ਰਾਮਰਾਏ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ, ਬਖਸ਼ਾਈ ਸੀ ਭੁੱਲ

11 ਮਈ ਵਾਲੇ ਦਿਨ ਬਾਬਾ ਰਾਮਰਾਏ ਨੇ ਪਾਉਟਾਂ ਸਾਹਿਬ ਜਮਨਾਂ ਨਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕੀਤੀ ਤੇ ਆਪਣੀ ਭੁੱਲ ਬਖਸ਼ਾਈ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ ।
ਬਾਬਾ ਰਾਮ ਰਾਏ ਜੀ ਦਾ ਜਨਮ 1646 ‘ਚ ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਏ ਜੀ ਦੇ ਘਰ ਸ਼ੀਸ਼ ਮਹੱਲ (ਕੀਰਤਪੁਰ) ਵਿਖੇ ਹੋਇਆ। ਉਹ ਗੁਰੂ ਜੀ ਦੇ ਵੱਡੇ ਸਪੁੱਤਰ ਸਨ ਤੇ ਛੋਟੀ ਉਮਰ ਤੋਂ ਹੀ ਯੋਗਾ ਅਭਿਆਸ ਕਰਦੇ ਸਨ। ਔਰੰਗਜ਼ੇਬ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ ‘ਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਗਿਆ ਹੈ, ਸੋ ਔਰੰਗਜ਼ੇਬ ਨੇ ਗੁਰੂ ਹਰਿ ਰਾਏ ਜੀ ਨੂੰ ਦਿੱਲੀ ਬੁਲਾਇਆ। ਗੁਰੂ ਜੀ ਆਪ ਤਾਂ ਨਾ ਗਏ ਪਰ ਉਨ੍ਹਾਂ ਬਾਬਾ ਰਾਮ ਰਾਏ ਜੀ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਥਾਂ ਦਿੱਲੀ ਜਾਣ, ਸੋ ਬਾਬਾ ਰਾਮ ਰਾਏ ਦਿੱਲੀ ਗਏ ਤੇ ਔਰਗੰਜ਼ੇਬ ਨੂੰ ਮਿਲੇ। ਔਰੰਗਜ਼ੇਬ ਨੂੰ ਰਾਮਰਾਏ ਨੇ ਬਹੁਤ ਕਰਾਮਾਤਾ ਦਿਖਾਈਆਂ ਜਦੋ ਔਰੰਗਜ਼ੇਬ ਦੀ ਕੋਈ ਪੇਸ਼ ਨਾ ਚਲੀ ਤਾਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਕਿਹਾ ਕਿ ਗ੍ਰੰਥ ਸਾਹਿਬ ਵਿਚ ਮੁਸਲਮਾਨਾਂ ਦੇ ਖਿਲਾਫ ਕਿਉਂ ਲਿਖਿਆ ਗਿਆ ਹੈ ਤੇ ਉਸ ਨੇ ਰਾਗ ਆਸਾ ਦੇ ਹੇਠ ਲਿਖੇ ਸ਼ਬਦ ਦੀ ਉਦਾਹਰਣ ਦਿੱਤੀ :
ਮਿਟੀ ਮੁਸਲਮਾਨ ਕੀ ਪੈੜੇ ਪਈ ਕੁਮਿਆਰ
ਘੜਿ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ
ਜਲਿ ਜਲਿ ਹੋਵੈ ਬਪੁੜੀ ਝੜਿ
ਝੜਿ ਪਵਹਿ ਅੰਗਿਆਰ
ਨਾਨਕ ਜਿਹਿ ਕਰਤੈ ਕਾਰਣੁ ਕੀਆ।
ਸੋ ਜਾਣੈ ਕਰਤਾਰੁ ।
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 466)
ਬਾਬਾ ਰਾਮ ਰਾਏ ਨੇ ਔਰੰਗਜ਼ੇਬ ਨੂੰ ਕਿਹਾ ਕਿ ਮੁਸਲਮਾਨ ਸ਼ਬਦ ਦੀ ਥਾਂ ਸ਼ਬਦ ਬੇਈਮਾਨ ਹੈ। ਲਿਖਾਰੀ ਦੀ ਗਲਤੀ ਨਾਲ ਸ਼ਬਦ ਮੁਸਲਮਾਨ ਲਿਖਿਆ ਗਿਆ ਹੈ।
ਇਸ ‘ਤੇ ਗੁਰੂ ਪਿਤਾ ਬਾਬਾ ਰਾਮ ਰਾਏ ਨਾਲ ਸਖਤ ਨਾਰਾਜ਼ ਹੋ ਗਏ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮੂੰਹ ਨਾ ਦਿਖਾਉਣ। ਸੋ ਬਾਬਾ ਰਾਮ ਰਾਏ ਪੰਜਾਬ ਆਉਣ ਦੀ ਥਾਂ ਉੱਤਰਾਖੰਡ ਵੱਲ ਚਲੇ ਗਏ। ਸ਼੍ਰੀਨਗਰ (ਉੱਤਰਾਖੰਡ) ਦਾ ਰਾਜਾ ਫਤਿਹ ਸ਼ਾਹ ਉਨ੍ਹਾਂ ਦਾ ਲਿਹਾਜ਼ੀ ਸੀ। ਉਸ ਨੇ ਉਨ੍ਹਾਂ ਨੂੰ ਦੇਹਰਾਦੂਨ ਦੀ ਜਾਗੀਰ ਦੇ ਦਿੱਤੀ। ਦੇਹਰਾਦੂਨ ਦੀ ਥਾਂ ਉਸ ਸਮੇਂ ਸੰਘਣਾ ਜੰਗਲ ਸੀ ਤੇ ਸ਼ੇਰ-ਬਘੇਲੇ ਆਮ ਫਿਰਦੇ ਸਨ। ਬਾਬਾ ਜੀ ਨੇ ਇਥੇ 1676 ‘ਚ ਦੇਹਰਾਦੂਨ ਵਸਾਇਆ। ਕਿਹਾ ਜਾਂਦਾ ਹੈ ਕਿ ਜਿਸ ਥਾਂ ਬਾਬਾ ਜੀ ਦੇ ਘੋੜੇ ਨੇ ਪੌੜ ਮਾਰਿਆ, ਉਥੇ ਉਨ੍ਹਾਂ ਨੇ ਝੰਡਾ ਗੱਡ ਦਿੱਤਾ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਸੀ ਰਾਮਰਾਏ ਦਾ ਦਿਲ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਨੂੰ ਕੀਤਾ। ਆਪਣੇ ਸੇਵਕਾਂ ਪਾਸੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਵਾਸਤੇ ਬੇਨਤੀ ਕੀਤੀ ਮਹਾਰਾਜ ਮੰਨ ਗਏ । 11 ਮਈ 1685 ਮੁਲਾਕਾਤ ਜਮਨਾਂ ਨਦੀ ਵਿੱਚ ਰੱਖੀ ਪਾਉਂਟਾ ਸਾਹਿਬ ਵਲੋਂ ਗੁਰੂ ਗੋਬਿੰਦ ਸਿੰਘ ਜੀ ਬੇੜੀ ਵਿੱਚ ਸਵਾਰ ਹੋ ਕੇ ਗਏ ਤੇ ਦੇਹਰਾਦੂਨ ਵਾਲੇ ਪਾਸੇ ਤੋਂ, ਰਾਮਰਾਏ ਆਇਆ । ਜਦੋ ਦੋਵੇਂ ਬੇੜੀਆਂ ਬਰਾਬਰ ਹੋਈਆਂ ਰਾਮਰਾਏ ਨੇ ਗੁਰੂ ਜੀ ਦਰਸ਼ਨ ਤੇ ਬਚਨ ਬਿਲਾਸ ਕਰਦਿਆਂ ਏਨਾਂ ਖੁੱਸ਼ ਹੋਇਆ ਕਿ ਗੁਰੂ ਜੀ ਬੇੜੀ ਵਿੱਚ ਸਵਾਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਹੋਈ ਗਲਤੀ ਦੀ ਮੁਆਫੀ ਮੰਗੀ । ਇਹ ਸਭ ਕੁਝ ਕੰਡੇ ਤੋਂ ਖੜ੍ਹੀ ਰਾਮਰਾਏ ਦੀ ਸੰਗਤ ਨੇ ਵੇਖਿਆ ਤੇ ਗੁੱਸੇ ਵਿੱਚ ਸੰਗਤ ਨੇ ਮੂੰਹ ਪਰੇ ਕਰ ਲਏ । ਇਹ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਰਾਮਰਾਏ ਤੂੰ ਬਖਸ਼ਿਆਂ ਗਿਆ ਪਰ ਤੇਰੀ ਸੰਗਤ ਨਹੀਂ ਬਖਸ਼ੀ।
ਰਾਮਰਾਏ ਜੀ ਦੀ ਸੰਗਤ ਨੂੰ ਬੇਨਤੀ ਕਰਦਾ ਤੁਸੀਂ ਵੀ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਭੁੱਲ ਬਖਸ਼ਾਵੋ ਜੀ ।
ਬਾਬਾ ਰਾਮ ਰਾਏ ਉੱਚ ਪੱਧਰ ਦੇ ਯੋਗੀ ਵੀ ਸਨ। ਯੋਗ ਦੀ ਸਭ ਤੋਂ ਉੱਚੀ ਅਵਸਥਾ ਨਿਰਵਿਕਲਪ ਸਮਾਧੀ ਦੀ ਹੁੰਦੀ ਹੈ। ਇਸ ਸਮਾਧੀ ‘ਚ ਯੋਗੀ ਆਪਣੇ ਸਰੀਰ ਨੂੰ ਛੱਡ ਕੇ ਬਾਹਰ ਚਲਾ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਆਪਣੇ ਸਰੀਰ ‘ਚ ਵਾਪਸ ਆ ਜਾਂਦਾ ਹੈ।
ਇਕ ਵਾਰ ਬਾਬਾ ਰਾਮ ਰਾਏ ਆਪਣੀ ਪਤਨੀ ਮਾਤਾ ਪੰਜਾਬ ਕੌਰ ਨੂੰ ਕਹਿਣ ਲੱਗੇ ਕਿ ਉਹ ਨਿਰਵਿਕਲਪ ਸਮਾਧੀ ‘ਚ ਜਾ ਰਹੇ ਹਨ, ਕੋਈ ਉਨ੍ਹਾਂ ਦੀ ਸਮਾਧੀ ਭੰਗ ਨਾ ਕਰੇ। ਉਹ ਆਪਣੇ ਕਮਰੇ ‘ਚ ਚਲੇ ਗਏ ਤੇ ਅੰਦਰੋਂ ਕਮਰਾ ਬੰਦ ਕਰ ਕੇ ਨਿਰਵਿਕਲਪ ਸਮਾਧੀ ‘ਚ ਚਲੇ ਗਏ। ਜਦੋਂ ਉਹ ਕਾਫੀ ਚਿਰ ਆਪਣੇ ਸਰੀਰ ਵਿਚ ਵਾਪਸ ਨਾ ਆਏ ਤਾਂ ਲੋਭੀ ਮਸੰਦਾਂ ਨੇ ਰੌਲਾ ਪਾ ਦਿੱਤਾ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਮਸੰਦਾਂ ਦੀ ਨਿਗਾਹ ਉਨ੍ਹਾਂ ਦੀ ਜਾਗੀਰ ਅਤੇ ਜਾਇਦਾਦ ਵੱਲ ਸੀ। ਮਾਤਾ ਪੰਜਾਬ ਕੌਰ ਨੇ ਮੰਸਦਾਂ ਨੂੰ ਬਹੁਤ ਸਮਝਾਇਆ ਕਿ ਉਹ ਅੱਗੇ ਵੀ ਇਸ ਤਰ੍ਹਾਂ ਦੀ ਸਮਾਧੀ ਲਾਉਂਦੇ ਹਨ ਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਆਪਣੇ ਸਰੀਰ ‘ਚ ਵਾਪਸ ਆ ਜਾਣਾ ਹੈ ਪਰ ਮਸੰਦ ਨਾ ਮੰਨੇ। ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਉਨ੍ਹਾਂ ਦੇ ਸਰੀਰ ਦਾ ਅੰਤਮ ਸੰਸਕਾਰ ਕਰ ਦਿੱਤਾ। ਕੁਝ ਸਮੇਂ ਬਾਅਦ ਬਾਬਾ ਜੀ ਵਾਪਸ ਆ ਗਏ ਤੇ ਆਪਣੇ ਸਰੀਰ ਦਾ ਅੰਤਮ ਸੰਸਕਾਰ ਦੇਖ ਕੇ ਤੜਫੇ। ਉਨ੍ਹਾਂ ਨੇ ਮਸੰਦਾਂ ਨੂੰ ਸਰਾਪ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਜਿਊਂਦੇ ਨੂੰ ਜਲਾਇਆ, ਉਸ ਤਰ੍ਹਾਂ ਤੁਸੀਂ ਵੀ ਜਿਊਂਦੇ ਜਲਾਏ ਜਾਵੋਗੇ। ਇਹ ਘਟਨਾ 1687 ‘ਚ ਵਾਪਰੀ।
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਨ੍ਹੀਂ ਦਿਨੀਂ ਪਾਉਂਟਾ ਸਾਹਿਬ ‘ਚ ਨਿਵਾਸ ਰੱਖਦੇ ਸਨ। ਮਾਤਾ ਪੰਜਾਬ ਕੌਰ ਨੇ ਦਸਮ ਪਿਤਾ ਕੋਲ ਫਰਿਆਦ ਕੀਤੀ ਤੇ ਸਾਰੀ ਘਟਨਾਂ ਦਸੀ। ਗੁਰੂ ਜੀ ਦੇਹਰਾਦੂਨ ਆਏ ਤੇ ਮਸੰਦਾ ਨੂੰ ਜਿਊਂਦਿਆਂ ਨੂੰ ਹੀ ਤੇਲ ਦੇ ਤਪਦੇ ਕੜਾਹਿਆਂ ‘ਚ ਪਾ ਕੇ ਸਾੜਿਆ ਪਰ ਬਖਸ਼ਾ ਮਸੰਦ, ਜੋ ਇਸ ਸਾਜ਼ਿਸ਼ ਦਾ ਜ਼ਿੰਮੇਵਾਰ ਸੀ, ਬਚ ਕੇ ਭੱਜਣ ‘ਚ ਕਾਮਯਾਬ ਹੋ ਗਿਆ।
ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top