇਖ਼ ਫ਼ਰੀਦ ਸ਼ਕਰਗੰਜ ਦੇ ਸਿਰ ਬੱਝਦਾ ਹੈ। “ਜਦੋਂ ਫ਼ਰੀਦ ਜੀ ਨੇ ਚਿਸ਼ਤੀ ਪੰਥ ਦੀ ਵਾਗ ਡੋਰ ਸੰਭਾਲੀ ਉਦੋ ਹਿੰਦੁਸਤਾਨ ਵਿੱਚ ਸੂਫ਼ੀਆਂ ਦੇ ਦੋ ਹੋਰ ਵੱਡੇ ਫ਼ਿਰਕੇ, ਕਾਦਰੀ ਤੇ ਸੁਹਰਾਵਰਦੀ ਵੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ। ਬਾਬਾ ਫ਼ਰੀਦ ਜੀ ਤੇ ਅੱਗੋਂ ਉਹਨਾਂ ਦੇ ਖਲੀਫ਼ੇ ਸ਼ੇਖ ਨਿਜਾਮੁੱਦ-ਦੀਨ ਔਲੀਆਂ ਨੇ ਚਿਸ਼ਤੀ ਸੰਪ੍ਰਦਾਇ ਨੂੰ ਐਸੀ ਟੀਸੀ ਉੱਤੇ ਪਹੁੰਚਾਇਆ ਕਿ ਸੁਹਰਾਵਰਦੀ ਤਾਂ ਬੱਸ ਮੁਲਤਾਨ ਜੋਗੇ ਹੀ ਰਹਿ ਗਏ ਤੇ ਕਾਦਰੀ ਵੀ ਕੋਈ ਬਹੁਤੀ ਤਰੱਕੀ ਨਾ ਕਰ ਸਕੇ। ਇਸ ਵੇਲੇ ਸੂਫ਼ੀ ਸਿਲਸਿਲਆ ਵਿਚੋਂ ਚਿਸ਼ਤੀ ਸਿਲਸਿਲਾ ਹਿੰਦੁਸਤਾਨ ਤੇ ਪਾਕਿਤਸਾਨ ਵਿੱਚ ਸਭ ਤੋਂ ਵੱਡਾ ਸਿਲਸਿਲਾ ਹੈ।”
ਚਿਸ਼ਤੀ ਸੰਪ੍ਰਦਾਇ ਦਾ ਸਿਲਸਲਾ ਖਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਕਹਿੰਦੇ ਹਨ ਕਿ ਉਨ੍ਹਾ ਨੇ ਫ਼ਕੀਰੀ ਦੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ ਤੇ ਆਪਣੀਆ ਤੇਰਾਂ ਪੁਸ਼ਤਾਂ ਤਕ ਇਸ ਪਿੰਡ ‘ਚਿਸ਼ਤ` ਨੂੰ ਹੀ ਆਪਣਾ ਟਿਕਾਣਾ ਬਣਾਈ ਰੱਖਿਆ। ਇਨ੍ਹਾ ਦੀ 14 ਵੀ ਪੁਸ਼ਤ ਖਵਾਜਾ ਮੁਈਨੱਦਦੀਨ ਨੇ ਚਿਸ਼ਤੀ ਸੰਪ੍ਰਦਾਇ ਦੀ ਨੀਂਹ ਰੱਖੀ, ਜਿਨ੍ਹਾ ਨੇ ਮੁਲਤਾਨ ਆਕੇ ਆਪਣੀ ਗੱਦੀ ਖਵਾਜਾ ਕੁਤਬੁੱਦ-ਦੀਨ ਬਖ਼ਤਯਾਰ ਕਾਕੀ ਚਿਸ਼ਤੀ ਨੂੰ ਬਖ਼ਸੀ । ਉਸ ਵੇਲੇ ‘ਮੁਲਤਾਨ` ਉੱਤਰ ਪੱਛਮੀ ਹਿੰਦੁਸਤਾਨ ਦੇ ਵਪਾਰ, ਸੱਭਿਆਚਾਰ ਤੇ ਰਾਜਨੀਤੀ ਦਾ ਇੱਕ ਬਹੁਤ ਵੱਡਾ ਇਸਲਾਮੀ ਕੇਂਦਰ ਸੀ | ਹੋਰ ਦੇਸ਼ਾਂ ਵਿਚੋਂ ਮੌਲਵੀ ਤੇ ਸੂਫ਼ੀ ਹੁੰਮ ਹੁੰਮਾ ਕੇ ਮੁਲਤਾਨ ਪਹੁੰਚਿਆ ਕਰਦੇ ਸਨ। ਇਸ ਥਾਂ ਦੀਆਂ ਸ਼ਾਨਦਾਰ ਮਸੀਤਾਂ, ਵਿਦਿਆਲੇ ਸਨ ਅਤੇ ਉੱਚ ਇਸਲਾਮੀ ਸਿੱਖਿਆ ਲਈ ਇਹ ਥਾਂ ਬਹੁਤ ਮਸ਼ਹੂਰ ਸੀ। ਇਸੇ ਸਥਾਨ ਤੇ ਹੀ ਇੱਕ ਦਿਨ ਕਾਕੀ ਜੀ ਵੀ ਆਏ ਅਤੇ ਉਨ੍ਹਾ ਦਾ ਫ਼ਰੀਦ ਜੀ ਨਾਲ ਇੱਕ ਮਸੀਤ ਵਿੱਚ ਮਿਲਾਪ ਹੋਇਆ
ਦਿੱਲੀ ਵਿਚ ਉਨ੍ਹਾਂ ਦੀ ਬਹੁਤ ਆਉ-ਭਗਤ ਹੋਈ। ਦਿੱਲੀ ਦਾ ਸੁਲਤਾਨ ਬਲਬਨ ਵੀ ਉਨ੍ਹਾਂ ਦੀ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਆਪਣੀ ਧੀ ਦਾ ਰਿਸ਼ਤਾ ਬਾਬਾ ਫਰੀਦ ਨਾਲ ਕਰਨਾ ਚਾਹਿਆ। ਫਰੀਦ ਨੇ ਇਹ ਰਿਸ਼ਤਾ ਤਾਂ ਪ੍ਰਵਾਨ ਕਰ ਲਿਆ ਪਰ ਉਨ੍ਹਾਂ ਵਲੋਂ ਦਿਤੇ ਕੀਮਤੀ ਤੁਹਫ਼ੇ ਪ੍ਰਵਾਨ ਨਹੀਂ ਕੀਤੇ । ਬਾਬਾ ਫਰੀਦ ਦਾ ਨਾਮ ਗੰਜਿ-ਸ਼ੱਕਰ ਕਿਉਂ ਪਿਆ ਇਸ ਬਾਰੇ ਕਈ ਰਵਾਇਤਾਂ ਪ੍ਰਚੱਲਤ ਹਨ। ਡਾ. ਗੁਰਦੇਵ ਸਿੰਘ ਨੇ ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ ਵਿਚ ਇਸ ਬਾਰੇ ਲਿਖਿਆ ਹੈ ਕਿ “ਅਸਲ ਵਿਚ ਆਪ ਦੀ ਸ਼ੀਰੀਂ ਬਿਆਨੀ (ਮਧੁਰ-ਕਥਨੀ) ਕਰਕੇ ਹੀ ਆਪ ਨੂੰ ਗੰਜਿ-ਸ਼ੱਕਰ (ਜਾਂ ਮਿਠਾਸ ਦਾ ਖ਼ਜ਼ਾਨਾ) ਕਿਹਾ ਹੋਵੇਗਾ ਇਕ ਕਾਰਨ ਇਨ੍ਹਾ ਦਾ ਨਾਂ ਵੀ ਹੋ ਸਕਦਾ “ਫਰੀਦ ਮਤਲਬ ਅਦੁਤੀ ,ਇੱਕਲਾ, ਸਭ ਤੋਂ ਭਿੰਨ ਇਸਦਾ ਦਾ ਕਾਰਨ ਮਾਤਾ ਮਰੀਅਮ ਵੀ ਹੋ ਸਕਦੀ ਹੈ ਜੋ ਬਚਪਨ ਵਿਚ ਲਾਲਚ ਵਜੋਂ ਉਨ੍ਹਾ ਦੇ ਸਰਹਾਣੇ ਹੇਠ ਰੋਜ਼ ਸ਼ਕਰ ਦੀਆਂ ਪੁੜੀਆਂ ਬਣਾ ਕੇ ਰਖ ਦਿੰਦੇ ਸਨ ਕਿ “ਇਹ ਅਲ੍ਹਾ-ਪਾਕ ਖੁਸ਼ ਹੋਕੇ ਰਖਦਾ ਹੈ ਕਿਓਂਕਿ ਆਪ ਹਰ ਰੋਜ਼ ਨਮਾਜ਼ ਪੜਨ ਲਈ ਮਸਜਿਦ ਜਾਂਦੇ ਹੋ ।
ਬਾਬਾ ਫਰੀਦ ਬਹੁਤ ਹੀ ਸਬਰ ਸੰਤੋਖ ਵਾਲੇ ਇਨਸਾਨ ਸਨ। ਇਕ ਵਾਰ ਜਦੋਂ ਸ਼ਮਸੁੱਦੀਨ ਉੱਚ ਸ਼ਰੀਫ਼ ਅਤੇ ਮੁਲਤਾਨ ਉੱਤੇ ਹਮਲਾ ਕਰਨ ਲਈ ਆਇਆ ਤਾਂ ਆਪ ਦੇ ਦਰਸ਼ਨਾਂ ਲਈ ਅਜੋਧਨ ਵੀ ਆਇਆ। ਉਹ ਆਪ ਦੇ ਦਰਸ਼ਨ ਕਰਕੇ ਇਤਨਾ ਪ੍ਰਸੰਨ ਹੋਇਆ ਕਿ ਆਪਣੇ ਵਜ਼ੀਰ ਅਲਿਫ਼ ਖਾਂ ਦੇ ਹਥ ਬਾਬਾ ਫਰੀਦ ਲਈ ਬਹੁਤ ਸਾਰੀ ਦੌਲਤ ਅਤੇ ਚਾਰ ਪਿੰਡਾਂ ਦੀ ਜਾਗੀਰ ਦਾ ਪਰਵਾਨਾ ਭੇਜਿਆ । ਆਪ ਨੇ ਸਾਰੀ ਦੌਲਤ ਤਾਂ ਗ਼ਰੀਬਾਂ ਵਿਚ ਵੰਡ ਦਿੱਤੀ ਤੇ ਪ੍ਰਵਾਨਾ ਇਹ ਕਹਿ ਕੇ ਮੋੜ ਦਿੱਤਾ ਕਿ, ਇਹ ਲੋੜਵੰਦਾਂ ਨੂੰ ਦੇ ਦੇਵੋ ।’ ਬਾਦ ਵਿਚ ਇਹੀ ਸੁਲਤਾਨ ਗ਼ਿਆਸੁੱਦੀਨ ਬਲਬਨ ਦੇ ਨਾਮ ਨਾਲ ਪ੍ਰਸਿੱਧ ਹੋਇਆ ।
ਬਾਬਾ ਫਰੀਦ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ, ਸਾਦਗੀ, ਸੱਚਾਈ ਅਤੇ ਨੇਕੀ ਦੇ ਲਾ-ਮਿਸਾਲ ਇਨਸਾਨ ਸਨ। ਇਸ ਗੱਲ ਦੀ ਇਕ ਮਿਸਾਲ ਉਨ੍ਹਾਂ ਦੇ ਜੀਵਨ ਦੀ ਇਕ ਘਟਨਾ ਰਾਹੀਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ। ਕਹਿੰਦੇ ਹਨ ਕਿ ਇਕ ਵਾਰੀ ਕਿਸੇ ਲੋੜਵੰਦ ਨੇ ਇਨ੍ਹਾਂ ਨੂੰ ਸੁਲਤਾਨ ਬਲਬਨ ਕੋਲ ਉਸਦੀ ਸਿਫਾਰਿਸ਼ ਕਰਨ ਲਈ ਬੇਨਤੀ ਕੀਤੀ ਜੋ ਕਿ ਜਾਇਜ਼ ਸੀ ।’ ਫਰੀਦ ਜੀ ਨੇ ਬਾਦਸ਼ਾਹ ਦੇ ਨਾਮ ਇਕ ਚਿੱਠੀ ਲਿਖ ਦਿੱਤੀ ਜਿਸ ਵਿਚ ਉਨ੍ਹਾਂ ਨੇ ਇਹ ਲਿਖਿਆ, “ ਮੈਂ ਇਹ ਕੰਮ ਅੱਲਾਹ ਦੇ ਹਵਾਲੇ ਕੀਤਾ ਹੈ ਤੇ ਜ਼ਾਹਰਾ ਤੌਰ ਤੇ ਤੁਹਾਡੇ ਪਾਸ ਭੇਜਿਆ ਹੈ। ਜੇ ਤੁਸੀਂ ਇਸ ਨੂੰ ਕੁਝ ਦੇ ਦਿਓਗੇ ਤਾਂ ਅਸਲ ਵਿਚ ਦੇਣ ਵਾਲਾ ਅੱਲਾਹ ਹੋਵੇਗਾ ਅਤੇ ਤੁਹਾਡਾ ਧੰਨਵਾਦ ਹੋਵੇਗਾ। ਜੇ ਤੁਸੀਂ ਇਸ ਲੋੜਵੰਦ ਨੂੰ ਕੁਝ ਨਹੀਂ ਦੇਵੋਗੇ ਤਾਂ ਨਾਂਹ ਕਰਨ ਵਾਲਾ ਅੱਲਾਹ ਹੋਵੇਗਾ ਤੇ ਤੁਸੀਂ ਮਜਬੂਰ ਹੋਵੋਗੇ।“ ਇਸ ਤਰ੍ਹਾਂ ਬਾਬਾ ਫਰੀਦ ਹੁਕਮ ਅਤੇ ਰਜ਼ਾ ਦਾ ਜੀਵਨ ਜਿਉਣ ਵਿਚ ਸਦਾ ਜਤਨਸ਼ੀਲ ਰਹੇ।
ਬਾਬਾ ਫਰੀਦ ਨੇ ਪਾਕ ਪਟਨ ਨੂੰ ਰੁਹਾਨੀਅਤ ਦਾ ਕੇਂਦਰ ਬਣਾ ਦਿੱਤਾ ਅਤੇ ਦੂਰੋਂ ਦੂਰੋਂ ਲੋਕ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਸਿਖਿਆ ਹਾਸਿਲ ਕਰਨ ਆਉਂਦੇ ਸਨ। ਭਾਵੇਂ ਉਨ੍ਹਾਂ ਨੇ ਅਰਬੀ ਅਤੇ ਫ਼ਾਰਸੀ ਦੀ ਤਾਲੀਮ ਹਾਸਿਲ ਕੀਤੀ ਸੀ ਪਰ ਆਮ ਲੋਕਾਂ ਨਾਲ ਉਹ ਆਪਣੀ ਮਾਂ ਬੋਲੀ ਪੰਜਾਬੀ ਵਿਚ ਹੀ ਗੱਲ ਕਰਦੇ ਸਨ। ਇਸੇ ਭਾਸ਼ਾ ਵਿਚ ਹੀ ਉਨ੍ਹਾਂ ਨੇ ਆਪਣਾ ਸ਼ਾਇਰਾਨਾ ਕਲਾਮ ਵੀ ਰਚਿਆ ਹੈ।ਇਕ ਵਾਰੀ ਕਿਸੇ ਜਿਗਿਆਸੂ ਨੇ ਇਨ੍ਹਾਂ ਨੂੰ ਚਾਰ ਸਵਾਲ ਕੀਤੇ ਜਿਨ੍ਹਾ ਦਾ ਜਵਾਬ ਉਨ੍ਹਾਂ ਦੀ ਜੀਵਨ ਦ੍ਰਿਸ਼ਟੀ ਦਾ ਭਲੀ ਭਾਂਤ ਪ੍ਰਗਟਾਵਾ ਕਰਦੇ ਹਨ।(1) ਸੱਭ ਨਾਲੋਂ ਸਿਆਣਾ ਕੌਣ ਹੈ? ਜਿਹੜਾ ਗੁਨਾਹਾਂ ਤੋਂ ਦੂਰ ਰਹਿੰਦਾ ਹੈ(2) ਅਕ੍ਲਮੰਦ? ਜੋ ਕਿਸੇ ਹਾਲਤ ਵਿਚ ਡੋਲਦਾ ਨਹੀਂ (3) ਅਜਾਦ? ਜਿਹੜਾ ਸਬਰ ਸੰਤੋਖ ਦਾ ਜੀਵਨ ਜਿਓੰਦਾ ਹੈ । ਤੇ ਜਰੂਰਮੰਦ? ਉਹ ਹੈ ਜਿਹੜਾ ਇਨ੍ਹਾ ਤੇ ਅਮਲ ਨਹੀਂ ਕਰਦਾ ।
ਬਾਬਾ ਫ਼ਰੀਦ ਜੀ ਪਾਕਪਟਨ ਵਿਚ 1266 ਈਸਵੀ ਨੂੰ ਦੇਹਾਂਤ ਹੋਇਆ। ਬਾਬਾ ਫਰੀਦ ਨੇ ਆਪਣੀ ਰੂਹਾਨੀ ਵਿਰਾਸਤ ਆਪਣੇ ਮੁਰੀਦਾਂ ਨੂੰ ਸੌਂਪ ਦਿੱਤੀ ਜਿਨ੍ਹਾਂ ਨੇ ਇਸ ਰੂਹਾਨੀ ਮਿਸ਼ਨ ਨੂੰ ਪੂਰਾ ਕਰਨ ਦਾ ਪੂਰਾ ਜਤਨ ਵੀ ਕੀਤਾ। ਇਸ ਮਹਾਨ ਸੂਫ਼ੀ ਦਰਵੇਸ਼ ਦੀ ਰਚਨਾ ਕਈ ਭਾਸ਼ਾਵਾਂ ਵਿਚ ਮਿਲਦੀ ਹੈ। ਮਿਸਾਲ ਵਜੋਂ ਇਨ੍ਹਾਂ ਦੀ ਇਕ ਰਚਨਾ ਫ਼ਵਾਇਦ-ਉੱਸਾਲਿਕੈਨ ਅਰਥਾਤ ਸਲੂਕ ਵਾਲਿਆ ਜਾਂ ਧਰਮ ਦੇ ਰਾਹ ਤੁਰਨ ਵਾਲਿਆਂ ਦੇ ਲਾਭ (ਹਿਤ)। ਇਸ ਪੁਸਤਕ ਵਿਚ ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦੇ ਬਚਨ ਹਨ ਜਿਨ੍ਹਾਂ ਨੂੰ ਬਾਬਾ ਫਰੀਦ ਨੇ ਇਕੱਤਰ ਅਤੇ ਸੰਪਾਦਿਤ ਕੀਤਾ ਹੈ। ਇਸੇ ਤਰ੍ਹਾਂ ਫ਼ਾਰਸੀ ਜ਼ੁਬਾਨ ਵਿਚ ਦੋ ਪੁਸਤਕਾਂ ਅਜਿਹੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਇਨ੍ਹਾਂ ਦੇ ਬਚਨ ਜਾਂ ਆਦੇਸ਼ ਇਕੱਤਰ ਕੀਤੇ ਗਏ ਹਨ। ਇਹ ਹਨ -1. ਰਾਹਤ-ਅਲ-ਕਲੂਬ ਹੈ। ਇਹ ਰਚਨਾ ਫਾਰਸੀ ਜ਼ੁਬਾਨ ਵਿਚ ਹੈ ਅਤੇ ਇਸ ਵਿਚ ਇਨ੍ਹਾਂ ਦੇ ਉਹ ਆਦੇਸ਼ ਹਨ ਜਿਹੜੇ ਇਨ੍ਹਾਂ ਦੇ ਸ਼ਿੱਸ਼ ਖ਼ਵਾਜਾ ਨਿਜ਼ਾਮੁੱਦੀਨ ਔਲੀਆ ਨੇ ਇਕੱਤਰ ਕੀਤੇ ਹਨ।2. ਸਿਰਾਜ-ਉਲ-ਔਲੀਆ ਇਸ ਪੁਸਤਕ ਵਿਚ ਵੀ ਆਪ ਦੇ ਆਦੇਸ਼ ਸੰਗ੍ਰਹਿ ਕੀਤੇ ਗਏ ਹਨ। ਇਨ੍ਹਾਂ ਦੇ ਸੰਗ੍ਰਹਿ-ਕਰਤਾ ਆਪ ਦੇ ਸੁਪੁੱਤਰ ਸ਼ਾਹ ਬਦਰ ਦੀਵਾਨ ਹਨ।
ਇਸ ਤੋਂ ਇਲਾਵਾ ਹਿੰਦੀ ਵਿਚ ਵੀ ਆਪ ਦੇ ਕੁਝ ਕਥਨ ਮਿਲਦੇ ਹਨ ਜਿਨ੍ਹਾਂ ਦੀ ਰਚਨਾ ਆਪ ਨੇ ਹਾਂਸੀ (ਜ਼ਿਲਾ ਹਿਸਾਰ) ਵਿਚ ਰਹਿੰਦਿਆਂ ਕੀਤੀ। ਉਪਰੋਕਤ ਰਚਨਾ ਤੋਂ ਇਲਾਵਾ ਬਾਬਾ ਫਰੀਦ ਦੀ ਰਚਨਾ ਪੰਜਾਬੀ ਜਾਂ ਲਹਿੰਦੀ ਵਿਚ ਵੀ ਮਿਲਦੀ ਹੈ। ਇਹ ਰਚਨਾ ਸਿੱਖ ਧਰਮ ਦੇ ਪਾਵਨ ਗ੍ਰੰਥ ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹੈ ਜੋ ਸ਼ਬਦਾਂ ਅਤੇ ਸ਼ਲੋਕਾਂ ਦੇ ਰੂਪ ਵਿਚ ਹੈ।
ਬਾਬਾ ਫ਼ਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀ, ਪਰ ਕਾਵਿ ਗੁਣਾਂ ਕਰ ਕੇ, ਵਿਸ਼ੇ ਦੀ ਸ੍ਰੇਸ਼ਟਤਾ ਵਿੱਚ ਉੱਤਮ ਤੇ ਸਦੀਵੀਂ ਯੋਗਦਾਨ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਦੀ ਪ੍ਰਾਪਤ ਹੋਈ ਰਚਨਾ ਕਰ ਕੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾ ਸ਼ਾਇਰ ਮੰਨ ਲਿਆ ਜਾਂਦਾ ਹੈ। ਬਾਬਾ ਫ਼ਰੀਦ ਜੀ ਨੇ ਪੰਜਾਬੀ ਸਾਹਿੱਤ ਵਿੱਚ ਸਭ ਤੋਂ ਵੱਡਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰ ਕੇ ਦਿੱਤਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਦੀ ਉੱਚਤਾ ਹੋਣ ਕਾਰਨ ਹੀ ‘ਗੁਰੂ ਅਰਜਨ ਦੇਵ` ਜੀ ਨੇ ਉਹਨਾਂ ਦੀ ਬਾਣੀ ਨੂੰ ਇੱਕਤਰ ਕਰ ਕੇ ‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਦਰਜ ਕਰ ਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਅਤੇ ਇਸ ਦੀ ਸੰਭਾਲ ਕੀਤੀ।‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਬਾਬਾ ਫ਼ਰੀਦ ਜੀ ਦੇ 4 ਸ਼ਬਦ (ਦੋ ਸ਼ਬਦ ਆਸਾ ਰਾਗ ਵਿੱਚ ਦੋ ਸੂਹੀ ਰਾਗ ਵਿਚ) ਅਤੇ 112 ਸਲੋਕ ਦਰਜ ਕੀਤੇ ਗਏ ।
“ਇਸ ਰਚਨਾਂ ਤੋਂ ਇਲਾਵਾ ‘ਮੀਆਂ ਮੌਲਾ ਬਖ਼ਸ਼ ਕੁਸ਼ਤਾ` ਨੇ ਬਾਬਾ ਫ਼ਰੀਦ ਦੀਆਂ ਲਿਖੀਆਂ ਚਾਰ ਪੁਸਤਕਾਂ ਦੀ ਦੱਸ ਇਉਂ ਪਾਈ ਹੈ, ਆਪ ਦੀਆਂ ਚਾਰ ਕਿਤਾਬਾਂ, ਤਿੰਨ ਨਸਰ (ਵਾਰਤਕ) ਦੀਆਂ ਤੇ ਇੱਕ ਨਜ਼ਮ ਦੀ (ਸਲੋਕ) ਹਨ I ਮੁਹਰਮ ਦੇ ਪੰਜਵੇਂ ਦਿਨ , ਸੰਨ 1266 ਵਿਚ ਬਾਬਾ ਫਰੀਦ ” ਨਮੋਨੀਆਂ ਹੋਣ ਕਰਕੇ ਪ੍ਰਲੋਕ ਸਿਧਾਰ ਗਏ ਪਾਕਪਟਨ ਦੇ ਬਾਹਰ ਮਾਰਚਰ ਗਰੇਵ ਉਨ੍ਹਾ ਦੀ ਸਮਾਧੀ ਬਣਾਈ ਗਈ ।
ਫਰੀਦ ਜੀ ਦੀ ਬਾਣੀ
ਬਾਬਾ ਫ਼ਰੀਦ ਦੀ ਬਾਣੀ ਜਾਂ ਕਲਾਮ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਪੰਜਾਬੀ ਦੀ ਸੂਫ਼ੀ ਸ਼ਾਇਰੀ ਲਈ ਵੀ ਸਾਹਿਤਕ ਅਤੇ ਸਿੱਧਾਂਤਕ ਰੂੜ੍ਹੀਆਂ ਪ੍ਰਦਾਨ ਕਰਦੀ ਹੈ। ਬਾਬਾ ਫ਼ਰੀਦ ਦੁਆਰਾ ਸਥਾਪਿਤ ਇਨ੍ਹਾਂ ਕਾਵਿ-ਰੂੜ੍ਹੀਆਂ ਨੂੰ ਬਾਦ ਦੇ ਸੂਫ਼ੀ ਸ਼ਾਇਰਾਂ ਨੇ ਆਪਣੀ ਸਿਰਜਣਾ ਦਾ ਆਧਾਰ ਬਣਾਇਆ ਜਿਸਦੇ ਸਿੱਟੇ ਵਜੋਂ ਪੰਜਾਬੀ ਦੀ ਇਕ ਗੌਰਵਮਈ ਕਾਵਿ-ਪ੍ਰਵਿਰਤੀ ਹੋਂਦ ਵਿਚ ਆਈ।
ਫਰੀਦ ਦੀ ਰਚਨਾ ਵਿਚ ਜਿਹੜੇ ਦੋ ਕਾਵਿ-ਰੂਪ ਵਰਤੇ ਗਏ ਹਨ ਉਹ ਦੋਵੇਂ ਹੀ ਭਾਰਤੀ ਪਰੰਪਰਾ ਨਾਲ ਸੰਬੰਧ ਰੱਖਦੇ ਹਨ। ਸ਼ਲੋਕਾਂ ਦੀ ਰਚਨਾ ਤਾਂ ਭਾਰਤ ਵਿਚ ਬਹੁਤ ਪੁਰਾਣੇ ਸਮੇਂ ਤੋਂ ਅਰਥਾਤ ਵੈਦਿਕ ਕਾਲ ਤੋਂ ਹੀ ਹੁੰਦੀ ਰਹੀ ਹੈ। ਇਹ ਇਕ ਅਜਿਹਾ ਕਾਵਿ-ਰੂਪ ਹੈ ਜਿਸ ਵਿਚ ਸੰਜਮ ਅਤੇ ਸੰਖੇਪਤਾ ਹੁੰਦੀ ਹੈ। ਇਸ ਵਿਚ ਕਵੀ ਆਪਣੇ ਵਿਚਾਰਾਂ ਜਾਂ ਭਾਵਾਂ ਨੂੰ ਇਸ ਢੰਗ ਨਾਲ ਪ੍ਰਸਤੁਤ ਕਰਦਾ ਹੈ ਕਿ ਪਾਠਕ ਜਾਂ ਸਰੋਤੇ ਦੇ ਮਨ ਉੱਤੇ ਬੱਝਵਾਂ ਪ੍ਰਭਾਵ ਪੈਂਦਾ ਹੈ। ਮਿਸਾਲ ਦੇ ਤੌਰ ਤੇ ਫਰੀਦ ਬਾਣੀ ਦੇ ਕੁਝ ਸ਼ਲੋਕ ਪੇਸ਼ ਕੀਤੇ ਜਾਂਦੇ ਹਨ :
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾਂ ਨ ਮਾਰੇ ਘੁੰਮਿ ॥ਆਪਨੜੈ ਘਰਿ ਜਾਈਐ ਪੈਰ ਤਿਨਾਂ ਦੇ ਚੁੰਮਿ ॥7॥
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥9॥
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁII (ਗੁਰੂ ਗ੍ਰੰਥ ਸਾਹਿਬ, ਪੰਨਾ – 1778)
ਇਨ੍ਹਾਂ ਸ਼ਲੋਕਾਂ ਵਿਚ ਉਹ ਆਪਣਾ ਵਿਚਾਰ ਬੜੇ ਹੀ ਸੰਜਮ ਅਤੇ ਅਸਰਦਾਰ ਢੰਗ ਨਾਲ ਪੇਸ਼ ਕਰਦੇ ਹਨ । ਮਨੁਖ ਨੂੰ ਅਹਿੰਸਾ ਵਲ ਪ੍ਰੇਰਦੇ ਹਨ । ਉਨ੍ਹਾ ਦਾ ਕਥਨ ਹੈਕਿ ਸਾਨੂੰ ਹਿੰਸਾ ਦਾ ਜਵਾਬ ਹਿੰਸਾ ਨਾਲ ਨਹੀਂ ਸਗੋਂ ਅਹਿੰਸਾ ਤੇ ਹਲੀਮੀ ਨਾਲ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ 9ਵਾਂ ਅਤੇ 10ਵਾਂ ਸ਼ਲੋਕ ਮਨੁੱਖੀ ਜੀਵਨ ਦੀ ਨਾਸ਼ਮਾਨਤਾ ਵਲ ਸੰਕੇਤ ਕਰਕੇ ਜੀਵਨ ਦੀ ਸਾਰਥਕਤਾ ਨੂੰ ਪਛਾਨਣ ਉੱਤੇ ਬਲ ਦਿੰਦੇ ਹਨ।
ਫਰੀਦ ਬਾਣੀ ਵਿਚ ਜਿਹੜਾ ਦੂਸਰਾ ਕਾਵਿ-ਰੂਪ ਵਰਤਿਆ ਗਿਆ ਹੈ ਉਹ ਹੈ ਸ਼ਬਦ। ਇਹ ਕਾਵਿ-ਰੂਪ ਭਾਰਤ ਦੇ ਕਲਾਸੀਕਲ ਦੌਰ ਵਿਚ ਨਹੀਂ ਸਗੋਂ ਮੱਧਕਾਲ ਵਿਚ ਹੀ ਵਿਕਸਿਤ ਹੋਇਆ ਹੈ। ਇਸਦੀ ਵਰਤੋਂ ਵਧੇਰੇ ਭਗਤ ਕਵੀਆਂ ਨੇ ਕੀਤੀ ਹੈ। ਇਸ ਵਿਚ ਸ਼ਲੋਕ ਨਾਲੋਂ ਕੁਝ ਲਮੇਰੇ ਆਕਾਰ ਦੀ ਰਚਨਾ ਕੀਤੀ ਜਾਂਦੀ ਹੈ ਅਤੇ ਨੈਤਿਕ ਸਿਖਿਆ ਨਾਲੋਂ ਭਗਤੀ ਜਾਂ ਪ੍ਰੇਮ ਦੀ ਭਾਵਨਾ ਨੂੰ ਵਧੇਰੇ ਵਿਅਕਤ ਕੀਤਾ ਜਾਂਦਾ ਹੈ। ਮਿਸਾਲ ਵਜੋਂ ਕੁਝ ਪੰਗਤੀਆਂ ਪੇਸ਼ ਹਨ :
ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ ॥ ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥1॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ਵਿਸਰਿਆ ਜਿਨ੍ ਨਾਮੁ ਤੇ ਭੁਇ ਭਾਰੁ ਥੀਏ ॥1॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥2॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥
ਇਸ ਸ਼ਬਦ ਵਿਚ ਕਵੀ ਨੇ ਰੱਬੀ ਪਿਆਰ ਦੀ ਭਾਵਨਾ ਨੂੰ ਵੱਖ ਵੱਖ ਪ੍ਰਸੰਗਾਂ ਵਿਚ ਪੇਸ਼ ਕੀਤਾ ਹੈ ਜਿਸ ਨਾਲ ਪਾਠਕ ਜਾਂ ਸਰੋਤੇ ਦੇ ਮਨ ਉੱਤੇ ਇਕ ਖ਼ਾਸ ਕਿਸਮ ਦਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਦੇ 4 ਸ਼ਬਦ ਫਰੀਦ ਬਾਣੀ ਵਿਚ ਮਿਲਦੇ ਹਨ।
ਬਾਬਾ ਫ਼ਰੀਦ ਦੀ ਬਾਣੀ ਵਿਚ ਇਕ ਵਿਸ਼ੇਸ਼ ਭਾਂਤ ਦੀ ਕਾਵਿ-ਸੰਵੇਦਨਾ ਦ੍ਰਿਸ਼ਟੀ ਗੋਚਰ ਹੁੰਦੀ ਹੈ ਜਿਸਦੇ ਪਿਛੋਕੜ ਵਿਚ ਤਸੱਵੁਫ਼ ਅਤੇ ਇਸ਼ਕ-ਹਕੀਕੀ ਦੇ ਲਖਾਇਕ ਸੂਫ਼ੀ ਸੰਕਲਪ ਨਜ਼ਰ ਆਉਂਦੇ ਹਨ। ਇਹ ਵਿਸ਼ੇਸ਼ ਭਾਂਤ ਦੀ ਧਾਰਮਿਕ ਚੇਤਨਾ ‘ਬਿਰਹਾ’, ‘ਨੇਹੁ’, ਅਤੇ ‘ਇਸ਼ਕ’ ਦੇ ਸੰਕਲਪਾਂ ਰਾਹੀਂ ਮੂਰਤੀਮਾਨ ਹੁੰਦੀ ਹੈ। ਮਿਸਾਲ ਵਜੋਂ ਬਾਬਾ ਫ਼ਰੀਦ ਦੀ ਰਚਨਾ ਦੀਆਂ ਨਿਮਨ-ਅੰਕਿਤ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ :
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥24॥
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀਂ ਨੇਹੁ ॥”(ਗੁਰੂ ਗ੍ਰੰਥ ਸਾਹਿਬ, ਪੰਨਾ – 1379.)
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ ਨਾਮੁ ਤੇ ਭੁਇ ਭਾਰੁ ਥੀਏ ॥1॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥2॥
ਪਰਵਦਗਾਰ ਅਪਾਰ ਅਗਮ ਬੇਅੰਤ ਤੂੰ ॥ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥ (ਆਦਿ ਗ੍ਰੰਥ, ਪੰਨਾ – 488.)
ਇਸ ਤਰ੍ਹਾਂ ਫ਼ਰੀਦ ਬਾਣੀ ਦਾ ਨਿਚੋੜ ਸੂਫ਼ੀ ਸ਼ਾਇਰੀ ਦੇ ਨਾਲ ਨਾਲ ਗੁਰਬਾਣੀ ਜਾਂ ਗੁਰਮਤਿ ਕਾਵਿ ਨਾਲ ਵੀ ਸਹਿਜੇ ਹੀ ਮੇਲ ਖਾ ਜਾਂਦੇ ਹਨ। ਭਾਵੇਂ ਮਨੁੱਖ ਦੀ ਰੂਹਾਨੀ ਇਕੱਲਤਾ ਅਤੇ ਸੰਸਾਰ ਦੀ ਨਾਸ਼ਮਾਨਤਾ ਦਾ ਅਹਿਸਾਸ ਫ਼ਰੀਦ ਬਾਣੀ ਦੀ ਵਿਸ਼ੇਗਤ ਉਸਾਰੀ ਮੂਲ ਆਧਾਰ ਹੈ ਪਰ ਇਨ੍ਹਾਂ ਸਰੋਕਾਰਾਂ ਨੂੰ ਸਮਕਾਲੀ ਸਾਮਾਜਿਕ ਅਤੇ ਸਭਿਆਚਾਰਕ ਸੰਦਰਭ ਨਾਲ ਜੋੜ ਕੇ ਵੀ ਵਾਚਿਆ ਜਾ ਸਕਦਾ ਹੈ। ਪੰਜਾਬੀ ਦੇ ਸੁਪ੍ਰਸਿੱਧ ਆਲੋਚਕ ਨਜਮ ਹੁਸੈਨ ਸੱਯਦ ਨੇ ਫ਼ਰੀਦ ਬਾਣੀ ਦਾ ਇਸੇ ਕਿਸਮ ਦਾ ਅਧਿਐਨ ਆਪਣੀ ਪੁਸਤਕ ਫ਼ਰੀਦੋਂ ਨਾਨਕ, ਨਾਨਕੋਂ ਫ਼ਰੀਦ ਵਿਚ ਪੇਸ਼ ਕੀਤਾ ਹੈ ਜਿਸ ਵਿਚ ਇਸ ਰਚਨਾ ਦਾ ਲੋਕ ਪੱਖੀ ਚਰਿਤਰ ਮੂਰਤੀਮਾਨ ਹੁੰਦਾ ਹੈ। ਨਜਮ ਹੁਸੈਨ ਸੱਯਦ ਨੇ ਫ਼ਰੀਦ ਬਾਣੀ ਦੀਆਂ ਗੁਝੀਆਂ ਰਮਜ਼ਾਂ ਅਤੇ ਸੈਨਤਾਂ ਦੀ ਵਿਆਖਿਆ ਕਰਦਿਆਂ ਉਸਨੂੰ ਤਤਕਾਲੀ ਯਥਾਰਥ ਦੀ ਰੌਸ਼ਨੀ ਵਿਚ ਪੜ੍ਹਨ ਦੀ ਚੇਸ਼ਟਾ ਕੀਤੀ ਹੈ।
ਇਸ ਤੋਂ ਇਲਾਵ ਫ਼ਰੀਦ ਬਾਣੀ ਆਪਣੇ ਪ੍ਰਗਟਾਵੇ ਲਈ ਵਧੇਰੇ ਲੋਕ-ਕਾਵਿ ਦੀਆਂ ਰੀਤਾਂ ਅਤੇ ਰਵਾਇਤਾਂ ਨੂੰ ਆਧਾਰ ਬਣਾਉਂਦੀ ਹੈ। ਇਹ ਪੰਜਾਬ ਦੇ ਪ੍ਰਕਿਰਤਕ ਵਾਯੂਮੰਡਲ ਅਤੇ ਸਭਿਆਚਾਰਕ ਮਾਹੌਲ ਨਾਲ ਸੰਬੰਧਿਤ ਸਾਮਗ੍ਰੀ ਨੂੰ ਆਪਣੀ ਕਾਵਿ ਰਚਨਾ ਦਾ ਮਾਧਿਅਮ ਬਣਾਉਂਦੀ ਹੈ। ਮਿਸਾਲ ਵਜੋਂ ਕੁਝ ਪੰਗਤੀਆਂ ਪੇਸ਼ ਹਨ :
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥
ਪੰਜਾਬੀ ਸੂਫ਼ੀ ਸ਼ਾਇਰਾਂ ਨੇ ਹਰ ਦੌਰ ਵਿਚ ਇਸ਼ਕ ਹਕੀਕੀ ਮਤਲਬ ਰਬੀ ਪਿਆਰ ਨਾਲ ਵਫ਼ਾ ਪਾਲੀ ਹੈ। ਸੂਫ਼ੀਵਾਦ ਅਸਲ ਵਿਚ ਇਸਲਾਮ ਦਾ ਰਹੱਸਵਾਦੀ ਮਾਰਗ ਹੈ ਜੋ ਕੁਰਾਨ ਸ਼ਰੀਫ਼ ਦੇ ਬਾਹਰਮੁਖੀ ਅਰਥਾਂ ਨਾਲੋਂ ਉਸਦੇ ਅੰਤਰਮੁਖੀ ਅਧਿਆਤਮਕ ਅਰਥਾਂ ਉੱਤੇ ਜਿਆਦਾ ਬਲ ਦਿੰਦਾ ਹੈ। ਇਹੀ ਕਾਰਣ ਹੈ ਕਿ ਸੂਫ਼ੀ ਲਹਿਰ ਧਾਰਮਿਕ ਕਰਮ-ਕਾਂਡ ਅਤੇ ਦਿਖਾਵੇ ਦੇ ਵਿਰੋਧ ਵਿਚ ਸਾਮ੍ਹਣੇ ਆਈ ਹੈ। ਇਨ੍ਹਾਂ ਪੜਾਵਾਂ ਦੀ ਰੌਸ਼ਨੀ ਵਿਚ ਜਦੋਂ ਅਸੀਂ ਬਾਬਾ ਫਰੀਦ ਦੇ ਕਲਾਮ ਦਾ ਅੀਧਐਨ ਕਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਹ ਸ਼ਰ੍ਹੀਅਤ ਦੇ ਪੜਾਉ ਦੀ ਗੱਲ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦੇ ਹਨ।
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥71॥
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥72॥
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥70॥
ਇਹ ਗੱਲ ਠੀਕ ਹੈ ਕਿ ਬਾਬਾ ਫਰੀਦ ਸ਼ਰ੍ਹਾ ਦੇ ਨੇਮਾਂ ਦੀ ਪਾਲਨਾ ਕਰਨ ਉੱਤੇ ਜ਼ੋਰ ਦਿੰਦੇ ਹਨ ਪਰ ਉਹ ਨਿਰੋਲ ਸ਼ਰ੍ਹਾ ਦੇ ਕਵੀ ਨਹੀਂ ਮੰਨੇ ਜਾ ਸਕਦੇ। ਸ਼ਰ੍ਹਾ ਦੇ ਨਾਲ ਨਾਲ ਉਨ੍ਹਾਂ ਦੀ ਸ਼ਾਇਰੀ ਵਿਚ ਸੂਫ਼ੀ ਸਿੱਧਾਂਤਾਂ ਦਾ ਪ੍ਰਗਟਾਵਾ ਵੀ ਉਤਨੀ ਹੀ ਸ਼ਿੱਦਤ ਨਾਲ ਹੈ , ਜਿੰਨੀ ਸ਼ਿੱਦਤ ਨਾਲ ਸ਼ਰ੍ਹਾ ਦਾ। ਜੇ ਉਹ ‘ਜੋ ਸਿਰੁ ਸਾਂਈ ਨਾ ਨਿਵੈ’ ਨੂੰ ‘ਕਪਿ ਉਤਾਰਿ’ ਦੇਣ ਦੀ ਗੱਲ ਕਰਦੇ ਹਨ ਤਾਂ ਇਸਦੇ ਨਾਲ ਹੀ ਉਹ ਰੱਬੀ ਪਿਆਰ ਅਤੇ ਖ਼ੁਦਾ ਦੇ ਇਸ਼ਕ ਵਿਚ ਰੱਤੇ ਹੋਏ ਬੰਦਿਆਂ ਦੀ ਗੱਲ ਵੀ ਕਰਦੇ ਹਨ।
ਬਾਬਾ ਫ਼ਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀ, ਪਰ ਕਾਵਿ ਗੁਣਾਂ ਕਰ ਕੇ, ਵਿਸ਼ੇ ਦੀ ਸ੍ਰੇਸ਼ਟਤਾ ਵਿੱਚ ਉੱਤਮ ਤੇ ਸਦੀਵੀਂ ਯੋਗਦਾਨ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਦੀ ਪ੍ਰਾਪਤ ਹੋਈ ਰਚਨਾ ਕਰ ਕੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾ ਸ਼ਾਇਰ ਮੰਨ ਲਿਆ ਜਾਂਦਾ ਹੈ। ਬਾਬਾ ਫ਼ਰੀਦ ਜੀ ਨੇ ਪੰਜਾਬੀ ਸਾਹਿੱਤ ਵਿੱਚ ਸਭ ਤੋਂ ਵੱਡਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰ ਕੇ ਦਿੱਤਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਦੀ ਉੱਚਤਾ ਹੋਣ ਕਾਰਨ ਹੀ ‘ਪਹਿਲੇ ਚਾਰ ਗੁਰੂਆਂ ਨੇ ਉਨ੍ਹਾ ਦੀ ਬਾਣੀ ਨੂੰ ਸੰਭਾਲਿਆ ਤੇ ਪੰਜੇ ਪਾਤਸ਼ਾਹ ਗੁਰੂ ਅਰਜਨ ਦੇਵ` ਜੀ ਨੇ ਉਹਨਾਂ ਦੀ ਬਾਣੀ ਨੂੰ ਇੱਕਤਰ ਕਰ ਕੇ ‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਦਰਜ ਕਰ ਕੇ ਇਸ ਬਾਣੀ ਨੂੰ ਅਹਿਮ ਸਥਾਨ ਦਿਤਾ “ਇਸ ਰਚਨਾਂ ਤੋਂ ਇਲਾਵਾ ‘ਮੀਆਂ ਮੌਲਾ ਬਖ਼ਸ਼ ਕੁਸ਼ਤਾ` ਨੇ ਬਾਬਾ ਫ਼ਰੀਦ ਦੀਆਂ ਲਿਖੀਆਂ ਚਾਰ ਪੁਸਤਕਾਂ ਦੀ ਦੱਸ ਇਉਂ ਪਾਈ ਹੈ, ਆਪ ਦੀਆਂ ਚਾਰ ਕਿਤਾਬਾਂ, ਤਿੰਨ ਨਸਰ (ਵਾਰਤਕ) ਦੀਆਂ ਤੇ ਇੱਕ ਨਜ਼ਮ ਦੀ (ਸਲੋਕ) ਹਨ, ਕੁਸ਼ਤਾ ਜੀ ਨੇ ਇੱਕ ਗੱਲ ਇਹ ਵੀ ਸਾਬਤ ਕੀਤੀ ਹੈ ਕਿ ਪਾਕਪਟਨ ਦੇ ਵਾਸ ਵੇਲੇ ਲੋਕ ਭਾਸ਼ਾ ਪੰਜਾਬੀ ਵਿੱਚ ਉਹਨਾਂ ਨੇ ਰਚਨਾ ਕੀਤੀ।
ਜੋਰਾਵਰ ਸਿੰਘ ਤਰਸਿੱਕਾ ।
ਵਾਹਿਗੁਰੂ ਜੀ🙏