ਗੁਰੂ ਗੋਬਿੰਦ ਸਿੰਘ ਜੀ – ਭਾਗ 8
ਗੁਰੂ ਸਾਹਿਬ ਨੇ ਪਹਿਲੇ 10 ਸਾਲ 1676 ਤਕ ਲੋਕਾਂ ਨੂੰ ਸਮਾਜਿਕ ਤੇ ਅਧਿਆਤਮਿਕ ਉਪਦੇਸ਼ ਦਿਤੇ । ਬਾਕੀ ਸਾਰੀ ਜਿੰਦਗੀ ਓਹ ਮਾਨਵ ਸੁਤੰਤਰਤਾ ਲਈ ਜਦੋ ਜਹਿਦ ਕਰਦੇ ਰਹੇ, ਝੂਜਦੇ ਰਹੇ , ਆਤਮ ਵਿਸ਼ਵਾਸ ਨਾਲ ਆਤਮ ਸਨਮਾਨ ਲਈ ਸੰਘਰਸ਼ ਕਰਦੇ ਰਹੇ ,ਮਜਲੂਮਾਂ .ਗਰੀਬਾਂ ਤੇ ਇਨਸਾਫ਼ ਦੀ ਰਖਿਆ ਕਰਨ ਲਈ ਅਨੇਕ ਕੁਰਬਾਨੀਆਂ ਦਿਤੀਆ ਪਰ ਨਿਸ਼ਚਿਤ ਆਦਰਸ਼ਾ ਤੋ ਮੂੰਹ ਨਹੀ ਮੋੜਿਆ । ਗੁਰੂ ਪਿਤਾ ਦੀ ਸ਼ਹੀਦੀ ਹੋਵੇ ਜਾਂ ਬਚਿਆ ਦੀ ,ਮੈਦਾਨੇ ਜੰਗ ਜਾਂ ਸਰਹੰਦ ਦੀਆਂ ਨੀਹਾਂ ਵਿਚ, ਓਹ ਹਮੇਸ਼ਾ ਹੀ ਅਡੋਲ ਰਹੇ ਤੇ ਹਰ ਕੁਰਬਾਨੀ ਤੋ ਬਾਅਦ ਰਬ ਦਾ ਸ਼ੁਕਰ ਮਨਾਉਂਦੇ ਰਹੇ ।
ਅਵਤਾਰ, ਪੈਗੰਬਰਾਂ , ਰਸੂਲਾਂ ਵਿਚ ਕੋਈ ਵੀ ਐਸਾ ਨਹੀਂ ਹੋਇਆ ,ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਵਿਚ ਸ਼ਹੀਦ ਹੋਣ ਲਈ ਤੋਰਿਆ ਹੋਵੇ ,ਸ਼ਹੀਦ ਕਰਵਾਕੇ ਇਕ ਵੀ ਹੰਜੂ ਕੇਰੇ ਬਿਨਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੋਵੇ ਇਸ ਲਈ ਕੀ ਬਚੇ ਆਪਣੇ ਧਰਮ ਤੇ ਫਰਜ਼ ਲਈ ਕੁਰਬਾਨ ਹੋਏ ਹਨ, ਆਪਣੇ ਪੁਤਰਾਂ ਨੂੰ ਵਾਰਕੇ ਦੇਸ਼ਵਾਸੀਂਆਂ ਦੀ ਰੂਹ ਨੂੰ ਪੁਨਰ ਜੀਵਤ ਕੀਤਾ ਹੋਵੇ । ਇਹ ਭਗਤੀ ਤੇ ਸ਼ਕਤੀ ਦੇ ਸੁਮੇਲ ਦੀ ਇਕ ਹਦ ਹੈ ।
ਮਿਰਜ਼ਾ ਹਕੀਮ ਅਲਾਹ ਯਾਰ ਖਾਨ ਜੋਗੀ ਗੁਰੂ ਸਾਹਿਬ ਦੇ ਪੀਰ ਪੈਗੰਬਰਾਂ ਦੇ ਰੁਤੇਬੇ ਬਾਰੇ ਲਿਖਦੇ ਹਨ:
“ਯਾਕੂਬ ਨੇ ਯੂਸਫ ਕੇ ਬਿਛੜਨੇ ਨੇ ਰੁਲਾਇਆ
ਸਾਬਰ ਕੋਈ ਕਮ ਐਸਾ ਰ੍ਸੂਲੋੰ ਮੇ ਆਯਾ
ਕਟਵਾ ਕੇ ਪਿਸਰ ਚਾਰ ਏਕ ਆਂਸੂ ਨਾ ਗਿਰਾਯਾ
ਰੁਤਬਾ ਗੁਰੂ ਗੋਬਿੰਦ ਸਿੰਘ ਨੇ ਰਿਸ਼ਿਓਂ ਕਾ ਬੜਾਇਆ“
ਸਾਰੇ ਰਹਿਬਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ , ਸਿਦਕ , ਸਹਿਜ , ਅਡੋਲਤਾ ਦਾ ਮੁਜਸਮਾ ਅਜੇ ਤਕ ਕੋਈ ਨਹੀਂ ਹੋਇਆ । ਅਨੇਕਾ ਦੇਸ਼ੀ , ਵਿਦੇਸ਼ੀ, ਵਖ ਵਖ ਧਰਮਾਂ , ਵਿਸ਼ਵਾਸਾ , ਭਾਸ਼ਾਵਾਂ ਦੇ ਲੇਖਕਾ, ਇਤਿਹਾਸਕਾਰਾਂ , ਸਹਿਤਕਾਰਾਂ ਤੇ ਵਿਦਵਾਨਾ ਨੇ ਉਨਾ ਦੀ ਮਹਾਨਤਾ , ਅਨੋਖੀ , ਅਜ਼ੀਮ ਅਤੇ ਅਦਭੁਤ ਕ੍ਰਿਸ਼ਮਈ ਸ਼ਖਸ਼ੀਅਤ ਬਾਰੇ ਲਿਖਦਿਆਂ ਆਪਣੀ ਸ਼ਰਧਾ ਅਤੇ ਨਿਘੇ ਸਤਕਾਰ ਦਾ ਪ੍ਰਗਟਾਵਾ ਕੀਤਾ ਹੈ ।
ਗੁਰੂ ਸਾਹਿਬ ਨੇ ਕਿਸੇ ਵੀ ਜਿਤ ਮਗਰੋਂ ਕਿਸੇ ਦੀ ਜਗਹ ਤੇ ਕਬਜਾ ਨਹੀ ਕੀਤਾ ,ਨਾ ਕੋਈ ਨਿਜੀ ਲਾਭ ਉਠਾਇਆ , ਨਾ ਦੌਲਤ ਲੁਟੀ , ਨਾ ਕਿਸੇ ਨੂੰ ਬੰਦੀ ਬਣਾਇਆ , ਕਿਸੀ ਦੀ ਬਹੁ ਬੇਟੀ ਨੂੰ ਬੇਆਬਰੂ ਨਹੀਂ ਕੀਤਾ ਨਾ ਕਰਵਾਇਆ । ਉਹਨਾਂ ਦੀਆਂ ਲੜਾਈ ਦੀਆਂ ਸ਼ਰਤਾ ਵੀ ਦੁਨਿਆ ਤੋ ਵਖਰੀਆਂ ਸਨ , ਕਿਸੇ ਤੇ ਪਹਿਲੇ ਹਲਾ ਨਹੀਂ ਬੋਲਣਾ , ਕਿਸੇ ਤੇ ਪਹਿਲੇ ਵਾਰ ਨਹੀਂ ਕਰਨਾ , ਭਗੋੜੇ ਦੇ ਪਿਛੇ ਨਹੀ ਭਜਣਾ, ਜਖਮੀ ਚਾਹੇ ਆਪਣਾ ਹੋਵੇ ਜਾਂ ਦੁਸ਼ਮਨ ਦਾ ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨਾ, ਇਹ ਖਾਲੀ ਸਿਪਾਹੀ ਤੇ ਨਹੀ ਹੋ ਸਕਦਾ ,ਸੰਤ ਸਿਪਾਹੀ ਹੀ ਹੋ ਸਕਦਾ ਹੈ ।
ਓਹ ਚਾਹੁੰਦੇ ਤਾਂ ਰਾਜਿਆਂ ਤੇ ਮੁਗਲ ਹਕੂਮਤ ਨਾਲ ਸੁਲਾ– ਕੁਲ ਦੀ ਨੀਤੀ ਅਪਣਾਕੇ ਆਰਾਮ ਦੀ ਜਿੰਦਗੀ ਬਸਰ ਕਰ ਸਕਦੇ ਸੀ ਪਰ ਉਹਨਾਂ ਨੇ ਔਖਾ ਰਾਹ ਚੁਣਿਆ ,ਜਿਸਦੀ ਪਹਿਲੀ ਸ਼ਰਤ ਹੀ ਕੁਰਬਾਨੀ ਸੀ । ਆਪਨੇ ਪਿਤਾ ਨੂੰ ਕੁਰਬਾਨ ਕੀਤਾ , ਪੁਤਰਾਂ ਨੂੰ, ਹਜਾਰਾਂ ਪਿਆਰੇ ਸਿਖਾਂ ਨੂੰ ਆਪਣੀ ਅਖੀ ਸ਼ਹੀਦ ਹੁੰਦਿਆ ਵੇਖਿਆ । ਆਨੰਦਪੁਰ ਨੂੰ ਛਡ ਕੇ ਸਰਸਾ ਚਮਕੌਰ ਤੇ ਮਾਛੀਵਾੜੇ ਦੀਆਂ ਅਓਕੜਾ ਦਾ ਮੁਕਾਬਲਾ ਕਰਕੇ ਜਦ ਦੀਨੇ ਪਹੁੰਚ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਓਹ ਵੀ ਚੜਦੀ ਕਲਾ ਵਿਚ ਜਿਸ ਨੂੰ ਪੜਕੇ ਹਿੰਦੁਸਤਾਨ ਦਾ ਪਥਰ ਦਿਲ ਬਾਦਸ਼ਾਹ ਵੀ ਕੰਬ ਉਠਿਆ ।
ਰਾਧਾ ਕ੍ਰਿਸ਼ਨਨ ਲਿਖਦੇ ਹਨ ,” ਧਰਮ ਦਾ ਕੰਮ ਹੈ ਕਿ ਮਨੁਖ ਨੂੰ ਸਹੀ ਢੰਗ ਨਾਲ ਜਿੰਦਗੀ ਜਿਓਣਾ ਸਿਖਾਏ । ਸਿਖ ਧਰਮ, ਮਨੁਖ ਨੂੰ ਆਪਣੀ ਜਿੰਦਗੀ ਨਾਲ ਜੋੜਦਾ ਹੈ ਤੇ ਸਿਖ ਜਿੰਦਗੀ ਮਨੁਖ ਨੂੰ ਧਰਮ ਨਾਲ । ਅਗਰ ਇਨਾਂ ਦੋਨੋ ਨੂੰ ਅਡ ਅਡ ਕਰ ਦਿਤਾ ਜਾਏ ਤੇ ਨਾ ਧਰਮ ਵਿਕਸਿਤ ਹੋ ਸਕਦਾ ਹੈ ਨਾਂ ਇਨਸਾਨ । ਸਿਖ ਧਰਮ ਨੇ ਮਨੁਖ ਨੂੰ ਸਮਾਜ ਵਿਚ ਪੈਦਾ ਹੋਈਆਂ ਬੁਰਾਈਆਂ ,ਓਕੜਾ ਤੇ ਜਦੋ–ਜਹਿਦ ਵਿਚੋਂ ਭਜਣਾ ਨਹੀ ਸਿਖਾਇਆ ਸਗੋਂ ਟਾਕਰਾ ਕਰਨਾ ਸਿਖਾਇਆ ਹੈ ਤੇ ਇਹ ਧਰਮ ਦੀ ਸਿਖਰ ਨੂੰ ਛੋਹਣ ਵਾਲੇ ਸੀ ਗੁਰੂ ਗੋਬਿੰਦ ਸਿੰਘ ਜੀ ਸਨ । ਜਦੋਂ ਧਰਮ ਨੇ ਸਭ ਨੂੰ ਸੁਖ ਸ਼ਾਂਤੀ ਦੇਣੀ ਸੀ , ਆਪਸ ਦੇ ਝਗੜੇ ਕਿ ਮੇਰਾ ਰਬ ਚੰਗਾ ਹੈ, ਮੇਰਾ ਰਬ ਚੰਗਾ ਹੈ ਕਹਿ ਕੇ, ਆਪਸ ਵਿਚ ਵੰਡੀਆ ਪੈ ਗਈਆਂ । ਰਬ ਦੇ ਨਾਵਾਂ ਤੇ ਧਰਮਾਂ ਕਰਕੇ ਲੋਕ ਲੜਦੇ ਰਹੇ ਤਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਫੌਜ਼ ਕਹਕੇ ਰਬ ਨੂੰ ਵੰਡਣ ਦਾ ਝਗੜਾ ਹੀ ਖਤਮ ਕਰ ਦਿਤਾ ।
ਗੁਰੂ ਸਾਹਿਬ ਆਪਣੇ ਸਿਖਾਂ ਨੂੰ ਬੇਹੱਦ ਪਿਆਰ ਕਰਦੇ ਸੀ । ਪਤਾ ਨਹੀ ਸੀ ਚਲਦਾ ਕੀ ਸਿਖ ਗੁਰੂ ਸਾਹਿਬ ਦੇ ਆਸ਼ਕ ਹਨ ਜਾਂ ਗੁਰੂ ਸਾਹਿਬ ਸਿਖਾਂ ਦੇ ।ਉਹਨਾਂ ਦੇ ਬੋਲ ਇਤਨੇ ਮਿਠੇ ਤੇ ਜਾਦੂ ਭਰੇ ਸੀ ਕਿ ਮੁਰਦਿਆਂ ਵਿਚ ਵੀ ਜਾਨ ਪਾ ਦਿੰਦੇ ਸੀ । ਬਖਸ਼ਿਸ਼ਾ ਇਤਨੀਆਂ ਕਰਦੇ ਸੀ ਕਿ ਕਰ ਕਰ ਕੇ ਉਹਨਾਂ ਦਾ ਆਪਾ ਮਾਰ ਦਿੰਦੇ ਸੀ । ਉਹਨਾਂ ਦਾ ਇਨਸਾਨਿਅਤ ਨਾਲ ਪਿਆਰ ਤਾਂ ਸੀ ਹੀ ਓਹ ਆਪਣੇ ਸਿਖਾਂ ਨੂੰ ਵੀ ਰਜ ਕੇ ਪਿਆਰ ਕਰਦੇ ਸੀ । ਜਦ ਚਮਕੌਰ ਦੀ ਗੜ੍ਹੀ ਚੋਂ ਤਿੰਨ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਨਿਕਲੇ ਤਾਂ ਰਸਤੇ ਵਿਚ ਹੋਰ ਲਾਸ਼ਾਂ ਦੇ ਨਾਲ ਉਹਨਾਂ ਦੇ ਬਚਿਆਂ ਦੀਆਂ ਵੀ ਲਾਸ਼ਾ ਪਈਆਂ ਹੋਈਆਂ ਸਨ । ਜਦ ਭਾਈ ਦਾਇਆ ਸਿੰਘ ਦੀ ਨਜਰ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਪਵਿੱਤਰ ਸਰੀਰ ਤੇ ਪਈ ਤਾ ਉਹਨਾਂ ਦਾ ਦਿਲ ਕੀਤਾ ਕੀ ਆਪਣੀ ਦਸਤਾਰ ਅਧੀ ਅਧੀ ਕਰਕੇ ਦੋਨਾ ਦੇ ਉਪਰ ਪਾਣ ਦਾ । ਜਦ ਉਹਨਾਂ ਨੇ ਆਪਣੀ ਖਾਹਿਸ਼ ਗੁਰੂ ਸਾਹਿਬ ਅਗੇ ਪ੍ਰਗਟ ਕੀਤੀ , ਕਿਹਾ ਕੀ ਦੁਨਿਆ ਦੇ ਗਰੀਬ ਤੋਂ ਗਰੀਬ ਬਚੇ ਵੀ ਬਿਨਾਂ ਕਫਨ ਤੋਂ ਇਸ ਦੁਨਿਆ ਤੋ ਨਹੀ ਜਾਂਦੇ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਦੇਖ ਇਹ ਸਾਰੀਆਂ ਲਾਸ਼ਾਂ ,ਇਹ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਦੇ ਉਤੇ ਕਫਨ ਪਾਣ ਦਾ ਇੰਤਜ਼ਾਮ ਹੈ ਤਾਂ ਤੇਰੀ ਖਾਹਿਸ਼ ਪੂਰੀ ਹੋ ਸਕਦੀ ਹੈ । ਇਹ ਕਹਿਕੇ ਗੁਰੂ ਸਾਹਿਬ ਅਗੇ ਨੂੰ ਤੁਰ ਪਏ ।
ਖਾਲਸੇ ਨੂੰ ਆਪਣਾ ਸਰੂਪ , ਆਪਣੀ ਆਤਮਾ ,ਆਪਣੇ ਵਿਚਾਰ , ਜੋ ਕੁਝ ਵੀ ਉਨਾ ਕੋਲ ਸੀ ਆਪਣਾ ਤਨ–ਮਨ , ਧਨ ਸਭ ਕੁਝ ਖਾਲਸੇ ਦੀ ਝੋਲੀ ਵਿਚ ਪਾ ਦਿਤਾ । ਓਹਨਾ ਤੋ ਅਮ੍ਰਿਤ ਛੱਕ ਕੇ ,ਖਾਲਸੇ ਨੂੰ ਆਪਣੇ ਬਰਾਬਰ ਖੜਾ ਕਰ ਦਿਤਾ ਤੇ ਕਿਹਾ ਵੀ ਕਿ ਜੇ ਮੈਂ ਗੁਰੂ ਬਣਿਆ ਰਿਹਾ ਤੇ ਤੁਸੀਂ ਚੇਲੇ ਤੇ ਫਿਰ ਬਰਾਬਰੀ ਕਿਵੇਂ ਹੋਈ ?
ਸੇਵ ਕਰੀ ਇਨ ਹੀ ਕੀ ਭਾਵਤ
ਅਓਰ ਕੀ ਸੇਵ ਸੁਹਾਤ ਨਾ ਜੀ ਕੋ
ਦਾਨ ਦਿਓ ਇਨ ਹੀ ਕੋ ਭਲੇ
ਅਰੁ ਆਨ ਕੋ ਦਾਨ ਨ ਲਾਗਤ ਨੀਕੋ
ਮੁਕਤੇ ਮੇਰੇ ਪ੍ਰਾਨ ,ਜੋ ਕਰਨ ਸੋ ਪ੍ਰਵਾਨ ।।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ
ਖਾਲਸਾ ਮੇਰਾ ਰੂਪ ਹੈ ਖਾਸ
ਖਾਲਸੇ ਮਹਿ ਹਓ ਕਰਹਿ ਨਿਵਾਸ
ਸਿਖ ਪੰਚੋ ਮੇ ਮੇਰਾ ਵਾਸਾ
ਪੂਰਨ ਕਰੇ ਜਿਹ ਆਸਾ
ਖਾਲਸਾ ਗੁਰੂ, ਗੁਰੂ ਖਾਲਸਾ ਕਹੋ ਮੈ ਅਬ
ਜੈਸੇ ਗੁਰੂ ਨਾਨਕ ਅੰਗਦ ਕੋ ਕੀਨਿਓ“
ਅਲਾਹ ਯਾਰ ਖਾਨ ਜੋਗੀ ਲਿਖਦਾ ਹੈ ਕੀ ਜਿਨਾਂ ਪਿਆਰ ਗੁਰੂ ਸਾਹਿਬ ਨੇ ਆਪਣੇ ਸਿਖਾਂ ਨਾਲ ਕੀਤਾ ਕਿਸੇ ਮੁਰਸ਼ਦ ਨੇ ਆਪਣੇ ਮੁਰੀਦ ਨਾਲ ਨਹੀ ਕੀਤਾ ।
“ਹਾਸ਼ਾ ਕਿਸੀ ਮੁਰਸ਼ਦ ਮੈਂ ਯੇਹ ਇਸਾਰ ਨਹੀਂ ਹੈਂ।
ਏਹ ਪਿਆਰ ਕਿਸੀ ਪੀਰ ਮੈਂ ਜਿਨ੍ਹਾਰ ਨਹੀਂ ਹੈਂ।“
ਜਦੋਂ ਚਮਕੌਰ ਦੀ ਗੜੀ ਵਿਚੋਂ ਬਚਿਆਂ ਨੂੰ ਲੈਕੇ ਗੁਰੂ ਸਾਹਿਬ ਨੂੰ ਨਿਕਲਨ ਵਾਸਤੇ ਕਿਹਾ ਗਇਆ ਤਾਂ ਉਹਨਾਂ ਨੇ ਇਹ ਕਿਹਾ ਤੁਸੀਂ ਕਿਹੜੇ ਬਚਿਆਂ ਦੀ ਗਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਬਚੇ ਹੋ । ਉਹ ਗਲ ਵਖਰੀ ਹੈ ਕੀ ਜਦ ਦੋਨੋ ਬਚੇ ਸ਼ਹੀਦ ਹੋ ਗਏ ਤਾਂ ਸਿਖਾਂ ਨੇ ਪੰਜ ਪਿਆਰਿਆਂ ਦਾ ਰੂਪ ਧਾਰ ਕੇ ਗੁਰੂ ਸਾਹਿਬ ਨੂੰ ਗੜੀ ਵਿਚੋਂ ਨਿਕਲਣ ਦਾ ਹੁਕਮ ਦਿਤਾ ਜਿਸ ਨੂੰ ਮਨਾ ਕਰਨਾ ਉਹਨਾਂ ਦੇ ਵਸ ਵਿਚ ਨਹੀਂ ਸੀ , ਕਿਓਂਕਿ ਇਹ ਹੁਕਮ ਦੇਣ ਦੀ ਤਾਕਤ ਗੁਰੂ ਸਾਹਿਬ ਨੇ ਖੁਦ ਪੰਜ ਪਿਆਰਿਆਂ ਨੂੰ ਬਖਸ਼ੀ ਸੀ । ਸਿਖਾਂ ਨੇ ਇਸ ਨੂੰ ਇਸਤਮਾਲ ਕਰਨਾ ਪਿਆ ਕਿਓਂਕਿ ਅਗਲੇ ਦਿਨ ਗੜੀ ਵਿਚ ਸਭ ਦੀ ਸ਼ਹੀਦੀ ਯਕੀਨਨ ਸੀ ਤੇ ਜੇ ਕਲ ਨੂੰ ਗੁਰੂ ਸਾਹਿਬ ਵੀ ਨਾ ਰਹੇ ਤਾਂ ਸਿਖੀ ਤੇ ਸਿਖਾਂ ਦੀ ਅਗਵਾਈ ਕੋਣ ਕਰੇਗਾ?
ਜਦੋਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਲਖੀ ਜੰਗਲ ਵਿਚ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ, ਸਾਹਿਬਜਾਦਿਆਂ ਨੂੰ ਉਹਨਾਂ ਨਾਲ ਨਾਂ ਦੇਖਕੇ ਪੁਛਿਆ ਕੀ ਸਾਹਿਬਜ਼ਾਦੇ ਕਿਥੇ ਹਨ ? ਤਾਂ ਗੁਰੂ ਸਾਹਿਬ ਨੇ ਖਾਲਸੇ ਦੇ ਇਕੱਠ ਵਲ ਇਸ਼ਾਰਾ ਕਰਕੇ ਕਿਹਾ ਇਹਨਾਂ ਵਿਚ ਆਪਣੇ ਅਜੀਤ, ਜੁਝਾਰ ,ਫਤਹਿ ਸਿੰਘ ਤੇ ਜੋਰਾਵਰ ਨੂੰ ਢੂੰਡ ਲਉ ਮੇਰੇ ਵਾਸਤੇ ਇਹ ਸਭ ਅਜੀਤ ,ਜੁਝਾਰ. ਫਤਹਿ ਤੇ ਜੋਰਾਵਰ ਹਨ।
“ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ।
ਚਾਰ ਮੁਏ ਤਾਂ ਕਿਯਾ ਹੁਆ ਜੀਵਤ ਕਈ ਹਜ਼ਾਰ ।“
ਇਸਤੋ ਮੈਨੂ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਵਾਰਤਾ ਯਾਦ ਆਈ ਹੈ , ਜਦੋਂ ਓਹ ਇੰਗ੍ਲੈੰਡ ਇਕ ਸਕੂਲ ਵਿਚ ਬਚਿਆਂ ਦੀ ਧਾਰਮਿਕ ਕਲਾਸ ਲੈਣ ਗਏ ਤਾਂ ਇਕ ਅੰਗਰੇਜ਼ ਬਚੀ ਨੇ ਸਵਾਲ ਕੀਤਾ, ਕੀ ਸ਼ਾਦੀ ਤੇ ਮਾ–ਬਾਪ ਮੁੰਡੇ ਕੁੜੀ ਤੋਂ ਪੈਸੇ ਕਿਓਂ ਘੁਮਾਂਦੇ ਹਨ । ਉਹਨਾਂ ਨੇ ਦਸਿਆ ਕੀ ਇਹ ਚਾਹੇ ਸਾਡੀ ਰਸਮ ਨਹੀ ਪਰ ਇਸਦਾ ਮਤਲਬ ਇਹੀ ਹੁੰਦਾ ਹੈ ਕੀ ਅਸੀਂ ਤੁਹਾਡੇ ਅਗੇ ਪੈਸੇ ਨੂੰ ਕੁਝ ਨਹੀ ਸਮ੍ਝਦੇ ਮਤਲਬ ਇਸ ਪੈਸੇ ਤੋ ਵੀ ਵਧ ਪਿਆਰ ਅਸੀਂ ਤੁਹਾਨੂੰ ਕਰਦੇ ਹਾਂ । ਤਾਂ ਉਸ ਬਚੀ ਨੇ ਪੁਛਿਆ ਕੀ ਕਿਨੇ ਪੈਸੇ ਵਾਰਦੇ ਹਨ ਤੇ ਵਧ ਤੋ ਵਧ ਕਿਤਨਾ ਸਿਰਵਾਰਨਾ ਅਜ ਤਕ ਕਿਸੇ ਨੇ ਕੀਤਾ ਹੋਵੇਗਾ । ਤਾਂ ਉਦੋਕੇ ਸਾਹਿਬ ਨੇ ਦਸਿਆ ਕੀ ਮੈਨੂ ਪੈਸਿਆਂ ਦਾ ਤਾ ਪਤਾ ਨਹੀ ਪਰ ਜੋ ਸਿਰਵਾਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਤੇ ਕੀਤਾ ਹੈ ਓਹ ਅਜ ਤਕ ਹੋਰ ਕਿਸੇ ਨੇ ਨਹੀਂ ਕੀਤਾ ।
ਜਦੋਂ ਮੁਕਤਸਰ ਦਾ ਜੰਗ ਖਤਮ ਹੋਇਆ ਤਾਂ ਗੁਰੂ ਸਾਹਿਬ ਮੋਰਚੇ ਤੋਂ ਨਿਕਲਕੇ ਜੰਗ ਦੇ ਮੈਦਾਨ ਵਿਚ ਪਹੁੰਚੇ । ਵਜੀਰ ਖਾਨ ਆਪਣੇ ਫੌਜੀਆਂ ਦੀਆਂ ਲਾਸ਼ਾਂ ਨੂੰ ਇਥੇ ਛਡ ਕੇ ਚਲਾ ਗਿਆ ਸੀ । ਗੁਰੂ ਸਾਹਿਬ ਨੇ ਆਪਣੇ ਇਕ ਇਕ ਸਿਖ ਗੋਦੀ ਵਿਚ ਲਿਆ ਉਹਨਾਂ ਦਾ ਮੂੰਹ ਪੂੰਜਿਆ, ਬੜੇ ਪਿਆਰ ਨਾਲ ਉਨਾ ਨੂੰ ਮਨਸਬ ਸਰਦਾਰੀਆਂ ਬਖ੍ਸ਼ੀਆਂ , ਮੇਰਾ ਪੰਜ ਹਜ਼ਾਰੀ, ਮੇਰਾ ਦਸ ਹਜ਼ਾਰੀ , ਮੇਰਾ ਤੀਸ ਹਜ਼ਾਰੀ ਆਦਿ । ਬਖਸ਼ਿਸ਼ਾਂ ਕਰਦੇ…
ਕਰਦੇ ਜਦ ਓਹ ਮਹਾਂ ਸਿੰਘ ਕੋਲ ਪਹੁੰਚੇ, ਓਹ ਆਖਰੀ ਸਾਹ ਲੈ ਰਿਹਾ ਸੀ । ਗੁਰੂ ਸਾਹਿਬ ਬੜੇ ਪਿਆਰ ਨਾਲ ਓਸਦੇ ਸਿਰ ਆਪਣੀ ਗੋਦੀ ਵਿਚ ਰਖਦੇ ਹਨ ,ਮੂੰਹ ਤੇ ਪਾਣੀ ਦੇ ਛਿਟੇ ਮਾਰਦੇ ਹਨ । ਓਸ ਨੂੰ ਥੋੜੀ ਹੋਸ਼ ਆਓਂਦੀ ਹੈ ਕਹਿੰਦੇ ਹਨ ” ਕੁਛ ਮੰਗ ਲੈ ”, ਤਾਂ ਉਸਨੇ ਕਿਹਾ ਕੀ ਤੁਹਾਡੀ ਗੋਦੀ ਵਿਚ ਮੇਰਾ ਸਿਰ ਹੈ ਇਸਤੋ ਵਧ ਮੈਨੂੰ ਕੀ ਚਾਹੀਦਾ ਹੈ ? ਗੁਰੂ ਸਾਹਿਬ ਨੇ ਫਿਰ ਮੰਗਣ ਵਾਸਤੇ ਕਿਹਾ ਤਾਂ ਉਸਦੇ ਮੂੰਹ ਚੋਂ ਇਹੀ ਨਿਕਲਿਆ ,’ ਸਤਿਗੁਰੂ ਜੇ ਤੁਠੇ ਹੋ ਤਾਂ ਸਾਡਾ ਲਿਖਿਆ ਬੇਦਾਵਾ ਫਾੜ ਦਿਓ । ਗੁਰੂ ਸਾਹਿਬ ਨੇ ਝਟ ਕਮਰਕਸੇ ਤੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਿਹਾ ਕਿ ਬੇਦਾਵਾ ਤਾਂ ਤੁਸੀਂ ਦਿਤਾ ਸੀ ਮੈ ਤਾਂ ਆਪਣੇ ਆਪ ਨੂੰ ਤੁਹਾਡੇ ਤੋ ਅੱਲਗ ਕਦੇ ਨਹੀ ਕੀਤਾ । ਇਹ ਉਸਦੇ ਆਖਰੀ ਸਾਹ ਸੀ।
ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਓਣਾ ਜਾਣਕੇ , ਪੰਜ ਪੈਸੇ ,ਨਾਰੀਅਲ ਮੰਗਵਾ ਕੇ ਗੁਰੂ ਗਰੰਥ ਸਾਹਿਬ ਨੂੰ ਗੁਰਗਦੀ ਸੋੰਪ ਦਿਤੀ । ਸਿਖੀ ਨੂੰ ਸ਼ਬਦ ਨਾਲ ਜੋੜ ਦਿਤਾ । ਕਿਹਾ ਬਾਣੀ ਸਾਡਾ ਹਿਰਦਾ ਹੈ , ਜਿਸ ਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ,। ਜਿਸ ਨੇ ਸਾਡੇ ਦਰਸ਼ਨ ਕਰਨੇ ਹੋਣ ਪੰਜ ਪਿਆਰਿਆਂ ਦੇ ਦਰਸ਼ਨ ਕਰੇ । ਸਿਖਾਂ ਨੂੰ ਤਸੱਲੀ ਨਹੀਂ ਹੋਈ ਉਹਨਾਂ ਨੇ ਕਿਹਾ ,” ਅਸੀਂ ਇਕ ਇਕ ਸਿਖ ਦਸ ਦਸ ਲਖ ਦੀ ਫੌਜ਼ ਨਾਲ ਲੜ ਜਾਂਦੇ ਹਾਂ , ਸਿਰਫ ਇਹੀ ਸੋਚ ਕੇ ਕੀ ਸਾਡੀ ਪਿਠ ਪਿਛੇ ਗੁਰੂ ਗੋਬਿੰਦ ਸਿੰਘ ਜੀ ਹਨ , ਮੁਕਤਸਰ ਤੇ ਚਮਕੌਰ ਦਾ ਹਵਾਲਾ ਦਿਤਾ । ਤੁਹਾਡੇ ਜਾਣ ਤੋ ਬਾਅਦ ਕੀ ਹੋਏਗਾ ? ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਲੋਕ ਸੂਰਬੀਰ ਕਹਿੰਦੇ ਹਨ , ਮੈਂ 14 ਜੰਗ ਜਿਤੇ ਹਨ , ਬਹੁਤ ਕੁਝ ਕਹਿੰਦੇ ਹਨ ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ,
“ਜੁਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ
ਅਘ ਅਓਘ ਟਰੈ, ਇਨਹਿ ਕੇ ਪ੍ਰਸਾਦਿ
ਇਨਹਿ ਕਿਰਪਾ ਫੁਨ ਧਾਮ ਭਰੇ
ਇਨਹਿ ਕੇ ਪ੍ਰਸਾਦਿ ਸੁ ਬਿਦਿਆ ਲਈ
ਇਨਹਿ ਕੀ ਕਿਰਪਾ ਸਭ ਸ਼ਤਰੂ ਮਰੇ
ਇਨਹਿ ਹੀ ਕੀ ਕਿਰਪਾ ਸੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ“
ਆਪਣੇ ਆਖਰੀ ਸਮੇ ਵਿਚ ਵੀ ਆਪਣੇ ਸਾਰੇ ਗੁਣ , ਆਪਣੀਆ ਸਾਰੀਆਂ ਕਾਮਯਾਬੀਆਂ ਦਾ ਮਾਣ ਆਪਣੇ ਸਿੰਘਾ ਨੂੰ ਬਖਸ਼ਿਆ ਤੇ ਆਪਣੇ ਆਪ ਨੂੰ ਕਰੋੜਾ ਗਰੀਬਾਂ ਵਿਚੋਂ ਇਕ ਆਖਿਆ ।
ਫਿਰ ਗੁਰੂ ਹਰਗੋਬਿੰਦ ਸਾਹਿਬ ਤੇ ਮੁਗਲਾਂ ਨੇ ਚਾਰ ਹਮਲੇ ਕੀਤੇ ਜਿਸਦਾ ਸਿਖਾਂ ਨੇ ਓਹਨਾਂ ਦੀ ਅਗਵਾਈ ਹੇਠ ਮੂੰਹ ਤੋੜਵੇ ਜਵਾਬ ਦਿਤੇ । ਇਸ ਵਿਚ ਕੋਈ ਸ਼ਕ ਨਹੀ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਇਸਤੇ ਸੰਪੂਰਨਤਾ ਦੀ ਮੋਹਰ ਲਗਾਈ, ਜੋ ਕੀ ਕੋਈ ਤੁਰੰਤ ਫੁਰੰਤ ਵਾਲੀ ਘਟਨਾ ਨਹੀ ਸੀ ਬਲਿਕ ਗੁਰੂ ਸਾਹਿਬਾਨਾ ਵਲੋਂ 230 ਵਰਿਆਂ ਦੀ ਘਾਲਣਾ ਸੀ । ਔਰ ਇਹ ਵੀ ਸਚ ਹੈ ਜਿਸ ਖਾਲਸੇ ਦੀ ਸਿਰਜਣਾ ਨੂੰ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਓਹ ਸਿਰਫ ਜਬਰ ,ਜੁਲਮ ਤੇ ਅਨਿਆਏ ਵਿਰੁਧ ਜੂਝਣ ਵਾਲਾ ਸਿਪਾਹੀ ਹੀ ਨਹੀਂ ਬਲਿਕੇ ਨਾਮ ਜਪਣ, ਕਿਰਤ ਕਰਣ ਤੇ ਵੰਡ ਕੇ ਛਕਣ ਵਾਲਾ ਸੰਤ ਵੀ ਸੀ ।
( ਚਲਦਾ )