ਰੱਖੜ ਪੁੰਨਿਆ ਜੋੜ ਮੇਲਾ ਕਿਉ ?
ਅਕਸਰ ਏ ਸਵਾਲ ਹੁੰਦਾ ਜੇ ਰੱਖੜੀ ਦਾ ਸੰਬੰਧ ਸਿੱਖੀ ਨਾਲ ਨਹੀਂ ਫਿਰ ਬਾਬੇ ਬਕਾਲੇ ਰੱਖੜ ਪੁੰਨਿਆਂ ਦਾ ਜੋੜ ਮੇਲਾ ਕਿਓਂ ਹੁੰਦਾ ???? ਪੜ੍ਹੋ
ਚੇਤ ਮਹੀਨੇ 1664 ਨੂੰ ਅਠਵੇ ਪਾਤਸ਼ਾਹ ਧਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਚ ਜੋਤੀ ਜੋਤ ਸਮਾਉਣ ਲੱਗੇ ਤਾਂ ਸਿੱਖਾਂ ਨੇ ਕਿਹਾ, ਮਹਾਰਾਜ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ …? ਪਾਤਸ਼ਾਹ ਨੇ ਪੰਜ ਪੈਸੇ ਤੇ ਨਾਰੀਅਲ ਮੰਗਵਾਇਆ , ਥਾਲੀ ਚ ਰੱਖ ਲਿਆਂਦਾ। ਬਾਲਾ ਪ੍ਰੀਤਮ ਨੇ ਥਾਲੀ ਚ ਪਈ ਸਮੱਗਰੀ ਦੁਆਲੇ ਹੱਥ ਦੇ ਨਾਲ ਤਿੰਨ ਵਾਰ ਪਰਿਕਰਮਾ ਕਰ ਸਿਰ ਝੁਕਾ ਬਚਨ ਕਹੇ। ਬਾਬਾ ਬਕਾਲੇ ਕੇ ਹੁਣ ਗੁਰੂ ਜੋਤ ਬਕਾਲੇ ਨਗਰ ਚ ਹਾਡੇ ਬਾਬੇ ( ਦਾਦਾ ਜੀ) ਅੰਦਰ ਹੈ (ਗੁਰੂ ਤੇਗ ਬਹਾਦਰ ਮਹਾਰਾਜ ਰਿਸ਼ਤੇ ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਲੱਗਦੇ ਆ ) .
ਸਿੱਖ ਇਤਿਹਾਸ ਚ ਏ ਪਹਿਲੀ ਵਾਰ ਸੀ ਕੇ ਜਦੋਂ ਗੁਰਤਾਗੱਦੀ ਦਾ ਅਗਲਾ ਵਾਰਸ ਜੋਤੀ ਜੋਤਿ ਸਮਾਉਣ ਸਮੇ ਹਾਜਰ ਨਹੀ ਸੀ।
ਉਧਰ ਗੁਰਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਜੋ ਏਨਾ ਵੱਡਾ ਵਪਾਰੀ ਸੀ ਕੇ ਓਸ ਸਮੇ ਚ ਸਮੁੰਦਰੀ ਜਹਾਜ਼ਾਂ ਰਾਹੀ ਵਪਾਰ ਕਰਦਾ। ਏਸੇ ਸਾਲ ਸ਼ਾਹ ਜੀ ਦਾ ਬੇੜਾ ਤੂਫਾਨ ਚ ਫਸ ਗਿਆ। ਹੋਰ ਕੋਈ ਵਾਹ ਨਾ ਚੱਲਦੀ ਦੇਖ ਗੁਰੂ ਚਰਨਾ ਦਾ ਆਸਰਾ ਤੱਕਿਆ। ਅਰਦਾਸ ਕੀਤੀ 500 ਮੋਹਰਾਂ ਸੁਖੀਆਂ, ਕਰਨੀ ਗੁਰੂ ਦੀ ਬੇੜਾ ਕਿਨਾਰੇ ਲੱਗ ਗਿਆ , ਕੰਮ ਕਾਰ ਤੋਂ ਵਿਹਲਾ ਹੋ ਮੱਖਣ ਸ਼ਾਹ ਗੁਰੂ ਦਰਸ਼ਨਾਂ ਨੂੰ ਚੱਲਿਆ। ਪਤਾ ਲੱਗਾ ਅੱਠਵੇਂ ਪਾਤਸ਼ਾਹ ਜੋਤੀ ਜੋਤਿ ਸਮਾ ਗਏ ਤੇ ਹੁਣ ਗੁਰੂ ਜੋਤਿ ਬਕਾਲੇ ਆ। ਮੱਖਣ ਸ਼ਾਹ ਕਾਫਲੇ ਸਮੇਤ ਬਕਾਲੇ ਪਹੁੰਚਿਆ। ਵੇਖ ਕੇ ਬੜਾ ਹੈਰਾਨ 22 ਮੰਜੀਆਂ ਲੱਗੀਆਂ। ਕਈ ਗੁਰੂ ਬਣੇ ਪਏ ਆ। ਕੇੜਾ ਸੱਚਾ ਗੁਰੂ ??? ਸੋਚ ਵਿਚਾਰ ਕੇ ਘਰਵਾਲੀ ਨਾਲ ਸਲਾਹ ਕਰ ਇਹ ਵਿਚਾਰ ਬਣੀ ਕਿ ਗੁਰੂ ਤੇ ਅੰਤਰਜਾਮੀ ਆ। ਜੇੜਾ ਸੱਚਾ ਗੁਰੂ ਹੋਊ ਆਪਣੀ ਅਮਾਨਤ ਮੰਗ ਕੇ ਲੈ ਲਊ। ਏ ਵਿਚਾਰ ਕੇ 2 – 2 ਮੋਹਰਾਂ ਸਾਰੇ ਗੁਰੂਆਂ ਅੱਗੇ ਰੱਖ ਸਿਰ ਝੁਕਾਏ। ਪਰ ਕਮਾਲ ਦੀ ਗੱਲ ਕਿਸੇ ਨੇ ਵੀ ਅਮਾਨਤ ਨ ਮੰਗੀ। ਹੁਣ ਮੱਖਣ ਸ਼ਾਹ ਬੜਾ ਉਦਾਸ ਕੋਈ ਵੀ ਸੱਚਾ ਨਹੀਂ ਫਿਰ ਸੱਚਾ ਕੌਣ??
ਇਧਰੋਂ ਉਧਰੋਂ ਪੁੱਛਣ ਤੋਂ ਪਤਾ ਲੱਗਾ ਗੁਰੂ ਵੰਸ਼ ਚੋਂ ਇੱਕ ਹੋਰ ਵੀ ਹੈ , ਤੇਗਾ ਤੇਗਾ ਕਹਿੰਦੇ ਆ। ਜਿਆਦਾ ਭੋਰੇ ਚ ਰਹਿੰਦਾ। ਸ਼ਾਹ ਜੀ ਪਤਾ ਕਰ ਭੋਰੇ ਵੱਲ ਗਏ , ਪਾਤਸ਼ਾਹ ਨੂੰ ਧਿਆਨ ਮਗਨ ਵੇਖ ਪਹਿਲਾਂ ਵਾਂਗ 2 ਮੋਹਰਾਂ ਰੱਖ ਨਮਸਕਾਰ ਕਰਕੇ ਮੁੜਨ ਲੱਗਾ ਤਾਂ ਜਾਣਨਹਾਰ ਸੱਚੇ ਪਾਤਸ਼ਾਹ ਨੇ ਵੇਖਿਆ ਜੇ ਨ ਬੋਲੇ ਸਿੱਖ ਦੇ ਮਨ ਨੂੰ ਠੇਸ ਲੱਗੂ ਕੇ ਏਵੀ ਸੱਚਾ ਨੀ , ਦਾਤਾ ਗੁਰੂ ਨੇ ਕਿਆ , ਵਾਹ ਮੱਖਣਾ ਜਦੋਂ ਬੇੜਾ ਫਸਿਆ ਸੀ ਉਦੋਂ 500 ਤੇ ਹੁਣ 2 ਨਾਲ ਸਾਰ ਦਿੱਤਾ। ਪਾਤਸ਼ਾਹ ਨੇ ਮੋਢੇ ਤੋ ਚਾਗਰ ਲਾਹ ਨਿਸ਼ਾਨ ਵਖਾ ਕਿਹਾ ਆ ਦੇਖ ਤੇਰੇ ਬੇੜੇ ਦੇ ਕਿੱਲਾਂ ਵਾਲੇ ਨਿਸ਼ਾਨ ਅਜੇ ਵੀ ਮੌਜੂਦ ਆ। ਵੇਖ ਸੁਣ ਮੱਖਣ ਸ਼ਾਹ ਗਦ ਗਦ ਹੋ ਗਿਆ। ਥੈਲੀ ਅੱਗੇ ਰੱਖੇ ਡੰਡੌਤ ਬੰਦਨਾ ਕੀਤੀ। ਬੇਪਰਵਾਹ ਗੁਰੂ ਨੇ ਕਿਹਾ ਹੁਣ ਰੌਲਾ ਨ ਪਾਈ ਨਹੀ ਤੇ ਮੂੰਹ ਕਾਲਾ ਕਰਾਂਗੇ। ਗਿਆਨੀ ਗਿਆਨ ਸਿੰਘ ਲਿਖਦੇ ਆ ਮੱਖਣ ਸ਼ਾਹ ਨੇ ਆਪੇ ਹੀ ਭਾਈ ਲੱਧੇ ਵਾਗੁੰ ਮੂੰਹ ਕਾਲਾ ਕਰ ਕੋਠੇ ਤੇ ਚੜ੍ਹ ਕੇ ਹੋਕਾ ਦਿੱਤਾ।
ਸਾਚਾ ਗੁਰੂ ਲਾਧੋ ਰੇ ਸਾਚਾ ਗੁਰੂ ਲਾਧੋ ਰੇ
ਕੋਠੇ ਚੜ੍ਹ ਕੇ ਹੋਕਾ ਦਿੱਤਾ ਉਹ ਸਿੱਖੋ ਸੰਗਤੋ ਦਰ ਦਰ ਨ ਭਟਕੋ , ਸੱਚਾ ਗੁਰੂ ਏਦਰ ਜੇ। ਫਿਰ ਬਾਬਾ ਬੁੱਢਾ ਜੀ ਦੀ ਬੰਸ ਚੋ ਭਾਈ ਗੁਰਦਿੱਤਾ ਜੀ ਨੇ ਗੁਰਿਆਈ ਦਾ ਤਿਲਕ ਲਾਇਆ ਦਿੱਲੀ ਤੋ ਲਿਆਂਦੀ ਸਾਰੀ ਸਮੱਗਰੀ ਭੇਟ ਕੀਤੀ। ਸਭ ਨੇ ਨਮਸਕਾਰਾਂ ਕੀਤੀਆਂ। ਸਾਰੀ ਸੰਗਤ ਨੇ ਦਰਸ਼ਨ ਕੀਤੇ। ਭੇਟ ਰੱਖ ਮੱਥੇ ਟੇਕੇ ਏਦਾ ਗੁਰੂ ਸੂਰਜ ਪ੍ਰਗਟ ਹੋਣ ਕਰਕੇ 22 ਮੰਜੀਆਂ ਤਾਰਿਆਂ ਵਾਂਗ ਅਲੋਪ ਹੋਗੀਆ।
ਸੱਚੇ ਪਾਤਸ਼ਾਹ ਧੰਨ ਗੁਰੂ ਤੇਗ਼ ਬਹਾਦਰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਚਾਹੇ ਚੇਤ ਮਹੀਨੇ ਗੁਰੂ ਰੂਪ ਹੋ ਗਏ ਸੀ ਪਰ ਪਰਗਟ 11 ਅਗਸਤ 1664 ਨੂੰ ਸਉਣ ਦੀ ਪੁੰਨਿਆ ਨੂੰ ਹੋਏ। ਏ ਦਿਨ ਰੱਖੜੀ ਦਾ ਸੀ ਏਸ ਕਰਕੇ ਰੱਖੜ ਪੁੰਨਿਆ ਦਾ ਜੋੜ ਮੇਲਾ ਬਣ ਗਿਆ।
ਰੱਖੜੀ ਸਨਾਤਨ ਹਿੰਦੂ ਮੱਤ ਦਾ ਤਿਉਹਾਰ ਆ ਪਰ ਜ਼ਿਆਦਾ ਪ੍ਰਚੱਲਤ ਹੋਣ ਕਰਕੇ ਸਾਰੇ ਬੰਨ੍ਹੀ ਫਿਰਦੇ ਆ , ਸਿੱਖ ਇਤਿਹਾਸ ਦਾ ਰੱਖੜੀ ਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ। ਸਿੱਖ ਧਾਗਿਆਂ ਤਵੀਤਾਂ ਚ ਵਿਸ਼ਵਾਸ ਨਹੀਂ ਕਰਦਾ , ਹਾਂ ਰੱਖੜੀ ਰਖਿਆ ਨਾਲ ਸਬੰਧ ਰੱਖਦੀ ਰਕਸ਼ਾ-ਬੰਧਨ ਕਿਆ ਜਾਂਦਾ। ਸਿੱਖ ਦਾ ਰਖਵਾਲਾ ਗੁਰੂ ਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿੰਨਾ ਮੱਖਣ ਸ਼ਾਹ ਲੁਬਾਣਾ ਦੀ ਰੱਖਿਆ ਕੀਤੀ। ਅਸੀ ਗੁਰੂ ਅੱਗੇ ਅਰਦਾਸ ਕਰਨੀ ਆ ਸ਼ਬਦ ਗੁਰੂ ਨਾਲ ਸੇਵਾ ਨਾਲ ਜੁੜਣਾ।
ਧੰਨ ਗੁਰੂ ਤੇਗ ਬਹਾਦਰ ਮਹਾਰਾਜੇ ਦੇ ਪ੍ਰਗਟ ਦਿਹਾੜੇ ਦੀਆ ਸਭ ਨੂੰ ਲੱਖ ਲੱਖ ਵਧਾਈ
ਮੇਜਰ ਸਿੰਘ
ਗੁਰੂ ਕਿਰਪਾ ਕਰੇ