ਇਤਿਹਾਸ – ਜਦੋ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚੱਲੀ ਸੀ

ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਸਦਕਾ ਬਾਬਾ ਬਕਾਲਾ ਸਾਹਿਬ ਦਰਸ਼ਨਾਂ ਲਈ ਗਿਆ ਸੀ । ਭੋਰਾ ਸਾਹਿਬ ਦੇ ਸਾਹਮਣੇ ਇਕ ਥੜਾ ਬਣਿਆ ਹੋਇਆ ਹੈ ਇਹ ਉਹ ਅਸਥਾਨ ਹੈ ਜਿਸ ਜਗਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਸ਼ਾਹ ਲੁਬਾਣੇ ਦੇ ਪ੍ਗਟ ਕਰਨ ਤੋ ਬਾਅਦ ਸੰਗਤਾਂ ਨੂੰ ਗੁਰੂ ਜੀ ਨੇ ਦਰਸ਼ਨ ਦਿਤੇ ਤੇ ਦੀਵਾਨ ਲਾਇਆ ਸੀ । ਇਸੇ ਹੀ ਅਸਥਾਨ ਤੇ ਸ਼ੀਹੇ ਮਸੰਦ ਨੇ ਧੀਰ ਮੱਲ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਵਾਈ ਸੀ ।
ਸ਼ੀਹਾਂ ਮਸੰਦ : ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸੋਢੀ ਧੀਰ ਮੱਲ ਵਲੋਂ ਥਾਪਿਆ ਇਕ ਮਸੰਦ । ਜਦੋਂ 30 ਮਾਰਚ 1664 ਈ . ਨੂੰ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਚ ਜੋਤੀ ਜੋਤਿ ਸਮਾਏ ਤਾਂ ਉਨ੍ਹਾਂ ਨੇ ਅਗਲੇ ਗੱਦੀਦਾਰ ਦੀ ਨਾਮਜ਼ਦਗੀ ਵਜੋਂ ਕੇਵਲ ‘ ਬਾਬਾ ਬਕਾਲੇ ’ ਸ਼ਬਦ ਕਹੇ । ਨੌਵੇਂ ਗੁਰੂ ਉਦੋਂ ਬਕਾਲਾ ਨਾਂ ਦੇ ਕਸਬੇ ਵਿਚ ਭਗਤੀ ਕਰਦੇ ਸਨ । ਜੋ ਰਿਸ਼ਤੇ ਵਜੋਂ ਅੱਠਵੇਂ ਗੁਰੂ ਦੇ ਦਾਦਾ ( ਬਾਬਾ ) ਲਗਦੇ ਸਨ । ਨਾਂ ਦੀ ਅਸਪੱਸ਼ਟਤਾ ਕਾਰਣ ਬਕਾਲੇ ਵਿਚ ਕਈਆਂ ਨੇ ਗੁਰਗੱਦੀ ਉਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ । ਧੀਰ ਮੱਲ ਨੇ ਜਿਗਿਆਸੂਆਂ ਨੂੰ ਆਪਣੇ ਨਾਲ ਜੋੜਨ ਲਈ ਕਈ ਬੰਦੇ ਛਡੇ ਹੋਏ ਸਨ ਅਤੇ ਸ਼ੀਹਾਂ ਮਸੰਦ ਵੀ ਅਜਿਹੀ ਕਾਰਵਾਈ ਬੜੇ ਉਤਸਾਹ ਨਾਲ ਕਰ ਰਿਹਾ ਸੀ । ਗੁਰੂ ਤੇਗ ਬਹਾਦਰ ਜੀ ਏਕਾਂਤ ਵਿੱਚ ਰਹਿਣਾ ਪਸੰਦ ਕਰਦੇ ਸਨ , ਪਰ ਈਸ਼ਵਰ ਨੇ ਜੋ ਕੁਛ ਕਰਨਾ ਹੁੰਦਾ ਹੈ ਲੱਖ ਸਬੱਬ ਬਣਾ ਦੇਂਦਾ ਹੈ । ਓਸੇ ਸਮੇਂ ਪ੍ਰਮੇਸ਼ੁਰ ਦਾ ਪ੍ਰੇਰਿਆ ਹੋਇਆ ਇੱਕ ਲੁਬਾਣਾ ਸਿੱਖ ( ਮੱਖਣ ਸ਼ਾਹ ਲੁਬਾਣਾ } ਸੌਦਾਗਰ ਗੁਰੂ ਕੀ ਸੁੱਖਣਾਂ ਦੀ ਪੰਜ ਸੌ ਮੋਹਰ ਦੇਣ ਵਾਸਤੇ ਕੁਟੰਬ ਸਨੇ ਬਕਾਲੇ ਆ ਪਹੁੰਚਿਆ । ਕਿਉਂਕਿ ਓਸ ਦਾ ਜਹਾਜ਼ ਤੀਖਣ ਪੌਣ ਨਾਲ ਬੇਵਸ ਹੋ ਕੇ ਡੁਬਣ ਲਗਾ ਜਦ ਗੁਰੂ ਜੀ ਨੂੰ ਧਿਆਇਆ ਤੇ ਨਫ਼ੇ ਵਿੱਚੋਂ ਚੌਥਾ ਹਿੱਸਾ ਗੁਰੂ ਨਮਿੱਤ ਦੇਣਾ ਕੀਤਾ । ਕੁਦਰਤ ਨਾਲ ਉਸ ਦੇ ਅਨੁਕੂਲ ਐਸੀ ਕਿਰਪਾ ਹੋਈ ਜਹਾਜ਼ ਜਲ ਉੱਤੇ ਤੁਰ ਪਿਆ । ਉਸ ਨੇ ਮਸਕਾ ਮੰਡੀ ਦੇ ਬੰਦਰਗਾਹ ਉੱਤੇ ਮਾਲ ਵੇਚ ਕੇ ਦੋ ਹਜ਼ਾਰ ਮੋਹਰ ਨਫ਼ੇ ਦੀ ਖੱਟੀ । ਓਸ ਵਿੱਚੋਂ ਪੰਜ ਸੌ ਗੁਰੂ ਜੀ ਨੂੰ ਦੇਣ ਆਯਾ ਤਾਂ ਅੱਗੇ ਅਜੇਹੀ ਗੜਬੜ ਦੇਖੀ ਜੋ ੨੨ ਆਦਮੀ ਗੁਰੂ ਬਣੇ ਹੋਏ ਆਪੋ ਆਪਣੇ ਪਾਸੇ ਨੂੰ ਖਿੱਚ ਰਹੇ ਸੇ । ਇੱਕ ਗੁਰੂ ਕੋਈ ਨਿਰਨੇ ਨਾ ਹੋਯਾ । , ਚੋਲੇ , ਫ਼ਕੀਰੀ ਬਾਣਾ ਧਾਰੇ ਹੋਏ ਇੱਕ ਤੋਂ ਇੱਕ ਚੜ੍ਹਦਾ ਬੈਠੇ ਦੇਖੇ । ਮੱਖਣ ਸ਼ਾਹ ਪਿੰਡ ਤੋਂ ਬਾਹਰ ਇੱਕ ਖੂਹ ਪਾਸ ਤੰਬੂ ਲਵਾ ਕੇ ਉੱਤਰ ਪਿਆ । ਉਸ ਨੂੰ ਧਨੀ ਤੇ ਬਹੁਤੇ ਆਦਮੀਆਂ ਵਾਲਾ ਜ਼ੋਰਾਵਰ ਦੇਖ ਕੇ ਸਭਨਾਂ ਸੋਢੀਆਂ ਦੇ ਕਾਰਬਾਰੀ ਮਿਸਰੀ ਦੇ ਥਾਲ , ਪ੍ਰਸ਼ਾਦ ਲੈ ਕੇ ਜਾ ਮਿਲੇ ਤੇ ਆਪਣੇ ਆਪਣੇ ਸੋਢੀ ਦੀ ਮਹਿਮਾ ਦੂਜੇ ਦੀ ਨਿੰਦਾ ਕਰ ਕਰ ਲੱਗੇ ਆਪਣੇ ਆਪਣੇ ਵੱਲ ਖਿੱਚਣ । ਧਨੀ ਲੋਕ ਬੜੇ ਚਤੁਰ ਹੁੰਦੇ ਹਨ । ਉਹ ਉਨ੍ਹਾਂ ਸੋਢੀਆਂ ਨੂੰ ਬਹੁਰੂਪੀਏ ਜਾਣ ਕੇ ਸਭ ਦੇ ਆਦਮੀਆਂ ਨੂੰ ਜਵਾਬ ਦੇ ਕੇ ਆਪਣੀ ਪਤਨੀ ਨੂੰ ਨੇਤਰ ਵਹਾਕੇ ਬੋਲਿਆ , “ ਮੈਂ ਬੜਾ ਭਾਰੀ ਗੁਨਾਹੀਂ ਤੇ ਮੰਦਭਾਗੀ ਹਾਂ , ਜਿਸ ਨੂੰ ਆਸਾ ਕਰ ਕੇ ਆਏ ਨੂੰ ਸੱਚੇ ਸਤਿਗੁਰੂ ਦਾ ਦਰਸ਼ਨ ਭੀ ਨਾ ਹੋਯਾ । ਉਸ ਦੀ ਇਸਤ੍ਰੀ ਨੇ ਬੇਨਤੀ ਕੀਤੀ , “ ਪਤੀ ਜੀ ! ਤੁਸੀਂ ਰੁਦਨ ਕਿਉਂ ਕਰਦੇ ਹੋ ? ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਪਰ ਭਰੋਸਾ ਰੱਖੋ । ਜਿਸ ਨੇ ਥਲਾਂ ਵਿੱਚ ਜਲ ਵਹਾਕੇ ਸਾਡਾ ਬੇੜਾ ਪਾਰ ਕੀਤਾ ਹੈ , ਓਹ ਆਪੇ ਪਰਗਟ ਹੋ ਕੇ ਦਰਸ਼ਨ ਦੇ ਕੇ ਸਾਨੂੰ ਨਿਹਾਲ ਕਰਨਗੇ । ਫੇਰ ਦੰਪਤਿ ਨੇ ਏਹ ਸਲਾਹ ਕੀਤੀ ਕਿ ਦੋ ਦੋ ਮੋਹਰਾਂ ਸਭਨਾਂ ਸੋਢੀਆਂ ਨੂੰ ਦੇਂਦੇ ਜਾਓ । ਜੇਹੜਾ ਸੱਚਾ ਗੁਰੂ ਹੋਊ , ਆਪੇ ਆਪਣੀ ਪੰਜ ਸੌ ਮੋਹਰ ਅਮਾਨਤ ਮੰਗ ਲਊ । ਪਹਿਲੇ ਓਹ ਧੀਰਮੱਲ ਪਾਸ ਗਏ , ਜੋ ਬਹੁਤੀ ਡੀਮਡਾਮ ਬਨਾਈ ਬੈਠਾ ਸੀ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੱਥਾਂ ਦਾ ਗੁਰੂ ਗ੍ਰੰਥ ਸਾਹਿਬ ਓਸ ਪਾਸ ਖੁਲ੍ਹਾ ਦੇਖ ਕੇ ਮੱਖਣਸ਼ਾਹ ਨੇ ਪੰਜ ਮੋਹਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਜ਼ਰ ਤੇ ਦੋ ਧੀਰਮੱਲ ਨੂੰ ਦਿੱਤੀਆਂ । ਛਿਨ ਭਰ ਬੈਠਾ ਰਿਹਾ ਕਿ ਭਲਾ ਜੇ ਏਹੋ ਆਪਣੀ ਪੰਜ ਸੌ ਮੋਹਰ ਮੰਗ ਲੈਣ । ਪਰ ਓਹ ਨਿਰਾਪੁਰਾ ਬਗਲਾ ਭਗਤ ਲਪਚਕਣੀਆਂ ਗੱਲਾਂ ਸੁਣਾ ਸੁਣਾ ਆਪਣੀ ਵਡਿਆਈ ਕਹਿੰਦਾ ਰਿਹਾ । ਏਸੇ ਤਰ੍ਹਾਂ ਸਭਨਾਂ ਗੱਦੀ ਵਾਲਿਆਂ ਨੂੰ ਮੱਖਣ ਸ਼ਾਹ ਦੋ ਦੋ ਮੋਹਰਾਂ ਦੇ ਕੇ ਮੱਥਾ ਟੇਕਦਾ ਫਿਰਿਆ । ਜਦ ਆਪਣੀ ਅਮਾਨਤ ਮੰਗਣ ਵਾਲਾ ਸੱਚਾ ਗੁਰੂ ਕੋਈ ਨਾ ਨਿੱਤਰਿਆ , ਤਾਂ ਫੇਰ ਮੱਖਣ ਸ਼ਾਹ ਅਸਚਰਜ ਹੋ ਕੇ ਨੇਤਰ ਭਰ ਆਇਆ ਤੇ ਕੁਝ ਬਕਾਲੇ ਦੇ ਵਸਨੀਕ ਜੋ ਉਸ ਦੇ ਆਸ ਪਾਸ ਖੜੇ ਸਨ , ਓਨ੍ਹਾਂ ਨੂੰ ਪੁੱਛਿਆ ਕਿ ਕੋਈ ਹੋਰ ਭੀ ਸੋਢੀ ਹੈ ? ਓਨ੍ਹਾਂ ਆਖਿਆ , “ ਜੀ ! ਗੱਦੀਆਂ ਵਾਲੇ ਤਾਂ ਏਹੋ ਸਨ , ਜਿਨ੍ਹਾਂ ਕੋਲ ਤੁਸੀਂ ਪੁਜ ਆਏ ਹੋ । ਬਾਕੀ ਇੱਕ ਛੇਵੇਂ ਗੁਰੂ ਜੀ ਦਾ ਪੁੱਤ ਤੇਗਾ ਨਾਮੇ ਮਸਤ ਜਿਹਾ ਹੋਰ ਭੀ ਹੈ । ਪਰ ਓਹ ਕਿਸੇ ਨਾਲ ਗੱਲ ਨਹੀਂ ਕਰਦਾ । ਆਪਣੇ ਕੋਠੇ ਵਿੱਚ ਪਿਆ ਰਹਿੰਦਾ ਹੈ । ਕਦੇ ਜੰਗਲ ਵਿੱਚ ਜਾ ਵੜਦਾ ਹੈ । ਉਸ ਦੀ ਮਾਈ ਉਸ ਨੂੰ ਗੱਦੀ ਲਾ ਕੇ ਬੈਠਣ ਲਈ ਬਥੇਰਾ ਆਖਦੀ ਹੈ , ਪਰ ਓਹ ਏਸ ਗਲ ਨੂੰ ਪਸੰਦ ਨਹੀਂ ਕਰਦਾ । ਬੇਪ੍ਰਵਾਹ ਜੇਹਾ ਹੈ । ” . ਗੁਰੂ ਤੇਗ ਬਹਾਦਰ ਜੀ ਦੇ ਲੱਛਣ ਸੁਣ ਕੇ ਮੱਖਣ ਸ਼ਾਹ ਦੀ ਇਸਤ੍ਰੀ ਨੇ ਆਖਿਆ , “ ਏਹੋ ਜਿਹੇ ਮਸਤ ਲੋਕ ਕੀਰਤੀ ਵਾਲੇ ਹੁੰਦੇ ਹਨ । ਚਲੋ ! ਉਨ੍ਹਾਂ ਨੂੰ ਭੀ ਪੂਜ ਆਈਏ । ਜਦ ਏਨ੍ਹਾਂ ਨੇ ਜਾ ਕੇ ਗੁਰੂ ਜੀ ਨੂੰ ; ਜੋ ਇੱਕ ਕੋਠੇ ਵਿੱਚ ਪ੍ਰਮੇਸ਼ਰ ਨਾਲ ਲਿਵ ਲਾਈ ਬੈਠੇ ਸਨ , ਦੇਖਿਆ ਤਾਂ ਜਿਕੂ ਜਲ ਦੇ ਛੰਭ ਪਾਸ ਗਿਆਂ ਠੰਢਕ ਵਰਤ ਜਾਂਦੀ ਹੈ ਓਨ੍ਹਾਂ ਦੇ ਮਨ ਨੂੰ ਸ਼ਾਂਤੀ ਜੇਹੀ ਆ ਗਈ ਤੇ ਦੋ ਮੋਹਰਾਂ ਅੱਗੇ ਰੱਖ ਕੇ ਮੱਥਾ ਟੇਕਿਆ । ਤਾਂ ਗੁਰੂ ਜੀ ਬੋਲੇ , “ ਭਾਈ ਸਿੱਖਾ ! ਗੁਰੂ ਧਨ ਦੇ ਭੁੱਖੇ ਤਾਂ ਨਹੀਂ , ਪਰ ਸਿੱਖਾਂ ਦਾ ਸੁਖਨ , ਸਿਦਕ ਅਚੱਲ ਰਖਾਉਣ ਵਾਸਤੇ ਯਾਦ ਕਰਾ ਦੇਣਾ ਸਾਡਾ ਧਰਮ ਹੈ । ਨਹੀਂ ਤਾਂ ਜਿੱਥੇ ਸਾਡੀ ਪੰਜ ਸੌ ਮੋਹਰ ਤੇਰੇ ਪਾਸ ਅਮਾਨਤ ਹੈ , ਓਥੇ ਏਹ ਦੋਵੇਂ ਰੱਖ ਛੱਡ । ਅਸਾਂ ਤਾਂ ਪੰਜ ਸੌ ਲੈਣੀ ਹੈ । ਤੂੰ ਦੋ ਕਿਉਂ ਦੇਂਦਾ ਹੈਂ ? ਤੇਰਾ ਜਹਾਜ਼ ਡੁਬਦਾ ਬੰਨੇ ਲਾਇਆ ਸੀ ਇਹ ਸਾਡਾ ਮੋਢਾ ਦੇਖ ਜਿਸ ਤੇ ਅਜੇ ਵੀ ਜਖਮਾਂ ਦੇ ਨਿਸ਼ਾਨ ਹਨ । ਏਹ ਬਚਨ ਸੁਣ ਕੇ ਮੱਖਣ ਸ਼ਾਹ ਤਾਂ ਬਾਗ਼ ਬਾਗ਼ ਹੋ ਗਿਆ ਤੇ ਗੁਰੂ ਜੀ ਦੇ ਚਰਣ ਚੁੰਮਣ ਲਗ ਪਿਆ ਤੇ ਬੇਨਤੀ ਕੀਤੀ , “ ਜੀ ! ਸੱਚੇ ਪਾਤਸ਼ਾਹ ! ਜੇ ਤੂੰ ਮੇਰੀ ਇੱਛਯਾ ਪੂਰੀ ਕੀਤੀ , ਜੇ ਏਸੇ ਤਰ੍ਹਾਂ ਪ੍ਰਗਟ ਹੋ ਕੇ ਸਾਰੀ ਸੰਗਤ ਦੀ ਭਾਵਨਾ ਪੂਰੀ ਕਰੋ । ਕਿਉਂਕਿ ਬਨਾਵਟੀ ਗੁਰੂਆਂ ਨੇ ਸੰਗਤ ਦੀ ਨੱਕ ਜਾਨ ਲਿਆ ਰੱਖੀ ਹੈ । ਏਸੇ ਲਈ ਆਪ ਦੇ ਦਰਸ਼ਨ ਨੂੰ ਸੰਗਤ ਮੱਛੀ ਵਾਂਗੂੰ ਤੜਫ ਰਹੀ ਹੈ । ਜਿਕੂ ਚੰਦੂਮਾਂ ਦੇ ਦੇਖੇ ਬਿਨਾਂ ਚਕੋਰਾਂ ਨੂੰ ਚੈਨ ਨਹੀਂ , ਐਉਂ ਸੰਗਤ ਬੇਚੈਨ ਹੈ । ” ਏਹ ਬਾਤ ਸੁਣ ਗੁਰੂ ਜੀ ਬੋਲੇ , ਅਸੀਂ ਗੁਰੂ ਹੋਣਾਂ ਨਹੀਂ ਚਾਹੁੰਦੇ । ਜੋ ਕੋਈ ਸਾਨੂੰ ਪ੍ਰਗਟ ਕਰੇਗਾ , ਉਸ ਦਾ ਕਾਲਾ ਮੂੰਹ ਕਰਾਗੇ ਤੇ ਗਧੇ ਤੇ ਚੜਾਵਾਗੇ। ਮੱਖਣ ਸ਼ਾਹ ਓਸੇ ਘੜੀ ਡੇਰੇ ਆਇਆ । ਪਰੋਪਕਾਰ ਵਾਸਤੇ ( ਮੱਖਣ ਸ਼ਾਹ ਦਾ ਪਰਉਪਕਾਰ ) ਕਾਲਾ ਮੂੰਹ ਕਰ ਗਧੇ ਤੇ ਚੜ੍ਹ ਗੁਰੂ ਜੀ ਦੇ ਸਾਹਮਣੇ ਆ ਖਲੋਤਾ । ਸਿੱਖ ਦਾ ਸੱਚਾ ਸਿਦਕ ਦੇਖ ਕੇ ਗੁਰੂ ਸਾਹਿਬ ਜੀ ਦੇ ਨੇਤਰ ਭਰ ਆਏ ਤੇ ਬੋਲੇ , ਨਿਹਾਲ ! ਸਿੱਖਾ ਨਿਹਾਲ ! ਮੱਖਣ ਸ਼ਾਹ ਨੇ ਓਸੇ ਵੇਲੇ ਕੋਠੇ ਤੇ ਚੜ ਚਾਦਰ ਭਵਾਈ ਤੇ ਲੱਗਾ ਉੱਚੀ ਉੱਚੀ ਪੁਕਾਰਨ , “ ਭੁੱਲੀਓ ਸੰਗਤੋ ! ਗੁਰੂ ਲੱਧਾ , ਭੁੱਲੀਓ ਸੰਗਤੋ ! ਸੱਚਾ ਸਤਿਗੁਰੂ ਲੱਭਾ ! ਏਹ ਬਚਨ ਸਿੱਖਾਂ ਦੇ ਕੰਨਾਂ ਵਿੱਚ ਐਉਂ ਪਿਆ , ਜਿਓ ਸੁੱਕਦੀ ਖੇਤੀ ਉੱਤੇ ਮੀਂਹ ਪੈਂਦਾ ਹੈ । ਬਾਕੀ ਬਹੁਰੂਪੀਏ ਗੁਰੂ ਆਪਣੇ ਸਾਥੀਆਂ ਸਮੇਤ ਜੁਵਾਸੇ , ਅੱਕਾਂ ਵਾਂਗੂੰ ਝੁਰਨ ਲੱਗ ਪਏ । ਫੇਰ ਕੌਣ ਲੁਕਣ ਦੇਵੇ ? ਸੰਗਤ ਨੇ ਚੰਦ ਵਾਂਗ ਆ ਪਰਵਾਰੇ । ਮੱਖਣ ਸ਼ਾਹ ਆਦਿਕ ਸਿਆਣੇ ਸਿਆਣੇ ਧਨੀ ਸਿੱਖਾਂ ਨੇ ਝੱਟ ਫਰਸ਼ ਕਰਾ , ਸਿੰਘਾਸਨ ਬਿਛਾ , ਗੁਰੂ ਜੀ ਨੂੰ ਇਸ਼ਨਾਨ ਕਰਾ , ਪੁਸ਼ਾਕ ਪਹਿਨਾ ਵੈਸਾਖ ਵਦੀ ੧੩ ਸੰਮਤ ੧੭੨੧ ਬਿਕ੍ਰਮੀ ਨੂੰ ਸਿੰਘਾਸਨ ਤੇ ਬਿਠਾ ਦਿੱਤਾ । ਬਾਬਾ ਬੁੱਢਾਂ ਜੀ ਦੀ ਵੰਸ਼ ਵਿੱਚੋ, ਭਾਈ ਗੁਰਦਿੱਤੇ ਨੇ ਉਹੋ ਪੰਜ ਪੈਸੇ ਇੱਕ ਨਾਰੀਅਲ ; ਜੋ ਅੱਠਵੇਂ ਗੁਰੂ ਜੀ ਭੇਜ ਗਏ ਸਨ , ਅੱਗੇ ਧਰ ਕੇ ਚਾਰ ਪ੍ਰਮਾਂ ਕਰ ਗੁਰਿਆਈ ਦਾ ਤਿਲਕ ਕਰ ਦਿੱਤਾ । ਮਾਤਾ ਨਾਨਕੀ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਖ਼ਸ਼ੇ ਹੋਏ ਸ਼ਸਤਰ , ਬਸਤਰ , ਮੋਤੀਆਂ ਦੀ ਮਾਲਾ ਸਮੇਤ ਦੇ ਕੇ ਓਹ ਕਥਾ ਭੀ ਸੰਗਤ ਨੂੰ ਸੁਣਾ ਦਿੱਤੀ ਜੋ ਛੇਵੇਂ ਗੁਰੂ ਜੀ ਇਨ੍ਹਾਂ ਨੂੰ ਵਰ ਦੇ ਗਏ ਸਨ , ਸਾਥੋਂ ਤੀਜੇ ਥਾਂ ਤੇਰਾ ਪੁੱਤ ਗੁਰੂ ਹੋਵੇਗਾ , ਜਿਸ ਦਾ ਪੁੱਤ ਸਾਡੀ ਕੁਲ ਉਜਿਆਰੀ ਕਰੇਗਾ । ਮੱਖਣ ਸ਼ਾਹ ਨੇ ਪੰਜ ਸੌ ਮੋਹਰ ਮੰਨਤ ਦੀ ਤੇ ਸਵਾ ਸੌ ਰੁਪਯਾ ਕੜਾਹ ਪ੍ਰਸ਼ਾਦ ਵਾਸਤੇ ਗੁਰੂ ਜੀ ਦੇ ਅਰਪਣ ਕੀਤਾ । ਫੇਰ ਤਾਂ ਸਭ ਸੰਗਤ ਨੇ ਯਥਾ ਸ਼ਕਤਿ ਨਜ਼ਰ ਭੇਟਾ ਦੇ ਅੰਬਾਰ ਲਾ ਦਿੱਤੇ । ਏਸ ਰਚਨਾ ਨੂੰ ਵੇਖ ਕੇ ਬਨਾਵਟੀ ਗੁਰੂ ਤਾਂ ਸ਼ਰਮਿੰਦੇ ਹੋ ਕੇ ਚੁੱਪ ਚਾਪ ਕੰਨ ਝਾੜ ਕੇ ਐਉਂ ਤੁਰ ਪਏ ਜਿਉਂ ਖੇਤ ਦੇ ਰਖਵਾਲੇ ਆਏ ਤੋਂ ਮਿਰਗ ਜਾਂਦੇ ਹਨ । ਗੁਰੂ ਵਯੋਗ ਦੀ ਰਾੜੀ ਦੇ ਕੁਮਲਾਏ ਹੋਏ ਕਵਲਾਂ ਤੇ ਚੱਕੂ ਵਾਂਗੂੰ ਸਿੱਖ ਗੁਰੂ ਰੂਪੀ ਸੂਰਜ ਦਾ ਦਰਸ਼ਨ ਕਰ ਸਭ ਪਰਫੁੱਲਤ ਹੋ ਗਏ । ਯਦੀ ਹੋਰ ਸੋਢੀਆਂ ਨੂੰ ਡੰਡਾ ਡੇਰਾ , ਬੋਰੀਆਂ ਵੱਧਣਾ ਚੁੱਕੀ ਜਾਂਦੇ ਦੇਖ ਕੇ ਧੀਰਮੱਲ ਭੀ ਤੁਰ ਪਿਆ ਸੀ , ਪਰ ਉਸ ਦੇ ਸਲਾਹੀਏ ( ਸ਼ੀਹੇਂ ਮਸੰਦ ਦੀ ਕਰਤੂਤ ) ਸ਼ੀਹੇਂ ਮਸੰਦ ਨੇ ਏਹ ਸਲਾਹ ਦਿੱਤੀ ਕਿ ਤੇਗ ਬਹਾਦਰ ਨੂੰ ਮਾਰ ਕੇ ਦੌਲਤ ਜੋ ਕਈ ਹਜ਼ਾਰ ਕੱਲ੍ਹ ਉਸ ਨੂੰ ਪੂਜਾ ਦੀ ਚੜੀ ਹੈ , ਤੇ ਅਜੇ ਤੱਕ ਘਰ ਵਿੱਚ ਪਈ ਹੈ ; ਲੁੱਟ ਕੇ ਲੈ ਚਲੋ । ਓਹੋ ਦੌਲਤ ਮਸੰਦਾਂ ਨੂੰ ਦੇ ਕੇ ਆਪਣੇ ਕਰ ਲਵਾਂਗੇ । ਸੋ ਆਪੇ ਸੰਗਤਾਂ ਨੂੰ ਤੁਸਾਂ ਵੱਲ ਝੁਕਾ ਦੇਣਗੇ । ਏਹੋ ਸਲਾਹ ਠੀਕ ਠਹਿਰਾ ਕੇ ਅਗਲੇ ਦਿਨ ਸਵੇਰੇ ਹੀ ਪੰਜਾਹ ਕੁ ਆਦਮੀ ਲੈ ਕੇ ਸ਼ੀਹਾਂ ਮਸੰਦ ਗੁਰੂ ਜੇ ਘਰ ਆ ਵੜਿਆ । ਭਾਵੇਂ ਗੁਰੂ ਜੀ ਨੇ ਕਿਸੇ ਨੂੰ ਨਾ ਹਟਾਇਆ ਤੇ ਨਾ ਰੌਲਾ ਪਾਇਆ । ਪਰ ਸ਼ੀਹੇਂ ਦੁਸ਼ਟ ਨੇ ਓਸ ਨਿਰਵੈਰ ਸੱਤਪੁਰਖ ਬ੍ਰਹਮ ਗਿਆਨੀ ਦਯਾ ਸਾਗਰ ਸੱਚੇ ਸਤਿਗੁਰੂ ਉੱਤੇ ਬੰਦੂਕ ਚਲਾਈ , ਜੋ ਮੱਥੇ ਦੇ ਪਾਸ ਜ਼ਰਾ ਕੁ ਨਿਸ਼ਾਨ ਕਰ ਕੇ ਗੋਲੀ ਕੰਧ ਵਿੱਚ ਜਾ ਧੱਸੀ । ਤਦ ਭੀ ਸ਼ਾਂਤੀ ਦੇ ਭੰਡਾਰ ਸੱਤ ਧਰਮ ਦੇ ਰਖਕ ਗੁਰੂ ਜੀ ਨੇ ਕੌੜਾ ਬਚਨ ਨਾ ਕੀਤਾ । ਬੰਦੂਕ ਚਲੀ ਦੇ ਮਗਰੋਂ ਮਾਤਾ ਨਾਨਕੀ ਜੀ ਨੂੰ ਖ਼ਬਰ ਹੋਈ । ਓਨ੍ਹਾਂ ਸ਼ੀਹੇਂ ਨੂੰ ਵੇਖ ਕੇ ਰੌਲਾ ਪਾਇਆ , ਤਾਂ ਹੋਰ ਸਿੱਖ ਆਏ ਤੇ ਲੁਟੇਰੇ ਲੋਕ ਪਦਾਰਥ ਲੁੱਟ ਕੇ ਧੀਰਮੱਲ ਸਮੇਤ ਰਾਹ ਪਏ । ਮੱਖਣ ਸ਼ਾਹ ਜੋ ਪਿੰਡੋਂ ਬਾਹਰ ਉੱਤਰਿਆ ਹੋਯਾ ਸੀ ਏਹ ਖ਼ਬਰ ਸੁਣ ਕੇ ਆਪਣੇ ਆਦਮੀ ਤੇ ਸਿੱਖਾਂ ਨੂੰ ਲੈ ਕੇ ਝੱਟ ਚੜ ਬੈਠਾ । ਧੀਰਮਲ ਨੂੰ ਦੌੜ ਕੇ ਜਾ ਰੋਕਿਆ । ਮਾਮੇ ਕ੍ਰਿਪਾਲ ਚੰਦ , ਗੁਰਦਿਤੇ , ਲਾਲਚੰਦ , ਮੱਖਣਸ਼ਾਹ ਆਦਿਕ ਗੁਰੂ ਕੇ ਬਹਾਦਰਾਂ ਨੇ ਤੀਰਾਂ ਗੋਲੀਆਂ ਦੀ ਅਜੇਹੀ ਬਰਖਾ ਕੀਤੀ , ਜੋ ਧੀਰਮਲ ਸਹਿ ਨਾ ਸਕਿਆ । ਘੋੜਾ ਭਜਾ ਕੇ ਨਿੱਕਲ ਗਿਆ । ਭਲਾ ਫੇਰ ਸਰਦਾਰ ਬਿਨਾਂ ਕੌਣ ਲੜੇ । ਓਸ ਦੇ ਆਦਮੀ ਸਭ ਨੱਠ ਗਏ । ਗੁਰੂ ਕੇ ਸਿੱਖ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਸਾਮਾਨ ਓਨ੍ਹਾਂ ਦਾ ਲੈ ਆਏ । ਪਰ ਜਦ ਗੁਰੂ ਤੇਗ ਬਹਾਦਰ ਜੀ ਨੇ ਏਹ ਸੁਣਿਆ ਤਾਂ ਓਨ੍ਹਾਂ ਨੇ ਮੱਖਣ ਸ਼ਾਹ ਤੇ ਕ੍ਰਿਪਾਲ ਚੰਦ ਨੂੰ ਕਹਿ ਕੇ ਧੀਰਮਲ ਦਾ ਸਭ ਸਾਮਾਨ ਮੁੜਵਾ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੋ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਪਾਸੋ ਲਿਖਵਾਇਆ ਸੀ ਉਹ ਵੀ ਵਾਪਸ ਕਰਵਾ ਦਿਤਾ । ਨੌਵੇਂ ਗੁਰੂ ਜੀ ਦਾ ਸੁਭਾਵ ਡਾਢਾ ਕੋਮਲ ਤੇ ਦਿਆਲੂ ਸੀ । ਏਸੇ ਗੱਲੋਂ ਗੁਰੂ ਸਾਹਿਬ ਜੀ ਦੀ ਮਹਿਮਾ ਜਗਤ ਵਿੱਚ ਚੰਦ ਦੀ ਚਾਨਣੀ ਵਾਂਗੂੰ ਬੜੀ ਛੇਤੀ ਪ੍ਰਕਾਸ਼ ਹੋ ਗਈ , ਜਿਸ ਕਰ ਕੇ ਦੂਰੋਂ ਦੂਰੋਂ ਸੰਗਤਾਂ ਗੁਰੂ ਦੇ ਦਰਸ਼ਨ ਨੂੰ ਉਮਡ ਉਮਡ ਕੇ ਮੇਘਾਂ ਦੀ ਤਰ੍ਹਾਂ ਆਉਣ ਲਗੀਆਂ । ਜੇਠ ਹਾੜ ਦੀ ਤਿਹਾਈ ਤੋਂ ਤਪੀ ਹੋਈ ਧਰਤੀ ਵਾਂਗੂੰ ਸੰਗਤ ਦੇ ਮਨ ਤਨ ਵਿੱਚ ਗੁਰੂ ਜੀ ਦੇ ਅੰਤ ਉਪਦੇਸ ਦੀ ਬਰਖਾ ਨੇ ਜੋ ਉਨ੍ਹਾਂ ਦੇ ਸ਼ਬਦਾਂ ਸਲੋਕਾਂ ਤੋਂ ਸਿੱਧ ਹੈ , ਠੰਢ ਪਾ ਦਿੱਤੀ । ਹੋਰ ਭੀ ਜਿਹੀ ਜਿਸ ਦੀ ਕਾਮਨਾ ਸੀ , ਗੁਰੂ ਜੀ ਨੇ ਆਪਣੀ ਆਤਮਕ ਸ਼ਕਤੀ ਨਾਲ ਨਾਮ ਦੀ ਦਾਤ , ਸਿੱਖੀ , ਦੁੱਧ , ਪੁੱਤ , ਧਨ , ਇੱਜ਼ਤ ਬਖ਼ਸ਼ ਕੇ ਸਭ ਪੂਰੀ ਕੀਤੀ । ਹੁਣ ਲੰਗਰ ਤੇ ਨਾਮ ਦਾ ਸਦਾ ਪ੍ਰਵਾਹ ਚੱਲਣ ਲੱਗਾ । ਸੰਗਤ ਦੀ ਆਵਾਜਾਈ ਦਾ ਮੇਲਾ ਲਗਾ ਰਹਿੰਦਾ ਤੇ ਸ਼ਬਦ ਕੀਰਨਤ ਦੀ ਧੁਨਿ ਹਰ ਵੇਲੇ ਹੁੰਦੀ ਰਹੇ ।


Related Posts

One thought on “ਸ੍ਰੀ ਦਰਬਾਰ ਸਾਹਿਬ

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top