ਮਾਛੀਵਾੜਾ ਭਾਗ 4

ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ – ਦਰਸ਼ਨ ਕੀਤੇ ਸਨ । ਅਨੰਦਪੁਰ ਦੋ ਵਾਰ ਗਿਆ ਸੀ , ਪਰ ਜਦੋਂ ਪੂਰਨ ਨੱਸ ਆਇਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ । ਉਸ ਨੇ ਮਾਲਕਣ ਦੁਰਗੀ ਅੱਗੇ ਵੀ ਦੁੱਖ ਪ੍ਰਗਟ ਕੀਤਾ , ਪਰ ਕੀ ਹੋ ਸਕਦਾ ਸੀ , ਹੈ ਸੀ ਸੇਵਕ । ਰਾਤ ਪਹਿਰਾ ਰੱਖਣਾ ਤੇ ਡੰਗਰਾਂ ਨੂੰ ਪੱਠੇ ਪਾਉਣੇ , ਸੇਵਾ ਕਰਨੀ । ਇਕ ਸੱਚਾ ਸੁੱਚਾ ਈਮਾਨਦਾਰ ਸੇਵਕ ਸੀ । ਗੁਰੂ ਜੀ ਚਲੇ ਗਏ । ਪੂਰਨ ਦੀ ਕਠੋਰਤਾ ਉੱਤੇ ਉਸ ਨੂੰ ਵੀ ਰੰਜ ਆਇਆ ਤੇ ਮੁੜ ਆਪ ਵੀ ਪਿੱਛੇ ਨੱਠ ਤੁਰਿਆ । ਜੀਊਣੇ ਨੂੰ ਦੇਰ ਲੱਗ ਗਈ ਸੀ , ਪਿੰਡੋਂ ਬਾਹਰ ਜੰਗਲ ਸ਼ੁਰੂ ਹੋ ਜਾਂਦਾ ਸੀ । ਉਹ ਆਪਣੇ ਗੁਰੂ ਜੀ ਨੂੰ ਲੱਭਣ ਤੁਰਿਆ । ਉਸ ਦੀਆਂ ਲੱਤਾਂ ਵਿਚ ਕਾਹਲ ਆ ਗਈ , ਉਸ ਦੀਆਂ ਅੱਖਾਂ ਦੀ ਜੋਤ ਤੇਜ਼ ਹੋ ਗਈ । ਉਹ ਮਾਹੀ ਨੂੰ ਭਾਲਣ ਲੱਗੀਆਂ । ਉਹ ਸਹਿਜਧਾਰੀ ਸੀ । ਅਜੇ ਅੰਮ੍ਰਿਤ ਨਹੀਂ ਸੀ ਛਕਿਆ । ਨਾਮ – ਬਾਣੀ ਦੀ ਲਗਨ ਲੱਗੀ ਸੀ , ਪਰ ਗ਼ਰੀਬੀ ਤੇ ਸੇਵਾਦਾਰੀ ਉਸ ਨੂੰ ਪੂਰਨ ਭਗਤ ਨਹੀਂ ਸੀ ਬਣਨ ਦਿੰਦੀ । ਵਫ਼ਾਦਾਰ ਸੇਵਕ ਸੀ । ਭਾਈ ਜੀਊਣੇ ਨੇ ਪੈਰੀਂ ਜੁੱਤੀ ਨਾ ਪਾਈ । ਉਸ ਦੇ ਦਿਲ ਨੇ ਆਵਾਜ਼ ਦਿੱਤੀ , “ ਜੀਊਣਿਆ , ਤੇਰਾ ਪਿਆਰਾ ਗੁਰੂ ਨੰਗੀਂ ਪੈਰੀਂ ਤੇ ਤੂੰ ਜੁੱਤੀ ਪਾ ਕੇ ਉਹਨਾਂ ਨੂੰ ਲੱਭਣ ਜਾਏਂ ? ਇਹ ਕਿਵੇਂ ਹੋ ਸਕਦਾ ਹੈ ? ” ਮਨ ਦੀ ਇਸ ਆਵਾਜ਼ ‘ ਤੇ ਉਸ ਨੇ ਜੁੱਤੀ ਪੈਰਾਂ ਤੋਂ ਲਾਹ ਕੇ ਰਾਹ ਵਿਚ ਸੁੱਟ ਦਿੱਤੀ । ਉਹ ਨੰਗੀਂ ਪੈਰੀਂ ਨੱਠ ਉੱਠਿਆ , ਗਿੱਲੀ ਧਰਤੀ ਵੱਲ ਦੇਖਦਾ ਗਿਆ । ਪੈੜ ਲੱਭਣ ਲਈ , ਪੈੜ ਵੀ ਸਤਿਗੁਰੂ ਜੀ ਦੇ ਚਰਨ ਕੰਵਲਾਂ ਦਾ , ਜਿਹੜੇ ਚਰਨ ਜੋੜੇ ਨਾਲ ਚੱਲਦੇ , ਮਖ਼ਮਲੀ ਗਦੇਲਿਆਂ ‘ ਤੇ ਰੱਖੇ ਜਾਂਦੇ ਤੇ ਸੇਵਕ ਘੁਟ ਕੇ ਮਾਲਸ਼ਾਂ ਕਰਦੇ । ਚੰਦਨ ਦੇ ਪਊਏ ਪਾਉਂਦੇ । ਅੱਗੇ ਪਿੱਛੇ ਸੇਵਕ ਫਿਰਦੇ । ਪਰ ਵੇਖੋ ਰੰਗ ਕਰਤਾਰ ਦੇ , ਭਾਈ ਜਿਊਣਾ ਸੋਚਦਾ ਗਿਆ , “ ਧਰਮ ਤੇ ਦੇਸ਼ ਬਦਲੇ ਚੋਜੀ ਪ੍ਰੀਤਮ ਨੂੰ ਕੀ ਕਰਨਾ ਪਿਆ । ਨੰਗੀਂ ਪੈਰੀਂ , ਖ਼ਤਰੇ ਪੈਰ ਪੈਰ ‘ ਤੇ , ਭੁੱਖੇ ਭਾਣੇ । ” ਇਹ ਸੋਚ ਕੇ ਉਹ ਹੋਰ ਨੱਠਿਆ , ਝਾੜੀ ਝਾੜੀ ਦੇਖਣ ਲੱਗਾ । ਉਸ ਦੇ ਪੈਰਾਂ ਵਿਚ ਵੀ ਸੂਲਾਂ ਵੱਜਣ ਲੱਗੀਆਂ । ਪੀੜ ਨੂੰ ਪੀਂਦਾ ਹੋਇਆ ਆਖੀ ਗਿਆ : “ ਓ ਦਾਤਾ ਜੀ ! ਮੈਨੂੰ ਦਰਸ਼ਨ ਦਿਉ । ਆਪ ਹੀ ਦੱਸੋ ਕਿਥੇ ਹੋ ? ਮੈਂ ਆਪ ਦੇ ਦਰਸ਼ਨ ਬਿਨਾਂ ਨਹੀਂ ਬਚ ਸਕਦਾ ….. ਅੰਨ…
ਜਲ ਨਹੀਂ ਛਕਣਾ । ਕਰੋ ਕ੍ਰਿਪਾ । ’ ’ ਉਸ ਪੈੜ ਦੇਖੇ , ਨੰਗੇ ਪੈਰ , ਨੱਠੇ ਜਾਂਦੇ ਪੁਰਸ਼ ਦੇ , ਝੁਕ ਕੇ ਨਿਮਸ਼ਕਾਰ ਕੀਤੀ , ਖ਼ਾਕ ਚੁੱਕ ਕੇ ਨੈਣਾਂ ਨਾਲ ਲਾਈ , ਏਧਰ ਹੀ ਗਏ , ਦੀਨ ਦੁਨੀ ਦੇ ਮਾਲਕ ਜ਼ਰੂਰ ਮਿਲ ਪੈਣਗੇ । ” “ ਕੌਣ ਏ ? ਠਹਿਰ ! ” ਇਕ ਕੜਕਵੀਂ ਆਵਾਜ਼ ਆਈ । ਉਸ ਨੇ ਸੱਜੇ ਹੱਥ ਦੇਖਿਆ ਤਾਂ ਚਾਰ ਪਠਾਣ ਦਿਉਆਂ ਵਰਗੇ , ਉਧਰੋਂ ਵਧੇ ਤੇ ਦੋ ਖੱਬੇ ਪਾਸਿਓਂ । ਉਹ ਵੀ ਗੁਰੂ ਜੀ ਦੀ ਭਾਲ ਕਰ ਰਹੇ ਸਨ । ਭਾਈ ਜੀਊਣਾ ਖਲੋ ਗਿਆ । ਉਹ ਇਕ ਪਲ ਵਿਚ ਜਾਣ ਗਿਆ ਕਿ ਅੰਤ ਸਮਾਂ ਆ ਗਿਆ । ਇਹਨਾਂ ਦੁਸ਼ਟਾਂ ਨੇ ਕਤਲ ਤੋਂ ਕਰਨ ਤੋ ਨਹੀਂ ਰੁਕਣਾ । “ ਅੱਛਾ ਸਤਿਗੁਰੂ ਜੀ , ਜੋ ਆਪ ਦਾ ਹੁਕਮ । ” ਉਸ ਦੀ ਆਤਮਾ ਦਾ ਬੋਲ ਸੀ । “ ਕੌਣ ਹੈਂ ? ” ਇਕ ਨੇ ਅੱਗੇ ਹੋ ਕੇ ਪੁੱਛਿਆ । “ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ । “ ਕਿਥੋਂ ? ’ ’ ‘ ‘ ਬਲੋਲਪੁਰ ਤੋਂ । ” “ ਏਧਰ ਕੀ ਲੈਣ ਆਇਆ ? ” “ ਮੇਰੀਆਂ ਦੋ ਘੋੜੀਆਂ ਖੁੱਲ੍ਹ ਕੇ ਜੰਗਲ ਵੱਲ ਆ ਗਈਆਂ ਹਨ , ਖੁਰਾ ਨਹੀਂ ਲੱਭਦਾ । ਮੇਰਾ ਮਾਲਕ ਹਸ਼ਮਤ ਖ਼ਾਨ ਰੁਹੇਲਾ ਹੈ । ‘ ‘ “ ਤੂੰ ਹਿੰਦੂ ਹੈਂ ਕਿ ਮੁਸਲਮਾਨ ? ” “ ਹਿੰਦੂ ! ਸੇਵਕ ਹਾਂ । ” “ ਝੂਠ ਬੋਲਦਾ ਹੈ । ” ਇਕ ਨੇ ਤਲਵਾਰ ਮੋਢੇ ‘ ਤੇ ਰੱਖ ਕੇ ਆਖਿਆ । “ ਗੁਰੂ ਵੱਲ ਤਾਂ ਨਹੀਂ ਚੱਲਿਆ ? ” “ ਗੁਰੂ ….. ਕੌਣ ਗੁਰੂ ? ‘ ‘ “ ਅਨੰਦਪੁਰ ਵਾਲਾ । ” “ ਨਹੀਂ ! ” ਭਾਈ ਜੀਊਣੇ ਨੇ ਝੂਠ ਬੋਲਿਆ । “ ਮਾਰੋ ! ” ਇਕ ਬੋਲਿਆ । “ ਨਹੀਂ — ਮਾਰੋ ਨਾ । ਇਸ ਕੋਲੋਂ ਪੁੱਛੋ — ਇਹ ਜ਼ਰੂਰ ਗੁਰੂ ਦਾ ਸੇਵਕ ਹੈ — ਨੰਗੀਂ ਪੈਰੀਂ , ਵਿਆਕੁਲ ਦਸ਼ਾ ਵਿਚ । ” ਹਾਂ । ਮੈਨੂੰ ਐਵੇਂ ਨਾ ਮਾਰੋ । ” “ ਮੈਨੂੰ ਨਹੀਂ ਪਤਾ , ਉੱਕਾ ਨਹੀਂ ਪਤਾ — ਮੈਂ ਘੋੜੀਆਂ ਲੱਭਣ ਆਇਆ “ ਚੱਲ ਪਿੱਛੇ – ਪਤਾ ਕਰਾਂਗੇ ਤੂੰ ਕੌਣ ਹੈਂ ? ‘ “ ਖ਼ੁਦਾ ਤੁਸਾਂ ਦਾ ਭਲਾ ਕਰੇ , ਮੈਨੂੰ ਛੱਡ ਦਿਉ ….. ਮੇਰਾ ਮਾਲਕ ਮੈਨੂੰ ਮਾਰੇਗਾ , ਉਹ ਡਾਢਾ ਹੈ ।… ਮੈਂ ਕਿਸੇ ਦਾ ਜਾਣੂ ਨਹੀਂ । ” ਜੀਊਣੇ ਨੇ ਤਰਲੇ ਲਏ , ਸਤਿਗੁਰੂ ਮਿਹਰ ਕੀਤੀ , ਪਠਾਣਾਂ ਦੇ ਮਨ ਬਦਲ ਦਿੱਤੇ , ਉਹਨਾਂ ਨੇ ਜੀਊਣੇ ਨੂੰ ਛੱਡ ਦਿੱਤਾ । “ ਦੇਖ ਜੇ ਕਿਸੇ ਝਾੜੀ ਉਹਲੇ ਸਿੱਖ ਗੁਰੂ ਲੁਕਿਆ ਦੇਖਿਆ ਤਾਂ ਪਤਾ ਦੇਵੀਂ । ਇਨਾਮ ਮਿਲੇਗਾ । ” ਉਹਨਾਂ ਨੇ ਆਖਿਆ । ਜੀਊਣੇ ਜ਼ਬਾਨੋਂ ਕੋਈ ਉੱਤਰ ਨਾ ਦਿੱਤਾ ਤੇ ਉਹਨਾਂ ਕੋਲੋਂ ਖ਼ਲਾਸੀ ਪਾ ਕੇ ਜੰਗਲ ਵਿਚ ਜਾ ਵੜਿਆ । ਪਠਾਣ ਅੱਗੇ ਨੂੰ ਚਲੇ ਗਏ ।
( ਚਲਦਾ )


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top