ਇਤਿਹਾਸ – ਭੰਗਾਣੀ ਦੇ ਯੁੱਧ ਦਾ ਅਸਲ ਕਾਰਨ
ਸਾਧ ਸੰਗਤ ਜੀ ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਯੁੱਧ ਸੀ ਜਦੋਂ ਗੁਰ ਸਾਹਿਬ ਜੀ ਦੀ ਉਮਰ ਸਿਰਫ ਉੱਨੀ ਸਾਲ ਦੀ ਸੀ,ਇਸ ਯੁੱਧ ਨੂੰ ਅਸੀਂ 5 ਤੋਂ 6 ਭਾਗਾਂ ਵਿਚ ਪੂਰਾ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿਉਂਕਿ ਤੁਸੀ ਹੁਣ ਤੱਕ ਸਿਰਫ ਕਥਾਵਾਚਕਾਂ ਤੋਂ ਸਿਰਫ 25 -30 ਮਿੰਟ ਦੀ ਕਥਾ ਹੀ ਸੁਣੀ ਹੋਵੇਗੀ ਭੰਗਾਣੀ ਦੇ ਯੁੱਧ ਦੀ ਅਸੀਂ ਆਪ ਜੀ ਨੂੰ ਸਾਰਾ ਯੁੱਧ ਵਿਸਤਾਰ ਨਾਲ ਸੁਣਾਵਾਂਗੇ ਜੀ .
ਭੰਗਾਣੀ ਦੀ ਲੜਾਈ 18 ਸਤੰਬਰ 1686 ਨੂੰ ਪਾਉਂਟਾ ਸਾਹਿਬ ਦੇ ਨੇੜੇ ਭੰਗਾਣੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਅਤੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਵਿਚਕਾਰ ਲੜੀ ਗਈ ਸੀ।ਬਚਿੱਤਰ ਨਾਟਕ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਰਚਨਾ ਹੈ , ਵਿੱਚ ਇਸ ਲੜਾਈ ਦਾ ਵਿਸਤ੍ਰਿਤ ਵਰਣਨ ਹੈ।ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿਖੇ ਸਥਿਤ ਸਨ , ਜੋ ਕਿ ਭਾਵੇਂ ਬਿਲਾਸਪੁਰ (ਕਹਲੂਰ) ਦੇ ਰਾਜਾ ਭੀਮ ਚੰਦ ਦੇ ਇਲਾਕੇ ਵਿੱਚ ਸਥਿਤ ਸੀ, ਪਰ ਆਨੰਦਪੁਰ ਸਾਹਿਬ ਇੱਕ ਖੁਦਮੁਖਤਿਆਰ ਇਲਾਕਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਕੋਲ ਸੀ ਕਿਉਂਕਿ ਮਾਖੋਵਾਲ ਦੀ ਬੰਜਰ ਜ਼ਮੀਨ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਖਰੀਦੀ ਸੀ। ਸ਼ਹਿਰ ਦਾ ਵਿਕਾਸ ਇਸ ਦੇ ਪਹਿਲੇ ਨਾਮ ਚੱਕ ਨਾਨਕੀ ਨਾਲ ਕੀਤਾ ਗਿਆ ਸੀ।1680 ਤੱਕ ਗੁਰੂ ਜੀ ਦਾ ਪ੍ਰਭਾਵ ਅਤੇ ਸ਼ਕਤੀ ਬਹੁਤ ਵਧ ਗਈ ਸੀ। ਉਨ੍ਹਾਂ ਦੇ ਸ਼ਰਧਾਲੂ ਦੂਰ-ਦੁਰਾਡੇ ਤੋਂ ਉਨ੍ਹਾਂ ਲਈ ਕੀਮਤੀ ਤੋਹਫ਼ੇ ਲੈ ਕੇ ਆਉਂਦੇ ਸਨ। ਦੁਨੀ ਚੰਦ ਨਾਮ ਦਾ ਇੱਕ ਸ਼ਰਧਾਲੂ 1681 ਵਿੱਚ ਅਨੰਦਪੁਰ ਆਇਆ, ਅਤੇ ਉਸਨੇ ਗੁਰੂ ਸਾਹਿਬ ਜੀ ਨੂੰ ਇੱਕ ਸ਼ਾਮਿਆਨਾ (ਇੱਕ ਸ਼ਾਹੀ ਛਤਰੀ ਜਾਂ ਤੰਬੂ) ਸੋਨੇ ਅਤੇ ਚਾਂਦੀ ਦੀ ਕਢਾਈ ਵਾਲਾ, ਅਤੇ ਮੋਤੀਆਂ ਨਾਲ ਜੜਿਆ ਹੋਇਆ ਭੇਟ ਕੀਤਾ। ਅਸਾਮ ਦੇ ਰਾਜਾ ਰਾਮ ਰਾਏ ਦੇ ਪੁੱਤਰ ਰਤਨ ਰਾਏ ਨੇ ਆਪਣੀ ਮਾਤਾ ਅਤੇ ਕਈ ਮੰਤਰੀਆਂ ਨਾਲ ਆਨੰਦਪੁਰ ਦਾ ਦੌਰਾ ਕੀਤਾ ਅਤੇ ਗੁਰੂ ਜੀ ਨੂੰ ਕਈ ਤੋਹਫ਼ੇ ਭੇਟ ਕੀਤੇ, ਜਿਸ ਵਿੱਚ ਪ੍ਰਸਾਦੀ ਹਾਥੀ ਸੀ ,ਇੱਕ ਪੰਜ ਕਲਾ ਸ਼ਸਤਰ ਸੀ .ਰਤਨ ਰਾਏ ਦਾ ਜਨਮ ਗੁਰੂ ਤੇਗ ਬਹਾਦਰ ਜੀ ਦੇ ਆਸ਼ੀਰਵਾਦ ਨਾਲ ਹੋਇਆ ਸੀ.ਅਸਾਮ ਦੇ ਰਾਜੇ ਰਾਮ ਰਾਏ ਨੂੰ ਵਿਆਹ ਤੋਂ ਬਾਅਦ ਕਈ ਸਾਲਾਂ ਤੱਕ ਕੋਈ ਔਲਾਦ ਨਹੀਂ ਹੋਈ ਸੀ ਅਤੇ ਇੱਕ ਵਾਰ ਉਹ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਆਏ ਸਨ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਭਾਗਾਂ ਵਿਚ ਔਲਾਦ ਨਾ ਹੁੰਦੇ ਹੋਏ ਵੀ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਸੀ. 1680 ਦੇ ਦਹਾਕੇ ਦੇ ਅੱਧ ਵਿੱਚ, ਗੁਰੂ ਗੋਬਿੰਦ ਸਿੰਘ ਨੇ ਆਪਣੀ ਫੌਜ ਨੂੰ ਉਤਸ਼ਾਹਿਤ ਕਰਨ ਲਈ ਇੱਕ ਜੰਗੀ ਢੋਲ (ਨਗਾਰਾ) ਬਣਾਉਣ ਦਾ ਹੁਕਮ ਦਿੱਤਾ। ਢੋਲ ਬਣਾਉਣ ਦਾ ਕੰਮ ਗੁਰੂ ਜੀ ਦੇ ਦੀਵਾਨ ਨੰਦ ਚੰਦ ਨੂੰ ਸੌਂਪਿਆ ਗਿਆ ਸੀ ਅਤੇ ਢੋਲ ਦਾ ਨਾਂ ਰਣਜੀਤ ਨਗਾਰਾ ਰੱਖਿਆ ਗਿਆ ਸੀ। ਅਜਿਹੇ ਜੰਗੀ ਢੋਲ ਦੀ ਵਰਤੋਂ ਸਿਰਫ ਰਾਜਿਆਂ ਅਤੇ ਮੁਲਕ ਦੇ ਬਾਦਸ਼ਾਹ ਤੱਕ ਹੀ ਸੀਮਤ ਸੀ,ਇੱਕ ਵਾਰ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ,ਉਸ ਵੇਲੇ ਦਾ ਸ਼ਹਿਜ਼ਾਦਾ ਮੁਅੱਜ਼ਮ ਜਦੋਂ ਦੱਖਣ ਵਿਚ ਇੱਕ ਜੰਗ ਜਿੱਤਿਆ ਤਾਂ ਉਸਨੇ ਜਿੱਤ ਦੀ ਖੁਸ਼ੀ ਵਿਚ ਨਗਾੜਾ ਵਜਵਾ ਦਿੱਤਾ ਸੀ ਤਾਂ ਔਰੰਗਜ਼ੇਬ ਨੇ ਪਤਾ ਲੱਗਣ ਤੇ ਉਸੇ ਵੇਲੇ ਏਲਚੀ ਹੱਥ ਸੁਨੇਹਾ ਭੇਜਿਆ ਕੇ ਜਦੋਂ ਤੱਕ ਮੁਲਕ ਦਾ ਬਾਦਸ਼ਾਹ ਜਿਉਂਦਾ ਹੈ ਉਸਦੀ ਨਗਾੜਾ ਵਜਾਉਣ ਦੀ ਹਿੰਮਤ ਕਿਵੇਂ ਹੋਈ ਯਾਨੀ ਕੇ ਨਗਾੜਾ ਵਜਾਉਣਾ ਆਪਣੇ ਆਜ਼ਾਦ ਹੋਣ ਦਾ ਪ੍ਰਤੀਕ ਸੀ .ਭੀਮ ਚੰਦ ਅਨੁਸਾਰ ਉਸ ਦੇ ਇਲਾਕੇ ਅੰਦਰ ਗੁਰੂ ਜੀ ਦੁਆਰਾ ਇਸ ਨਗਾੜੇ ਵਰਤੋਂ ਨੂੰ ਰਾਜਾ ਭੀਮ ਚੰਦ ਦੁਆਰਾ ਇੱਕ ਵਿਰੋਧੀ ਕੰਮ ਮੰਨਿਆ ਜਾਂਦਾ ਸੀ।ਇਹ ਸਭ ਪਹਾੜੀ ਰਾਜੇ ਪ੍ਰਮਾਤਮਾ ਦੀ ਜੋਤ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਰੂਪ ਨੂੰ ਪਹਿਚਾਣ ਹੀ ਨਹੀਂ ਸਕੀ ਅਤੇ ਗੁਰੂ ਘਰ ਦੀ ਵੈਰੀ ਹੀ ਬਣੀ ਰਹੀ . ਆਪਣੇ ਪ੍ਰਧਾਨ ਮੰਤਰੀ ਦੀ ਸਲਾਹ ‘ਤੇ, ਰਾਜੇ ਨੇ ਗੁਰੂ ਜੀ ਨਾਲ ਇੱਕ ਮੁਲਾਕਾਤ ਦਾ ਪ੍ਰਬੰਧ ਕੀਤਾ, ਅਤੇ ਅਨੰਦਪੁਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿਚ ਪੇਸ਼ ਹੋਇਆ . ਉਥੇ ਉਸ ਦੀ ਨਿਗ੍ਹਾ ਸ਼ਰਧਾਲੂਆਂ ਵੱਲੋਂ ਗੁਰੂ ਜੀ ਨੂੰ ਭੇਟ ਕੀਤੇ ਕੀਮਤੀ ਤੋਹਫ਼ਿਆਂ ’ਤੇ ਪਈ। ਕੁਝ ਦਿਨਾਂ ਬਾਅਦ, ਭੀਮ ਚੰਦ ਨੇ ਅਨੰਦਪੁਰ ਸਾਹਿਬ ਸੁਨੇਹਾ ਭੇਜਿਆ, ਗੁਰੂ ਜੀ ਨੂੰ ਪ੍ਰਸਾਦੀ ਹਾਥੀ ਉਧਾਰ ਦੇਣ ਲਈ ਕਿਹਾ। ਭੀਮ ਚੰਦ ਚਾਹੁੰਦਾ ਸੀ ਕਿ ਹਾਥੀ ਉਸ ਦੇ ਪੁੱਤਰ ਦੇ ਵਿਆਹ ਵਿਚ ਮਹਿਮਾਨਾਂ ਨੂੰ ਆਪਣੀ ਦੌਲਤ ਦਾ ਪ੍ਰਦਰਸ਼ਨ ਕਰੇ। ਗੁਰੂ ਜੀ ਜਾਣਦੇ ਸਨ ਕਿ ਭੀਮ ਚੰਦ ਧੋਖੇ ਨਾਲ ਹਾਥੀ ‘ਤੇ ਪੱਕੇ ਤੌਰ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਅਤੇ ਗੁਰੂ ਪਾਤਸ਼ਾਹ ਜੀ ਨੇ ਰਾਜੇ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ। ਉਹਨਾਂ ਨੇ ਕਿਹਾ ਕਿ ਜਿਸ ਸ਼ਰਧਾਲੂ ਨੇ ਹਾਥੀ ਨੂੰ ਭੇਟ ਕੀਤਾ ਸੀ, ਉਹ ਨਹੀਂ ਚਾਹੁੰਦਾ ਸੀ ਕਿ ਇਹ ਕਿਸੇ ਹੋਰ ਨੂੰ ਦਿੱਤਾ ਜਾਵੇ। ਕਿਹਾ ਜਾਂਦਾ ਹੈ ਕਿ ਭੀਮ ਚੰਦ ਨੇ ਗੁਰੂ ਜੀ ਕੋਲ ਤਿੰਨ ਵਾਰ ਆਪਣੇ ਦੂਤ ਭੇਜੇ, ਜਿਨ੍ਹਾਂ ਵਿਚੋਂ ਆਖਰੀ ਜਸਵਾਲ ਦਾ ਰਾਜਾ ਕੇਸਰੀ ਚੰਦ ਸੀ। ਹਾਲਾਂਕਿ, ਗੁਰੂ ਜੀ ਨੇ ਉਸਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ, ਅਤੇ ਹਾਥੀ ਦੇਣ ਤੋਂ ਇਨਕਾਰ ਕਰ ਦਿੱਤਾ।ਰਾਜਾ ਨੇ ਗੁਰੂ ਜੀ ਦੇ ਇਨਕਾਰ ਕਰਕੇ ਬੇਇੱਜਤੀ ਮਹਿਸੂਸ ਕੀਤੀ ਅਤੇ ਗੁਰੂ ਜੀ ਦੇ ਵਧਦੇ ਪ੍ਰਭਾਵ ਅਤੇ ਫੌਜੀ ਅਭਿਆਸਾਂ ਵਿੱਚ ਉਹਨਾਂ ਦੀ ਦਿਲਚਸਪੀ ਤੋਂ ਬੇਚੈਨ ਹੋ ਗਿਆ। ਜਲਦੀ ਹੀ ਗੁਰੂ ਜੀ ਦੀਆਂ ਪ੍ਰਭੂਸੱਤਾ ਅਤੇ ਖੁਦਮੁਖਤਿਆਰੀ ਕਾਰਵਾਈਆਂ ਕਾਰਨ ਉਨ੍ਹਾਂ ਵਿਚਕਾਰ ਟਕਰਾਅ ਦਾ ਮਾਹੌਲ ਪੈਦਾ ਹੋ ਗਿਆ ਹਾਲਾਂਕਿ ਗੁਰੂ ਜੀ ਨੇ ਕਦੇ ਵੀ ਆਪਣੀ ਫੌਜ ਨਾਲ ਕਿਸੇ ਦੇ ਵੀ ਉੱਪਰ ਹਮਲਾ ਕਰਨ ਦੀ ਕੋਈ ਮੰਸ਼ਾ ਨਹੀਂ ਰੱਖੀ ਸੀ ।ਅਪ੍ਰੈਲ 1685 ਵਿਚ, ਗੁਰੂ ਗੋਬਿੰਦ ਸਿੰਘ ਜੀ ਨੇ ਸਿਰਮੋਰ ਦੇ ਰਾਜਾ ਮਤ ਪ੍ਰਕਾਸ਼ (ਉਰਫ਼ ਮੇਦਨੀ ਪ੍ਰਕਾਸ਼) ਦੇ ਸੱਦੇ ‘ਤੇ, ਸਿਰਮੋਰ ਰਿਆਸਤ ਵਿਚ ਆਪਣਾ ਨਿਵਾਸ ਪਾਉਂਟਾ (ਹੁਣ ਪਾਉਂਟਾ ਸਾਹਿਬ) ਵਿਚ ਤਬਦੀਲ ਕਰ ਦਿੱਤਾ। ਰਾਜਾ ਮੇਦਨੀ ਪ੍ਰਕਾਸ਼ ਨੇ ਗੜ੍ਹਵਾਲ ਦੇ ਰਾਜਾ ਫਤਿਹ ਸ਼ਾਹ ਦੇ ਵਿਰੁੱਧ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਗੁਰੂ ਜੀ ਨੂੰ ਆਪਣੇ ਰਾਜ ਵਿੱਚ ਬੁਲਾਇਆ। ਰਾਜਾ ਮੇਧਨੀ ਪ੍ਰਕਾਸ਼ ਅਤੇ ਪਹਾੜੀ ਰਾਜੇ ਫਤਿਹ ਸ਼ਾਹ ਦੀ ਆਪਸ ਵਿਚ ਜੰਗ ਦੀ ਸਥਿਤੀ ਬਣੀ ਹੋਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੰਨਾ ਪ੍ਰਭਾਵ ਸੀ ਕੇ ਉਹਨਾਂ ਦੇ ਸਿਰਫ ਇੱਕ ਵਾਰ ਕਹਿਣ ਤੇ ਹੀ ਯੁੱਧ ਦੀ ਸੰਭਾਵਨਾ ਹਮੇਸ਼ਾਂ ਲਈ ਖਤਮ ਹੋ ਸਕਦੀ ਸੀ ,ਕਿਸੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਵੇਂ ਹੀ ਰਾਜਿਆਂ ਦੀ ਆਪਸ ਵਿਚ ਮਿੱਤਰਤਾ ਕਰਵਾ ਕੇ ਜੰਗ ਯੁੱਧ ਰੋਕੇ ਸਨ .ਰਾਜਾ ਮੇਧਨੀ ਪ੍ਰਕਾਸ਼ ਦੀ ਬੇਨਤੀ ‘ਤੇ, ਗੁਰੂ ਜੀ ਨੇ ਥੋੜ੍ਹੇ ਸਮੇਂ ਵਿੱਚ, ਆਪਣੇ ਸਿਖਾਂ ਦੀ ਮਦਦ ਨਾਲ ਪਾਉਂਟਾ ਸਾਹਿਬ ਵਿਖੇ ਇੱਕ ਕਿਲ੍ਹਾ ਬਣਵਾਇਆ।ਉਹਨਾਂ ਨੇ ਆਪਣੀ ਫੌਜ ਵਧਾਉਣੀ ਜਾਰੀ ਰੱਖੀ।ਗੁਰੂ ਸਾਹਿਬ ਜੀ ਨੇ ਦੋਵਾਂ ਰਾਜਿਆਂ ਨੂੰ ਆਪਣੇ ਦਰਬਾਰ ਵਿਚ ਬੁਲਾ ਕੇ ਉਹਨਾਂ ਦੀ ਸ਼ਾਂਤੀ ਸੰਧੀ ਕਰਵਾਈ ਰਾਜਾ ਫਤਿਹ ਸ਼ਾਹ ਨੇ ਵੀ ਗੁਰੂ ਜੀ ਦੇ ਦਰਸ਼ਨ ਕੀਤੇ, ਅਤੇ ਉਨ੍ਹਾਂ ਦੇ ਦਰਬਾਰ ਵਿੱਚ ਉਸਦਾ ਸਨਮਾਨ ਨਾਲ ਸਵਾਗਤ ਕੀਤਾ ਗਿਆ।ਭੀਮ ਚੰਦ ਦੇ ਪੁੱਤਰ ਦਾ ਵਿਆਹ ਫਤਿਹ ਸ਼ਾਹ ਦੀ ਪੁੱਤਰੀ ਨਾਲ ਹੋਇਆ। ਭੀਮ ਚੰਦ ਨੇ ਵਿਆਹ ਸਮਾਗਮ ਲਈ ਬਿਲਾਸਪੁਰ ਤੋਂ ਸ੍ਰੀਨਗਰ (ਗੜ੍ਹਵਾਲ ਦੀ ਰਾਜਧਾਨੀ) ਜਾਣਾ ਸੀ ਅਤੇ ਸਭ ਤੋਂ ਛੋਟਾ ਰਸਤਾ ਪਾਉਂਟਾ ਸਾਹਿਬ ਤੋਂ ਹੋ ਕੇ ਲੰਘਦਾ ਸੀ । ਗੁਰੂ ਜੀ ਨੂੰ ਭੀਮ ਚੰਦ ਵਿੱਚ ਕੋਈ ਵਿਸ਼ਵਾਸ ਨਹੀਂ ਸੀ, ਅਤੇ ਉਹਨਾਂ ਨੇ ਉਸਦੇ ਭਾਰੀ ਹਥਿਆਰਬੰਦ ਦਲ ਨੂੰ ਪਾਉਂਟਾ ਸਾਹਿਬ ਵਿੱਚੋਂ ਲੰਘਣ ਦੇਣ ਤੋਂ ਇਨਕਾਰ ਕਰ ਦਿੱਤਾ। ਗੱਲਬਾਤ ਤੋਂ ਬਾਅਦ, ਗੁਰੂ ਜੀ ਨੇ ਸਿਰਫ਼ ਲਾੜੇ ਅਤੇ ਉਸ ਦੇ ਕੁਝ ਸਾਥੀਆਂ ਨੂੰ ਪਾਉਂਟਾ ਸਾਹਿਬ ਦੇ ਨੇੜੇ ਬੇੜੀ ਪਾਰ ਕਰਨ ਦੀ ਇਜਾਜ਼ਤ ਦਿੱਤੀ। ਭੀਮ ਚੰਦ ਸਮੇਤ ਵਿਆਹ ਦੀ ਬਾਕੀ ਧਿਰ ਨੂੰ ਸ੍ਰੀਨਗਰ ਵੱਲ ਲੰਬੇ ਰਸਤੇ ਤੋਂ ਚੱਕਰ ਕੱਟਣਾ ਪਿਆ। ਇਸ ਨਾਲ ਭੀਮ ਚੰਦ ਦੀ ਗੁਰੂ ਜੀ ਪ੍ਰਤੀ ਦੁਸ਼ਮਣੀ ਵਧ ਗਈ।ਪਰ ਗੁਰੂ ਸਾਹਿਬ ਜੀ ਤਾਂ ਖੁਦ ਅਕਾਲ ਪੁਰਖ ਹਨ ਅਤੇ ਨਿਰਭਉ ਨਿਰਵੈਰ ਹਨ ਉਹਨਾਂ ਨੂੰ ਕਿਸੇ ਦਾ ਡਰ ਥੋੜ੍ਹੀ ਸੀ,ਭੀਮ ਚੰਦ ਆਪਣੇ ਦਿਮਾਗ ਵਿਚ ਜੋ ਮਰਜੀ ਸੋਚਦਾ ਰਹੇ .ਫਤਿਹ ਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਬੇਟੀ ਦੇ ਵਿਆਹ ਵਿਚ ਬੁਲਾਇਆ ਸੀ ,ਗੁਰੂ ਸਾਹਿਬ ਜੀ ਨੇ ਫਤਿਹ ਸ਼ਾਹ ਰਾਜੇ ਦੀ ਬੇਟੀ ਦੇ ਵਿਆਹ ਲਈ ਇੱਕ ਲੱਖ ਰੁਪਏ ਅਤੇ ਹੋਰ ਭੇਟਾਵਾਂ ਭੇਜੀਆਂ ਅਤੇ ਉਹਨਾਂ ਨਾਲ ਰਸਤੇ ਵਿਚ ਕਈ ਕੁਝ ਵਾਪਰਿਆ ਜੋ ਤੁਸੀਂ ਸਾਡੇ ਪਿਛਲੇ ਨਦੌਣ ਦੀ ਜੰਗ ਦੇ ਤੀਸਰੇ ਭਾਗ ਵਿਚ ਪੜ੍ਹ ਚੁਕੇ ਹੋ ਜੀ .ਗੁਰੂ ਸਾਹਿਬ ਜੀ ਬਚਿੱਤਰ ਨਾਟਕ ਵਿਚ ਲਿਖਦੇ ਹਨ ਕੇ ਰਾਜੇ ਫਤਿਹ ਸ਼ਾਹ ਨਾਲ ਸਾਡੇ ਕੋਈ ਜਮੀਨ ਜਾਇਦਾਦ ਜਾਂ ਫੇਰ ਕੋਈ ਵੀ ਹੋਰ ਰੌਲਾ ਨਹੀਂ ਸੀ ਬੱਸ ਆਪਣੇ ਹੰਕਾਰੀ ਕੁੜਮ ਭੀਮ ਚੰਦ ਦੇ ਪਿਛੇ ਲੱਗ ਕੇ ਉਹ ਸਾਡਾ ਦੁਸ਼ਮਣ ਬਣ ਬੈਠਾ ਅਤੇ ਭੰਗਾਣੀ ਦੀ ਜੰਗ ਵਿਚ ਸਾਡੇ ਵਿਰੁੱਧ ਲੜਿਆ ਪਰ ਫੇਰ ਉਥੋਂ ਵੀ ਸਾਡੇ ਕੋਲੋਂ ਹਾਰ ਕੇ ਆਪਣੀ ਆਪਣੀ ਭੰਡੀ ਕਰਵਾ ਕੇ ਗਿਆ .ਸੋ ਜੇ ਸਪਸ਼ਟ ਰੂਪ ਵਿਚ ਕਹੀਏ ਤਾਂ ਗੁਰੂ ਸਾਹਿਬ ਜੀ ਦੇ ਵਧਦੇ ਪ੍ਰਤਾਪ ,ਭਰਤੀ ਹੋ ਰਹੇ ਸਿੰਘਾਂ ਦੀ ਫੌਜ ,ਗੁਰੂ ਸਾਹਿਬ ਜੀ ਦਾ ਦਰਬਾਰ ਲਗਾਉਣਾ ਅਤੇ ਦਰਬਾਰ ਵਿਚ ਲੋਕਾਂ ਦੀਆਂ ਮੁਸੀਬਤਾਂ ਅਤੇ ਦੁੱਖ ਦਰਦ ਸੁਣਨੇ ਅਤੇ ਉਹਨਾਂ ਮੁਸ਼ਕਿਲਾਂ ਦਾ ਹੱਲ ਕਰਨਾ ,ਲੋਕਾਂ ਦਾ ਰਾਜੇ ਕੋਲ ਨਾ ਜਾ ਕੇ ਗੁਰੂ ਸਾਹਿਬ ਜੀ ਤੋਂ ਇਨਸਾਫ ਦੀ ਮੰਗ ਕਰਨਾ ਜਿਵੇਂ ਕੇ ਕਈ ਵਾਰ ਮੁਗ਼ਲ ਹਿੰਦੂ ਬ੍ਰਾਹਮਣਾ ਦੀਆਂ ਪੁੱਤਰੀਆਂ ਨੂੰ ਚੱਕ ਕੇ ਲੈ ਜਾਂਦੇ ਅਤੇ ਕੁਕਰਮ ਕਰਦੇ ਪਰ ਜਦੋਂ ਇਹ ਗੱਲ ਗੁਰੂ ਜੀ ਦੇ ਦਰਬਾਰ ਵਿਚ ਕਿਸੇ ਫਰਿਆਦੀ ਦੁਆਰਾ ਪਹੁੰਚਦੀ ਤਾਂ ਸਿੰਘ ਉਸ ਕੁੜੀ ਨੂੰ ਛੁਡਾ ਕੇ ਵੀ ਲਿਆਉਂਦੇ ਅਤੇ ਦੋਸ਼ੀ ਨੂੰ ਸਜਾ ਦੇ ਤੌਰ ਤੇ ਜਾਨੋ ਮਾਰ ਆਉਂਦੇ ਤਾਂ ਕੇ ਦੁਬਾਰਾ ਕੋਈ ਹਿੰਮਤ ਨਾ ਕਰੇ,ਗੁਰੂ ਜੀ ਦੇ ਸ਼ਰਧਾਲੂਆਂ ਦੁਆਰਾ ਗੁਰੂ ਜੀ ਨੂੰ ਭੇਟਾਵਾਂ ਦੇਣਾ ,ਕਈ ਰਾਜੇ ਮਹਾਰਾਜਿਆਂ ਦਾ ਗੁਰੂ ਜੀ ਦੇ ਦਰਬਾਰ ਵਿਚ ਆ ਕੇ ਝੁਕਣਾ ਇਹ ਸਭ ਕੁਝ ਭੀਮ ਚੰਦ ਦੀ ਜਲਣ ਦਾ ਕਾਰਨ ਸੀ ਅਤੇ ਉਸਨੂੰ ਇਹ ਡਰ ਹੀ ਸਤਾਉਂਦਾ ਰਹਿੰਦਾ ਸੀ ਕੇ ਗੁਰੂ ਜੀ ਕੋਲ ਭਾਰੀ ਫੌਜ ਹੋਣ ਕਾਰਣ ਕੀਤੇ ਗੁਰੂ ਸਾਹਿਬ ਜੀ ਉਸਦਾ ਰਾਜ ਭਾਗ ਨਾ ਹਥਿਆ ਲੈਣ ਹਾਲਾਂਕਿ ਗੁਰੂ ਸਾਹਿਬ ਜੀ ਨੇ ਕਦੇ ਵੀ ਅਜਿਹਾ ਕੁਝ ਨਹੀਂ ਕੀਤਾ ਸੀ ਜਿਸ ਕਰਕੇ ਕਿਸੇ ਨੂੰ ਇਹ ਸਭ ਸੋਚਣ ਲਈ ਮਜਬੂਰ ਹੋਣਾ ਪਵੇ ,ਅਸਲ ਵਿਚ ਰਾਜੇ ਭੀਮ ਚੰਦ ਦਾ ਹੰਕਾਰ ਹੀ ਉਸਦੇ ਅਤੇ ਗੁਰੂ ਸਾਹਿਬ ਜੀ ਦੇ ਵਿਚਕਾਰ ਖੜ੍ਹਾ ਸੀ ਜੋ ਵਾਰ ਵਾਰ ਉਸਨੂੰ ਗੁਰੂ ਸਾਹਿਬ ਜੀ ਉੱਤੇ ਹਮਲੇ ਕਰਨ ਲਈ ਪ੍ਰੇਰਿਤ ਕਰ ਰਿਹਾ ਸੀ