ਗੁਰੂ ਕੇ ਲੰਗਰ ਦੇ ਭਾਂਡੇ ਮਾਂਜਣ ਦੀ ਮਹੱਤਤਾ
ਗੁਰੂ ਸਹਿਬਾਨ ਐਸੇ ਬੰਦੇ ਨਹੀਂ ਲੱਭਿਆ ਕਰਦੇ ਸਨ ਜਿਹਨਾਂ ਦਾ ਰਾਜਸੀ ਪ੍ਰਤਾਪ ਹੋਵੇ ਜਾਂ ਜਿਨ੍ਹਾਂ ਪਾਸ ਮਾਇਆ ਬਹੁਤੀ ਹੋਵੇ ,ਉਹ ਬੇਗਰਜ ਸੇਵਕ ਲੱਭਦੇ ਸਨ ਜਾਂ ਅਜਿਹੇ ਸੇਵਕਾਂ ਨੂੰ ਉਹ ਆਪ ਤਿਆਰ ਕਰ ਲੈਂਦੇ ਸਨ , ਜਦ ਗੁਰੂ ਅਮਰਦਾਸ ਜੀ ਪਹਿਲੀ ਵਾਰ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤਾਂ ਗੁਰੂ ਜੀ ਨੂੰ ਦਿਸ ਪਿਆ ਕੇ ਕੁਦਰਤ ਨੇ ਇੱਕ ਸੱਚੇ ਸੇਵਕ ਨੂੰ ਉਨ੍ਹਾਂ ਪਾਸ ਭੇਜ ਦਿੱਤਾ ਹੈ ਜਿਸ ਦੇ ਸਪੁਰਦ “ਸਿੱਖੀ ਲਹਿਰ” ਜਾਂ “ਗੁਰਸਿੱਖੀ ਲਹਿਰ” ਕੀਤੀ ਜਾ ਸਕੇਗੀ , ਪ੍ਰੰਤੂ ਪਹਿਲਾਂ ਉਹ ਉਹਨਾਂ ਨੂੰ ਪੂਰੇ ਗੁਰਮੁੱਖ ਬਣਾਉਣਾ ਚਾਹੁੰਦੇ ਸਨ , ਇਸ ਲਈ ਉਹਨਾਂ ਨੂੰ ਪਹਿਲੀ ਸਿੱਖਿਆ ਇਹ ਦਿੱਤੀ ਗਈ ਕੇ ਉਹ ਨਿਤਾਪ੍ਰਤੀ ਜਪੁ ਜੀ ਸਾਹਿਬ ਪੜ੍ਹ ਕੇ ਗੁਰਮਤਿ ਵਿਚਾਰਧਾਰਾ ਨੂੰ ਸਮਝਣਗੇ ਤੇ ਉਸ ਅਨੁਸਾਰ ਆਪਮਾ ਜੀਵਨ ਬਣਾਉਣਗੇ ਅਤੇ ਲੰਗਰ ਦੇ ਭਾਂਡੇ ਮਾਂਜ ਕੇ ਅਮਲੀ ਤੌਰ ਤੇ ਭਾਰੇ
ਗਉਂਰੇ ਬਣਨਗੇ , ਭਾਂਡੇ ਮਾਂਜਣ ਵਾਲਿਆਂ ਦੀ ਉਹਨਾਂ ਪਾਸ ਕੋਈ ਥੁੜ੍ਹ ਨਹੀਂ ਸੀ ਪਰ ਉਹ ਇਹ ਚਾਹੁੰਦੇ ਸਨ ਕਿ ਜਿਸ ਪੁਰਸ਼ ਨੇ ਸਿੱਖੀ ਲਹਿਰ ਨੂੰ ਅਗਾਂ ਤੋਰਨ ਦਾ ਮੋਢੀ ਬਣਨਾ ਹੈ ਉਹ ਪਹਿਲਾਂ ਆਪ ਹਰ ਤਰਾਂ ਸੰਪੂਰਨ ਹੋਵੇ , ਭਾਂਡੇ ਮਾਂਜ ਕੇ ਅਤਿ ਨਿਮਰਤਾ ਤੇ ਗਰੀਬੀ ਘਰ ਵਿਚ ਆਵੇ ਅਤੇ ਆਪਣੇ ਅੰਦਰ ਦੀ ਸਾਰੀ ਮੈਲ ਧੋ ਦੇਵੇ ਤੇ ਇਸ ਤਰਾਂ ਸਾਰੇ ਸੰਸਾਰ ਦੀ ਮਲ ਮੈਲ ਧੋਣ ਦੀ ਸਮਰਥਾ ਪ੍ਰਾਪਤ ਕਰੇ