ਦਾਦੇ ਦਾ ਕਲੰਕ ਧੋਣ ਵਾਲੇ ਪੋਤਿਆਂ ਦਾ ਇਤਿਹਾਸ
ਅੱਜ ਇਤਿਹਾਸ ਵਿੱਚ ਮੈ ਉਹਨਾ ਦੋ ਸੂਰਮਿਆਂ ਦਾ ਜਿਕਰ ਕਰਨ ਲੱਗਾ ਜਿਹਨਾ ਨੇ ਆਪਣੇ ਦਾਦੇ ਦਾ ਕਲੰਕ ਧੋਤਾ ਸੀ । ਇਸ ਇਤਿਹਾਸ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇ ਆਉ ਅੱਜ ਇਹ ਇਤਿਹਾਸ ਪੜੀਏ ਤੇ ਪੜਾਈਏ ਜੀ ।
ਸ਼ਹੀਦ ਭਾਈ ਸਰੂਪ ਸਿੰਘ ਜੀ ਤੇ ਭਾਈ ਅਨੂਪ ਜੀ ਇਹ ਦੋਵੇ ਯੋਧੇ ਭਾਈ ਸਾਲੋ ਜੀ ਦੀ ਵੰਸ਼ ਵਿਚੋ ਸਨ । ਤੇ ਭਾਈ ਸਾਲੋ ਜੀ ਦੇ ਪੋਤਰੇ ਦੁਨੀ ਚੰਦ ਦੇ ਇਹ ਪੋਤਰੇ ਸਨ , ਇਹ ਦੁਨੀ ਚੰਦ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠੇ ਦਾ ਰਹਿਣ ਵਾਲਾ ਸੀ। ਸੰਨ 1700 ਈ . ਵਿਚ ਜਦੋਂ ਪਹਾੜੀ ਰਾਜਿਆਂ ਨੇ ਆਨੰਦਪੁਰ ਨੂੰ ਘੇਰਨ ਦੀ ਯੋਜਨਾ ਬਣਾਈ ਤਾਂ ਇਹ ਆਪਣੇ ਕੁਝ ਯੋਧਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਸਹਾਇਤਾ ਲਈ ਉਥੇ ਪਹੁੰਚਿਆ । ਇਕ ਦਿਨ ਅਚਾਨਕ ਪਹਾੜੀ ਰਾਜਿਆਂ ਨੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਹਾਥੀ ਨੂੰ ਸ਼ਰਾਬ ਪਿਆ ਕੇ ਭੇਜਣ ਦੀ ਜੁਗਤ ਬਣਾ ਲਈ । ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਨੂੰ ਪਤਾ ਲਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਪਾਸ ਵੀ ਇਕ ਮਸਤ ਹਾਥੀ ਹੈ ਜੋ ਉਸ ਨੂੰ ਮਸਲ ਦੇਵੇਗਾ । ਕਿਉਕਿ ਦੁਨੀ ਚੰਦ ਦਾ ਸਰੀਰ ਵੀ ਬਹੁਤ ਭਾਰਾ ਸੀ ਗੁਰੂ ਗੋਬਿੰਦ ਸਿੰਘ ਜੀ ਭਾਈ ਸ਼ਾਲੋ ਜੀ ਦਾ ਕਰਕੇ ਦੁਨੀ ਚੰਦ ਦਾ ਸਤਿਕਾਰ ਕਰਦੇ ਸਨ । ਗੁਰੂ ਜੀ ਦੇ ਇਰਾਦੇ ਦਾ ਪਤਾ ਲਗਣ ‘ਤੇ ਦੁਨੀਚੰਦ ਘਬਰਾ ਗਿਆ ਅਤੇ ਉਥੋਂ ਖਿਸਕਣ ਵਿਚ ਹੀ ਆਪਣੀ ਸਲਾਮਤੀ ਸਮਝੀ । ਆਪਣੇ ਕੁਝ ਸਾਥੀਆਂ ਸਹਿਤ ਕਿਲ੍ਹੇ ਦੀ ਦੀਵਾਰ ਟੱਪਣ ਲਗਿਆਂ ਉਹ ਡਿਗ ਪਿਆ ਤੇ ਲੱਤ ਤੁੜਾ ਲਈ । ਫਿਰ ਜਦੋਂ ਆਪਣੇ ਪਿੰਡ ਮੰਜੇ ਤੇ ਪਿਆ ਸੀ ਤਾਂ ਸੱਪ ਨੇ ਡੰਗ ਲਿਆ ਤੇ ਦੁਨੀ ਚੰਦ ਮਰ ਗਿਆ । ਇਸ ਘਟਨਾ ਨੂੰ ਵੇਖਦੇ ਹੋਇਆਂ ਇਸ ਦੇ ਪੋਤਰਿਆਂ –ਭਾਈ ਸਰੂਪ ਸਿੰਘ ਅਤੇ ਅਨੂਪ ਸਿੰਘ ਨੂੰ ਬਹੁਤ ਬੁਰਾ ਲੱਗਾ ਕਿ ਸਾਡਾ ਦਾਦਾ ਦੁਨੀ ਚੰਦ ਗੁਰੂ ਜੀ ਤੋ ਬੇਮੁੱਖ ਹੋ ਕੇ ਸਾਡੇ ਪਰਿਵਾਰ ਨੂੰ ਕਲੰਕ ਲਾ ਗਿਆ ਹੈ । ਉਹਨਾ ਦੋਵਾਂ ਭਰਾਵਾ ਨੇ ਸਲਾਹ ਕੀਤੀ ਤੇ ਅਨੰਦਪੁਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚ ਕੇ ਆਪਣੇ ਦਾਦੇ ਦੁਨੀ ਚੰਦ ਜੀ ਦੀ ਭੁੱਲ ਤੇ ਮੁਆਫੀ ਮੰਗੀ । ਇਹ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਹੱਸ ਕੇ ਬੋਲੇ ਭਾਈ ਸਰੂਪ ਸਿੰਘ ਤੇ ਅਨੂਪ ਸਿੰਘ ਜੀ ਸਾਨੂੰ ਪਤਾ ਸੀ ਕਿ ਦੁਨੀ ਚੰਦ ਦੀ ਉਮਰ ਬਹੁਤ ਘੱਟ ਹੈ । ਅਸੀ ਤੇ ਭਾਈ ਸ਼ਾਲੋ ਜੀ ਦੇ ਸਤਿਕਾਰ ਵਜੋ ਦੁਨੀ ਚੰਦ ਨੂੰ ਇਸ ਹਾਥੀ ਨਾਲ ਲੜਨ ਦੀ ਸੇਵਾ ਬਖਸ਼ੀ ਸੀ ਕਿ ਦੁਨੀ ਚੰਦ ਇਤਿਹਾਸ ਵਿੱਚ ਹਮੇਸ਼ਾ ਲਈ ਅਮਰ ਹੋ ਜਾਦਾ । ਪਰ ਦੁਨੀ ਚੰਦ ਦਿਲ ਦਾ ਕਮਜੋਰ ਨਿਕਲਿਆ ਤੇ ਗੁਰੂ ਦੇ ਬੋਲਾ ਤੇ ਵਿਸ਼ਵਾਸ ਨਾ ਕਰ ਸਕਿਆ। ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਸਿਰ ਰੱਖ ਦਿਤਾ ਤੇ ਕਿਹਾ ਮਹਾਰਾਜ , ਸਾਡੇ ਮੱਥੇ ਤੇ ਲੱਗੇ ਕਲੰਕ ਨੂੰ ਧੋਣ ਦਾ ਇਕ ਮੌਕਾ ਸਾਨੂੰ ਜਰੂਰ ਬਖਸ਼ੋ ਜੀ । ਗੁਰੂ ਗੋਬਿੰਦ ਸਿੰਘ ਜੀ ਉਹਨਾ ਦੋਵਾ ਤੇ ਬਹੁਤ ਖੁਸ਼ ਹੋਏ ਤੇ ਬੋਲੇ ਫੇਰ ਤਿਆਰ ਹੋਵੇ ਪਹਾੜੀ ਰਾਜੇ ਤੇ ਮੁਗ਼ਲ ਫ਼ੌਜਾਂ ਹਮਲੇ ਲਈ ਆ ਰਹੀਆ ਹਨ । ਇਹ ਸੁਣ ਕੇ ਦੋਵੇ ਯੋਧਿਆਂ ਦੇ ਡੋਲੇ ਫੜਕੇ ਅੱਖਾਂ ਲਾਲ ਹੋ ਗਈਆਂ ਯੁੱਧ ਦੀ ਤਿਆਰੀ ਖਿੱਚ ਲਈ ਨਿਰਮੋਹਗੜ੍ਹ ਦੀ ਜੰਗ ਵਿੱਚ ਦੋਵਾਂ ਭਰਾਵਾਂ ਨੇ ਖਾਲਸਾਂ ਫੌਜ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਨ ਹੇਠ ਐਸੀ ਤੇਗ ਖੜਕਾਈ ਕਿ ਦੁਸ਼ਮਣ ਫ਼ੌਜਾਂ ਦੇ ਆਹੂ ਲਾਹ ਛੱਡੇ । ਗੁਰੂ ਜੀ ਉਹਨਾਂ ਭਰਾਵਾਂ ਦੀ ਵੀਰਤਾ ਵੱਲ ਵੇਖ ਕੇ ਬਹੁਤ ਖੁਸ਼ ਹੋਏ ਤੇ ਮੁੱਖ ਤੋ ਉਚਾਰਿਆ ਤੁਸਾ ਨੇ ਭਾਈ ਸ਼ਾਲੋ ਜੀ ਦੀ ਕੁੱਲ ਦਾ ਨਾਮ ਰੌਸਨ ਕਰ ਦਿੱਤਾ । ਭਾਈ ਸਰੂਪ ਸਿੰਘ ਤੇ ਭਾਈ ਅਨੂਪ ਸਿੰਘ ਜੀ ਜੰਗ ਵਿੱਚ ਜੂਝਦਿਆ ਸੈਕੜੇ ਫੱਟ ਖਾਂ ਕੇ ਸ਼ਹਾਦਤ ਦਾ ਜਾਮ ਪੀ ਗਏ । ਆਪਣੇ ਖੂਨ ਨਾਲ ਆਪਣੇ ਦਾਦੇ ਦੁਨੀ ਚੰਦ ਵਾਲਾ ਕਲੰਕ ਧੋ ਦਿਤਾ।
ਧੰਨ ਗੁਰੂ ਧੰਨ ਗੁਰੂ ਦੇ ਸਿੰਘ।
ਜੋਰਾਵਰ ਸਿੰਘ ਤਰਸਿੱਕਾ