ਇਤਿਹਾਸ – ਬੀਬੀ ਅਮਰੋ ਜੀ
ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਇਕ ਮਿਸ਼ਾਲ ਦਾ ਕੰਮ ਕੀਤਾ ਜਿਸ ਪਾਸੋਂ ਲੋਅ ਲੈ ਕੇ ਉਹ ਪੁਰਸ਼ ਚੰਦ ਨਿਆਈਂ ਹੋ ਲੋਕਾਂ ਨੂੰ ਲੋਅ ਵੰਡਣ ਲੱਗ ਪਿਆ । ਉਹ ਇਵੇਂ ਹੈ ਬੀਬੀ ਜੀ ਦਾ ਪਤਿਆਉਰਾ ਜਿਹੜਾ ਅਨੇਕਾਂ ਸਾਲ ਤੀਰਥਾਂ ਤੇ ਘੁੰਮ ਬੀਬੀ ਜੀ ਦੀ ਪ੍ਰਭੂ ਭਗਤੀ ਤੇ ਮਿੱਠੀ ਸੁਰੀਲੀ ਸੁਰ ਵਿਚ ਗਾਈ ਗੁਰਬਾਣੀ ਨਾਲ ਕੀਲਿਆ ਗਿਆ । ਦਿਲ ਵਿੰਨਿਆ ਗਿਆ ਇਕ ਅਕਾਲ ਪੁਰਖ ਦੇ ਲੜ ਲੱਗਣ ਲਈ ਬੀਬੀ ਜੀ ਰਾਹੀਂ ਪ੍ਰੇਰਿਆ ਗਿਆ । ਗੁਰੂ ਜੀ ਦੇ ਲੜ ਲੱਗ ਮਹਾਨ ਸੇਵਾ ਦੀ ਘਾਲਣਾ ਘਾਲ ਸਿੱਖਾਂ ਦਾ ਤੀਜਾ ਗੁਰੂ ਹੋ ਨਿਬੜਿਆ ।
ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਖੀਵੀ ਜੀ ਦੀ ਸਫਲ ਕੁੱਖੋਂ ਆਪਣੇ ਨਾਨਕੇ ਪਿੰਡ ਸੰਘਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਜਨਮ ਲਿਆ ਇਨਾਂ ਤੋਂ ਵੱਡੇ ਭਰਾ ਬਾਬਾ ਦਾਸੂ ਜੀ ਸਨ । ਅਮਰੋ ਜੀ ਤੋਂ ਛੋਟੀ ਬੀਬੀ ਅਨੋਖੀ ਜੀ ਤੇ ਫਿਰ ਬਾਬਾ ਦਾਤੂ ਜੀ ਜਨਮੇ । ਉਸ ਵੇਲੇ ਉਨ੍ਹਾਂ ਦੇ ਪਿਤਾ ਭਾਈ ਲਹਿਣੇ ਜੀ ਦੇ ਰੂਪ ਵਿਚ ਆਪਣੇ ਸੌਹਰੇ ਪਿੰਡ ਆਪਣੇ ਪਿਤਾ ਭਾਈ ਫੇਰੂ ਮੱਲ ਜੀ ਨਾਲ ਦੁਕਾਨ ਤੇ ਸ਼ਾਹੂਕਾਰਾ ਕਰਦੇ ਸਨ । ਗੁਰਿਆਈ ਮਿਲਣ ਉਪਰੰਤ ਭਾਵੇਂ ਗੁਰੂ ਅੰਗਦ ਦੇਵ ਜੀ ਪਹਿਲੇ ਗੁਰੂ ਜੀ ਦੇ ਉਪਦੇਸ਼ ਅਨੁਸਾਰ ਸ਼ਬਦ ਦਾ ਪਰਚਾ ਵੰਡਣ ਵਿਚ ਰਲੇ ਰਹੇ । ਪਰ ਮਾਤਾ ਖੀਵੀ ਜੀ ਆਪਣੇ ਬੱਚਿਆਂ ਨੂੰ ਸੁਚੱਜੀ ਪ੍ਰਭੂ ਭਗਤੀ ਤੇ ਸਿਮਰਨ ਦੀ ਸਿਖਿਆ ਦੇ ਗੁਰਬਾਣੀ ਕੰਠ ਕਰਾਈ । ਬੀਬੀ ਅਮਰੋ ਜੀ ਬਾਰੇ ਸੂਰਜ ਪ੍ਰਕਾਸ਼ ਵਿਚ ‘ ਭਗਤੀ ਨੇ ਆਪਣਾ ਸਰੀਰ ਧਾਰ ਕੇ ਗੁਰੂ ਪਿਤਾ ਦੇ ਘਰ ਵਿਖੇ ਜਨਮ ਲਿਆ ।
ਭਗਤਿ ਧਾਰ ਬਪੁ ਆਪਨੋ ਉਪਜੀ ਸਤਿ ਗੁਰ ਧਾਮ ॥
ਬੀਬੀ ਅਮਰੋ ਜੀ ਮਾਤਾ ਤੇ ਗੁਰੂ ਪਿਤਾ ਜੀ ਦੀ ਯੋਗ ਅਗਵਾਈ ਤੇ ਸੰਗਤ ਦੁਆਰਾ ਉਚ ਆਤਮਕ ਅਵਸਥਾ ਵਿਚ ਪੁੱਜ ਚੁੱਕੇ ਸਨ । ਪੁੱਤਰੀ ਦਾ ਫਰਜ਼ ਹੁੰਦਾ ਹੈ ਕਿ ਉਹ ਹਰ ਇਕ ਘਰ ਨੂੰ ਸੰਵਾਰੇ ਭਾਵੇਂ ਨਾਨਕੇ , ਪੇਕੇ ਜਾਂ ਸੌਹਰੇ ਘਰ ਹੋਣ । ਇਨਾਂ ਘਰਾਂ ਨੂੰ ਰੀਝ , ਲਗਣ , ਸੇਵਾ ਭਾਵ ਦੁਆਰਾ ਸਵਾਰਦੀ ਹੈ । ਧੀਆਂ ਨੂੰ ਚੰਗੀ ਸਿਖਿਆ ਤੇ ਚੰਗੇ ਗੁਣ ਦਿੱਤੇ ਹੋਣ ਤਾਂ ਪਿਛਲੇ ਖਾਨਦਾਨ ( ਪੇਕਿਆਂ ) ਦੀ ਉਸਤਤ ਤੇ ਵਡਿਆਈ ਹੁੰਦੀ ਹੈ । ਸੌਹਰੇ ਘਰ ਜਾ ਕੇ ਚੰਗੀ ਸਿਖਿਆ ਤੇ ਚੰਗੇ ਗੁਣ ਹੋਰਾਂ ਲਈ ਇਕ ਉਦਾਹਰਣ ਦਾ ਨਮੂਨਾ ਬਣ ਜਾਂਦੇ ਹਨ । ਬੀਬੀ ਅਮਰੋ ਜੀ ਦਾ ਵਿਆਹ ਬਾਸਰਕੇ ਸ੍ਰੀ ਮਾਣਕ ਚੰਦ ਦੇ ਸਪੁੱਤਰ ਸ੍ਰੀ ਜੱਸੂ ਜੀ ਨਾਲ ਹੋਇਆ । ਭਾਈ ਤੇਜ ਭਾਨ ਜੀ ਤੇ ਜੱਸੂ ਜੀ ਦੇ ਬਾਬੇ ਇਸ ਇਲਾਕੇ ਵਿਚ ਮੰਨੇ ਪ੍ਰਮੰਨੇ ਦੁਕਾਨਦਾਰ ਤੇ ਸ਼ਾਹੂਕਾਰ ਸਨ । ਆਪ ਬੜੇ ਧੀਰਜਵਾਨ , ਸੰਤੋਖ ਵਾਲੇ ਤੇ ਭਗਤੀ ਭਾਵ ਦਾ ਸੁਭਾਅ ਰੱਖਦੇ ਸਨ । ਮਾਲਕ ਨੇ ਇਹੋ ਜਿਹਾ ਹੀ ਸੁਭਾ ਇਨਾਂ ਦੇ ਪੁੱਤਰ ਸ੍ਰੀ ਅਮਰਦਾਸ ਨੂੰ ਬਖਸ਼ਿਆ ਹੋਇਆ ਸੀ । ਤਾਂ ਹੀ ਤਾਂ ਭਗਤੀ ਭਾਵ ਸੁਭਾਅ ਕਾਰਨ ਹਰ ਸਾਲ ਗੰਗਾ ਦੇ ਇਸ਼ਨਾਨ ਨੂੰ ਜਾਇਆ ਕਰਦੇ ਸੀ । ਬੀਬੀ ਅਮਰੋ ਜੀ ਵਿਆਹ ਤੋਂ ਦੋ ਸਾਲ ਬਾਅਦ ਮੁਕਲਾਵੇ ਗਏ । ਆਪ ਸ੍ਰੀ ਅਮਰਦਾਸ ਜੀ ਦੇ ਸਭ ਤੋਂ ਛੋਟੇ ਭਰਾ ਦੀ ਨੂੰਹ ਸਨ । ਭਾਈ ਜੱਸੂ ਜੀ ਆਪਣੇ ਤਾਇਆਂ ਜੀ ਨੂੰ ਬਹੁਤ ਪਿਆਰ ਕਰਦੇ ਸਨ । ਬੀਬੀ ਅਮਰੋ ਜੀ ਨੇ ਅੰਮ੍ਰਿਤ ਵੇਲੇ ਉਠ ਦੁੱਧ ਰਿੜਕਣ ਲੱਗਿਆਂ ਜਪੁਜੀ ਦਾ ਪਾਠ ਬਹੁਤ ਮਿੱਠੀ ਸੁਰ ਵਿਚ ਕਰਨਾ ਇਨਾਂ ਦੀ ਇਹ ਰੋਜ਼ ਦੀ ਕਿਰਿਆ ਸੀ । ਮਾਂ ਪਿਉ ਦੀ ਸ਼ੁਭ ਸੰਗਤ ਨੇ ਬੀਬੀ ਜੀ ਨੂੰ ਬਹੁਤ ਬਾਣੀ ਕੰਠ ਕਰਾ ਦਿੱਤੀ । ਜਿਹੜਾ ਸ਼ਬਦ ਮਨ ਨੂੰ ਚੰਗਾ ਲਗਦਾ ਮਿੱਠੀ ਸੁਰੀਲੀ ਆਵਾਜ਼ ਵਿਚ ਪੜ੍ਹਨ ਲਗਦੇ ਨਾਲ ਹੀ ਆਪਣੇ ਕੰਮ ਵਿਚ ਮਗਨ ਰਹਿੰਦੇ । ਹੱਥ ਕਾਰ ਵੱਲ ਮਨ ਕਰਤਾਰ ਵਲ ਲੱਗ ਹੰਸੂ ਹੰਸੂ ਕਰਦੇ ਝੱਟ ਕੰਮ ਕਰਕੇ ਵਿਹਲੇ ਹੋ ਜਾਂਦੇ । ਇਸ ਬਾਰੇ ਮਹਿਮਾ ਪ੍ਰਕਾਸ਼ ਦੇ ਕਰਤੇ ਨੇ ਇਉਂ ਲਿਖਿਆ ਹੈ : “ ਜਦ ਬ੍ਰਹਮਚਾਰੀ ਬਾਬਾ ਅਮਰਦਾਸ ਦੇ ਘਰੋਂ ਬਗੈਰ , ਅੰਨ ਖਾਧੇ ਹੀ ਚਲਾ ਗਿਆ ਤਾਂ ਉਪਰ ਸੇ ਰਾਤ ਪੜੀ ਹੈ । ਕੁਝ ਪ੍ਰਸ਼ਾਦ ਨ ਕੀਆ ਅਰ ਨ ਰਾਤ ਕੋ ਸੋਏ ਬੀਬੀ ਅਮਰੋ , ਗੁਰੂ ਅੰਗਦ ਦੇਵ ਜੀ ਕੀ ਬੇਟੀ , ਸ੍ਰੀ ਅਮਰਦਾਸ ਜੀ ਦੇ ਭਤੀਜੇ ਜੱਸੂ ਕੇ ਵਿਆਹ ਥੀ । ਜਬ ਪਹਿਰ ਰਹਿਤੀ ਥੀ ਬੀਬੀ ਅਮਰੋ ਜੀ ਨਿਤ ਇਸ਼ਨਾਨ ਕਰ ਕੇ ਬਾਣੀ ਪਾਠ ਕਰਤੇ ਥੇ | ਘਰ ਦਾ ਧੰਦਾ ਹਾਥੋਂ ਸੇ ਕਰਤੇ ਥੇ । ਜਦ ਬੀਬੀ ਅਮਰੋ ਬਾਣੀ ਪੜ੍ਹਨ ਲੱਗੀ ਤਬ ਸਾਹਿਬ ਬੈਠੇ ਥੇ ਅਰ ਬੜੀ ਚਿਤਾਵਨੀ ਮੈਂ ਥੇ । ਤਬ ਸਾਹਿਬ ਨੇ ਸ਼ਬਦ ਸੁਣਾ । ‘ ‘
ਇਤਿਹਾਸ ਵਿਚ ਲਿਖਿਆ ਹੈ ਕਿ ਗੁਰੂ ਅਮਰਦਾਸ ੨੦ ਵਾਰੀ ਪੈਰੀਂ ਤੁਰ ਕੇ ਹਰਿਦੁਆਰ ਗੰਗਾ ਦੇ ਦਰਸ਼ਨ ਇਸ਼ਨਾਨ ਕਰ ਆਏ । ਰਾਹ ਵਿਚ ਮੁਲਾਣੇ ਪਰਗਨੇ ਦੇ ਮੇਹੜ ਪਿੰਡ ਦੇ ਇਕ ਬਾਗ ਵਿਚ ਬਿਰਾਜੇ ਸਨ । ਉਸ ਇਕ ਜੋਤਿਸ਼ ਵਿਦਿਆ ਦੇ ਜਾਣੂ “ ਦੁਰਗਾ ਦੱਤ ‘ ਪੰਡਤ ਨੇ ਇਨਾਂ ਦੇ ਚਰਨਾਂ ਵਿਚ ਦੇਖ ਕੇ ਕਿਹਾ ਕਿ “ ਤੂੰ ਇਕ ਪੂਜਨੀਕ ਪੁਰਸ਼ ਹੋ ਕੇ ਪਾਤਸ਼ਾਹ ਅਖਾਵੇਂਗਾ ਸੀਸ ਪੁਰ ਚੌਰ ਝੁਲੇਗਾ । ਇਹ ਸ਼ਬਦ ਸੁਣ ਸ੍ਰੀ ਅਮਰਦਾਸ ਜੀ ਕਿਹਾ ਜੋ ਉਸ ਦੀ ਰਜ਼ਾ ਜਦੋਂ ਪੰਡਤ ਨੂੰ ਝੋਲੇ ਤੋਂ ਮਠਿਆਈ ਕੱਢ ਕੇ ਦੇਣ ਲੱਗੇ ਤਾਂ ਉਸ ਨੇ ਸਹਿਜ ਸੁਭਾ ਪੁਛਿਆ ਕਿ “ ਭਲਿਆ ਲੋਕਾ ਤੇਰਾ ਗੁਰੂ ਕੌਣ ਹੈ । ਇਹ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਉਤਰ ਦਿੱਤਾ ਕਿ ਅਜੇ ਨਹੀਂ ਕੋਈ ਗੁਰੂ ਲੱਭਾ , ਟੋਲ ਰਿਹਾ ਹਾਂ । ‘ ‘ ਕਿਉਂਕਿ ਸ਼ਾਸਤਰਾਂ ਵਿਚ ਨਿਗੁਰੇ ਦਾ ਦਰਸ਼ਨ ਕਰਨਾ ਵੀ ਪਾਪ ਲਿਖਿਆ ਹੈ । ਤਵਾਰੀਖ਼ ਗੁਰੂ ਖਾਲਸਾ ਭਾਗ ਪਹਿਲਾ ਸਫ਼ਾ ( ੩੩੬ ) ਗਿ : ਗਿਆਨ ਸਿੰਘ ॥ ਜਦੋਂ ਸ੍ਰੀ ਅਮਰਦਾਸ ਯਾਤਰਾ ਤੋਂ ਵਾਪਸ ਪਿੰਡ ਪਰਤੇ ਤਾਂ ਦਿਲ ਵਿਚ ਸੋਚਿਆ ਕਿ ਜੱਸੂ ਦੀ ਘਰਵਾਲੀ ਕੁਝ ਬਾਣੀ ਸੁਰੀਲੀ ਤੇ ਮਿੱਠੀ ਆਵਾਜ਼ ਵਿਚ ਪੜ੍ਹਦੀ ਹੁੰਦੀ ਹੈ । ਕਿਉਂ ਨਾ ਉਸ ਪਾਸੋਂ ਪੁਛਿਆ ਜਾਵੇ ਕਿ ਉਹ ਕਿਸ ਗੁਰੂ ਦੀ ਬਾਣੀ ਪੜ੍ਹਦੀ ਹੁੰਦੀ ਹੈ ? ‘ ‘ ਜਦੋਂ ਅੱਜ ਸਵੇਰੇ ਮਿੱਠੀ ਬਾਣੀ ਦੀ ਆਵਾਜ਼ ਕੰਨੀ ਨਾ ਪਈ ਤਾਂ ਆਪਣੀ ਭਰਜਾਈ ਭਾਗੋ ਨੂੰ ਜਾ ਪੁਛਿਆ । “ ਮਿੱਠੀ ਤੇ ਸੁਰੀਲੀ ਬਾਣੀ ਸੁਣਾਉਣ ਵਾਲੀ ਅੱਜ ਕਿਥੇ ਹੈ । ਅੱਜ ਉਸ ਦੀ ਆਵਾਜ਼ ਨਹੀਂ ਸੁਣੀ । ‘ ‘ ਬੰਸਾਵਲੀ ਨਾਮਾ ਚਰਨ ਦੂਜੇ ਵਿਚ ਇਵੇਂ ਦਰਜ ਹੈ : “ ਮੈਨੂੰ ਉਹ ਬਚਨ ਸੁਨਣ ਦੀ ਹੈ ਚਾਹੇ । ਮੈ ਦੁਹਿ ਦੁਹਿ ਸੁਣਦਾ ਹਾਂ ਵਾਰ ਭਰਜਾਈ ਉਤਰ ਦਿੱਤਾ ਕਿ “ ਉਹ ਆਪਣੇ ਪੇਕੇ ਗਈ ਹੋਈ ਹੈ ਜੇ ਤੂੰ ਬਾਣੀ ਪੜ੍ਹਣਾ ਚਾਹਣਾ ਹੈ ਤਾਂ ਇਸ ਦੇ ਪਿਤਾ ਪਾਸ ਤੂੰ ਜਾ।ਉਥੇ ਸੁਣ ਭਾਵੇਂ ਸਿੱਖ ਜੇ ਤੈਨੂੰ ਹੈ ਚਾਹ ॥ ਫਿਰ ਸ੍ਰੀ ਅਮਰਦਾਸ ਜੀ ਕਿਹਾ “ ਭਾਗੋ ਜਦੋਂ ਉਹ ਵਾਪਸ ਪਰਤੇ ਤਾਂ ਮੈਨੂੰ ਨਾਲ ਲੈ ਜਾਵੇ । ਇਹ ਵੀ ਉਸਦਾ ਅਹਿਸਾਨ ਹੋਵੇਗਾ ਜਦੋਂ ਪੇਕੇ ਨੂੰ ਜਾਣ ਮੈਨੂੰ ਸੰਗ ਲੈ ਜਾਣ । ਭਰਜਾਈ ਭਾਗੋ ਕਿਹਾ ਕਿ “ ਜਦੋਂ ਆਈ ਕਹਾਂਗੀ ਅਜੇ ਤਾਂ ਪੇਕੇ ਗਈ ਹੋਈ ਹੈ। ਫੇਰ ਜਾਏ ਤਾਂ ਤਹਾਨੂੰ ਸੰਗ ਲੈ ਜਾਵੇਗੀ ॥ ਕੁਝ ਚਿਰ ਪੇਕੇ ਰਹਿ ( ਖਡੂਰ ) ਬੀਬੀ ਜੀ ਵਾਪਸ ਬਾਸਰਕੇ ਆਏ ਤੇ ਅੰਮ੍ਰਿਤ ਵੇਲੇ ਦੁਧ ਰਿੜਕਦਿਆਂ । ਮਾਰੂ ਮਹਲਾ ੧ ਦਾ ਪਾਠ ਬੜੀ ਸੁਰੀਲੀ ਆਵਾਜ਼ ਵਿਚ ਗਾਇਣ ਕੀਤਾ , ਕਰਨੀ ਕਾਗਦੁ ਮਨੁ ਮਸਵਾਨੀ ਬੁਰਾ ਭਲਾ ਦੁਇ ਲੇਖੁ ਪਏ ॥ ਜਿਉ ਜਿਉ ਕਿਰਤੁ ਜਿਉ ਕਿਰਤੁ ਚਲਾਏ ਤਿਵ ਚਲੀਐ ॥ ਤਉ ਗੁਣ ਨਹੀਂ ਅੰਤਹਰੇ ॥੧ ॥ ਚਿਤ ਚੇਤਸਿ ਕੀ ਨਹੀ ਬਾਵਰਿਆ ॥ ਹਰਿ ਬਿਸਤਰ ਤੇਰੇ ਗੁਣ ਗਲਿਆ | ਰਹਾਉ ॥੧ ॥ ਜਾਣੀ ਰੈਣ ਜਾਣੁ ਦਿਨੁ ਹੂਆ ਜੇਤੀ ਖੜੀ ਫਾਹੀ ਤੇਤੀ ॥ ਰਸਿ ਰਸਿ ਚੁਗਹਿ ਨਿਤ ਫਾਸਹਿ ਛੂਟਿਸ ਮੂੜੇ ਕਵਨ ਗੁਣੀ॥॥੨ ॥ ਕਾਇਆ ਆਹਰਣ ਮਨੁ ਵਿਚ ਲੋਹਾ | ਪੰਚ ਅਗਨਿ ਤਿਤ ਲਾਗਿ ਰਹੀ ॥ ਕੋਇਲੇ ਪਾਪ ਪੜੇ ਤਿਸ ਉਪਰ ਮਨ ਲਿਆ ਸੰਨੀ ਚਿੰਤ ਭਈ ॥ ਭਇਆ ਮਨੂਰ ਕੰਚਨੁ ਫਿਰ ਹੋਵੈ ਜੇ ਗੁਰ ਮਿਲੇ ਤਨੇਹਾ ॥ ਏਕੁ ਨਾਮੁ ਅੰਮ੍ਰਿਤ ਉਹ ਦੇਵੈ ਤਉ ਨਾਨਕੁ ਤ੍ਰਿਸ਼ਟਸਿ ਦੇਹਾ ।। ੪ ॥ ( ਪੰਨਾ ੯੯੦ )
ਇਸ ਸ਼ਬਦ ਵਿਚ ਵਰਨਣ ਕੀਤੀ ਹਾਲਤ ਹੀ ਸ੍ਰੀ ਅਮਰਦਾਸ ਜੀ ਦੀ ਹੋ ਰਹੀ ਸੀ ਭਾਵ ਹੈ : “ ਹੈਂ ਉਡਾਰੂ ਪੁਰਸ਼ਾ ! ਇਹ ਦਿਨ ਤੇ ਰਾਤ ਦੋਵੇਂ ਜਾਲ ਹਨ । ਇਹ ਘੜੀਆਂ ਤੂੰ ਵਿਅਰਥ ਲੰਘਾ ਰਿਹਾ ਤੂੰ ਕਦੀ ਇਨ੍ਹਾਂ ਕਰੜੇ ਜਾਲਾਂ ਵਿਚੋਂ ਵੀ ਨਿਕਲਣ ਲਈ ਸੋਚਿਆ ਹੈ ? ਪਿਛਲੇ ਕੀਤੇ ਕੰਮ ਦੇ ਕਾਗਜ਼ਾ ਉਪਰ ਦੋ ਭਾਤ ਦੇ ਬੁਰੇ ਤੇ ਚੰਗੇ ਲੇਖ ਲਿਖੇ ਹੋਏ ਹਨ । ਜਿਹੋ ਜਿਹਾ ਲਿਖੇ ਲੇਖਾਂ ਵੱਲ ਮਨੁੱਖ ਤੁਰ ਪੈਂਦਾ ਹੈ । ਹੇ ਮਨਾਂ ! ਤੂੰ ਆਇਆ ਤੇ ਸੀ ਕਿ ਸੰਸਾਰ ਵਿਚ ਆ ਕੇ ਪ੍ਰਮਾਤਮਾ ਨੂੰ ਯਾਦ ਕਰੇਗਾ । ਪਰ ਏਥੇ ਆ ਸੰਸਾਰ ਦੇ ਮਾਲਕ ਨੂੰ ਵਿਸਾਰ ਦਿੱਤਾ ਹੈ । ਤੇਰਾ ਇਹ ਜੀਵਨ ਪ੍ਰਭੂ ਨੂੰ ਚੇਤੇ ਕਰਨ ਨਾਲ ਹੀ ਸਫਲ ਹੋਵੇਗਾ । ਮਨੁੱਖ ਦੇ ਸਰੀਰ ਦੀ ਭੱਠੀ ਵਿਚ ਮਨ ਲੋਹਾ ਹੈ । ਪਾਪਾਂ ਦਿਆਂ ਕੋਲਿਆਂ ਦਾ ਢੇਰ ਲੱਗਾ ਪਿਆ ਹੈ । ਪੰਜਾਂ ਚੋਰਾਂ ਦੀਆਂ ਲਾਟਾਂ ਉਠ ਰਹੀਆਂ ਹਨ । ਮਨ ਸੜ ਚੁੱਕਾ ਹੈ । ਮਨੁੱਖ ਚਿੰਤਾ ਦੀ ਸੰਨੀ ਨਾਲ ਮਨ ਨੂੰ ਚੁੱਕ ਕੇ ਚਿੰਤਾਤਰ ਹੈ । ਭਾਵੇਂ ਮਨੁੱਖ ਮਨੂਰ ( ਸਵਾਹ ) ਹੋ ਗਿਆ ਹੈ । ਪਰ ਜੇ ਪਾਰਸ ਰੂਪੀ ਗੁਰੂ ਮਿਲ ਜਾਵੇ ਤਾਂ ਜੀਵ ਸੋਨਾ ਬਣ ਸਕਦਾ ਹੈ ਨਾਮ ਰੂਪੀ ਅੰਮ੍ਰਿਤ ਵਿਚ ਬਹੁਤ ਸ਼ਕਤੀ ਹੈ । ਇਸ ਸ਼ਬਦ ਨੇ ਰਹਿੰਦੀ ਖੂੰਹਦੀ ਕਸਰ ਕੱਢ ਦਿੱਤੀ । ਸ੍ਰੀ ਅਮਰਦਾਸ ਗੁਰੂ ਮਿਲਾਪ ਲਈ ਪਪੀਹੇ ਵਾਂਗ ਤੜਪਣ ਲੱਗਾ । ਅੰਮ੍ਰਿਤ ਵੇਲੇ ਗੁਰੂ ਪੁੱਤਰੀ ਦੀ ਮਿੱਠੀ ਤੇ ਸੁਰੀਲੀ ਬਾਣੀ ਨੇ ਹਿਰਦਾ ਵਿੰਨ ਦਿੱਤਾ । ਸ਼ਬਦ ਸੁਣ ਉਹਲਿਉਂ ਉਠ ਅੱਗੇ ਹੋ ਕੇ ਕਿਹਾ “ ਦੇਵੀ ਉਹੋ ਸ਼ਬਦ ਉਸੇ ਪ੍ਰੇਮ ਤੇ ਲਗਨ ਨਾਲ ਫਿਰ ਸੁਣਾ । ਪੁੱਤਰ ਮੇਰਾ ਹਿਰਦਾ ਤੜਪਣ ਲੱਗਾ ਹੈ ਇਸ ਬਾਣੀ ਦੇ ਰਚਣਹਾਰ ਨੂੰ ਵੇਖਣ ਲਈ । ਬੀਬੀ ਅਮਰੋ ਜੀ ਨੇ ਸ਼ਰਮਾ ਕੇ ਨੀਵੀਂ ਪਾ ਲਈ ਚੁੱਪ ਹੋ ਕੇ ਬੈਠ ਗਈ । ਉਸ ਦੀ ਸੱਸ ਭਾਗੋ ਨੇ ਸ੍ਰੀ ਅਮਰਦਾਸ ਜੀ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਕਿਹਾ ਕਿ “ ਪੁੱਤਰੀ ! ਪੜ੍ਹਨ ਦੀ ਸ਼ਰਮ ਨਹੀਂ ਕਰੀਦੀ ਇਹ ਸੁਨਾਉਣਾ ਤਾਂ ਸਗੋਂ ਪੁੰਨ ਹੈ । ਸੌਹਰਾ ਤੇ ਬਾਪ ਇਕੋ ਜਿਹੇ ਹੁੰਦੇ ਹਨ । ਨਾਲੇ ਭਜਨ ਬੋਲਦਿਆਂ ਕਾਹਦੀ ਸ਼ਰਮ ! ਆਪਣੇ ਸੌਹਰੇ ਪਤਿਆਉਰੇ ਪਾਸੋਂ ਕਦੀ ਨਹੀਂ ਸੰਗੀਦਾ । ਕਦੀ ਮੀਰਾਂ ਬਾਈ ਦੀ ਕਹਾਣੀ ਨਹੀਂ ਸੁਣੀ ਉਹ ਸਾਰਿਆਂ ਦੇ ਸਾਹਮਣੇ ਭਜਨ ਗਾਉਂਦੀ ਫਿਰਦੀ ਹੁੰਦੀ ਸੀ । ਕਬੀਰ ਦੀ ਪਤਨੀ ਆਇ ਗਏ ਨੂੰ ਮੱਥਾ ਨਾ ਟੇਕਦੀ ਤੇ ਸੇਵਾ ਤੇ ਪ੍ਰਭੂ ਭਗਤੀ ਨਾ ਕਰਦੀ ਤਾਂ ਕਬੀਰ ਜੀ ਨੇ ਇਕ ਸ਼ਬਦ ਵਿਚ ਉਸ ਨੂੰ ਇਹੋ ਜਿਹੀ ਸਿੱਖ ਮਤਿ ਦਿੱਤੀ ਕਿ ਜਿਸ ਤੋਂ ਆਏ ਗਏ ਦੀ ਸੇਵਾ ਤੇ ਪ੍ਰਭੂ ਭਗਤੀ ਦੇ ਭਜਨ ਗਾਉਣ ਲੱਗੀ ਕਦੀ ਨਾ ਸੰਗੀ । ਮੇਰੀ ਬੀਬੀ ਧੀ ! ਤੇਰੇ ਤੋਂ ਵਾਰੇ ਜਾਵਾਂ ਪੜ੍ਹ ਸ਼ਬਦ ਮੈਂ ਵੀ ਧਿਆਨ ਧਰ ਕੇ ਸੁਣ ਲਵਾਂ । ‘ ‘ ਜਦੋਂ ਸੱਸ ਦਾ ਕਹਿਣਾ ਮੰਨ ਉਹੋ ਸ਼ਬਦ ਬੀਬੀ ਅਮਰੋ ਜੀ ਫਿਰ ਉਸੇ ਲੈਅ ਵਿਚ ਪੜ੍ਹਿਆ ਤਾਂ ਸ੍ਰੀ ਅਮਰਦਾਸ ਜੀ ਨੇ ਬੀਬੀ ਨੂੰ ਉਸ ਨਾਲ ਖਡੂਰ ਜਾਣ ਲਈ ਕਿਹਾ ਤਾਂ ਕਿ ਗੁਰੂ ਜੀ ਦਰਸ਼ਨ ਕਰ ਤਪਦੇ ਮਨ ਨੂੰ ਸ਼ਾਂਤ ਕਰ ਸਕੇ ।
ਸੰਮਤ ੧੫੯੮ ਬਿ : ਬੀਬੀ ਜੀ ਸ੍ਰੀ ਅਮਰਦਾਸ ਜੀ ਨੂੰ ਨਾਲ ਲੈ ਕੇ ਖਡੂਰ ਆਈ । ਸ੍ਰੀ ਅਮਰਦਾਸ ਜੀ ਨੂੰ ਬਾਹਰ ਖੜੇ ਕਰ ਅੰਦਰ ਆਏ ਤਾਂ ਗੁਰੂ ਜੀ ਬੋਲੇ ” ਬੀਬੀ ਸਾਥੀ ਨੂੰ ਪਿਛੇ ਕਿਉਂ ਛੱਡ ਆਈ ਹੈ ? ਅੰਦਰ ਲੈ ਆ । ਹੁਣ ਗੁਰੂ ਅੰਗਦ ਦੇਵ ਜੀ ਨੂੰ ਅੰਤਰਯਾਮੀ ਸਮਝ ਅਮਰਦਾਸ ਜੀ ਦੇ ਦਿਲ ਨੂੰ ਧੀਰਜ ਤੇ ਹੌਸਲਾ ਹੋਇਆ । ਭਾਵ ਸ੍ਰੀ ਅਮਰਦਾਸ ਗੁਰੂ ਜੀ ਦੇ ਕੁੜਮ ਲਗਦੇ ਅੰਦਰ ਬੁਲਾ ਮਿਲਣ ਲੱਗੇ ਤੇ ਉਨ੍ਹਾਂ ਗੁਰੂ ਜੀ ਦੇ ਚਰਨ ਫੜ ਲਏ ਤੇ ਬੋਲੇ ਕਿ “ ਮੈਨੂੰ ਆਪਣਾ ਕੁੜਮ ਨਾ ਸਮਝੇ ਸਗੋਂ ਸੇਵਕ ਸਮਝੋ । ਗੁਰੂ ਜੀ ਨੇ ਆਦਰ ਮਾਨ ਨਾਲ ਬਿਠਾ ਸੁੱਖ ਸਾਂਦ ਪੁੱਛੀ ਦਰਸ਼ਨ ਕਰ ਕੇ ਨਿਹਾਲ ਹੋ ਕੇ ਕਿਹਾ “ ਇੱਕੀ ਵਾਰ ਗੰਗਾ ਇਸ਼ਨਾਨ ਕਰਨ ਦਾ ਫਲ ਅੱਜ ਮੈਨੂੰ ਪ੍ਰਾਪਤ ਹੋ ਗਿਆ ਹੈ । ਗੁਰੂ ਅੰਗਦ ਦੇਵ ਜੀ ਕਿਹਾ “ ਭਾਈ ਅਮਰਦਾਸ ਜੀ ਆਪਣੀ ਭਾਵਨਾ ਹੀ ਫਲਦੀ ਹੈ । ਹੋਰ ਪੱਥਰ , ਪਾਣੀ , ਕਾਠ , ਮਿੱਟੀ ਦੀ ਮੂਰਤ ਨਹੀਂ ਫਲਦੀ , ਆਪਣਾ ਮਨ ਹੀ ਦੇਣਾ ਹੈ । ‘ ‘ ਪੰਗਤ ਵਿਚ ਬੈਠ ਕੇ ਲੰਗਰ ਛਕਿਆ । ਮਨ ਵਿਚ ਧਾਰਿਆ ਕਿ ਗੁਰੂ ਜੀ ਆਪਣੇ ਸੀਤ ਪ੍ਰਸ਼ਾਦ ( ਜੂਠਾ ਵਧਿਆ ਪ੍ਰਸ਼ਾਦ ) ਦੇਣ ਤਾਂ ਮਨ ਨੂੰ ਅਨੰਦ ਮਿਲੇ । ਗੁਰੂ ਜੀ ਪ੍ਰਸ਼ਾਦ ਛਕਣ ਤੋਂ ਬਾਦ ਵਿਚ ਰਹਿਣ ਦਿੱਤਾ ਤੇ ਥਾਲ ਸ੍ਰੀ ਅਮਰਦਾਸ ਜੀ ਦੇ ਅੱਗੇ ਕਰ ਦਿੱਤਾ । ਜਿਸ ਦੇ ਛਕਦਿਆਂ ਹੀ ਸ੍ਰੀ ਅਮਰਦਾਸ ਜੀ ਦੇ ਕਪਾਟ ਖੁਲ੍ਹ ਗਏ । ਇਸ ਤਰ੍ਹਾਂ ਆਪਣੀ ਭਰਾ ਦੀ ਨੂੰਹ ਬੀਬੀ ਅਮਰੋ ਜੀ ਦੇ ਕਾਰਨ ਸ੍ਰੀ ਅਮਰਦਾਸ ਜੀ ਤੋਂ ਤੀਜੇ ਗੁਰੂ ਸ੍ਰੀ ਅਮਰਦਾਸ ਬਣ ਗਏ । ਗੁਰੂ ਅਮਰਦਾਸ ਜੀ ਦੀ ਗੁਰੂ ਪਦਵੀ ਪ੍ਰਾਪਤ ਕਰਨ ਦਾ ਸਿਹਰਾ ਬੀਬੀ ਅਮਰੋ ਜੀ ਦੇ ਸਿਰ ਜਾਂਦਾ ਹੈ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਉਠ ਸਾਰਾ ਘਰ ਦਾ ਕੰਮ ਕਰਦਿਆਂ , ਸਾਰੀ ਹਵੇਲੀ ਦੇ ਵਾਤਾਵਰਣ ਨੂੰ ਆਪ ਰਸ ਭਿੰਨੀ ਸ਼ਾਂਤ ਕਰਨ ਵਾਲੀ ਗੁਰਬਾਣੀ ਨਾਲ ਅਧਿਆਤਮਿਕ ਰੰਗਣ ਦੇ ਕੇ ਕਰਮ ਕਾਂਡੀ , ਇੱਕੀ ਸਾਲ ਗੰਗਾ ਦੇ ਇਸ਼ਨਾਨ ਕਰਨ ਵਾਲੇ ਦੇ ਦਿਲ ਨੂੰ ਧੂਹ ਪਾ ਦਿੱਤੀ ਗੁਰੂ ਦੀ ਪ੍ਰਾਪਤੀ ਕਰਵਾਈ । ਜਿਨਾ ਚਿਰ ਉਸ ਨੂੰ ਗੁਰੂ ਮਿਲ ਨਹੀਂ ਗਿਆ ਚੈਨ ਨਹੀਂ ਕੀਤਾ ਜਦੋਂ ਮਿਲ ਗਿਆ , ਤਾਂ ਉਸ ਨਾਲ ਇਕਮਿਕ ਹੋ ਗਏ ਤੇ ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਮਹਾਰਾਜ ਬਣ ਗਏ । ਸਾਰੇ ਪਿਆਰ ਨਾਲ ਬੋਲੋ ਧੰਨ ਗੁਰੂ ਨਾਨਕ ।
ਦਾਸ ਜੋਰਾਵਰ ਸਿੰਘ ਤਰਸਿੱਕਾ।
ਵਾਹਿਗੁਰੂ ਜੀ 🙏