ਇਤਿਹਾਸ – ਭਾਈ ਗੜ੍ਹੀਆ ਜੀ
ਭਾਈ ਗੜ੍ਹੀਆ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗੂ ਸਿੱਖਾਂ ਵਿੱਚੋਂ ਇਕ ਸਨ। ਭਾਈ ਗੜ੍ਹੀਆ ਜੀ ਨੂੰ ਗੁਰੂ ਸਾਹਿਬ ਨੇ ਕਸ਼ਮੀਰ ਵਿਚੋਂ ਦਸਵੰਧ ਇਕੱਠਾ ਕਰਨ ਲਈ ਕਸ਼ਮੀਰ ਭੇਜਿਆ। ਭਾਈ ਗੜ੍ਹੀਆ ਜੀ ਗੁਰੂ ਸਾਹਿਬ ਦਾ ਹੁਕਮ ਮੰਨਕੇ ਕਸ਼ਮੀਰ ਵੱਲ ਨੂੰ ਰਵਾਨਾ ਹੋਏ। ਪੈਰਾਂ ਵਿੱਚ ਇਕ ਟੁੱਟੀ ਜਿਹੀ ਜੁੱਤੀ ਤੇ ਸਰੀਰ ਤੇ ਇਕ ਪੁਰਾਣਾ ਜਿਹਾ ਕੁੜਤਾ ਪਰ ਚਿਹਰੇ ਤੇ ਨਾਮ ਬਾਣੀ ਦਾ ਅਜਿਹਾ ਨੂਰ ਚਿਹਰਾ ਇਉਂ ਚਮਕ ਰਿਹਾ ਸੀ ਗਦਗਦ ਹੋ ਰਿਹਾ ਸੀ ਮਾਨੋ ਲੀਰਾਂ ਵਿਚ ਲਾਲ ਲਪੇਟਿਆ ਹੋਵੇ। ਰਸਤੇ ਵਿਚ ਭਾਈ ਗੜ੍ਹੀਆ ਜੀ ਗੁਜਰਾਤ ਵਿਚ ਰੁਕੇ ਇਥੇ ਇਕ ਦੌਲਾ ਸਾਂਈ ਰਹਿੰਦਾ ਸੀ। ਜਿਸ ਕੋਲ ਜ਼ਮੀਨ ਵਿਚ ਦੱਬੇ ਖਜ਼ਾਨੇ ਲੱਭਣ ਦੀ ਸਿੱਧੀ ਸੀ। ਦੌਲਾ ਸਾਂਈ ਇਸ ਦੌਲਤ ਨਾਲ ਗਰੀਬ ਗੁਰਬੇ ਦੇ ਕੰਮ ਆਉਂਦੇ। ਹਰ ਵੇਲੇ ਲੋਕਾਂ ਦੀ ਸੇਵਾ ਕਰਦੇ ਕਿਸੇ ਨੂੰ ਵੀ ਪੈਸੇ ਦੀ ਲੋੜ ਹੁੰਦੀ ਤਾਂ ਸਾਂਈ ਦੌਲਾ ਜੀ ਅੱਧੀ ਰਾਤ ਨੂੰ ਵੀ ਪੈਸੇ ਲੈਕੇ ਉਸ ਦੇ ਘਰ ਪਹੁੰਚ ਜਾਂਦੇ। ਸਾਰੇ ਇਲਾਕੇ ਦੇ ਲੋਕ ਉਨ੍ਹਾਂ ਨੂੰ ਸਾਂਈ ਜੀ ਕਰਕੇ ਮੰਨਦੇ ਸਨ। ਇਤਨੇ ਨੇਕ ਹੋਣ ਦੇ ਬਾਵਜੂਦ ਵੀ ਸਾਂਈ ਦੌਲਾ ਜੀ ਦਾ ਮਨ ਟਿਕਾਉ ਵਿਚ ਨਹੀਂ ਸੀ। ਹਰ ਵੇਲੇ ਭਟਕਦਾ ਰਹਿੰਦਾ ਸੀ। ਭਾਂਵੇ ਲੋਕ ਉਨ੍ਹਾਂ ਨੂੰ ਦਰਵੇਸ਼ ਮੰਨਦੇ ਸਨ। ਪਰ ਸਾਂਈ ਦੌਲਾ ਜੀ ਆਪਣੇ ਮਨ ਤੋਂ ਬਹੁਤ ਦੁਖੀ ਸਨ।
ਜਦ ਸਾਂਈ ਦੌਲਾ ਜੀ ਨੇ ਭਾਈ ਗੜ੍ਹੀਆਂ ਜੀ ਦਾ ਆਉਣਾ ਸੁਣਿਆ ਤਾਂ ਤੁਰੰਤ ਧਰਮਸ਼ਾਲ ਆ ਗਏ ਆਕੇ ਕੀਰਤਨ ਸੁਣਿਆ ਮੰਨ ਵਿਚ ਠੰਡ ਪਈ ਉਸ ਤੋਂ ਉਪਰੰਤ ਭਾਈ ਗੜ੍ਹੀਆ ਜੀ ਨਾਲ ਵਿਚਾਰਾਂ ਕੀਤੀਆਂ ਜਿਸ ਤੋਂ ਬਾਅਦ ਦੌਲਾ ਜੀ ਨੂੰ ਨਾਮ ਦੀ ਮਹਿਮਾ ਦਾ ਪਤਾ ਲੱਗਾ ਅਤੇ ਦੌਲਾ ਜੀ ਵੀ ਸਿੱਖੀ ਮਾਰਗ ਤੇ ਚੱਲਣ ਲੱਗੇ। ਜਦ ਭਾਈ ਗੜ੍ਹੀਆ ਜੀ ਗੁਜਰਾਤ ਤੋਂ ਕਸ਼ਮੀਰ ਨੂੰ ਰਵਾਣਾ ਹੋਣ ਲੱਗੇ ਤਾਂ ਸਾਂਈ ਦੌਲਾ ਜੀ ਨੇ ਦੇਖਿਆ ਕਿ ਭਾਈ ਗੜ੍ਹੀਆ ਜੀ ਨੇ ਟੁੱਟੀ ਜੁੱਤੀ ਪਾਈ ਹੈ ਜਿਸ ਵਿਚ ਰੇਤ ਭਰ ਗਈ ਸੀ ਤੇ ਤੁਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਇਹ ਦੇਖ ਸਾਂਈ ਦੌਲਾ ਜੀ ਨੇ ਸੋਚਿਆ ਕਿ ਭਾਈ ਜੀ ਪਾਸ ਗਿਆਨ ਦੀ ਰੌਸ਼ਨੀ ਤਾਂ ਹੈ ਪਰ ਮਾਇਆ ਪੱਖੋਂ ਬਹੁਤ ਤੰਗੀ ਹੈ ਕਿਉਂ ਨਾ ਮੈਂ ਇਨ੍ਹਾਂ ਨੂੰ ਗੁਪਤ ਖਜ਼ਾਨੇ ਲੱਭਣ ਦੀ ਜੁਗਤ ਦੱਸ ਦੇਵਾਂ ਜਿਸ ਨਾਲ ਇਹ ਆਪਣੀ ਆਰਥਿਕ ਹਾਲਤ ਨੂੰ ਸੁਧਾਰ ਸਕਣ। ਇਹ ਸੋਚ ਸਾਂਈ ਦੌਲਾ ਜੀ ਨੇ ਆਵਾਜ਼ ਦਿੱਤੀ। ਭਾਈ ਜੀ ਇਕ ਗੱਲ ਕਰਨੀ ਸੀ।
ਭਾਈ ਗੜੀਆ ਜੀ- ਕਰੋ ਭਾਈ
ਜ਼ਿੰਦਗੀ ਦੇ ਨਿਰਬਾਹ ਲਈ ਮਾਇਆ ਬਹੁਤ ਜ਼ਰੂਰੀ ਹੈ ਇਹ ਵੀ ਪ੍ਰਭੂ ਦੀ ਹੀ ਦਾਤ ਹੈ। ਸਾਂਈ ਦੌਲਾ ਜੀ ਨੇ ਇਤਨਾ ਕਿਹਾ ਹੀ ਸੀ ਕਿ ਭਾਈ ਗੜ੍ਹੀਆ ਜੀ ਬੋਲੇ ਹਾਂਜੀ ਸਾਂਈ ਜੀ ਸਭ ਉਸ ਦੀ ਦਾਤ ਹੀ ਹੈ ਉਸ ਦੇ ਹੀ ਖਜ਼ਾਨੇ ਹਨ ਜੋ ਸਦਾ ਭਰੇ ਰਹਿੰਦੇ ਹਨ। ਇਹ ਸੁਣ ਜਦ ਸਾਂਈ ਦੌਲਾ ਜੀ ਨੇ ਜ਼ਮੀਨ ਵੱਲ ਤੱਕਿਆ ਤਾਂ ਦੇਖਕੇ ਹੈਰਾਨ ਹੋ ਗਿਆ ਕਿ ਸਾਰੀ ਧਰਤੀ ਸੋਨੇ ਦੀ ਕਣ ਕਣ ਸੋਨੇ ਦਾ ਪੱਥਰ ਰੋੜ ਸਭ ਸੋਨੇ ਦੇ ਭੁੱਬਾਂ ਨਿਕਲ ਗਈਆਂ ਤੇ ਗੜ੍ਹੀਆ ਜੀ ਦੇ ਪੈਰੀਂ ਡਿੱਗਾ। ਤਾਂ ਭਾਈ ਸਾਹਿਬ ਨੇ ਕਿਹਾ ਸਾਂਈ ਜੀ ਹੈ ਸਭ ਕੁਝ ਪਰ ਪਦਾਰਥਾਂ ਨੂੰ ਭੋਗਣ ਦੀ ਇੱਛਾ ਹੀ ਨਹੀਂ ਹੈ। ਜੋ ਸਾਡੇ ਕੋਲ ਹੈ ਉਸ ਨੂੰ ਪ੍ਰਭੂ ਦੀ ਰਜ਼ਾ ਮੰਨਦੇ ਹਾਂ ਤੇ ਸ਼ੁਕਰ ਵਿਚ ਰਹਿੰਦੇ ਹਾਂ। ਇਸ ਮਾਇਆ ਦੀ ਖਿੱਚ ਹੀ ਸੀ ਜੋ ਤੁਹਾਡੇ ਮਨ ਨੂੰ ਟਿਕਣ ਨਹੀਂ ਸੀ ਦਿੰਦੀ ਇਸ ਖਿੱਚ ਨੂੰ ਪ੍ਰਭੂ ਵਲ ਲਾਓ ਤਾਂ ਸੁਖ ਮਿਲਸੀ।
ਇਸ ਤੋਂ ਬਾਅਦ ਭਾਈ ਸਾਹਿਬ ਕਸ਼ਮੀਰ ਪੁੱਜੇ ਜਾਕੇ ਗੁਰੂ ਸਾਹਿਬ ਦਾ ਹੁਕਮ ਸੁਣਾਇਆ ਕਿ ਗੁਰੂ ਸਾਹਿਬ ਨੇ ਦਸਵੰਧ ਲੈਣ ਲਈ ਭੇਜਿਆ ਹੈ। ਸਿੱਖਾਂ ਸਤ ਬਚਨ ਕਿਹਾ ਅਤੇ ਆਖਿਆ ਕਿ ਦਸਵੰਧ ਗੁਰੂ ਦਾ ਅਸੀਂ ਕੱਢ ਰੱਖਿਆ ਹੈ। ਆਪ ਕਿਰਪਾ ਕਰੋ ਪਰਵਾਨ ਕਰੋ ਇਹ ਕਹਿ ਮੁਖੀ ਸਿੱਖ ਨੇ ਸਾਰਾ ਦਸਵੰਧ ਇਕ ਥੈਲੀ ਵਿਚ ਪਾ ਨਾਲ ਲਿਖ ਦਿੱਤਾ ਕਿ ਇਤਨੇ ਹਜ਼ਾਰ ਰੁਪਏ ਹਨ। ਭਾਈ ਸਾਹਿਬ ਨੇ ਵੀ ਇਕ ਰਸੀਦ ਉਸ ਮੁਖੀ ਸਿੱਖ ਨੂੰ ਪਕੜਾਈ ਇਹ ਦੇਖ ਸਿੱਖਾਂ ਕਿਹਾ ਕਿ ਇਸ ਦੀ ਕੀ ਲੋੜ ਹੈ ਅਸੀਂ ਕੋਈ ਅਹਿਸਾਨ ਨਹੀਂ ਕੀਤਾ ਜੋ ਆਪ ਤੋਂ ਰਸੀਦਾਂ ਪਏ ਲਈਏ।
ਗੜ੍ਹੀਆ ਜੀ- ਨਹੀਂ ਭਾਈ ਇਹ ਸੁੱਚੀ ਕਿਰਤ ਹੈ ਨਾ ਦੇਣ ਵਾਲਾ ਭੁੱਲੇ ਨਾ ਲੈਣ ਵਾਲਾ। ਇਸ ਤੋਂ ਬਾਅਦ ਭਾਈ ਸਾਹਿਬ ਅੱਗੇ ਗਏ ਤਾਂ ਪਤਾ ਲੱਗਾ ਕਿ ਇਸ ਸਮੇਂ ਤਾਂ ਕਸ਼ਮੀਰ ਵਿਚ ਕਾਲ ਪੈ ਰਿਹਾ ਹੈ। ਲੋਕਾਂ ਘਰ ਖਾਣ ਨੂੰ ਦਾਣੇ ਵੀ ਨਹੀਂ ਹਨ। ਗੁਜ਼ਾਰਾ ਵੀ ਬੜਾ ਮੁਸ਼ਕਲ ਨਾਲ ਚੱਲਦਾ ਹੈ। ਇਹ ਸੁਣ ਭਾਈ ਸਾਹਿਬ ਨੇ ਪੁੱਛਿਆ ਪਰ ਸਿੱਖਾਂ ਨੇ ਤਾਂ ਮੈਨੂੰ ਬਹੁਤ ਮਾਇਆ ਦਿੱਤੀ ਹੈ। ਫਿਰ ਉਹ ਕਿਥੋਂ ਆਈ। ਉਤਰ ਮਿਲਿਆ ਕਿ ਉਹ ਮਾਇਆ ਸਿੱਖਾਂ ਨੇ ਗੁਰੂ ਸਾਹਿਬ ਦੇ ਪਰੇਮ ਵਿਚ ਆਪਣੀ ਵਿਤੋਂ ਵੱਧਕੇ ਦਿੱਤੀ ਹੈ ਨਾਲੇ ਉਹ ਸਾਰੇ ਅਮੀਰ ਸਿੱਖ ਹਨ। ਗਰੀਬ ਸਿੱਖ ਵੀ ਇਸ ਗੱਲੋਂ ਪਛਤਾਵੇ ਵਿਚ ਹਨ ਕਿ ਕਾਲ ਦੇ ਸਮੇਂ ਵਿਚ ਉਨ੍ਹਾਂ ਕੋਲ ਦਸਵੰਧ ਕੱਡਣ ਲਈ ਪੈਸੇ ਨਹੀਂ ਹਨ।
ਇਹ ਸੁਣ ਭਾਈ ਸਾਹਿਬ ਨੇ ਅਗਲੇ ਦਿਨ ਧਰਮਸ਼ਾਲਾ ਵਿਚ ਲੰਗਰ ਸ਼ੁਰੂ ਕਰਵਾ ਦਿੱਤਾ। ਸਭਨੇ ਲੰਗਰ ਛਕਿਆ ਕੋਈ ਕਹੇ ਮੈਂ ਤਿੰਨ ਦਿਨ ਬਾਅਦ ਅੰਨ ਦੇਖਿਆ ਹੈ ਕੋਈ ਕਹੇ ਦੋ ਦਿਨ ਬਾਅਦ ਇਸ ਤਰ੍ਹਾਂ ਸਭ ਲੰਗਰ ਛਕਕੇ ਤ੍ਰਿਪਤ ਹੋ ਗਏ। ਇਸ ਤੋਂ ਬਾਅਦ ਜਿਹੜੀ ਮਾਇਆ ਬਚੀ ਉਹ ਭਾਈ ਸਾਹਿਬ ਨੇ ਇਕ ਥਾਂ ਢੇਰੀ ਕਰ ਦਿੱਤੀ ਤੇ ਕਿਹਾ ਕਿ ਭਾਈ ਜਿਸ ਨੂੰ ਜਿਤਨੀ ਲੋੜ ਹੈ ਮਾਇਆ ਲੈ ਲਵੋ। ਸਭਨੇ ਲੋੜ ਅਨੁਸਾਰ ਮਾਇਆ ਲਈ ਫਿਰ ਵੀ ਜਿਹੜੀ ਵੱਧ ਗਈ ਉਹ ਘਰ ਘਰ ਜਾਕੇ ਬਿਨਾਂ ਕਿਸੇ ਜਾਤ ਪਾਤ ਤੇ ਧਰਮ ਤੋਂ ਵੰਡ ਦਿੱਤੀ । ਹੁਣ ਭਾਈ ਸਾਹਿਬ ਕੋਲ ਸਵਾ ਰੁਪਇਆ ਥੈਲੀ ਵਿਚ ਬਚਿਆ ਸੀ। ਇਸ ਨੂੰ ਲੈਕੇ ਭਾਈ ਸਾਹਿਬ ਅੰਮ੍ਰਿਤਸਰ ਨੂੰ ਪਰਤੇ ਜਾਂ ਗੁਰੂ ਸਾਹਿਬ ਜੀ ਦੇ ਦਰਬਾਰ ਥੈਲੀ ਤੇ ਉਸ ਵਿਚ ਸਵਾ ਰੁਪਇਆ ਤੇ ਹਜ਼ਾਰਾਂ ਰੁਪਏ ਭੇਟਾ ਦੀ ਰਸੀਦ ਦਿਖਾਈ ਤਾਂ ਇਹ ਦੇਖ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਕਿਹਾ ਕਿ ਮੈਨੂੰ ਪਹੁੰਚ ਗਈ ਹੈ।
ਭਾਈ ਗੜ੍ਹੀਆ ਤੂੰ ਗੁਰੂ ਘਰ ਦੇ ਸਿਧਾਂਤ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਨੂੰ ਬਹੁਤ ਬਾ ਖੂਬੀ ਨਿਭਾਹਿਆ ਹੈ। ਤੇਰੀ ਸੇਵਾ ਸਫਲ ਹੈ। ਹੁਣ ਤੂੰ ਆਪਣੇ ਘਰ ਜਾ ਤੇ ਸਿੱਖੀ ਦਾ ਪ੍ਰਚਾਰ ਕਰ। ਤੇਰੇ ਤੇ ਗੁਰੂ ਸਾਹਿਬ ਦੀਆਂ ਬੇਅੰਤ ਖੁਸ਼ੀਆਂ ਹਨ। ਜਦ ਸੰਗਤ ਨੇ ਸਾਰੀ ਵਿੱਥਿਆ ਪੁੱਛੀ ਤਾਂ ਸਤਿਗੁਰ ਬੋਲ ਉਠੇ ਗੜ੍ਹੀਏ ਨੇ ਮੈਨੂੰ ਰੋਟੀ ਖੁਆਈ । ਮੈਂ ਠੀਕ ਕਸ਼ਮੀਰ ਵਿਚ ਸਾਂ ਤੇ ਭੁੱਖ ਵਿਚ ਸਾਂ ਇਸ ਨੇ ਮੈਨੂੰ ਪ੍ਰਸ਼ਾਦ ਛਕਾਇਆ,ਮੈਂ ਓਥੇ ਓਸ ਕਾਲ ਲੋੜ ਵਿਚ ਸਾਂ, ਇਸ ਨੇ ਮੇਰੇ ਜੇਬੇ ਭਰੇ, ਇਸ ਮੈਨੂੰ ਮਾਇਆ ਪੁਚਾਈ। ਮੈਨੂੰ ਸਾਰੀ ਅਪੜੀ ਪਈ ਸੀ।
ਮਹਾਰਾਜ ਇਹ ਕਹਿਕੇ ਫਿਰ ਅੰਤਰ ਧਿਆਨ ਹੋ ਗਏ, ਤੇ ਸੰਗਤ ਸਾਰੀ ਵਿਚ ਛਮਾਂ ਛਮ ਨੈਣ ਬਰਸੇ ਤੇ ਧੰਨ ਸਤਿਗੁਰ ਧੰਨ ਸਿੱਖੀ ਦੀ ਗੂੰਜ ਨੇ ਇਕ ਅਰਸ਼ੀ ਨਜ਼ਾਰਾ ਬੰਨ੍ਹ ਦਿੱਤਾ ਸੀ।
ਕਸ਼ਮੀਰ ਸਿੱਖੀ ਦੀ ਖ਼ੁਸ਼ਬੂ ਨਾਲ ਮਹਿਕ ਰਿਹਾ ਸੀ । ਬਹੁਤ ਘੱਟ ਲੋਕੀਂ ਜਾਣਦੇ ਸਨ ਕਿ ਚਾਰੇ ਧੁਨੀਆਂ ਦੇ ਮੁਖੀ ਸ੍ਰੀਨਗਰ ਦੇ ਹੀ ਰਹਿਣ ਵਾਲੇ ਸਨ । ਭਾਈ ਸੁਥਰਾ ਦਾ ਜਨਮ ਵੀ ਕਸ਼ਮੀਰ ਹੀ ਹੋਇਆ ਸੀ । ਸਿੱਖ ਵੀ ਗੁਰੂ ਜੀ ਨੂੰ ਸੁਨੇਹਾ ਭੇਜਦੇ ਰਹਿੰਦੋਂ ਕਿ ਇੱਥੇ ਆ ਚਰਨ ਪਾਓ ਤਾਂ ਕਿ ਇੱਥੇ ਦੀ ਸੰਗਤ ਵੀ ਦਰਸ਼ਨ ਕਰ ਆਪਣਾ ਜੀਵਨ ਸਫ਼ਲ ਬਣਾ ਸਕੇ । ਗੁਰੂ ਹਰਿਗੋਬਿੰਦ ਸਾਹਿਬ ਨੇ ਉਚੇਚਾ ਭਾਈ ਗੜ੍ਹੀਆ ਜੀ ਨੂੰ ਕਸ਼ਮੀਰ ਪ੍ਰਚਾਰ ਲਈ ਭੇਜਿਆ । ਭਾਈ ਗੜ੍ਹੀਆ ਉਦਾਰਤਾ , ਪਰਉਪਕਾਰਤਾ ਤੇ ਨਿਮਰਤਾ ਦੀ ਮੂਰਤ ਸਨ । ਗੁਰੂ ਜੀ ਦੀ ਉਪਮਾ ਕਰਦੇ । ਗੁਰੂ ਜੀ ਦੀਆਂ ਹੀ ਗੱਲਾਂ ਕਰਦੇ । ਕਸ਼ਮੀਰ ਵਿਚ ਕਈ ਜਗ੍ਹਾ ਸਿੱਖੀ ਦੇ ਪ੍ਰਚਾਰ ਦੇ ਕੇਂਦਰ ਬਣਾਏ । ਪਹਿਲਗਾਮ ਨੇੜੇ ਮਟਨ ਸਾਹਿਬ ਰਹਿ ਕਾਫੀ ਦੇਰ ਸਿੱਖੀ ਦਾ ਪ੍ਰਚਾਰ ਕਰਦੇ ਰਹੇ । ਮਟਨ ਸਾਹਿਬ ਉਹ ਹੀ ਪਾਵਨ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਤੇ ਬ੍ਮਦੱਤ ਨੂੰ ਗਿਆਨ ਚਖਸ਼ੂ ਬਖ਼ਸ਼ੇ ਸਨ । ਉੱਥੇ ਸੰਗਤ ਦਾ ਇਕੱਠ ਕਰਦੇ ਤੇ ਗੁਰੂ ਦੀ ਮਹਿਮਾ ਸੰਗਤਾਂ ਨੂੰ ਦੱਸਦੇ ਰਹਿੰਦੇ । ਸ਼ੰਕੇ ਨਿਵਾਰਦੇ । ਭਾਈ ਗੜ੍ਹੀਆ ਜੀ ਨੇ ਇਕ ਵਾਰੀ ਸ਼ਾਹ ਦਊਲਾ ਦਾ ਸ਼ੰਕਾ ਕਿ ਗੁਰੂ ਜੀ ਕਿਉਂ ਜੰਗਾਂ ਯੁੱਧਾਂ ਵਿਚ ਰੁਝ ਗਏ ਹਨ , ਇਹ ਕਹਿ ਕੇ ਨਿਵਾਰਿਆ ਸੀ ਕਿ ਗੁਰੂ ਹਰਿਗੋਬਿੰਦ ਜੀ ਤਾਂ ਤੁਰਕਾਂ ਨੂੰ ਅਨੀਤੀ ਤੋਂ ਹਟਾ ਰਹੇ ਹਨ । ਭਾਈ ਗੜ੍ਹੀਆ ਜੀ ਦਾ ਜੀਵਨ ਸਾਦਾ , ਸੁਥਰਾ ਤੋਂ ਉੱਚਾ ਸੀ । ਮੋਮ ਦਿਲ ਇਤਨੇ ਸਨ ਕਿ ਕਿਸੇ ਦੀ ਪੀੜ ਉਹ ਜਰ ਨਾ ਸਕਦੇ । ਵਾਹ ਲੱਗਦੇ ਉੱਥੇ ਹੀ ਨਿਵਾਰਨ ਦਾ ਯਤਨ ਕਰਦੇ । ਦੂਜਿਆਂ ਦੀ ਸੇਵਾ ਵਿਚ ਆਪਣਾ ਜੀਵਨ ਸਫ਼ਲ ਹੋਇਆ ਜਾਣਦੇ।’ਹੱਥ ਕਾਰ ਵੱਲ ਤੋਂ ਦਿਲ ਯਾਰ ਵੱਲ ਦੀ ਉਹ ਜ਼ਿੰਦਾ ਮਿਸਾਲ ਸਨ । ਭਾਈ ਗੜ੍ਹੀਆ ਜੀ ਦੀ ਕਥਨੀ ਤੇ ਕਰਨੀ ਵਿਚ ਕੋਈ ਫ਼ਰਕ ਨਹੀਂ ਸੀ । ਉਨ੍ਹਾਂ ਦੀ ਸ਼ਖ਼ਸੀਅਤ ਤੋਂ ਹੀ ਪ੍ਰਭਾਵਤ ਹੋ ਕੇ ਕਈ ਗੁਰੂ ਘਰ ਵੱਲ ਖਿੱਚੇ ਆਉਂਦੇ । ਸ਼ਾਹ ਦੌਲਾ ਤੇ ਮੌਲਾ ਵੀ ਉਨ੍ਹਾਂ ਦੀ ਕਰਣੀ ਦੇਖ ਗੁਰੂ ਹਰਿਗੋਬਿੰਦ ਜੀ ਦੇ ਮੁਰੀਦ ਬਣੇ , ਜੋ ਪਹਿਲਾਂ ਸ਼ੰਕਾ ਕਰਦੇ ਸਨ । ਉਹ ਮਾਇਆ ਇਕੱਠੀ ਕਰਕੇ ਗੁਰੂ ਜੀ ਲਈ ਭੇਜਦੇ । ਗੁਰੂ ਗੋਲਕ ਦਾ ਧਨ ਖਾਣ ਨੂੰ ਜ਼ਹਿਰ ਸਮਾਨ ਸਮਝਦੇ । ਭਾਈ ਗੜ੍ਹੀਆ ਜੀ ਜਦ ਬਾਣੀ ਪੜ੍ਹਦੇ ਤਾਂ ਇਕ ਚਿੱਟੇ ਹੰਸ ਦੀ ਨਿਆਈਂ ਲੱਗਦੇ ਜੋ ਮੋਤੀ ਕੱਢ ਬਾਹਰ ਰੱਖੀ ਜਾ ਰਿਹਾ ਹੋਵੇਂ । ਜਦ ਰਾਹ ਵਿਚ ਚਲਦੇ ਹੁੰਦੇ ਤਾਂ ਫ਼ਕੀਰ ਦੀ ਨਿਆਈਂ ਲੱਗਦੇ । ਪੈਰੀਂ ਟੁੱਟੀ ਜੁੱਤੀ ਹੁੰਦੀ , ਗਲ਼ ਵਿਚ ਅੱਧ ਮੈਲਾ ਚੋਲਾ ਹੁੰਦਾ , ਪਰ ਇਸ ਅਵਸਥਾ ਵਿਚ ਵਿਚਰਦੇ ਨੂਰ ਉਨ੍ਹਾਂ ਦੇ ਚਿਹਰੇ ‘ ਤੇ ਡਲ੍ਹਕਾਂ ਮਾਰਦਾ । ਗੁੜੀਆ ਜੀ ਦੇ ਪ੍ਰਚਾਰ ਦਾ ਮੁੱਖ ਧੁਰਾ ਸੀ ਕਿ ਅਸਲ ਸੁੱਖ ਮਨ ਟਿਕੇ ਵਿਚ ਹੈ । ਰਜ਼ਾ ਵਿਚ ਰਾਜ਼ੀ ਰਹਿਆਂ ਅੰਦਰ ਟਿਕਦਾ ਹੈ । ਪਕੜਾਂ ਛੱਡਿਆਂ ਅੰਦਰ ਹੌਲਾ ਹੋ ਜਾਂਦਾ ਹੈ । ਦਿਲ ਵਿਚ ਗ਼ਰੀਬਾਂ ਦਾ ਇਤਨਾ ਦਰਦ ਸੀ ਕਿ ਉਸ ਦੀ ਇਕ ਉਦਾਹਰਣ ਹੈ ਕਿ ਸ਼ਾਹ ਦੌਲਾ ਨੇ ਆਪ ਜੀ ਦੇ ਬਸਤ ਫਟੇ ਦੇਖ ਪੋਸ਼ਾਕ ਬਣਵਾ ਭੇਟ ਕੀਤੀ ਤਾਂ ਉਸੇ ਵਕਤ ਇਕ ਲੋੜਵੰਦ ਉੱਥੇ ਆ ਗਿਆ ਤੇ ਭਾਈ ਜੀ ਨੇ ਪੋਸ਼ਾਕ ਉਸ ਨੂੰ ਭੇਟ ਕਰ ਦਿੱਤੀ । ਸ਼ਾਹ ਦੌਲਾ ਨੇ ਇਸ ਗੱਲ ਦਾ ਗੁੱਸਾ ਵੀ ਕੀਤਾ ਤੇ ਪ੍ਰਗਟਾਵਾ ਕਰ ਕਹਿ ਵੀ ਦਿੱਤਾ : “ ਭਾਈ ਜੀ ! ਦਿਖਾਵਾ ਚੰਗਾ ਨਹੀਂ ! ” ਪਰ ਭਾਈ ਜੀ ਨੇ ਨਿਮਰਤਾ ਨਾਲ ਸਮਝਾਇਆ : “ ਮੇਰੇ ਤੋਂ ਵੱਧ ਉਸ ਨੂੰ ਲੋੜ ਸੀ ਦਿਖਾਵੇ ਦੀ ਕੋਈ ਗੱਲ ਨਹੀਂ । ਮੇਰਾ ਤਾਂ ਗੁਜ਼ਾਰਾ ਪਿਆ ਹੁੰਦਾ ਹੈ । ਫਿਰ ਮੈਨੂੰ ਤਾਂ ਹੋਰ ਮਿਲ ਵੀ ਜਾਏਗੀ ਪਰ ਇਸ ਦੀ ਕਿਸੇ ਨਹੀਂ ਸੁਣਨੀ ਸ਼ਾਹ ਦੌਲਾ ਨੇ ਸਚਮੁੱਚ ਉਸੇ ਵੇਲੇ ਹੋਰ ਬਣਵਾ ਦਿੱਤੀ । ਭਾਈ ਗੜ੍ਹੀਆ ਜੀ ਗੁਰੂ ਜੀ ਦੇ ਸੱਚੇ ਸੁੱਚੇ ਸਿੱਖ ਸਨ ਤੇ ਸਾਡੇ ਵਾਸਤੇ ਰੋਲ ਮਾਡਲ ਹਨ ।