ਭਾਈ ਢੇਸਾ ਜੀ ਬਾਰੇ ਜਾਣਕਾਰੀ
ਗੁਰੂ ਨਾਨਕ ਸਾਹਿਬ ਜੀ ਤੋ ਪਹਿਲਾ ਸਮਾਂ ਹੀ ਐਸਾ ਸੀ ਕਈ ਧਰਮਾਂ , ਕਈ ਸਾਧਾਂ , ਕਈ ਨਾਮਾਂ ਦਾ ਪ੍ਰਚਾਰ ਸੀ । ਸਭ ਆਪਣੀ ਹਉਂ ਦਾ ਹੀ ਪ੍ਰਚਾਰ ਕਰੀ ਜਾਂਦੇ ਸਨ । ਕੋਈ ਐਸਾ ਧਰਮ ਨਹੀਂ ਸੀ ਜੋ ਵਾਹਿਗੁਰੂ ਦੀ ਸੱਚੀ ਗੱਲ ਕਰਦਾ । ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁੰਦੇ ਸਾਰ ਹਉ ਤੇਰਾ , ਤੇਰਾ ਨਾਉਂ ਉਚਾਰਿਆ ਸੀ । ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀ ਪਹਿਲੀ ਪਉੜੀ ਦੀ ਪਹਿਲੀ ਤੁੱਕ ਵਿਚ ਲਿਖਿਆ ਹੈ : ਨਮਕਾਰ ਗੁਰਦੇਵ ਕੋ , ਸਤਿਨਾਮ ਜਿਸ ਮੰਤ੍ਰ ਸੁਣਾਇਆ | ਤੇ ਸੰਸਾਰ ਜਗਤ ਵਿਚੋਂ ਪਾਰ ਹੋਣ ਦਾ ਵੱਲ ਸਿਖਲਾ ਦਿੱਤਾ । ਗੁਰੂ ਪਾਤਸ਼ਾਹ ਨੇ ਭੁੱਲੇ ਭਟਕਿਆਂ ਨੂੰ ਸੱਚੇ ਮਾਰਗ ਦਾ ਰਾਹ ਦਰਸਾਇਆ । ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਸ਼ਬਦ ਨਾਲ ਹੀ ਜੋੜਦੇ । ਜੋ ਵੀ ਗੁਰੂ ਦੇ ਦਰ ਆਇਆ ਉਸ ਨੇ ਦਰਗਾਹ ਦਾ ਰਾਹ ਪਾਇਆ । ਭਾਈ ਢੇਸਾ ਜੀ ਵਾਹਿਗੁਰੂ ਦੀ ਹੋਂਦ ਤੋਂ ਮੁਨਕਰ ਸਨ । ਰੁੱਤਾਂ , ਮੌਸਮ , ਦਿਨ ਰਾਤ ਉਨ੍ਹਾਂ ਨੂੰ ਇਕ ਸੁਭਾਵਿਕ ਜਿਹੀ ਕਿਰਿਆ ਲੱਗਦੀ ਸੀ ਕਿ ਇਹ ਸਭ ਛਲਾਵਾ ਹੀ ਹੈ । ਉਹ ਇਹ ਨਹੀਂ ਸਨ ਜਾਣਦੇ ਕਿ ਜੋ ਬਦਲਦਾ ਹੈ ਉਹ ਨਾਸ਼ ਨਹੀਂ , ਇਕ ਹੋਂਦ ਹੈ ਅਕਾਲ ਪੁਰਖ ਦੀ । ਭਾਈ ਢੇਸਾ ਜੀ ਉੱਜ ਬੜੇ ਵਿਦਵਾਨ ਸਨ । ਬੁੱਧੀ ਚਤੁਰ ਸੀ । ਉਨ੍ਹਾਂ ਦੀ ਚਤੁਰਾਈ ਦੇਖ ਕੇ ਭਾਈ ਸਾਈਂ ਦਾਸ ਜੀ ਨੇ ਉਨ੍ਹਾਂ ਦੀ ਮਿੱਤਰਤਾ ਮਾਣੀ ਸੀ ਭਾਈ ਸਾਈਂਦਾਸ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਾਂਢੂ ਜੀ ਸਨ ਬੀਬੀ ਰਾਮੋ ਜੀ ਦੇ ਪਤੀ ਸਨ।ਭਾਈ ਢੇਸਾ ਜੀ ਦੀ ਸੋਚਣੀ ਉਨ੍ਹਾਂ ਦੀ ਸੁੱਚੀ ਸੀ । ਰਹਿਣੀ ਬਹਿਣੀ ਵੀ ਬੜੀ ਸੁਚੱਜੇ ਢੰਗ ਵਾਲੀ ਸੀ । ਹੰਕਾਰ ਦਾ ਵਾਸਾ ਨਹੀਂ ਸੀ । ਆਏ ਗਏ ਦੀ ਸੇਵਾ ਵੀ ਕਰਦੇ ਸਨ । ਹਰ ਇਕ ਨਾਲ ਭਲਾ ਹੀ ਕਰਦੇ ਸਨ । ਘਰ ਵਿਚ ਸੰਜਮ ਤੇ ਨੇਕੀ ਦਾ ਵਾਸਾ ਸੀ । ਚਾਹੇ ਉਨ੍ਹਾਂ ਵਿਚ ਹਰ ਗੁਣ ਸਨ ਜੋ ਇਕ ਚੰਗੇ ਇਨਸਾਨ ਵਿਚ ਹੁੰਦੇ ਸਨ ਪਰ ਭਾਈ ਸਾਈਂ ਦਾਸ ਜੀ ਜਾਣਦੇ ਸਨ ਕਿ ਭਾਈ ਢੇਸਾ ਬਾਹਰਲੇ ਰੰਗਾਂ ਵਿਚ ਰੰਗਿਆ ਹੋਇਆ ਹੈ । ਅਸਲ ਰੰਗ ਉਸ ਨੂੰ ਨਹੀਂ ਲੱਭਿਆ । ਜਦ ਉਹ ਗੁਰੂ ਦੀ ਸੰਗਤ ਵਿਚ ਆਏਗਾ ਤਾਂ ਹੀ ਉਸ ਨੂੰ ਅਸਲ ਨਕਲ ਦੀ ਪਹਿਚਾਣ ਹੋਵੇਗੀ । ਬਿਨਾਂ ਗੁਰੂ ਤੋਂ ਉਸ ਨੂੰ ਸੱਚਾ ਗਿਆਨ ਪ੍ਰਾਪਤ ਨਹੀਂ ਹੋਵੇਗਾ । ਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ । ਸਤਿਸੰਗਤ ਵਿਚ ਹੀ ਰੱਬ ਨਿਵਾਸ ਕਰਦਾ ਹੈ । · ਭਾਈ ਸਾਈਂ ਦਾਸ ਜੀ ਨੇ ਰੱਬ ਦੀ ਮੌਜੂਦਗੀ ਦਾ ਅਹਿਸਾਸ ਭਾਈ ਢੇਸੇ ਜੀ ਨੂੰ ਕਰਵਾਇਆ ਤੇ ਵਾਕ ਸੁਣਾਇਆ : ਮੇਰੇ ਮਾਧਉ ਜੀ ਸਤ ਸੰਗਤਿ ਮਿਲੇ ਸੁ ਤਰਿਆ } } ( ਰਾਗ ਗੁਜਰੀ ਮਹਲਾ ੫ , ਪੰਨਾ ੪੯੫ )
ਇਸ ਤਰ੍ਹਾਂ ਭਾਈ ਸਾਈਂ ਦਾਸ ਜੀ ਨੇ ਪਹਿਲਾਂ ਭਾਈ ਢੇਸੇ ਦੀ ਦਿਮਾਗੀ ਹਿਲਜੁੱਲ ਨੂੰ ਆਪਣੀ ਉੱਜਲ ਬੁੱਧੀ ਰਾਹੀਂ ਗੁਰੂ ਦਾ ਰਾਹ ਸਮਝਾਇਆ , ਸਿੱਖੀ ਮਾਰਗ ਦੱਸਿਆ , ਸੰਜਮ ਸਿਖਾਇਆ , ਸੇਵਾ ਦੀ ਮਹੱਤਤਾ ਦੱਸੀ ਕੀਰਤਨ ਸੁਣਨ ਦਾ ਰਸ ਪਾਇਆ ਤੇ ਫੇਰ ਜਦ ਭਾਈ ਢੇਸਾ ਵਿਚ ਸਤਿਸੰਗਤ ਕਰਨ ਦੀ ਇੱਛਾ ਹੋਈ ਤਾਂ ਗੁਰੂ ਦੇ ਦਰਸ਼ਨ ਕਰਨ ਨੂੰ ਮਨ ਤਰਸਿਆ । ਭਾਈ ਸਾਈਂ ਦਾਸ ਜੀ ਭਾਈ ਢੇਸਾ ਜੀ ਨੂੰ ਡੱਲੇ ਤੋਂ ਡਰੋਲੀ ਲੈ ਆਏ । ਡਰੌਲੀ ਆ ਕੇ ਭਾਈ ਢੇਸਾ ਜ਼ਿਆਦਾ ਸਤਿਸੰਗਤ ਕਰਨ ਲੱਗ ਪਏ । ਗੁਰਬਾਣੀ ਦਾ ਪਾਠ ਕਰਦੇ ਤੇ ਭਾਈ ਜੀ ਕੋਲੋਂ ਸ਼ਬਦ ਦਾ ਵਿਚਾਰ ਸੁਣਦੇ : ਮਨ ਉਨਮਨ ਹੋਣ ਲੱਗਾ । ਬਾਣੀ ਹੁਣ ਟਿਕ ਕੇ ਸੁਣਦੇ ਤੇ ਮਨ ਦੀ ਸ਼ੁੱਧੀ ਹੁੰਦੀ ਗਈ । ਬਾਣੀ ਦੇ ਰਸੀਏ ਬਣ ਗਏ । ਦਿਮਾਗ਼ ਵੀ ਉਜਲ ਹੋਣ ਲੱਗਾ । ਵਿਕਾਰ ਮਿਟਣ ਲੱਗੇ । ਬਾਲ ਬੁੱਧ ਤੇ ਚਤੁਰਾਈ ਦਾ ਵਿਕਾਰ ਹਟਿਆ । ਸ਼ਖ਼ਸੀਅਤ ਭਲੀ , ਹਿਰਦਾ ਸਾਫ਼ ਤੇ ਖ਼ੁਸ਼ੀ ਸੁੱਤੇ ਸਿੱਧ ਆ ਗਈ । ਜਿਸ ਨੂੰ ਗੁਰਬਾਣੀ ਵਿਚ ਸੱਜਣ ਸਹਿਜ ਤੇ ਸੁਹੇਲਾ ਸਹਿਜੇ ਕਿਹਾ ਹੈ ਉਹ ਬਣਨ ਲੱਗੇ । ਬੜੇ ਹੀ ਪ੍ਰੇਮ ਨਾਲ ਬਾਣੀ ਵਿਚ ਮਨ ਲਗਾਂਦੇ । ਮਾਇਆ ਦੀ ਖਿੱਚ ਹੱਟ ਗਈ । ਹੁਣ ਕੇਵਲ ਇਕੋ ਹੀ ਤਾਂਘ ਉਠਦੀ ਕਿ ਇਸ ਮਨ ਅੰਦਰ ਨਾਮ ਦਾ ਨਿਵਾਸ ਹੋ ਜਾਵੇ । ਇਨ੍ਹਾਂ ਸਭਨਾਂ ਵਿਚਾਰਾਂ ਨੇ ਦਿਮਾਗ਼ ਦੀਆਂ ਸੋਚਾਂ ਬੜੀਆਂ ਵਧਾ ਦਿੱਤੀਆਂ । ਨਾਮ ਇਕ ਐਸੀ ਦਾਤ ਹੈ ਜੋ ਵਾਹਿਗੁਰੂ ਦੀ ਮਿਹਰ ਨਾਲ ਹੀ ਮਿਲਦੀ ਹੈ । ਉਸ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਬਿਨਾਂ ਕੋਈ ਸਿਮਰਨ ਨਹੀਂ ਕਰ ਸਕਦਾ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਮ ਕੋਈ ਅੰਤ ਨਹੀਂ ਹੈ । ਨਾਮ ਕੋਈ ਨਿਰਜਿੰਦ ਚੀਜ਼ ਨਹੀਂ । ਨਾਮ ਤਾਂ ਜਨਰੇਟਿੰਗ ਫ਼ੋਰਸ ਹੈ । ਨਾਂਹ ਹੀ ਕੋਈ ਅੱਖਰਾਂ ਤੋਂ ਬਣਿਆ ਸ਼ਬਦ ਹੈ , ਸਗੋਂ ਜਾਗਦੀ ਜੋਤ ਦਾ ਅੰਦਰੋਂ ਪ੍ਰਤੱਖ ਪ੍ਰਗਟ ਹੋਣਾ ਹੈ । ਇਸੇ ਲਈ ਵਾਕ ਹੈ : ਨਾਮ ਹਮਾਰੇ ਅੰਤਰਜਾਮੀ ॥ ਨਾਮ ਹਮਾਰੇ ਆਵੈ ॥ ਨਾਮ ਇਸ ਤਰ੍ਹਾਂ ਜੀਵਨ ਰੌਸ਼ਨ ਕਰਦਾ ਹੈ ਜਿਵੇਂ ਬੁਝਦੇ ਦੀਪਕ ਵਿਚ ਤੇਲ ਪਾ ਦਿੱਤਾ ਜਾਵੇ । ਨਾਮ ਧਨ ਹੈ । ਨਾਮ ਪ੍ਰਾਪਤੀ ਦਾ ਸੌਖਾ ਰਾਹ ਬਾਣੀ ਦਾ ਪਾਠ ਹੈ ਤੇ ਰੋਜ ਵਹਿਗੁਰੂ ਅਗੇ ਅਰਦਾਸ ਕਰਨੀ ਚਾਹੀਦੀ ਹੈ ।। ਬਾਣੀ ਪੜ੍ਹਦਿਆਂ ਜਦ ਟਿਕਾਅ ਜਿਹਾ ਮਹਿਸੂਸ ਹੋਵੇ ਤਾਂ ਉਹ ਸਮਾਂ ਹੈ ਨਾਮ ਦੇ ਪ੍ਰਕਾਸ਼ ਦਾ । ਫਿਰ ਜੇ ਕਦੇ ਹਜ਼ੂਰੀ ਦਾ ਅਨੰਦ ਟੁੱਟਣ ਲੱਗੇ , ਸੁਰਤਿ ਹੇਠਾਂ ਆਵੇ ਤੱਦ ਝੱਟ ਬਾਣੀ ਦਾ ਲੜ ਪਕੜ ਲੈਣਾ ਚਾਹੀਦਾ ਹੈ । ਸ਼ਬਦ ਦੀ ਧੁਨੀ ਉਠਦੇ ਸਾਰ ਧਿਆਨ ਜੁੜ ਜਾਵੇਗਾ । ਜੁੜੇ ਧਿਆਨ ਵਿਚ ਉਸ ਨੂੰ ਜਾਣਿਆ ਜਾ ਸਕੇਗਾ । ਕਿਤਨੀ ਅਥਾਹ ਸ਼ਕਤੀ ਹੈ ਗੁਰਬਾਣੀ ਦੀ । ਭਾਈ ਸਾਈਂ ਦਾਸ ਜੀ ਨੇ ਹੀ ਢੇਸੇ ਨੂੰ ਹਨ੍ਹੇਰੇ ਵਿਚੋਂ ਕੱਢ ਕੇ ਸ਼ੁੱਧ ਮਨ ਦੁਆਰਾ ਵਾਪਸ ਆਏ ਸਤਿਗੁਰਾਂ ਵੱਲੋਂ ਨਾਮ ਦੀ ਦਾਤ ਦਿਵਾਏ ਜਾਣ ਲਈ ਤਿਆਰ ਕਰ ਲਿਆ ਸੀ । ਗੁਰੂ ਜੀ ਉਸ ਵਕਤ ਡਰੋਲੀ ਵਿਚ ਹੀ ਸਨ । ਇਕ ਦਿਹਾੜੇ ਜਦ ਸ਼ਿਕਾਰ ਤੋਂ ਖੂਹ ਤੋਂ ਬੈਠੇ ਸਨ ਕਿ ਭਾਈ ਢੇਸਾ ਸਾਰੇ ਸਿੱਖਾਂ ਤੋਂ ਪਹਿਲਾਂ ਗੁਰੂ ਜੀ ਕੋਲ ਪੁੱਜ ਗਿਆ । ਗੁਰੂ ਜੀ ਨੂੰ ਜਦ ਪਿਆਸ ਲੱਗੀ ਤਾਂ ਝੱਟ ਦੌੜ ਕੇ ਖੂਹ ਵਿਚੋਂ ਠੰਢਾ ਜਲ ਲੈ ਆਇਆ । ਗੁਰੂ ਜੀ ਨੇ ਇਕ ਨਿਗਾਹ ਉਨ੍ਹਾਂ ਵੱਲ ਪਾਈ ਤਾਂ ਦੇਖ ਪੁੱਛਣ ਲੱਗੇ ਤੁਹਾਡਾ ਨਾਂ ਕੀ ਹੈ ? ਜਦ ਨਾਮ ਦੱਸ ਢੇਸਾ ਜੀ ਨੇਂ ਫੇਰ ਕੁਝ ਕਹਿਣਾ ਚਾਹਿਆ ਤਾਂ ਸਤਿਗੁਰੂ ਜੀ ਨੇ ਕਿਹਾ : ਢੇਸਾ ਜੀ , ਭਾਂਡਾ ਧੋਇ ਬੈਸ ਧੂਪ ਦੇਵਹੁ ॥ ਪਰ ਢੇਸੇ ਨੂੰ ਇਸ ਗੱਲ ਦੀ ਸਮਝ ਨਾ ਆਈ । ਉਨ੍ਹਾਂ ਚਰਨੀਂ ਪੈ ਫਿਰ ਮੰਗਿਆ । ਪਰ ਗੁਰੂ ਜੀ ਨੇ ਉਹ ਹੀ ਤੁਕ ਫੇਰ ਦੁਹਰਾਈ । ਜਦੋਂ ਸਾਰੀ ਗੱਲ ਭਾਈ ਸਾਈਂ ਦਾਸ ਜੀ ਨੂੰ ਢੇਸਾ ਜੀ ਨੇ ਦੱਸੀ ਤਾਂ ਉਨ੍ਹਾਂ ਸਮਝਾਇਆ ਕਿ ਤੁਹਾਡੇ ਬਿਨਾਂ ਕਹੇ ਤੇ ਹੀ ਉਨ੍ਹਾਂ ਸਮਾਂ ਨਿਸ਼ਚਿਤ ਕਰ ਦਿੱਤਾ ਹੈ । ਉਹ ਤੇ ਆਪ ਹੀ ਜਾਣੀ ਜਾਣ ਹਨ । ਕੁਝ ਕਹਿਣ ਦੀ ਲੋੜ ਨਹੀਂ ! ਸਮਾਂ ਤਾਂ ਬੀਤ ਜਾਵੇਗਾ , ਤੁਸੀਂ ਵਾਹਿਗੁਰੂ ਦੇ ਧਿਆਨ ਵਿਚ ਹੀ ਲੱਗੇ ਰਹੋ । ਸੇਵਾ ਸਿਮਰਨ , ਸਤਿਸੰਗ ਕਰਦੇ ਰਹੋ । ਭਾਈ ਢੇਸਾ ਜੀ ਉਸੇ ਤਰ੍ਹਾਂ ਲੱਗੇ ਰਹੇ । ਇਕ ਦਿਨ ਸਵੇਰ ਸਾਰ ਜਦੋਂ ਕਿ ਗੁਰੂ ਜੀ ਤੁਰਨ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਢੇਸਾ ਬਾਣੀ ਪੜ੍ਹਦਾ ਖੇਤਾਂ ਵਿਚ ਜਾ ਰਿਹਾ ਸੀ । ਉਸ ਦੀ ਆਵਾਜ਼ ਗੁਰੂ ਜੀ ਨੇ ਸੁਣੀ ਤੇ ਆਪਣੇ ਕੋਲ ਬੁਲਾ ਆਖਿਆ : ਜਾਓ ਥੋੜੀ ਦੂਰ ਇਕ ਘੜੀ ਇਕਾਂਤ ਵਿਚ ਬੈਠ ਕੇ ਆ । ਬਿਲਕੁਲ ਚੁੱਪ ਬੈਠ ਕੇ ਆ ਜਾਓ । ਢੇਸਾ ਮੱਥਾ ਟੇਕ ਕੇ ਟੁਰ ਗਿਆ ! ਇਕ ਨਵਾਂ ਉਤਸ਼ਾਹ ਉਸ ਵਿਚ ਸੀ । ਇਕ ਇਕਾਂਤ ਸਥਾਨ ਦੇਖ ਕੇ ਬੈਠ ਗਿਆ । ਚਾਰ ਚੁਫੇਰਾ ਸ਼ਾਂਤ ਸੀ । ਵਾਤਾਵਰਣ ਵਿਚ ਕੋਈ ਹਲਚਲ ਨਹੀਂ ਸੀ ਪਰ ਢੇਸਾ ਜੀ ਵਿਚ ਵੀ ਇਕ ਅਜੀਬ ਜਿਹੀ ਹਰਕਤ ਮਹਿਸੂਸ ਕਰ ਰਿਹਾ ਸੀ । ਕਦੀ ਸ਼ਾਂ ਸ਼ਾਂ ਦੀਆਂ ਆਵਾਜ਼ਾਂ ਆਪਣੇ ਹੀ ਅੰਦਰ ਤੋਂ ਆ ਰਹੀਆਂ ਮਹਿਸੂਸ ਕਰਦਾ । ਕਦੋਂ ਕਈ ਸੂਰਤਾਂ ਜੋ ਉਸ ਦੇ ਸਕੇ ਸੰਬੰਧੀਆਂ ਦੀਆਂ ਸਨ , ਫਿਰਦੀਆਂ ਦੇਖਦਾ । ਬਥੇਰਾ ਧਿਆਨ ਹਟਾਵੇਂ ਪਰ ਕਦੇ ਫਿਰ ਮੁੜ ਹੋਰ ਕੋਈ ਸੂਰਤ ਚਿਰਾਂ ਤੋਂ ਭੁਲੀ ਹੋਈ ਉਸ ਦੇ ਅੱਗੇ ਆ ਜਾਂਦੀ । ਢੇਸਾ ਜੀ ਹੈਰਾਨ ਸੀ । ਗੁਰੂ ਜੀ ਨੇ ਕਿਸ ਤਰ੍ਹਾਂ ਦਾ ਧਿਆਨ ਲਗਾਉਣ ਲਈ ਭੇਜ ਦਿੱਤਾ ਹੈ । ਉਨ੍ਹਾਂ ਨੇ ਤਾਂ ਕੇਵਲ ਮੈਨੂੰ ਇਕ ਘੜੀ ਇਕਾਂਤ ਵਿਚ ਬੈਠ ਆਉਣ ਲਈ ਕਿਹਾ ਹੈ , ਪਰ ਮਨ ਤਾਂ ਵਿਹਲਾ ਬੈਠਦਾ ਹੀ ਨਹੀਂ । ਕਈ ਮੂਰਤਾਂ , ਕਈ ਸੱਜਣ , ਕਈ ਵੈਰੀ , ਕਈ ਪਰਾਏ ਅੱਖਾਂ ਅੱਗੇ ਆਉਣ ਲੱਗ ਪਏ ਹਨ ਪਰ ਇਕ ਨੂਰ ਜਿਹਾ ਹਮੇਸ਼ਾ ਉਨ੍ਹਾਂ ਨਾਲ ਰਹਿੰਦਾ । ਹੋਂਦ ਦਾ ਪ੍ਰਕਾਸ਼ ਮਹਿਸੂਸ ਹੋਇਆ , ਪਰ ਹਜ਼ੂਰੀ ਨਾ ਮਿਲੀ । ਮੇਰਾ ਦਿਲ ਜ਼ਰੂਰ ਮੈਲਾ ਹੈ ਤਾਂ ਹੀ ਇਹ ਹਾਲ ਹੈ । ਮੈਂ ਸਮਝਦਾ ਸਾਂ ਕਿ ਬਾਣੀ ਤੋਂ ਸੇਵਾ ਨਾਲ ਮੇਰੀ ਮੈਲ ਝੜ ਗਈ ਹੈ । ਇਹ ਤਾਂ ਕੇਵਲ ਧੂੜ ਝੜੀ ਹੈ । ਮੈਲ ਤਾਂ ਅਜੇ ਵੀ ਚੰਬੜੀ ਪਈ ਹੈ , ਜੋ ਮੇਰੇ ਦਿਲ ਦੇ ਸ਼ੀਸ਼ੇ ਨੂੰ ਧੁੰਦਲਾ ਪਈ ਕਰਦੀ ਹੈ ਜਿਸ ਕਾਰਨ ਪ੍ਰਭੂ ਦਾ ਦੀਦਾਰ ਨਹੀਂ ਹੁੰਦਾ । ਅਚਾਨਕ ਢੇਸਾ ਜੀ ਨੂੰ ਖ਼ਿਆਲ ਆਇਆ ਕਿ ਗੁਰੂ ਜੀ ਨੇ ਚੁੱਪ ਬੈਠ ਆਉਣ ਲਈ ਕਿਹਾ ਸੀ । ਇੱਥੇ ਤਾਂ ਖ਼ਿਆਲਾਂ ਦੋ ਘੋੜੇ ਦੌੜਦੇ ਪਏ ਹਨ । ਰੌਲਾ ਜਿਹਾ ਪਿਆ ਹੈ । ਤੂੰ ਤੇ ਹੁਕਮ ਪਾਲ ਨਹੀਂ ਰਿਹਾ । ਕੇਵਲ ਅਡੋਲ ਤੋਂ ਚੁੱਪ ਚਾਪ ਬਿਨਾਂ ਕੁਝ ਕਹੇ ਬੈਠਣਾ ਹੈ ! ਜਦ ਸੱਚ ਦਾ ਗਿਆਨ ਹੋ ਗਿਆ ਤਾਂ ਚਾਰੇ ਪਾਸੇ ਚਾਨਣ ਹੀ ਚਾਨਣ ਆ ਗਿਆ । ਹਜ਼ੂਰੀ ਮਿਲ ਗਈ । ਸਿਮਰਨ ਕਰਨ ਨਾਲ ਮਨ ਵਿਚ ਪਿਆਰੇ ਦੀ ਮਿੱਠੀ ਯਾਦ ਵਸ ਗਈ । ਉਸ ਵਾਹਿਗੁਰੂ ਦੀ ਯਾਦ ਵਿਸਰਨ ਨਾ ਦਿੱਤੀ ਤੇ ਇਤਨੀ ਪਕਾ ਲਈ ਕਿ ਉਹ ਕਦੇ ਨਾ ਭੁੱਲੇ । ਇਤਨਾ ਪਿਆਰ ਰੱਬ ਜੀ ਨਾਲ ਕਿ ਇਕ ਮਿੱਕ ਹੋ ਗਏ । ਆਪਾ ਭੁੱਲ ਗਏ । ਇਸ ਤਰ੍ਹਾਂ ਗੁਰੂ ਦੀ ਮਿਹਰ ਸਦਕਾ ਢੇਸਾ ਜੀ ਨੂੰ ਨਾਮ ਸਿਮਰਨ ਦਾ ਗਿਆਨ ਹੋ ਗਿਆ । ਜਦ ਗੁਰੂ ਜੀ ਕੋਲ ਮੁੜੇ ਉਨ੍ਹਾਂ ਆਖਿਆ : ਆਪ ਵੀ ਇਸ ਦਾ ਅਨੰਦ ਲਵੋ ਦੂਜਿਆਂ ਨੂੰ ਵੀ ਸਹੀ ਰਾਹ ਦੱਸ ਅਨੰਦ ਦਿਵਾਓ । ਗੁਰੂ ਜੇ ਰਣ ਦੇ ਜੋਧੇ ਪੈਦਾ ਕਰ ਰਹੇ ਸਨ ਤਾਂ ਮਨ ਦੇ ਸੂਰਮੇ ਵੀ ਪੈਦਾ ਕਰ ਰਹੇ ਸਨ ਜਿਨ੍ਹਾਂ ਮਨ ਨੂੰ ਅਮਨ ਵੀ ਦਿੱਤਾ : ਜਾ ਕੇ ਹਰਿ ਰੰਗ ਲਾਗੋ ਇਸ ਜੁਗ ਮੈ ਸੋ ਕਹੀਅਤ ਹੈ ਸੂਰਾ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿਖਾਂ ਦਾ ਤਨ ਤੇ ਮਨ ਦੋਵੇ ਬਲਵਾਨ ਬਣਾਏ ਤੇ ਹੁਣ ਤਕ ਆਖਿਆ ਜਾਦਾ ਹੈ ਗੁਰੂ ਦਾ ਸਿੱਖ ਸੰਤ ਵੀ ਹੈ ਤੇ ਸਿਪਾਹੀ ਵੀ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।
Bahut badhiya purana Maharaja
ਵਾਹਿਗੁਰੂ ਜੀ🙏
ਵਾਹਿਗੁਰੂ ਜੀ 🙏