ਮਾਛੀਵਾੜਾ ਭਾਗ 9
ਮੂਲੁ ਛੋਡਿ ਲਾਗੇ ਦੂਜੈ ਭਾਈ ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩ ॥ ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ ਹਰਿ ਜੀਉ ਵਿਸਰਿਆ ਦੂਜੈ ਭਾਏ ॥ ( ਗਉੜੀ ਮਹਲਾ ੩ )
ਗੁਰੂ ਮਹਾਰਾਜ ਦਾ ਬਚਨ ਹੈ ਕਿ ਜਿਹੜਾ ਮਨੁੱਖ ਮੂਲ ਨੂੰ ਛੱਡਦਾ ਹੈ , ਉਹ ਦੂਸਰੇ ਕੋਲੋਂ ਆਸਰਾ ਲੈਣਾ ਚਾਹੁੰਦਾ ਹੈ ਪਰ ਲੈ ਨਹੀਂ ਸਕਦਾ । ਮੂਲ ( ਜੜ੍ਹ ) ਤੋਂ ਬਿਨਾਂ ਰੁੱਖ ਸੁੱਕ ਜਾਂਦਾ ਹੈ । ਧਾਰਮਿਕ ਜੀਵਨ ਵਿਚ ਮੂਲ ਹੁੰਦਾ ਹੈ — ਗੁਰੂ ਤੇ ਗੁਰੂ ਦਾ ਉਪਦੇਸ਼ । ਜਦੋਂ ਕੋਈ ਗੁਰੂ ਤੇ ਗੁਰੂ ਉਪਦੇਸ਼ ਨੂੰ ਛੱਡ ਕੇ , ਦੂਸਰੇ ਪਾਸੇ – ਮਨ ਮਗਰ ਜਾਂ ਜਾਨ ਬਚਾਉਣ , ਜਾਂ ਮਾਇਆ ਵੱਲ ਲੱਗਦਾ ਹੈ ਤਾਂ ਦੁਖੀ ਹੁੰਦਾ ਹੈ । ਘਰ ਛੱਡ ਕੇ ਪੁਰਸ਼ , ਪਤੀ ਛੱਡ ਕੇ ਨਾਰੀ , ਕਿੱਲਾ ਛੱਡ ਕੇ ਪਸ਼ੂ , ਆਪਣਾ ਆਲ੍ਹਣਾ ਛੱਡ ਕੇ ਪੰਛੀ , ਰਾਹ ਛੱਡ ਕੇ ਮੁਸਾਫ਼ਰ , ਮਾਂ – ਬਾਪ ਨੂੰ ਛੱਡ ਕੇ ਸੰਤਾਨ ਐਸੇ ਸਾਰੇ ਕਸ਼ਟ ਉਠਾਉਂਦੇ ਹਨ , ਤਿਵੇਂ ਆਪਣੇ ਗੁਰੂ ਮਹਾਰਾਜ ਵੱਲੋਂ ਬੇਮੁਖ ਹੋ ਕੇ ਸਿੱਖ ਦੁਖੀ ਹੁੰਦਾ ਹੈ । ਉਹ ਬਿਖ ( ਜ਼ਹਿਰ ) ਮਾਇਆ ਦੇ ਲਾਲਚ ਵੱਲ ਲੱਗਦਾ ਹੈ ਤੇ ਉਸ ਮਾਇਆ ਰੂਪ ਜ਼ਹਿਰ ਨਾਲ ਹੀ ਘੁਲ ਘੁਲ ਕੇ ਮਰ ਜਾਂਦਾ ਹੈ । ਹੋ ਸਕਦਾ ਹੈ , ਇਹ ਈਸ਼ਵਰ ਗਤੀ ਹੈ ਕਿ ਜੀਵਨ ਨੂੰ ਪਰਖਣ ਲਈ ਜੀਵ ਨੂੰ ਮਾਇਆ ਦੇ ਚਮਤਕਾਰ ਤੇ ਲੰਮੇ ਜੀਵਨ ਦੀ ਆਸ਼ਾ ਨਾਲ ਭਰਮਾ ਦਿੰਦਾ ਹੈ । ਬੱਸ ਜਦੋਂ ਮਾਇਆ ਵੱਲ ਲੱਗਾ ਤਾਂ ‘ ਗੁਰ ’ ‘ ਪ੍ਰਮੇਸ਼ਰ ’ ਦੋਵੇਂ ਭੁੱਲੇ । ਉਹਨਾਂ ਦੇ ਭੁੱਲਣ ਨਾਲ ਜੀਵ ਅੱਗੇ ਔਕੜਾਂ ਤੇ ਤਕਲੀਫ਼ਾਂ ਆ ਗਈਆਂ , ਵੈਰੀ ਤੇ ਰੋਗ ਆ ਗਏ । ਮਾਇਆ ਜਾਣ ਲੱਗੀ , ਜੀਵ ਪਛਤਾਉਣ ਲੱਗਾ । ਇਹ ਮਨ ਵਿਚ ਨਹੀਂ ਆਉਂਦਾ ਕਿ ਆਖ਼ਰ ਜੀਊਣਾ ਕਿੰਨਾ ਚਿਰ ਹੈ ? ਮਰਨਾ ਹੀ ਹੈ । ਫਿਰ ਜਿਸ ਅਸਲ ਜੀਵਨ ਬਣਾਇਆ ਹੁੰਦਾ ਹੈ , ਉਸ ਨੂੰ ਵੀ ਭੁੱਲ ਬੈਠਦਾ ਹੈ । ਉਸ ਦੇ ਮੰਦੇ ਦਿਨ ਆ ਜਾਂਦੇ ਹਨ । ਉਪਰੋਕਤ ਮੰਦ – ਭਾਗੀਆਂ ਵਿਚ ਪੂਰਨ ਮਸੰਦ ਸੀ । ਪਰ ਦੋਂਹਾ ਦਿਨਾਂ ਵਿਚ ਹੀ ਉਸ ਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਤੋਂ ਬੇਮੁੱਖ ਹੋਇਆ ਕੀ ਲੱਭਦਾ ਹੈ ? ਘਰ ਉੱਜੜ ਗਿਆ । ਉਹ ਬੰਦੀਖ਼ਾਨੇ ਗਿਆ , ਇਸਤ੍ਰੀ ਦੁਰਗੀ ਵਿਚਾਰੀ ਨੂੰ ਬਿਪਤਾ ਪਈ , ਮੁੜ ਲੱਗਾ ਪਛਤਾਉਣ ਤੇ ਤਰਲੇ ਅੱਧੀ ਰਾਤ ਤੋਂ ਪਿੱਛੋਂ , ਜਦੋਂ ਹਨੇਰਾ ਸੀ ਤੇ ਦਿਨ ਚੜ੍ਹਨ ਵਿਚ ਕੋਈ ਚਾਰ ਘੰਟੇ ਰਹਿੰਦੇ ਸਨ । ਪੂਰਨ , ਉਸ ਦੀ ਪਤਨੀ ਦੁਰਗੀ ਤੇ ਬੱਚੇ ….. ਦੋ ਬੰਦੇ ਹੋਰ ਘੋੜੀਆਂ ਉੱਤੇ ਸਵਾਰ ਬਲੋਲਪੁਰ ਵਿਚੋਂ ਚੋਰੀ ਨਿਕਲ ਕੇ ਜਾ ਰਹੇ ਸਨ । ਠੰਢੀ ਹਵਾ …. ਕੰਬਾਉਂਦੀ ਸੀ । ਹੱਥ ‘ ਤੇ ਪੈਰ ਸੌਂਦੇ ਜਾਂਦੇ ਸਨ । “ ਅਜੇ ਕਿੰਨੀ ਦੂਰ ਹੈ ਮਾਛੀਵਾੜਾ ? ” ਦੁਰਗੀ ਨੇ ਪੁੱਛਿਆ । ਉਸ ਨੇ ਕਦੀ ਰਾਤ ਨੂੰ ਸਫ਼ਰ ਨਹੀਂ ਸੀ ਕੀਤਾ । ਉਸ ਨੂੰ ਡਰ ਲੱਗਦਾ ਸੀ । ਦੂਸਰਾ ਇਕ ਪਿੱਛੋਂ ਵੈਰੀਆਂ ਦੇ ਆਉਣ ਦਾ ਡਰ ਸੀ । ਤੀਸਰਾ ਸਤਿਗੁਰੂ ਜੀ ਦੀ ਭਾਲ ਵਿਚ ਮੁਗ਼ਲ ਲਸ਼ਕਰ ਫਿਰ ਰਹੇ ਸਨ । “ ਜੇ ਕਿਸੇ ਨੇ ਰਾਹ ਵਿਚ ਘੇਰ ਲਿਆ ਤਾਂ ? ” ਉਹ ਮਨ ਵਿਚ ਸੋਚਦੀ ਤਾਂ ਕਲੇਜਾ ਕੰਬਣ ਲੱਗ ਪੈਂਦਾ । ਕਲੇਜੇ ਦੀ ਧੜਕਣ ਨੂੰ ਠੀਕ ਰੱਖਣ ਵਾਸਤੇ ਹੀ ਉਸ ਨੇ ਪੁੱਛਿਆ ਸੀ । “ ਨੇੜੇ ਹੀ ਹੈ ਹੁਣ ! ” ਪੂਰਨ ਨੇ ਉੱਤਰ ਦਿੱਤਾ । “ ਠੰਡ ਕਿੰਨੀ ਹੈ । ” “ ਹਾਂ – ਠੰਡ ਬਹੁਤ ਹੈ । ” “ ਪਰਸੋਂ ਤਾਂ ਬਹੁਤ ਠੰਡ ਰਹੀ । ” “ ਕਈ ਦਿਨਾਂ ਤੋਂ ਬਹੁਤ ਹੀ ਠੰਡ ਪੈ ਰਹੀ ਹੈ । ’ ’ ਜਿਸ ਰਾਤ ਗੁਰੂ ਜੀ ਅਨੰਦਪੁਰ ਛੱਡਿਆ ਤੇ ਬਲੋਲਪੁਰ ਆਏ । ” “ ਦੇਖ ਦੁਰਗੀ ! ਮੈਂ ਕਿੰਨੀ ਵਾਰ ਆਖਿਆ , ਗੁਰੂ ਮਹਾਰਾਜ ਦਾ ਨਾਮ ਨਾ ਲੈ । ਜੇ ਕਿਸੇ ਨੇ ਸੁਣ ਲਿਆ ਤਾਂ ਜਾਨ ਤੋਂ ਹੱਥ ਧੋਣੇ ਪੈਣਗੇ । ” “ ਐਨਾ ਕੁਛ ਹੋਣ ‘ ਤੇ ਵੀ ਤੁਸੀਂ ਨਹੀਂ ਸਮਝੇ ? ” ” ਕੀ ਨਹੀਂ ਸਮਝਿਆ ” “ ਏਹੋ ਕਿ ਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਤਾਂ ਜਾਨ ਬਚੀ , ਮੇਰਾ ਧਰਮ ਬਚਿਆ , ਬੱਚੇ ਬਚੇ । ” ” ਗੁਰੂ ਜੀ ਕੀ ਕੀਤਾ ? “ ਗੁਰੂ ਮਹਾਰਾਜ ਅੱਗੇ ਮੈਂ ਅਰਦਾਸ ਬੇਨਤੀ ਕੀਤੀ ਸੀ । ਉਹ ਘਟ ਘਟ ਦੀ ਜਾਨਣਹਾਰ ਹਨ । ” “ ਆਪ ਭਾਵੇਂ ਦੁੱਖ ਉਠਾਉਣ , ਆਪਣੇ ਸਿੱਖਾਂ ਦੀ ਤਾਂ ਬੇਨਤੀ ਸੁਣਦੇ ਹਨ । ’ “ ਚੁੱਪ ਕਰ । ” ਅਸਾਂ ਦੇ ਸਰਬ ਨਾਸ ਦਾ ਕਾਰਨ ਗੁਰੂ ਜੀ ਹਨ । ਜੇ ਨਾ ਆਉਂਦੇ ਤਾਂ ਕਿਥੇ ਭਾਜੜ ਪੈਣੀ ਸੀ ? ਉਹਨਾਂ ਦੇ ਆਉਣ ਦਾ ਫ਼ਸਾਦ , ਕੁਝ ਮੂਰਖ ਜੀਊਣਾ , ਜਿਹੜਾ ਜੀ ਜੀ ਨੂੰ ਦੱਸਦਾ ਫਿਰਿਆ । ” “ ਮੈਂ ਆਖਦੀ ਹਾਂ , ਕੋਈ ਕੁਬੋਲ ਸਤਿਗੁਰੂ ਮਹਾਰਾਜ ਦੀ ਸ਼ਾਨ ਦੇ ਉਲਟ ਨਾ ਬੋਲੋ । ਆਪ ਜਾਣੀ ਜਾਣ ਤੇ ਅਕਾਲ ਪੁਰਖ ਦੇ ਬੇਟੇ ਹਨ । ਆਪਣੇ ਬੱਚੇ ਮਾਸੂਮ ਹਨ । ” “ ਤੂੰ ਤਾਂ ਮੂਰਖ ਹੈਂ ? ” “ ਮੈਂ ਮੂਰਖ ਹੀ ਸਹੀ । ਮੇਰਾ ਧਰਮ ਬਚੇ , ਮੇਰੇ ਬੱਚੇ ਬਚਣ , ਬੱਸ ਮੈਂ ਸਭ ਕੁਝ ਪ੍ਰਾਪਤ ਕਰ ਲਿਆ , ਤੁਸੀਂ …..। ” “ ਕੌਣ ਹੋ , ਗੁਰੂ ਦਾ ਨਾਮ ਲੈਣ ਵਾਲੇ ? ” ਹਨੇਰੇ ਵਿਚੋਂ ਉਹਨਾਂ ਨੂੰ ਮਰਦਾਵੀਂ ਆਵਾਜ਼ ਸੁਣਾਈ ਦਿੱਤੀ । ਆਵਾਜ਼ ਕੋਈ ਬਹੁਤੀ ਦੂਰੋਂ ਨਹੀਂ ਸੀ ਆਈ , ਨੇੜਿਓਂ ਹੀ ਸੀ । ਪੂਰਨ ਤੇ ਦੁਰਗੀ ਦੀ ਗੱਲ – ਬਾਤ ਖ਼ਤਮ ਹੋ ਗਈ । ਉਹ ਇਕ ਦਮ ਚੁੱਪ ਹੋ ਗਏ ਤੇ ਸਾਹ ਘੁੱਟ ਲਿਆ । ਘੋੜੀਆਂ ਦੀਆਂ ਚਾਲਾਂ ਤਿੱਖੀਆਂ ਕਰਨ ਲੱਗੇ ਹੀ ਸਨ ਕਿ ਅੱਗੋਂ ਆਵਾਜ਼ ਆਈ “ ਅੱਗੇ ਡੂੰਘਾ ਪਾਣੀ ਹੈ , ਡੁੱਬ ਜਾਓਗੇ , ਰੁਕ ਜਾਓ ….. ਤੁਸੀਂ ਹੋ ਕੌਣ “ ਅਸੀਂ …. ਅਸੀਂ ਬਲੋਲ ਤੋਂ ਆਏ ਹਿੰਦੂ ਹਾਂ ।…ਮਾਛੀਵਾੜੇ ਜਾਣਾ ਹੈ । ” ਪੂਰਨ ਨੇ ਜ਼ਬਾਨ ਖੋਲ੍ਹੀ । ਰਾਤ ਵੇਲੇ “ ਕੋਈ ਮਰਗ ਹੋ ਗਈ । ਰਾਤ ਜਾਣਾ ਪਿਆ । ” ਗੁਰੂ ਦੀਆਂ ਗੱਲਾਂ ਕਰਦੇ ਸੀ । ” “ ਨਹੀਂ , ਗੁਰੂ ਦੀਆਂ ਨਹੀਂ , ਗੁੜ ਦੀਆਂ । ਰਤਾ ਜ਼ਬਾਨ ਠੀਕ ਨਹੀਂ .. ਪੂਰਨ ਕੋਲੋਂ ਇਹ ਸੁਣ ਕੇ ਦੁਰਗੀ ਨੂੰ ਬਹੁਤ ਦੁੱਖ ਹੋਇਆ । ਉਸ ਨੇ ਇਕ ਵਾਰ ਮੁੜ ਦਲੇਰੀ ਕੀਤੀ ਤੇ ਆਖਿਆ : “ ਹਾਂ , ਵੀਰ ਜੀ , ਗੁਰੂ ਮਹਾਰਾਜ ਦੀਆਂ ਗੱਲਾਂ ਕਰਦੇ ਸਾਂ । ਇਹ ਡਰ ਕੇ ਝੂਠ ਬੋਲਦੇ ਹਨ । ” “ ਗੁਰੂ ਜੀ ਕਿਧਰ ਗਏ ? ਕੋਈ ਪਤਾ ਨਹੀਂ — ਬਲੋਲਪੁਰ ਆਏ ਸੀ ਤੇ ਚਲੇ ਗਏ । ” ਨਾਲ ਸਿੱਖ ਸਨ ? ” ਨਹੀਂ ਇਕੱਲੇ । ” “ ਇਕੱਲੇ ਹੀ “ ਹਾਂ , ਇਕੱਲੇ ਹੀ , ਪਰ ਤੁਸੀਂ ਕੌਣ ਹੋ ? ” “ ਅਸੀਂ ਕੌਣ ਹਾਂ । ” “ ਡਰੋ ਨਾ …. ਅਸੀਂ ਸਿੱਖ ਹਾਂ — ਅਸੀਂ ਵੀ ਗੁਰੂ ਮਹਾਰਾਜ ਦੀ ਭਾਲ ਵਿਚ ਫਿਰ ਰਹੇ ਹਾਂ — ਦੱਸੋ ਕੀ ਗੁਰੂ ਜੀ ਚਮਕੌਰ ਦੇ ਘੇਰੇ ਵਿਚੋਂ ਬਚ ਨਿਕਲੇ “ ਹਾਂ , ਬਚ ਕੇ ਅਸਾਂ ਦੇ ਘਰ ਆਏ ਸੀ , ਪਰ ਅਸਾਂ ਪਾਪੀਆਂ ਨੇ …..। ” ਦੁਰਗੀ ਪੂਰੀ ਗੱਲ ਨਾ ਕਰ ਸਕੀ । “ ਮਤਲਬ ਕਿ ਤੁਸੀਂ ਘਰ ਨਾ ਵੜਨ ਦਿੱਤਾ । ਇਹੋ ਨਾ ? ” ਅੱਗੋਂ ਉੱਤਰ “ ਹਾਂ । ਅਸਾਂ ਕੋਲੋਂ ਭੁੱਲ ਹੋਈ । ਮੁਗ਼ਲਾਂ ਕੋਲੋਂ ਡਰ ਗਏ “ ਠੀਕ ਹੈ ਬਿਪਤੁ ਪਰੀ ਸਭ ਹੀ ਸੰਗ ਛਾਡਤ ਕੋਊ ਨਾ ਆਵਤ ਨੇੜੇ ਮਹਾਰਾਜ ਨੇ ਠੀਕ ਹੀ ਤਾਂ ਬਚਨ ਕੀਤਾ ਹੈ । ਹੁਣ ਕਿਧਰ ਚਲੇ ਹੋ ? “ ਮਾਛੀਵਾੜੇ ਨੂੰ । ” “ ਕਿਉਂ ਜਾਨ ਬਚਾਉਣ ਲਈ , ਅਸਾਂ ਦਾ ਘਰ ਲੁੱਟਿਆ ਤੇ ਸਾੜਿਆ ਗਿਆ । ਅਸੀਂ ਜਾਨ ਬਚਾਉਣ ਲਈ ਨੱਠੇ ਜਾ ਰਹੇ ਹਾਂ । ਮਾਛੀਵਾੜੇ ਸਬੰਧੀ ਹਨ । “ ਗੁਰੂ ਜੀ ਦਾ ਕੋਈ ਪਤਾ “ ਹੋ ਸਕਦਾ ਹੈ , ਉਧਰੇ ਗਏ ਹੋਣ । ” ਪੂਰਨ ਬੋਲਿਆ , ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ । “ ਮਸੰਦ ….. ਬਲੋਲਪੁਰ ਵਿਚ ਵੀ ਇਕ ਪੂਰਨ ਮਸੰਦ ਸੀ ‘ ਹੁੰਦਾ ਸੀ , ਹੁਣ ਨਹੀਂ ….. ” ਦੁਰਗੀ ਨੇ ਝੱਟ ਉੱਤਰ ਦਿੱਤਾ । ਗੱਲ ਪਾਸੇ ਕਰਨ ਲਈ ਆਖਿਆ , “ ਵੀਰ ਜੀ , ਆਉ ਫਿਰ ਚੱਲੀਏ । ਕੀ ਪਤਾ ਗੁਰੂ ਮਹਾਰਾਜ ਦੇ ਦਰਸ਼ਨ ਹੋ ਹੀ ਜਾਣ । ” “ ਚਲੋ , ਪਰ ਉਪਰੋਂ ਦੀ ਆਉਣਾ ਪਵੇਗਾ । ਅੱਗੇ ਨਾਲਾ ਹੈ , ਪਾਣੀ ਡੂੰਘਾ ਅਸੀਂ ਲੰਘਣ ਲੱਗੇ ਅੱਗੇ ਰੁਕ ਗਏ । “ ਪਾਣੀ ਵਿਚੋਂ ਦੀ ਲੰਘਣਾ ਪਵੇਗਾ ? ” ਪੂਰਨ ਨੇ ਪੁੱਛਿਆ । “ ਇਹ ਤਾਂ ਮੁਸ਼ਕਲ ! “ ਮੁਸ਼ਕਲ ਕੀ , ਘੋੜੇ ਉੱਤੇ ਤਾਂ ਹੋ । ਉਹ ਤਿੰਨ ਸਿੱਖ ਸਨ , ਜਿਹੜੇ ਅਨੰਦਪੁਰ ਤੋਂ ਤੁਰੇ ਤੇ ਸਰਸਾ ਤੋਂ ਬਚ ਕੇ ਰਾਹ ਤੁਰੇ ਸੀ , ਸ਼ਾਹੀ ਲਸ਼ਕਰ ਤੋਂ ਬਚਦੇ ਹੋਏ , ਚਮਕੌਰ ਤੋਂ ਪਾਸੇ ਪਾਸੇ ਆ ਗਏ ਸਨ । ਜਿਸ ਕੋਲੋਂ ਵੀ ਸਿੱਖਾਂ ਬਾਬਤ ਪੁੱਛਦੇ ਸਨ , ਕੋਈ ਪਤਾ ਨਹੀਂ ਸੀ ਲੱਗਦਾ । ਹਰ ਕੋਈ ਉੱਤਰ ਦਿੰਦਾ , ‘ ਨਾਂ ਨਾ ਲਉ ! ਚਲੇ ਜਾਉ ॥ ਝਾੜੀ ਝਾੜੀ ਤੇ ਘਰ ਘਰ ਮੁਗ਼ਲ ਹਨ । ਬੜੀ ਮੁਸ਼ਕਲ ਨਾਲ ਉਹਨਾਂ ਨੂੰ ਮਕਈ ਦੀਆਂ ਰੋਟੀਆਂ ਤੇ ਲੱਸੀ ਮਿਲਦੀ ਆਈ ਸੀ । ਉਹ ਵੀ ਸਿਆਣੀਆਂ ਔਰਤਾਂ ਪਾਸੋਂ , ਮਰਦ ਤਾਂ ਸਾਰੇ ਬਾਹਰੇ ਦੇ ਸਹਿਮੇ ਤੇ ਡਰੇ ਹੋਏ ਸਨ । ਚੁੱਪ ਸਾਧ ਕੇ ਖੇਤਾਂ ਵਿਚ ਫਿਰ ਰਹੇ ਸਨ ਜਾਂ ਘਰਾਂ ਵਿਚ ਧੁੱਪੇ ਬੈਠੇ , ਕੋਈ ਸੁਣ ਕੱਢਦੇ , ਕੋਈ ਵਣ ਵੱਟਦੇ ਤੇ ਕੋਈ ਧੁੱਪ ਸੇਕਦੇ ਸਨ । ਹਾਸਾ ਲੋਕਾਂ ਦੇ ਬੁੱਲ੍ਹਾਂ ਤੋਂ ਉੱਡ ਗਿਆ ਸੀ , ਬੁੱਲ੍ਹਾਂ ਉੱਤੇ ਸਿਕਰੀ ਜੰਮ ਗਈ ਸੀ । ਦਗੜ ਦਗੜ ਕਰ ਕੇ ਘੋੜ ਸਵਾਰ ਆਉਂਦੇ , ਘੋੜਿਆਂ ਦੇ ਸੁੰਬਾਂ ਦੀਆਂ ਆਵਾਜ਼ਾਂ ਸੁਣ ਕੇ ਬੈਠੇ ਹੋਏ ਉੱਠ ਕੇ ਖਲੋ ਜਾਂਦੇ ਤੇ ਆਉਣ ਵਾਲੇ ਪੁੱਛਦੇ , “ ਸਿੱਖ ਆਏ ? ਗੁਰੂ ਆਏ ? ਸਿੱਖਾ ਦਾ ਪੀਰ ਆਇਆ ? ” “ ਨਹੀਂ ਸਰਕਾਰ ! “ ਅਸਾਂ ਦੇ ਪਿੰਡ ਵਿਚ ਸਿੱਖ ਕੋਈ ਨਹੀਂ — ਹਿੰਦੂ ਹਾਂ । ਦੇਵੀ ਦੀ ਪੂਜਾ ਕਰਦੇ , ਜਾਂ ਮੁਸਲਮਾਨ , ਉਹ ਮਸੀਤੇ ਜਾਂਦੇ ਹਨ । ਕੋਈ ਧਰਮਸਾਲਾ ਨਹੀਂ । ” ਇਹ ਉੱਤਰ ਦਿੱਤੇ ਜਾਂਦੇ ਰਹੇ । ਇਕ ਤਰ੍ਹਾਂ ਨਾਲ ਇਲਾਕੇ ਵਿਚ ਪਰਲੋ ਆਈ ਹੋਈ ਸੀ । “ ਦੇਖੋ ! ਝੂਠ ਬੋਲਿਆ ਤਾਂ ਜ਼ਰੂਰ ਮਾੜਾ ਹੋਏਗਾ । ਲੱਸੀ ਲਿਆਓ , ਮੱਖਣ ਲਿਆਉ , ਦੁੱਧ ਲਿਆਉ । ” ਭੁੱਖੇ ਮੁਗ਼ਲ ਇਸ ਧੰਧੇ ਵਿਚ ਲੱਗ ਜਾਂਦੇ । ਜਿਹੜਾ ਆਖਾ ਨਾ ਮੰਨਦਾ , ਉਸੇ ਦੀ ਸ਼ਾਮਤ ਆ ਜਾਂਦੀ । ਧੀਆਂ ਭੈਣਾਂ ਨੂੰ ਲੋਕ ਲੁਕਾ ਲੁਕਾ ਕੇ ਰੱਖ ਰਹੇ ਸਨ । ਉਸ ਵੇਲੇ ਦੇ ਸੈਨਿਕ ਵਹਿਸ਼ੀ ਬਹੁਤ ਸਨ । ਜਨਤਾ ਦੇ ਭਾਅ ਦੀ ਪਰਲੋ ਆਈ ਹੋਈ ਸੀ । ਉਹ ਸਿੱਖ ਤੇ ਦੁਰਗੀ , ਪੂਰਨ ਸਭ ਅੱਗੇ ਚੱਲ ਪਏ । ਮਾਛੀਵਾੜੇ ਪਹੁੰਚਣਾ ਸੀ । ਪੂਰਨ ਮਸੰਦ ਦਾ ਦਿਲ ਅਜੇ ਵੀ ਸਾਫ਼ ਨਹੀਂ ਸੀ ਹੋਇਆ । ਉਹ ਚਾਹੁੰਦਾ ਸੀ ਕਿ ਗੁਰੂ ਮਹਾਰਾਜ ਤੋਂ ਦੂਰ ਰਹੇ ਕਿਉਂਕਿ ਅਨੰਦਪੁਰ ਸਾਹਿਬ ਤੋਂ ਮਾਇਆ ਲੈ ਕੇ ਨੱਠ ਆਇਆ ਸੀ । ਉਸ ਦੀਆਂ ਭੁੱਲਾਂ ਉਸ ਨੂੰ ਡਰਾ ਰਹੀਆਂ ਸਨ । ਭਾਵੇਂ ਸਤਿਗੁਰੂ ਮਹਾਰਾਜ ਹਰ ਇਕ ਸਿੱਖ ਦੀ ਭੁੱਲ ਨੂੰ ਬਖ਼ਸ਼ਣਹਾਰ ਸਨ । ਕੋਈ ਅੱਧ ਮੀਲ ਦਾ ਵਲ ਪਾ ਕੇ ਨਾਲੇ ਵਿਚੋਂ ਦੀ ਲੰਘਣ ਲੱਗੇ । ਉਥੇ ਪਾਣੀ ਥੋੜ੍ਹਾ ਸੀ , ਮਸਾਂ ਗੋਡੇ ਗੋਡੇ , ਪਰ ਤਿਲਕਣ ਜਹੀ ਸੀ । ਘੋੜਿਆਂ ਦੇ ਸੁੰਬਾਂ ਨੂੰ ਤਾਂ ਉਹ ਤਿਲਕਣ ਕੁਝ ਨਹੀਂ ਸੀ ਕਰ ਸਕਦੀ , ਪਰ ਭਾਣਾ ਐਸਾ ਵਰਤ ਗਿਆ ਕਿ ਪੂਰਨ ਮਸੰਦ ਦੇ ਘੋੜੇ ਨੇ ਨੌਂਹ ਲੈ ਲਿਆ । ਪੂਰਨ ਪਟੜੇ ਵਾਂਗ ਪਾਣੀ ਵਿਚ ਜਾ ਵੱਜਾ ਤੇ ਘੋੜਾ ਵੀ ਡਿੱਗ ਪਿਆ । ਉਸ ਦੇ ਡਿੱਗਣ ਨਾਲ ਸਾਰਿਆਂ ਨੂੰ ਬਿਪਤਾ ਪੈ ਗਈ ।
( ਚਲਦਾ )
Waheguru ji