ਇਤਿਹਾਸ – ਗੁਰਦੁਆਰਾ ਸ਼੍ਰੀ ਮਜਨੂੰ ਕਾ ਟਿੱਲਾ – ਦਿੱਲੀ
ਇਥੇ ਇਕ ਮੁਸਲਿਮ ਫਕੀਰ ਰਹਿੰਦਾ ਸੀ ਜਿਸ ਨੂੰ ਲੋਕ ਮਜਨੂੰ ਕਹਿਕੇ ਬੁਲਾਉਂਦੇ ਸਨ। ਇਹ ਫਕੀਰ ਜਮਨਾ ਨਦੀ ਦੇ ਕੰਢੇ ਤੇ ਇਕ ਉੱਚੇ ਟਿੱਲੇ ਤੇ ਰਹਿੰਦਾ ਸੀ। ਉਸ ਦੇ ਵੈਰਾਗ ਤਿਆਗ ਅਤੇ ਖਲਕਤ ਦੀ ਸੇਵਾ ਦੀ ਸੋਭਾ ਚਾਰੇ ਪਾਸੇ ਫੈਲੀ ਹੋਈ ਸੀ। ਗੁਰੂ ਨਾਨਕ ਜੀ ਉਸ ਨੂੰ ਮਿਲਣ ਲਈ ਇਥੇ ਪਧਾਰੇ ਸਨ। ਗੁਰੂ ਸਾਹਿਬ ਦੀ ਸੰਗਤ ਕਰਕੇ ਇਹ ਫਕੀਰ ਸਹਿਜ ਅਵਸਥਾ ਰਾਹੀਂ ਪਰਮ – ਪਦਮੀ ਨੂੰ ਪ੍ਰਾਪਤ ਹੋਇਆ। ਉਹ ਗੁਰੂ ਨਾਨਕ ਦੇਵ ਜੀ ਦਾ ਅਨਿਨ ਭਗਤ ਬਣ ਗਿਆ।
ਇਕ ਵਾਰ ਜਹਾਂਗੀਰ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਪਰ ਜਦੋਂ ਗੁਰੂ ਜੀ ਦੀ ਰਿਹਾਈ ਦਾ ਹੁਕਮ ਹੋਇਆ ਤਾਂ ਗੁਰੂ ਜੀ ਨੇ ਕਿਲ੍ਹੇ ਵਿਚ ਬੰਦ ਸਭ ਰਾਜਿਆਂ ਦੀ ਰਿਹਾਈ ਦੀ ਮੰਗ ਕੀਤੀ। ਗੁਰੂ ਜੀ ਪੰਜਾਬ ਨੂੰ ਜਾਂਦੇ ਹੋਏ ਰਿਹਾ ਰਾਜਿਆਂ ਨੂੰ ਨਾਲ ਲੈ ਕੇ ਇਸੇ ਅਸਥਾਨ ਤੇ ਠਹਿਰੇ ਸਨ।