ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਇਸਲਾਮ ਧਾਰਨ ਕਰਨ ਲਈ ਮਜਬੂਰ ਕਰਨਾ
ਔਰੰਗਜ਼ੇਬ ਉਸ ਸਮੇਂ ਰਾਵਲ ਪਿੰਡੀ ਵਲ ਗਿਆ ਹੋਇਆ ਸੀ। ਉਹ ਗੁਰੂ ਜੀ ਬਾਰੇ ਆਪਣੇ ਵਜ਼ੀਰ ਇਨਸਾਫ਼ ਤੇ ਵੱਡੇ ਕਾਜ਼ੀ ਨੂੰ ਹੁਕਮ ਦੇ ਗਿਆ ਸੀ।
ਉਸ ਦੇ ਮੁਤਾਬਕ ਵੱਡੇ ਕਾਜ਼ੀ ਨੇ ਪਹਿਲਾਂ ਕੁਝ ਸ਼ਰ੍ਹਾ ਦੇ ਆਲਮ ਗੁਰੂ ਜੀ ਪਾਸ ਭੇਜੇ ਤਾਂ ਕਿ ਗੁਰੂ ਜੀ ਨਾਲ ਧਰਮ ਚਰਚਾ ਕਰਕੇ ਉਹਨਾਂ ਨੂੰ ਇਸਲਾਮ ਦੀ ਵਡਿਆਈ ਦਾ ਕਾਇਲ ਕਰਨ।
ਪਰ ਸ਼ਰਈ ਵਿਦਵਾਨ ਗੁਰੂ ਜੀ ਨੂੰ ਕਾਇਲ ਨਾ ਕਰ ਸਕੇ। ਤਦ ਕਾਜ਼ੀ ਨੇ ਗੁਰੂ ਜੀ ਨੂੰ ਕਈ ਪ੍ਰਕਾਰ ਦੇ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ।
ਉਸ ਨੇ ਕਹਾ ਭੇਜਿਆ ਕਿ ਬਾਦਸ਼ਾਹ ਦੀ ਖ਼ਾਹਸ਼ ਹੈ, ਤੁਸੀਂ ਇਸਲਾਮ ਕਬੂਲ ਕਰ ਲਵੋ। ਤੁਹਾਨੂੰ ਮਸਲਮਾਨਾਂ ਦਾ ਵੱਡਾ ਇਮਾਮ ਬਣਾ ਦਿੱਤਾ ਜਾਏਗਾ।
ਤੁਹਾਨੂੰ ਸ਼ਾਹੀ ਦਰਬਾਰ ਵਿਚ ਇਜ਼ੱਤ ਤੇ ਦਰਜਾ ਹਾਸਲ ਹੋਵੇਗਾ ਨਾਲ ਹੀ ਹਰ ਕਿਸਮ ਦੇ ਦੁਨਿਆਈ ਸੁੱਖ ਤੇ ਆਰਾਮ ਮਿਲਣਗੇ।
ਪਰ ਗੁਰੂ ਜੀ ਨੇ ਇਸ ਪੇਸ਼ਕਸ਼ ਨੂੰ ਰੱਦ ਕਰਦਿਆਂ ਉੱਤਰ ਦਿੱਤਾ, ‘ਸਾਨੂੰ ਕਿਸੇ ਸੰਸਾਰਕ ਸੁਖ ਪਦਾਰਥ ਜਾਂ ਦਰਜੇ ਪਦਵੀ ਦੀ ਅਭਿਲਾਖਾ ਨਹੀਂ ਹੈ।
ਸਾਡੇ ਲਈ ਧਰਮ ਸਭ ਤੋਂ ਉਪਰ ਹੈ। ਜਿਵੇਂ ਤੁਹਾਨੂੰ ਆਪਣਾ ਦੀਨ ਪਿਆਰਾ ਹੈ, ਇਸੇ ਤਰ੍ਹਾਂ ਸਾਨੂੰ ਆਪਣਾ ਧਰਮ ਪਿਆਰਾ ਹੈ।
ਅਸੀਂ ਕਿਸੇ ਨੂੰ ਜ਼ੋਰ, ਦਬਾਅ ਜਾਂ ਲਾਲਚ ਨਾਲ ਆਪਣਾ ਧਰਮ ਧਾਰਨ ਲਈ ਮਜਬੂਰ ਨਹੀਂ ਕਰਦੇ, ਫਿਰ ਹਕੂਮਤ ਕਿਉਂ ਗ਼ੈਰ ਮੁਸਲਮਾਨਾਂ ਨੂੰ ਜ਼ੋਰੀਂ ਮੁਸਲਮਾਨ ਬਣਾਉਣ ਤੇ ਤੁਲੀ ਹੋਈ ਹੈ?
ਪਰਜਾ ਹਕੂਮਤ ਕੋਲੋਂ ਰੱਖਿਆ ਤੇ ਇਨਸਾਫ਼ ਦੀ ਉਮੀਦ ਰਖਦੀ ਹੈ, ਉਸ ਨਾਲ ਇਨਸਾਫ਼ ਦੀ ਥਾਂ ਧੱਕਾ ਕਰਨਾ ਖ਼ੁਦਾ ਦੀਆਂ ਨਜ਼ਰਾਂ ਵਿਚ ਵੀ ਗੁਨਾਹ ਹੈ।
ਕਾਜ਼ੀ ਨੇ ਕਿਹਾ, ‘ਬਾਦਸ਼ਾਹ ਦੀ ਮਰਜ਼ੀ ਇਹ ਹੈ ਕਿ ਹਿੰਦੁਸਤਾਨ ਵਿਚ ਇਕੋ ਮਜ਼ਹਬ ਤੇ ਇਕੋ ਕੌਮ ਰਹੇ। ਇਹ ਮਜ਼ਹਬ ਇਸਲਾਮ ਤੇ ਕੌਮ ਮੁਸਲਮਾਨ ਹੀ ਹੋ ਸਕਦੀ ਹੈ। ਬਾਕੀ ਦੇ ਮਜ਼ਹਬ ਕੁਫ਼ਰ ਹਨ, ਪਖੰਡ ਹਨ। ਉਹਨਾਂ ਨੂੰ ਖ਼ਤਮ ਕਰਨਾ ਸਵਾਬ ਹੈ’।
ਗੁਰੂ ਜੀ ਨੇ ਫ਼ੁਰਮਾਇਆ, ‘ਕਾਜ਼ੀ ਸਾਹਿਬ! ਇਹ ਸੁਣ ਲਵੋ, ਬਾਦਸ਼ਾਹ ਦੀ ਇਹ ਖ਼ਾਹਸ਼ ਤਰੈਕਾਲ ਪੂਰੀ ਨਹੀਂ ਹੋ ਸਕਦੀ ਕਿਉਂਕਿ ਇਹ ਰੱਬ ਦੀ ਰਜ਼ਾ ਦੇ ਬਾਹਰ ਹੈ। ਕੋਈ ਧਰਮ ਕੁਫ਼ਰ ਨਹੀਂ।
ਹਰ ਧਰਮ, ਮਤ ਜਾਂ ਮਜ਼ਹਬ ਰੱਬ ਤਕ ਪੁੱਜਣ ਦਾ ਸਾਧਨ ਹੈ। ਕੇਵਲ ਨਾਵਾਂ ਦਾ ਫ਼ਰਕ ਹੈ। ਕਿਸੇ ਮਜ਼ਹਬ ਨੂੰ ਮਿਟਾਉਣ ਦਾ ਮਤਲਬ ਉਸ ਮਜ਼ਹਬ ਦੇ ਪੈਰੋਕਾਰਾਂ ਨੂੰ ਰੱਬ ਦੀ ਦਰਗਾਹ ਤਕ ਪਹੁੰਚਣ ਤੋਂ ਰੋਕਣਾ ਹੈ।
ਕੀ ਇਸ ਨਾਲ ਰੱਬ ਖ਼ੁਸ ਹੋਵੇਗਾ? ਨਹੀਂ, ਸਗੋਂ ਅਜਿਹਾ ਕਰਨ ਵਾਲੇ ਤੇ ਰੱਬ ਦਾ ਕਹਿਰ ਟੁੱਟੇਗਾ। ਜੇ ਤੁਸੀਂ ਆਪਣੇ ਬਾਦਸ਼ਾਹ ਦੇ ਵਫ਼ਾਦਾਰ ਹੋ ਤਾਂ ਉਸ ਨੂੰ ਰੱਬ ਦੇ ਕਹਿਰ ਤੋਂ ਬਚਾਉਣ ਦਾ ਉਪਰਾਲਾ ਕਰੋ। ਇਹ ਬਾਦਸ਼ਾਹ ਵਲ ਵੀ ਖ਼ੈਰ ਖ਼ਾਹੀ ਹੈ ਤੇ ਇਨਸਾਨੀਅਤ ਵਲ ਵੀ’।
ਇਹ ਸੁਣ ਕੇ ਸ਼ਰ੍ਹਾ ਦੇ ਆਲਮ ਤੇ ਵੱਡਾ ਕਾਜ਼ੀ ਸਭ ਲਾ–ਜਵਾਬ ਹੋ ਗਏ। ਇਸ ਗਲੋਂ ਚਿੜ੍ਹ ਕੇ ਉਹਨਾਂ ਨੇ ਗੁਰੂ ਜੀ ਤੇ ਸਖ਼ਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਾਲ ਨਾਲ ਧਮਕੀਆਂ, ਡਰਾਵਿਆਂ ਤੇ ਲਾਲਚ ਦਾ ਸਿਲਸਲਾ ਵੀ ਜਾਰੀ ਰਖਿਆ।
ਪਰ ਹਰਖ ਸੋਗ ਤੋਂ ਅਤੀਤ ਰਹਿਣ ਵਾਲੇ ਗੁਰੂ ਜੀ ਤੇ ਇਹਨਾਂ ਕਸ਼ਟਾਂ ਦਾ ਕੀ ਅਸਰ ਹੋ ਸਕਦਾ ਸੀ? ਆਪ ਪਰਬਤ ਵਾਂਗ ਅਡੋਲ ਤੇ ਦ੍ਰਿੜ੍ਹ ਰਹੇ।
ਤਦ ਕਾਜ਼ੀ ਨੇ ਸੋਚਿਆ ਕਿ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੇ ਸਿੱਖਾਂ ਨੂੰ ਤਸੀਹੇ ਦੇ ਕਾ ਮਾਰਿਆ ਜਾਵੇ। ਉਹਨਾਂ ਵਲ ਵੇਖ ਕੇ ਸ਼ਾਇਦ ਇਹ ਡਰ ਜਾਣ।
👉ਪੋਸਟ ਨੂੰ ਪੜ੍ਹ ਕੇ ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ .