3 ਅਕਤੂਬਰ – ਗੁਰਗੱਦੀ ਗੁਰੂ ਅੰਗਦ ਦੇਵ ਜੀ
ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸਨ, ਜਿਨ੍ਹਾਂ ਨੂੰ ਪਹਿਲਾਂ ਭਾਈ ਲਹਿਣਾ ਜੀ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ। ਉਨ੍ਹਾਂ ਦਾ ਜਨਮ 31 ਮਾਰਚ 1504 ਈ. ਮਤੇ ਦੀ ਸਰਾਂ (ਸਰਾਏਨਾਗਾ), ਜ਼ਿਲਾ ਮੁਕਤਸਰ ਬਾਬਾ ਫੇਰੂ ਮਲ ਤੇ ਮਾਤਾ ਦਇਆ ਕੌਰ ਜੀ ਦੀ ਕੁਖੋਂ ਹੋਇਆ।ਆਪ ਗੁਰਗੱਦੀ ‘ਤੇ 7 ਸਤੰਬਰ 1539 ਤੋਂ 28 ਮਾਰਚ 1552 ਤਕ ਰਹੇ ਸਨ। ਸਿੱਖੀ ਦੇ ਧਾਰਨੀ ਬਣਨ ਤੋਂ ਪਹਿਲਾਂ ਆਪ ਜੀ ਦਾ ਪਰਿਵਾਰ ਦੇਵੀ ਦਾ ਉਪਾਸ਼ਕ ਸੀ। ਆਪ ਜੀ ਨੇ ਆਪਣੇ ਸਮੇਂ ‘ਚ ਗੁਰਮੁਖੀ ਲਿਪੀ ਦਾ ਬਹੁਤ ਜ਼ਿਆਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਗੁਰੂ ਨਾਨਕ ਪਾਤਸ਼ਾਹ ਦੀ ਰਚਿਤ ਬਾਣੀ ਗੁਰਮੁਖੀ ‘ਚ ਲਿਖੀ ਅਤੇ ਵਰਤਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਸੇ ਹੀ ਲਿਪੀ ‘ਚ ਲਿਖਿਤ ਹਨ।
ਬਾਬਰ ਦੇ ਹਮਲਿਆਂ ਵੇਲੇ ਮਤੇ ਦੀ ਸਰਾਂ ਉਜੜਨ ਕਰਕੇ ਭਾਈ ਫੇਰੂ ਮਲ ਜੀ ਦਾ ਪਰਿਵਾਰ ਖਡੂਰ ਸਾਹਿਬ ਆ ਗਿਆ।ਇੱਥੇ ਹੀ ਆਪ ਜੀ ਦਾ ਵਿਆਹ 1519 ਈ ਨੂੰ ਖਡੂਰ ਨਿਵਾਸੀ ਸ਼੍ਰੀ ਦੇਵੀ ਚੰਦ ਦੀ ਬੇਟੀ ਮਾਤਾ ਖੀਵੀ ਜੀ ਦੇ ਨਾਲ ਹੋਇਆ। ਆਪ ਜੀ ਦੇ ਗ੍ਰਹਿ ਦੋ ਪੁੱਤਰ ਦਾਸੂ ਜੀ ਅਤੇ ਦਾਤੂ ਜੀ ਦਾ ਜਨਮ ਹੋਇਆ ਅਤੇ ਸਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਸਨ।ਆਪ ਜੀ ਇਕ ਵਾਰ ਸੰਗਤਾਂ ਸਮੇਤ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਸਾ ਦੀ ਵਾਰ ਦੀ ਪਉੜੀ ਭਾਈ ਜੋਧ ਦੀ ਮੁਖੋਂ ਸੁਣੀ, ਜਿਸ ਕਰਕੇ ਆਪ ਜੀ ਦੇ ਮਨ ‘ਚ ਗੁਰੂ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ। ਜਦ ਆਪ ਸੰਗਤਾਂ ਨਾਲ ਕਰਤਾਰਪੁਰ ਸਾਹਿਬ ਕੋਲੋਂ ਗੁਜਰ ਰਹੇ ਸਨ, ਤਾਂ ਦਰਸ਼ਨ ਕਰਨ ਲਈ ਗੁਰੂ ਜੀ ਡੇਰੇ ਵਿਚ ਆ ਗਏ ਸਨ। ਆਪ ਜੀ ਨੇ ਗੁਰੂ ਜੀ ਦੇ ਪੁੱਛਣ ਤੇ ਦੱਸਿਆ ਕਿ, ਅਸੀਂ ਸੰਗਤ ਦੇ ਨਾਲ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ ਪਰ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਹੋਈ। ਦਰਸ਼ਨ ਕਰਦੇ ਸਮੇਂ ਆਪ ਜੀ ਨੇ ਗੁਰੂ ਜੀ ਨੂੰ ਕਿਹਾ ਕ੍ਰਿਪਾ ਕਰਕੇ ਸਾਡੇ ਤੇ ਵੀ ਮੇਹਰ ਕਰੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਹਿਜੇ ਹੀ ਫਰਮਾਇਆ ਆਪ ਜੀ ਲੈਣਦਾਰ ਹੋ। ਜ਼ਿਆਦਾ ਸੋਚੋ ਨਾ ਅਤੇ ਇਕ ਦੇ ਚਰਨਾਂ ‘ਚ ਸੋਝੀ ਟਿਕਾਓ। ਭਾਈ ਲਹਿਣਾ ਜੀ ਦੇ ਲਈ ਗੁਰੂ ਪਾਤਸ਼ਾਹ ਜੀ ਦੇ ਬਚਨ ਅਟੱਲ ਹੋ ਗਏ ਅਤੇ ਆਪ ਗੁਰੂ ਸਾਹਿਬ ਜੀ ਦੇ ਸੇਵਾ ‘ਚ ਹਾਜ਼ਰ ਹੁੰਦੇ ਹੋਏ ਆ ਕੇ ਕਰਤਾਰਪੁਰ ਸਾਹਿਬ ਵੱਸ ਗਏ। ਇਹ ਸੇਵਾ ਕਰਦੇ ਹੋਏ ਆਪ ਨੇ ਆਪਾ ਮਿਟਾ ਦਿੱਤਾ ਅਤੇ ਗੁਰੂ ਦਾ ਫਰਮਾਨ ਮੰਨਦੇ ਹੋਏ ਹਰ ਪ੍ਰੀਖਿਆ ‘ਚੋਂ ਪਾਰ ਹੋਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸੱਚੇ ਸੇਵਕ ਦਾ ਸਿਦਕ ਜਦ ਵੀ ਪਰਖਿਆ, ਭਾਈ ਲਹਿਣਾ ਜੀ ਨੂੰ ਪੂਰਾ ਪਾਇਆ। ਇੱਥੋਂ ਤੱਕ ਕਿ ਇਨ੍ਹਾਂ ਪ੍ਰੀਖਿਆਵਾਂ ‘ਚ ਉਨ੍ਹਾਂ ਦੇ ਆਪਣੇ ਪੁੱਤਰ ਨਾਬਰ ਸਨ। ਉਹ ਚਾਹੇ ਚਿੱਕੜ ਨੂੰ ਕੇਸਰ ਸਮਝ ਉਸ ‘ਚੋਂ ਕਟੋਰਾ ਕੱਢਣਾ ਹੋਵੇ, ਅੱਧੀ ਰਾਤ ਨੂੰ ਧਰਮਸ਼ਾਲਾ ਦੀ ਕੰਧ ਕੱਢਣੀ ਹੋਵੇ ਜਾਂ ਫਿਰ ਖੇਤਾਂ ‘ਚੋਂ ਭਰੀ ਚੁੱਕ ਕੇ ਲਿਆਉਣਾ ਹਰ ਹੁਕਮ ਦੀ ਤਾਮੀਲ ਗੁਰੂ ਦੇ ਇਕ ਫੁਰਮਾਨ ‘ਤੇ ਕੀਤੀ। ਸਿਦਕ ਤੇ ਸੇਵਾ ਦੇ ਬੇੜੇ ‘ਤੇ ਤੱਤਪਰ ਭਾਈ ਲਹਿਣਾ ਜੀ ਦਾ ਰਾਤ ਦੇ ਸਬੰਧ ‘ਚ ਕਹਿਣਾ ਸੀ ਕਿ ਉਨੀਂ ਰਾਤ ਗੁਜਰ ਗਈ ਹੈ, ਜਿੰਨੀ ਆਪ ਦੇ ਨਾਲ ਗੁਜਰਨੀ ਚਾਹੀਦੀ ਸੀ, ਤੇ ਜਿੰਨੀ ਰਹਿ ਗਈ ਹੈ ਉਹ ਵੀ ਆਪ ਜੀ ਦੇ ਆਸਰੇ ਗੁਜਰ ਜਾਵੇਗੀ।
ਕਈ ਪ੍ਰੀਖਿਆਵਾਂ ਲੈਣ ਤੋਂ ਬਾਅਦ ਆਖਰਕਾਰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੱਲ ਨਾਲ ਲਾ ਲਿਆ ਅਤੇ ਕਹਿਣ ਲਗੇ ਹੁਣ ਤੇਰੇ ਅਤੇ ਮੇਰੇ ਵਿਚ ਕੋਈ ਫਰਕ ਨਹੀਂ ਰਿਹਾ। ਅੱਜ ਤੋਂ ਤੁਸੀਂ ਮੇਰੇ ਅੰਗ ਹੋਏ ਮੇਰੇ ਅੰਗਦ। ਬੱਸ ਉਦੋਂ ਤੋਂ ਉਨ੍ਹਾਂ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਗਿਆ। ਗੁਰਤਾਗੱਦੀ ਮਿਲਣ ਉਪਰੰਤ ਆਪ ਜੀ ਫਿਰ ਖਡੂਰ ਸਾਹਿਬ ਆ ਗਏ ਅਤੇ ਆਪ ਸਮੇਂ ਇਹ ਧਰਤੀ ਸਿੱਖੀ ਪ੍ਰਚਾਰ ਦਾ ਕੇਂਦਰ ਸੀ। ਆਪ ਜੀ ਗੁਰਤਾਗੱਦੀ ‘ਤੇ ਸਤੰਬਰ 1539 ਤੋਂ ਮਾਰਚ 1552 ਤੱਕ ਰਹੇ। ਆਪ ਨੇ ਇੱਥੇ ਕਈ ਉੱਤਮ ਕਾਰਜ ਕੀਤੇ। ਆਪ ਜੀ ਨੇ ਖਡੂਰ ਸਾਹਿਬ ਨੂੰ ਧਰਮ ਪ੍ਰਚਾਰ ਦਾ ਕੇਂਦਰ ਬਣਾਇਆ।ਆਪ ਜੀ ਨੇ ਜਾਤ–ਪਾਤ ਦੇ ਭੇਦਭਾਵ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ ਅਤੇ ਲੰਗਰ ਪ੍ਰਥਾ ਚਲਾਈ। ਇਸ ਦੇ ਨਾਲ-ਨਾਲ ਆਪ ਜੀ ਨੇ ਸਿੱਖਾਂ ਨੂੰ ਸਿਹਤਮੰਦ ਬਣਾਉਣ ਲਈ ਮੱਲ ਅਖਾੜਿਆਂ ਦਾ ਬੰਦੋਬਸਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਵੀ ਲਿਖੀ। ਆਪ ਜੀ ਦੀ ਬਾਣੀ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ‘ਚ ਦਰਜ ਹੈ। ਆਪ ਜੀ ਦੀ ਬਾਣੀ ਮਹਲਾ ਦੂਜਾ ਦੇ ਸਲੇਕ ਹੇਠ ਦਰਜ ਹੈ, ਜਿਸ ‘ਚ ਆਪ ਜੀ ਦੇ 62 ਸਲੋਕ ਹਨ, ਜੋ ਸੋਰਠ, ਸੂਹੀ, ਰਾਮਕਲੀ, ਮਲਹਾਰ ਅਤੇ ਸਾਰੰਗ ਰਾਗ ‘ਚ ਦਰਜ ਹਨ। ਆਪ ਜੀ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਹੋਰ ਦ੍ਰਿੜ ਅਤੇ ਸਪੱਸ਼ਟ ਕਰਦੀ ਹੈ। ਅੰਤ ਆਪ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਗੁਰਤਾਗੱਦੀ ਦੀ ਜ਼ਿੰਮੇਵਾਰੀ ਸੌਂਪ ‘ਕੇ ਖਡੂਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।
🙏🙏🌼🌸🌺ਜਿਸਦਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਾਕੇ ਕੋਇ ਵਾਹਿਗੁਰੂ ਜੀ ਸਭ ਤੇ ਅਪਣਾ ਮੇਹਰ ਭਰਿਆ ਹੱਥ ਰੱਖੋ ਜੀ🌸🌺🌼🙏🙏