ਸਾਖੀ – ਭਾਈ ਬੰਨੋ ਜੀ
ਆਦਿ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਥਾਲ ਨੂੰ ਸਜਾਉਣ ਲਈ ਜਿੱਥੇ ਪੰਚਮ ਪਾਤਸ਼ਾਹ ਦਾ ਆਪਣਾ ਇੱਕ ਅਹਿਮਤਰੀਨ ਯੋਗਦਾਨ ਹੈ ਉੱਥੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਅਤੇ ਨਗਰ ਖਾਰਾ ਦੇ ਨਿਵਾਸੀ ਭਾਈ ਬੰਨੋ ਜੀ ਆਦਿ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਭਾਈ ਬੰਨੋ ਜੀ ਦਾ ਜਨਮ ਵਿਸਾਖ ਸੁਦੀ 13 ਸੰਮਤ 1615 ਬਿਕ੍ਰਮੀ (30 ਅਪ੍ਰੈਲ 1558 ਈ.) ਨੂੰ ਭਾਈ ਬਿਸ਼ਨ ਚੰਦ ਦੇਵ ਦੇ ਗ੍ਰਹਿ ਪਿੰਡ ਖਾਰਾ ਮਾਂਗਟ (ਗੁਜਰਾਤ) ਪਾਕਿਸਤਾਨ ਵਿਖੇ ਹੋਇਆ। ਭਾਈ ਸਾਹਿਬ ਭਾਟੀਆ (ਖੱਤਰੀ) ਭਾਈਚਾਰੇ ਨਾਲ ਸੰਬੰਧ ਰੱਖਦੇ ਸਨ। ਭਾਈ ਬੰਨੋ ਦੇ ਤਿੰਨ ਭਰਾ ਭਾਈ ਫੇਰੂ, ਭਾਈ ਗੁਰਦਿੱਤਾ ਅਤੇ ਭਾਈ ਹਰੀ ਜੀ ਸਨ। ਜਿਸ ਪਿੰਡ ਵਿੱਚ ਭਾਈ ਸਾਹਿਬ ਦਾ ਜਨਮ ਹੋਇਆ ਉਹ ਸਿਰਫ ਨਾਮ ਦਾ ਹੀ ਖਾਰਾ ਨਹੀਂ ਸੀ ਸਗੋਂ ਉਸ ਦਾ ਪਾਣੀ ਵੀ ਅਤਿ ਦਾ ਖਾਰਾ ਸੀ। ਪੀਣ ਦੇ ਯੋਗ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਦੂਰ-ਦੁਰਾਡੇ ਤੋਂ ਪਾਣੀ ਦੀ ਲੋੜ ਪੂਰੀ ਕਰਨੀ ਪੈਂਦੀ ਸੀ।
ਭਾਈ ਬੰਨੋ ਦਾ ਵਿਆਹ ਚੇਤ ਸੁਦੀ 7 ਸੰਮਤ 1633 ਨੂੰ ਪਿੰਡ ਮਾਨੋ ਚੱਕ ਦੇ ਵਸਨੀਕ ਦਿਆਲ ਚੰਦ ਸਾਵੜਾ ਦੀ ਬੇਟੀ ਸੁਰੰਗੀ, ਜਿਨ੍ਹਾਂ ਨੂੰ ਬੀਬੀ ਰੱਜੀ ਵੀ ਕਿਹਾ ਜਾਂਦਾ ਸੀ, ਨਾਲ ਹੋਇਆ। ਨੇਕ ਸੁਭਾਅ ਦੀ ਸੁਆਣੀ ਹੋਣ ਕਰ ਕੇ ਪਿੰਡ ਦੇ ਲੋਕ ਉਸ ਨੂੰ ‘ਮਾਈ ਰੱਜੀ ਪਰਦੇ ਕੱਜੀ’ ਕਿਹਾ ਕਰਦੇ ਸਨ। ਭਾਈ ਸਾਹਿਬ ਨੂੰ ਗੁਰਮਤਿ ਦਾ ਪਾਠ ਪੜ੍ਹਾਉਣ ਵਾਲੀ ਸੁਰੰਗੀ ਉਰਫ਼ ਬੀਬੀ ਰੱਜੀ ਹੀ ਸੀ।
ਭਾਈ ਬੰਨੋ ਦੇ ਘਰ ਅੱਠ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਹਨ-ਮੱਲ, ਟੱਲ, ਤਾਰਾ, ਦਵਾਰਕਾ, ਲੱਖੂ, ਬੱਖੂ, ਉੱਤਮ ਅਤੇ ਬੱਧੂ। ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਭਾਈ ਬੰਨੋ ਨੇ ਇਨ੍ਹਾਂ ਸਾਰਿਆਂ ਨੂੰ ਅਧਿਆਤਮਿਕ ਪੜ੍ਹਾਈ ਵੀ ਕਰਵਾਈ ਪਰ ਪਦਾਰਥਵਾਦੀ ਬਿਰਤੀ ਭਾਰੂ ਹੋਣ ਕਰ ਕੇ ਇਹ ਭਾਈ ਸਾਹਿਬ ਕੋਲੋਂ ਵੱਖਰੀ ਧਨ-ਸੰਪਤੀ ਦੀ ਆਸ ਕਰਨ ਲੱਗ ਪਏ। ਭਾਈ ਬੰਨੋ ਨੇ ਇਨ੍ਹਾਂ ਨੂੰ ਸਮਝਾਇਆ ਕਿ ਸਿੱਖੀ ਅਤੇ ਸੰਪਤੀ ਦੋਵੇਂ ਇੱਕ ਥਾਂ ’ਤੇ ਨਹੀਂ ਟਿੱਕ ਸਕਦੀਆਂ। ਪੁੱਤਰ ਬਾਪੂ ਦੀ ਰਮਜ਼ ਨੂੰ ਸਮਝ ਗਏ ਅਤੇ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਲੱਗ ਪਏ।
ਜਦੋਂ ਸੰਮਤ 1645 ਵਿੱਚ ਗੁਰੂ ਅਰਜਨ ਦੇਵ ਜੀ ਸਰੋਵਰ ਦੀ ਖੁਦਾਈ ਕਰਵਾ ਰਹੇ ਸਨ ਤਾਂ ਉਸ ਸਮੇਂ ਭਾਈ ਬੰਨੋ ਜੀ ਸੰਗਤ ਸਮੇਤ ਦਰਸ਼ਨ ਕਰਨ ਲਈ ਆਏ। ਜਦੋਂ ਉਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਹ ਉੱਥੋਂ ਦੇ ਹੀ ਹੋ ਕੇ ਰਹਿ ਗਏ। ਮਨ ਸਿਮਰਨ ਅਤੇ ਤਨ ਸੇਵਾ ਵਿੱਚ ਲਗਾ ਕੇ ਭਾਈ ਸਾਹਿਬ ਸਿੱਖੀ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਏ। ਸਿੱਖੀ ਪ੍ਰਤੀ ਸਮਰਪਣ ਦੀ ਭਾਵਨਾ ਅਤੇ ਵਿਸ਼ੇਸ਼ ਲਗਨ ਨੂੰ ਦੇਖ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਬੰਨੋ ਨੂੰ ਸਿੱਖੀ ਦਾ ਪ੍ਰਚਾਰਕ ਥਾਪ ਦਿੱਤਾ।
ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਭਾਈ ਬੰਨੋ ਦੀ ਦੇਣ ਕਾਬਲ-ਏ-ਤਰੀਫ਼ ਹੈ। ਦੂਰ-ਦੂਰਾਡੇ ਦੇ ਇਲਾਕੇ ਵਿੱਚ ਪ੍ਰਚਾਰ ਦੇ ਨਾਲ-ਨਾਲ ਭਾਈ ਸਾਹਿਬ ਨੇ ਆਪਣੇ ਨਗਰ ਖਾਰਾ ਮਾਂਗਟ ਵਿੱਚ ਵੀ ਇੱਕ ਧਰਮਸ਼ਾਲਾ ਬਣਾਈ ਜਿੱਥੇ ਬੈਠ ਕੇ ਉਹ ਕਥਾ-ਕੀਰਤਨ ਦਾ ਆਖੰਡ ਪ੍ਰਵਾਹ ਚਲਾਉਂਦੇ ਸਨ। ਗੁਰੂ ਅਰਜਨ ਸਾਹਿਬ ਜੀ; ਭਾਈ ਬੰਨੋ ਜੀ ਨੂੰ ਰੱਜਵਾਂ ਮਾਣ ਤੇ ਸਤਿਕਾਰ ਦਿੰਦੇ ਸਨ। ਹਰਿਮੰਦਰ ਸਾਹਿਬ ਦੀ ਮੁਕੰਮਲਤਾ ਦੀ ਖ਼ੁਸ਼ੀ ਵਿੱਚ ਗੁਰੂ ਸਾਹਿਬ ਨੇ ਇੱਕ ਵਾਰ ਬਹੁਤ ਵੱਡਾ(ਲੰਗਰ) ਤਿਆਰ ਕਰਵਾਇਆ। ਗੁਰੂ ਅਰਜਨ ਦੇਵ ਜੀ ਨੇ ਪਹਿਲਾ ਥਾਲ ਭਾਈ ਬੰਨੋ ਅੱਗੇ ਰੱਖ ਦਿੱਤਾ। ਇਸ ਗੱਲ ਦੀ ਗਵਾਹੀ ਭਾਈ ਜਵਾਹਰ ਸਿੰਘ ਨੇ ਆਪਣੀ ਪੁਸਤਕ ‘ਭਾਈ ਬੰਨੋ ਪ੍ਰਕਾਸ਼’ ਦੇ ਅਧਿਆਇ ਛੇਵੇਂ ਵਿੱਚ ਇਸ ਤਰ੍ਹਾਂ ਭਰੀ ਹੈ : ‘ਹਮਰੋ ਪ੍ਰੋਹਿਤ ਭਾਈ ਬੰਨੋ॥ ਸਭ ਸੰਗਤਿ ਤੁਮ ਸਤਿ ਕਰਿ ਮਨੋ॥’
ਚਾਰ ਗੁਰੂ ਸਾਹਿਬਾਨ ਨੇ ਸਿੱਖੀ ਦੀ ਚੜ੍ਹਦੀਕਲਾ ਅਤੇ ਸਰਬਤ ਦੇ ਭਲੇ ਲਈ ਆਪਣੇ-ਆਪਣੇ ਸਮੇਂ ਵਿੱਚ ਬਾਣੀ (ਪੋਥੀ ਦੇ ਰੂਪ ਵਿੱਚ) ਰਚ ਕੇ ਸਾਰਥਿਕ ਅਤੇ ਸਦੀਵੀ ਯੋਗਦਾਨ ਪਾਇਆ। ਗੁਰੂ ਅਰਜਨ ਦੇਵ ਜੀ ਨੇ ਇਸ ਯੋਗਦਾਨ ਨੂੰ ਸਥਾਈ ਕਰਨ ਹਿੱਤ ਇੱਕ ਵੱਡ-ਅਕਾਰੀ ਅਤੇ ਮਿਆਰੀ ਗ੍ਰੰਥ ਦੀ ਸੰਪਾਦਨਾ ਦਾ ਪ੍ਰੋਗਰਾਮ ਉਲੀਕਿਆ। ਇਸ ਪ੍ਰੋਗਰਾਮ ਦਾ ਉਦੇਸ਼ ਗੁਰੂ ਸਾਹਿਬਾਨ ਦੀਆਂ ਰੱਬੀ-ਰਚਨਾਵਾਂ ਦੀ ਸਾਂਭ-ਸੰਭਾਲ ਤੋਂ ਇਲਾਵਾ ਗੁਰਮਤਿ ਦੀ ਕਸਵੱਟੀ ’ਤੇ ਖਰੀਆਂ ਉਤਰਨ ਵਾਲੀਆਂ ਭਗਤਾਂ, ਭੱਟਾਂ ਅਤੇ ਗੁਰੂ-ਘਰ ਨਾਲ ਨੇੜਤਾ ਰੱਖਣ ਵਾਲਿਆਂ ਸਿੱਖਾਂ ਦੀ ਰਚਨਾਵਾਂ ਨੂੰ ਸੰਭਾਲਣਾ ਵੀ ਸੀ। ਮਹਾਨਤਾ ਅਤੇ ਵਿਦਵਾਨਤਾ ਵਾਲੇ ਇਸ ਕਾਰਜ ਲਈ ਪੰਚਮ ਪਾਤਸ਼ਾਹ ਨੇ ਰਾਮਸਰ ਨਾਮ ਦੇ ਇਕਾਂਤਕ ਸਥਾਨ ਦੀ ਚੋਣ ਕੀਤੀ ਅਤੇ ਕਾਗਜ਼-ਕਲਮ ਮੰਗਵਾ ਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਨਿਯੁਕਤ ਕਰ ਦਿੱਤਾ। ਇਸ ਤਰ੍ਹਾਂ ਗੁਰਬਾਣੀ/ਬਾਣੀ ਸੰਗ੍ਰਹਿ ਅਤੇ ਸੰਪਾਦਨ ਦਾ ਇਹ ਕਾਰਜ ਲਗਭਗ ਪੌਣੇ ਕੁ ਦੋ ਸਾਲ ਵਿੱਚ ਸੰਪੂਰਨ ਹੋ ਗਿਆ।
ਬੀੜ ਦੀ ਤਿਆਰੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਬੜੀ ਸ਼ਿੱਦਤ ਨਾਲ ਇਸ ਦੀ ਹਿਫ਼ਾਜਤ ਦੀ ਲੋੜ ਨੂੰ ਮਹਿਸੂਸ ਕੀਤਾ ਜੋ ਕਿ ਇੱਕ ਮਜ਼ਬੂਤ ਅਤੇ ਸੁੰਦਰ ਜਿਲਦ ਨਾਲ ਹੀ ਹੋ ਸਕਦੀ ਸੀ। ਗੁਰੂ ਸਾਹਿਬ ਅਜੇ ਇਸ ਬਾਰੇ ਸੋਚ ਹੀ ਰਹੇ ਸਨ ਕਿ ਅਚਾਨਕ ਭਾਈ ਬੰਨੋ ਜੀ ਖਾਰੇ ਮਾਂਗਟ ਵਾਲੇ ਉੱਥੇ ਪਹੁੰਚ ਗਏ। ਅੰਮ੍ਰਿਤਸਰ ਨਗਰ ਅਜੇ ਨਵਾਂ-ਨਵਾਂ ਵਸਿਆ ਸੀ ਜਿਸ ਕਰ ਕੇ ਜਿਲਦਸਾਜ਼ੀ ਦਾ ਕੰਮ ਇੱਥੇ ਨਹੀਂ ਸੀ ਹੁੰਦਾ। ਇਸ ਕੰਮ ਲਈ ਲਾਹੌਰ ਜਾਂ ਦਿੱਲੀ ਜਾਣਾ ਪੈਣਾ ਸੀ। ਇਹ ਸੇਵਾ ਭਾਈ ਬੰਨੋ ਜੀ ਨੇ ਬਾਖ਼ੂਬੀ ਨਿਭਾਈ ਅਤੇ ਗੁਰੂ ਜੀ ਤੋਂ ਆਗਿਆ ਲੈਂਦਿਆਂ ਇੱਕ ਉਤਾਰਾ ਕਰਨ ਦੀ ਅਨੁਮਤੀ ਵੀ ਲਈ।
ਗੁਰੂ ਸਾਹਿਬ ਦੇ ਹੁਕਮ ਨਾਲ ਭਾਈ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਪ੍ਰਾਪਤ ਕੀਤੀ ਅਤੇ ਸੰਗਤ ਸਮੇਤ ਅੰਮ੍ਰਿਤਸਰ ਤੋਂ ਆਪਣੇ ਨਗਰ ਖਾਰੇ ਨੂੰ ਚੱਲ ਪਏ। ਲਾਹੌਰ ਪਹੁੰਚ ਕੇ ਦਰਿਆ ਰਾਵੀ ਦੇ ਕਿਨਾਰੇ ਇੱਕ ਇਕਾਂਤ ਸਥਾਨ ’ਤੇ ਬੈਠ ਕੇ ਉਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦਾ ਉਤਾਰਾ ਕਰਨਾ ਆਰੰਭ ਦਿੱਤਾ, ਪਰ ਜਵਾਹਰ ਸਿੰਘ ਦੇ ਮੁਤਾਬਕ ਇਹ ਕਾਰਜ ਉਨ੍ਹਾਂ ਨੇ ਰਸਤੇ ਵਿੱਚ ਪੜਾਅ ਕਰਦਿਆਂ ਹੀ ਸ਼ੁਰੂ ਕਰ ਦਿੱਤਾ ਸੀ।
ਇਸ ਤਰ੍ਹਾਂ ਨਗਰ ਖਾਰੇ ਵਿੱਚ ਪਹੁੰਚਣ ਅਤੇ ਉੱਥੋਂ ਲਾਹੌਰ ਮੁੜਦੇ ਸਮੇਂ ਤੱਕ ਭਾਈ ਬੰਨੋ ਦੇ ਉਦਮ ਸਦਕਾ ਆਦਿ ਗ੍ਰੰਥ ਸਾਹਿਬ ਦੀ ਇੱਕ ਹੋਰ ਬੀੜ ਤਿਆਰ ਹੋ ਗਈ, ਜਿਹੜੀ ਖਾਰੇ ਵਾਲੀ ਜਾਂ ਖਾਰੀ ਬੀੜ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਤੋਂ ਬਾਅਦ ਭਾਈ ਸਾਹਿਬ ਲਾਹੌਰ ਪਹੁੰਚ ਗਏ ਅਤੇ ਉਨ੍ਹਾਂ ਨੇ ਇੱਕ ਚੰਗੇ ਜਿਲਦਸਾਜ਼ ਤੋਂ ਦੋਵਾਂ ਪਵਿੱਤਰ ਬੀੜਾਂ ਦੀਆਂ ਪੱਕੀਆਂ ਜਿਲਦਾਂ ਬੰਨ੍ਹਵਾ ਲਈਆਂ।
ਇਸ ਕਾਰਜ ਦੀ ਸਿੱਧੀ ਤੋਂ ਬਾਅਦ ਭਾਈ ਬੰਨੋ ਜੀ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚ ਗਏ ਅਤੇ ਉਨ੍ਹਾਂ ਨੇ ਦੋਵੇਂ ਬੀੜਾਂ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀਆਂ। ਗੁਰੂ ਜੀ ਉਨ੍ਹਾਂ ਬੀੜਾਂ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ । ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੀ ਲਿਖਾਈ ਵਾਲੀ ਬੀੜ (ਆਦਿ ਗ੍ਰੰਥ ਸਾਹਿਬ) (1 ਅਗਸਤ 1604 ਈਸਵੀ) ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਿਤ ਕਰ ਦਿੱਤਾ ਅਤੇ ਦੂਜੀ (ਖਾਰੀ) ਬੀੜ ਉੱਪਰ ਆਪਣੇ ਦਸਤਖ਼ਤ ਕਰ ਕੇ ਭਾਈ ਬੰਨੋ ਜੀ ਨੂੰ ਬਖ਼ਸ਼ ਦਿੱਤੀ। ਭਾਈ ਸਾਹਿਬ ਉਹ ਬੀੜ ਲੈ ਕੇ ਆਪਣੇ ਨਗਰ ਖਾਰੇ ਮਾਂਗਟ ਚਲੇ ਗਏ, ਜਿੱਥੇ ਇਹ ਬੀੜ ਪਹਿਲਾਂ ਉਨ੍ਹਾਂ ਕੋਲ ਅਤੇ ਫਿਰ ਉਨ੍ਹਾਂ ਦੇ ਪਰਿਵਾਰ ਕੋਲ ਰਹੀ। 1947 ਦੀ ਵੰਡ ਤੋਂ ਬਾਅਦ ਭਾਈ ਬੰਨੋ ਜੀ ਦਾ ਪਰਿਵਾਰ ਪਹਿਲਾਂ ਨਗਰ ਬੜੌਤ (ਜ਼ਿਲ੍ਹਾ ਮੇਰਠ ਉੱਤਰ ਪ੍ਰਦੇਸ਼) ਵਿੱਚ ਰਿਹਾ ਅਤੇ ਬਾਅਦ ਵਿੱਚ ਇਸ ਬੀੜ ਨੂੰ ਗੁਰਦੁਆਰਾ ਭਾਈ ਬੰਨੋ ਸਾਹਿਬ, ਜਵਾਹਰ ਨਾਗਰ, ਕਾਨਪੁਰ (ਉੱਤਰ ਪ੍ਰਦੇਸ਼) ਵਿੱਚ ਸਥਾਪਿਤ ਕੀਤਾ ਗਿਆ। ਇਸ ਬੀੜ ਦੇ 468 ਅੰਗ ਹਨ ਤੇ ਹਰ ਅੰਗ ’ਤੇ 31 ਪੰਕਤੀਆਂ ਹਨ। ਅਧਿਐਨ ਕਰਨ ਵਾਲੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਬੀੜ ਭਾਈ ਬੰਨੋ ਜੀ ਦੁਆਰਾ ਲਿਖੀ ਬੀੜ ਦਾ ਉਤਾਰਾ ਹੈ ਕਿਉਂਕਿ ਇਸ ਵਿੱਚ ਨੌਵੇਂ ਪਾਤਿਸ਼ਾਹ ਦੀ ਬਾਣੀ ਸਮੇਤ ਕੁਝ ਵਾਧੂ ਬਾਣੀਆਂ ਵੀ ਦਰਜ ਹਨ ਅਤੇ ਕੁਝ ਲਿਖ ਕੇ ਕੱਟਿਆ ਵੀ ਮਿਲਦਾ ਹੈ । ਇਸ ਵਿਚਾਰ ਦੀ ਪੁਸ਼ਟੀ ਇਉਂ ਵੀ ਹੁੰਦੀ ਹੈ ਕਿ ਭਾਈ ਬੰਨੋ ਵਾਲੀ ਬੀੜ ਰਵਾਇਤ ਅਨੁਸਾਰ ਕਈ ਲਿਖਾਰੀ ਲਗਾ ਕੇ ਕਾਹਲ ਵਿੱਚ ਲਿਖੀ ਗਈ ਸੀ ਜਦਕਿ ਇਹ ਬੀੜ ਇੱਕ ਹੱਥ ਨਾਲ ਨਿੱਠ ਕੇ (ਸ਼ਾਂਤੀ ਨਾਲ) ਲਿਖੀ ਗਈ ਹੈ।
ਵਾਹਿਗੁਰੂ ਜੀ🙏