ਜਾਣੋ ਇਤਿਹਾਸ – ਗੁਰਦੁਆਰਾ ਬਿਬਾਨਗੜ੍ਹ ਸਾਹਿਬ
ਪੰਜਾਬ ਦੇ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ। ਇੱਥੇ ਗੁਰੂ ਸਾਹਿਬਾਨ ਦੀ ਯਾਦ ‘ਚ ਕਈ ਗੁਰਧਾਮ ਮੌਜੂਦ ਹਨ। ਇਨ੍ਹਾਂ ‘ਚੋਂ ਨੌਵੀਂ ਪਾਤਸ਼ਾਹੀ ਦੀ ਯਾਦ ‘ਚ ਇੱਕ ਪਾਵਨ ਅਸਥਾਨ ਹੈ ਗੁਰਦੁਆਰਾ ਬਿਬਾਨਗੜ੍ਹ ਸਾਹਿਬ। ਕੀਰਤਪੁਰ ਸਾਹਿਬ ਦਾ ਇਹ ਗੁਰਦੁਆਰਾ ਭਾਖੜਾ ਨਹਿਰ ਦੇ ਕਿਨਾਰੇ ਤੋਂ ਕੁਝ ਕੁ ਦੂਰੀ ‘ਤੇ ਹੀ ਸੁਸ਼ੋਭਿਤ ਹੈ।
ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਾਂਦਨੀ ਚੌਂਕ ਦਿੱਲੀ ਵਿਖੇ 11 ਨਵੰਬਰ 1675 ਈ. ਨੂੰ ਸ਼ਹਾਦਤ ਹੋਈ ਤਾਂ ਭਾਈ ਜੈਤਾ ਜੀ (ਅੰਮ੍ਰਿਤ ਛਕਣ ਤੋਂ ਬਾਅਦ ਭਾਈ ਜੀਵਨ ਸਿੰਘ ਬਣੇ) ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਧੜ ਤੋਂ ਅਲੱਗ ਹੋਇਆ ਸੀਸ ਲੈ ਕੇ ਕੀਰਤਪੁਰ ਸਾਹਿਬ ਪੁੱਜੇ ਸਨ। ਕੀਰਤਪੁਰ ਸਾਹਿਬ ਪੁੱਜ ਕੇ ਇਸ ਅਸਥਾਨ ‘ਤੇ ਗੁਰੂ ਸਾਹਿਬ ਦਾ ਸੀਸ ਸੁਸ਼ੋਭਿਤ ਕੀਤਾ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸੁਨੇਹਾ ਭੇਜਿਆ ਸੀ। ਦਸ਼ਮੇਸ਼ ਪਿਤਾ ਜੀ ਪਰਿਵਾਰ ਅਤੇ ਬੇਅੰਤ ਸੰਗਤਾਂ ਸਮੇਤ ਇੱਥੇ ਪਹੁੰਚੇ ਸਨ। ਬਿਬਾਣ ਦੇ ਰੂਪ ਵਿੱਚ ਸਤਿਗੁਰਾਂ ਦੇ ਪਾਵਨ ਸੀਸ ਨੂੰ ਸ੍ਰੀ ਅਨੰਦਪੁਰ ਸਾਹਿਬ ਕੀਰਤਨ ਕਰਦਿਆਂ ਲਿਜਾਇਆ ਗਿਆ। ਇੱਥੋਂ ਬਿਬਾਣ ਦੇ ਰੂਪ ‘ਚ ਗੁਰੂ ਜੀ ਦਾ ਸੀਸ ਲੈ ਜਾਣ ਕਰਕੇ ਇਹ ਅਸਥਾਨ ਬਿਬਾਨਗੜ੍ਹ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੋਇਆ। ਇੱਥੋਂ ਗੂਰੂ ਜੀ ਦੇ ਸੀਸ ਨੂੰ ਲਿਜਾ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਕਾਰ ਸਹਿਤ ਸਸਕਾਰ ਕੀਤਾ ਗਿਆ ਸੀ।