ਮਰਦਾਨਾ ਜਦੋਂ ਬਾਬੇ ਨੂੰ ਪਹਿਲੀ ਵਾਰ ਮਿਲਿਆ
ਮਰਦਾਨਾ ਜਦੋਂ ਬਾਬੇ ਨੂੰ ਪਹਿਲੀ ਵਾਰ ਮਿਲਿਆ
“ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਏਂ .. ਕੀ ਨਾਂ ਏ ਤੇਰਾ ?” ਬਾਬੇ ਨਾਨਕ ਨੇ ਘਰ ਦੇ ਬਾਹਰ ਸੁਰੀਲੀ ਰਬਾਬ ਨਾਲ ਵਾਰਾਂ ਗਾਉਂਦੇ ਵਜਾਉਂਦੇ ਰਬਾਬੀ ਨੂੰ ਪੁੱਛਿਆ।
“ਮਰਦਾਨਾ !” ਉਹ ਝੁੱਕ ਕੇ ਬੋਲਿਆ।
“ਮਰਦਾਨਿਆਂ ! ਤੂੰ ਰਬਾਬ ਬੜੀ ਮਿੱਠੀ ਵਜਾਉਨੈ ਤੇ ਤੈਨੂੰ ਰਾਗਾਂ ਦੀ ਵੀ ਸੋਹਣੀ ਸੂਝ ਏ। ਕਿੰਨਾ ਚੰਗਾ ਹੋਵੇ ਜੇ ਤੂੰ ਰੱਬੀ ਬਾਣੀ ਇਹਦੇ ਤੇ ਗਾਵਿਆ ਕਰੇਂ।”
“ਰੱਬ ਤੁਹਾਨੂੰ ਬਹੁਤਾ ਦੇਵੇ … ਤੁਹਾਡੇ ਜਿਹੇ ਕਦਰਦਾਨਾਂ ਕਰ ਕੇ ਅਸੀਂ ਤੁਰੇ ਫਿਰਦੇ ਆਂ .. ਇਸ ਰਬਾਬ ਤੇ ਅਸੀਂ ਸੱਥਾਂ ਵਿੱਚ ਅਤੇ ਤੁਹਾਡੇ ਜਿਹੇ ਸ਼ਾਹਾਂ ਦੇ ਘਰਾਂ ਅੱਗੇ ਵਾਰਾਂ ਤੇ ਲੋਕਗੀਤ ਗਾ ਕੇ ਟੱਬਰ ਪਾਲਣੇ ਆਂ। ਰੱਬੀ ਬਾਣੀ ਗਾ ਕੇ ਕਿੱਥੇ ਗੁਜ਼ਰਾਨ ਹੋਣਾ ਏ ?” ਮਰਦਾਨੇ ਨੂੰ ਬਾਬੇ ਦੀ ਕਦਰਦਾਨੀ ਤਾਂ ਚੰਗੀ ਲੱਗੀ ਪਰ ਰੱਬੀ ਬਾਣੀ ਦੀ ਸਲਾਹ ਨਹੀਂ। ਉਹਨੂੰ ਆਪਣੇ ਟੱਬਰ ਦੇ ਪਾਲਣ ਪੋਸ਼ਣ ਦਾ ਫਿਕਰ ਸੀ।
“ਤੂੰ ਮੇਰਾ ਹੋਇ ਰਹਿ ਮਰਦਾਨਿਆਂ .. ਮੈਂ ਦਰਗਾਹ ‘ਚ ਤੇਰਾ ਜਾਮਨ ਹੋਸਾਂ … ਤੇਰੇ ਟੱਬਰ ਦੇ ਰਿਜ਼ਕ ਦੀ ਜਿੰਮੇਵਾਰੀ ਮੇਰੀ ਹੋਸੀ … ਰਿਜ਼ਕ ਦੀ ਕੋਈ ਘਾਟ ਨਹੀ ਰਹੇਗੀ … ਤੇਰਾ ਉਧਾਰ ਹੋਸੀ।”
ਅੰਦਰੋਂ ਉਸਨੂੰ ਚੰਗਾ ਵੀ ਲੱਗਾ ਕਿ ਦਰ ਦਰ ਮੰਗਣਾ ਪਿੰਨਣਾ ਛੁੱਟ ਜਾਏਗਾ ਪਰ ਇੱਕ ਦਮ ਅਚਾਨਕ ਐਨੇ ਵੱਡੇ ਬਦਲਾਅ ਅਤੇ ਫੈਸਲੇ ਲਈ ਉਹ ਸ਼ਸ਼ੋਪੰਜ ਵਿੱਚ ਪੈ ਗਿਆ ਪਰ ਬੋਲਿਆ,
“ਮੈਂ ਪੰਜ ਨਮਾਜੀ ਆਂ ਤੇ ਰੋਜ਼ੇ ਵੀ ਰਖਦਾਂ .. ਤਾਂ ਕੀ ਮੇਰਾ ਉਧਾਰ ਨਾ ਹੋਸੀ ?”
ਮਰਦਾਨੇ ਦਾ ਭੋਲਾਪਨ ਬਾਬੇ ਨੂੰ ਚੰਗਾ ਲੱਗਾ।
“ਰੋਜ਼ੇ ਤੇ ਨਮਾਜ਼ਾਂ ਤਾਂ ਈ ਸਾਰਥਕ ਨੇ ਮਰਦਾਨਿਆਂ ਜੇ ਕਾਈ ਸ਼ਰਧਾ ਤੇ ਪ੍ਰੇਮ ਦੀ ਕਣੀ ਵੀ ਅੰਦਰ ਹੋਵੇ। ਜੀਵਨ ਸਤਿਵਾਦੀ ਹੋਵੇ। ਤੇਰੇ ਲਈ ਨਿਰੰਕਾਰ ਦਾ ਇਹੋ ਹੁਕਮ ਏ ਕਿ ਤੂੰ ਰੱਬੀ ਬਾਣੀ ਹੀ ਗਾਵੇਂ …. ਤੂੰ ਮੇਰੇ ਦਰ ਤੇ ਉਂਝ ਈ ਨਹੀਂ ਆ ਗਿਆ .. ਕਿਸੇ ਦਾ ਸੱਦਿਆ ਭੇਜਿਆ ਆਇਆਂ ਏ।”
“ਤੂੰ ਮਹਾਂਪੁਰਖ ਗੁੱਝੀਆਂ ਗੱਲਾਂ ਕਰੇਂ … ਮੇਰੀ ਤਾਂ ਕਾਈ ਸਮਝ ਨਾਹੀਂ।” ਅੰਦਰੋਂ ਉਹਨੂੰ ਕੋਈ ਡੂੰਘੀ ਖਿੱਚ ਜਰੂਰ ਪੈ ਰਹੀ ਸੀ ਹਾਲਾਂਕਿ ਮਨ ‘ਚ ਕੋਈ ਕਿਨਕਾ ਪੂਰਨ ਸਮਰਪਣ ਤੋਂ ਹਲੇ ਸ਼ੱਕ ਵਿੱਚ ਸੀ ਪਰ ਹੁਣ ਸਮਾਂ ਤਾਂ ਆ ਹੀ ਗਿਆ ਸੀ।
ਬਾਬੇ ਨਾਨਕ ਨੇ ਮਾਝ ਰਾਗ ਵਿੱਚ ਆਲਾਪ ਲਿਆ। ਇੱਕਦਮ ਮਰਦਾਨੇ ਦਾ ਰੋਮ ਰੋਮ ਤਰੰਗਿਤ ਹੋ ਗਿਆ ਤੇ ਵਿਸਮਾਦ ਤਾਰੀ ਹੋਣਾ ਸ਼ੁਰੂ ਹੋ ਗਿਆ। ਫਿਰ ਬਾਬੇ ਨੇ ਸ਼ਬਦ ਗਾਉਣਾ ਸ਼ੁਰੂ ਕੀਤਾ ਤੇ ਮਰਦਾਨੇ ਦਾ ਹੱਥ ਬਦੋਬਦੀ ਰਬਾਬ ਤੇ ਬਾਬੇ ਦੇ ਸ਼ਬਦ ਧੁੰਨ ਦੀ ਸੰਗਤ ਕਰਨ ਲੱਗਾ ਜਿਵੇਂ ਜੁਗਾਂ ਪੁਰਾਣਾ ਸਾਥ ਹੋਵੇ।
“ਪੰਜ ਨਿਵਾਜਾਂ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥
ਚੌਥੀ ਨੀਅਤ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥
ਕਰਣੀ ਕਲਮਾ ਆਖ ਕੈ ਤਾਂ ਮੁਸਲਮਾਣ ਸਦਾਇ॥
ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਇ ॥
ਮਰਦਾਨੇ ਅੰਦਰੋਂ ਅਗੰਮੀ ਰਸ ਦਾ ਝਰਣਾ ਫੁੱਟ ਪਿਆ। ਉਂਝ ਰਬਾਬ ਤਾਂ ਉਹ ਪਹਿਲਾਂ ਵੀ ਵਜਾਉਂਦਾ ਸੀ ਪਰ ਉਹਨੂੰ ਅੱਜ ਪਹਿਲੀ ਵਾਰ ਰਬਾਬ ਵਜਾਉਂਦੇ ਨੂੰ ਜੋ ਅੰਮ੍ਰਿਤ ਰਸ ਵਰਸਿਆ ਉਹ ਪਹਿਲਾਂ ਕਦੀ ਨਹੀਂ ਸੀ ਮਿਲਿਆ। ਉਹਨੂੰ ਅੱਜ ਪਤਾ ਲੱਗਾ ਕਿ ਰਾਗ ਅਤੇ ਬਾਣੀ ਦੇ ਸੁਮੇਲ ਨਾਲ ਕਿੰਨੀ ਠੰਢ ਵਰਤ ਸਕਦੀ ਏ। ਉੱਤੋਂ ਗਾਉਣ ਵਾਲਾ ਆਪ ਬਾਣੀ ਤੇ ਸੰਗੀਤ ਦਾ ਸੋਮਾ ਹੋਵੇ ਤਾਂ ਕਿਵੇਂ ਨਾ ਕੋਈ ਆਪਣੇ ਆਪ ਨੂੰ ਭੁੱਲ ਕੇ ਉਸ ਵਿੱਚ ਸਮਾ ਜਾਵੇ।
ਐਨਾ ਸੁੱਖ ! … ਐਨੀ ਤਸਕੀਨ ! .. ਅਕਹਿ ! ਅਬੋਲ ! ਅਤੋਲ ਅਨੰਦ !
ਮਰਦਾਨਾ ਚਾਹੁੰਦਾ ਸੀ ਕਿ ਇਹ ਸਭ ਕਦੀ ਬੰਦ ਨਾ ਹੋਵੇ। ਅਗੰਮੀ ਰਸ ਦੇ ਬੱਝੇ ਹੋਏ ਰਾਹੀ ਰਾਹ ਵਿੱਚ ਰੁੱਕ ਗਏ … ਭੌਰ ਪੰਖੇਰੂ ਢੋਰ ਜੰਤ ਸਭ ਸੁੱਖ ਮਹਿਸੂਸ ਕਰਨ ਲੱਗੇ।
ਫਿਰ ਜਿਵੇਂ ਹੀ ਬਾਬੇ ਨੇ ਗਾਉਣਾ ਬੰਦ ਕੀਤਾ ਤਾਂ ਜਿਵੇਂ ਸਭ ਕੁੱਝ ਉਂਝ ਦਾ ਉਂਝ ਠਹਿਰਿਆ ਈ ਰਹਿ ਗਿਆ ਉੱਥੇ ਦਾ ਉੱਥੇ । ਕੁੱਝ ਪਲਾਂ ਬਾਅਦ ਫਿਰ ਜਿਵੇਂ ਜਿਵੇਂ ਕਿਸੇ ਦੀ ਸੁਰਤ ਵਾਪਿਸ ਪਰਤੀ ਉਹ ਧੰਨ ਨਿਰੰਕਾਰ ਬੋਲਦਾ ਭਿਜੀਆਂ ਅੱਖਾਂ ਨਾਲ ਰਾਹੇ ਪੈ ਗਿਆ। ਬਾਣੀ ਦੀ ਇਹ ਜਾਦੂਈ ਮਿਠਾਸ ਭਰੀ ਤਾਕਤ ਬਾਬਾ ਧੁਰੋਂ ਨਾਲ ਲੈ ਕੇ ਆਇਆ ਸੀ।
ਮਰਦਾਨਾ ਸੁੰਨ ਹੋ ਕੇ ਖੜਾ ਰਿਹਾ … ਫਿਰ ਬਾਬੇ ਦੇ ਗਲ ਲੱਗ ਰੋਣ ਲੱਗ ਪਿਆ ਜਿਵੇਂ ਉਸ ਕੋਲੋਂ ਕੁੱਝ ਬਹੁਤ ਵੱਡਾ ਖੁੱਸ ਗਿਆ ਹੋਵੇ ਤੇ ਉਹ ਚਾਹੁੰਦਾ ਸੀ ਬਾਬਾ ਹੋਰ ਗਾਵੇ .. ਤੇ ਗਾਈ ਜਾਵੇ .. ਤੇ ਮੈਂ ਸਾਰੀ ਹਯਾਤੀ ਰਬਾਬ ਵਜਾਉਂਦਾ ਰਹਾਂ ਅਤੇ ਇਹ ਅਗੰਮੀ ਰਸ ਕਦੀ ਨਾ ਟੁੱਟੇ। ਉਸ ਦੇ ਅੰਦਰ ਦਾ ਸਭ ਧੋਤਾ ਗਿਆ .. ਤੇ ਬੱਸ .. ਉਸ ਦਿਨ ਤੋਂ ਮਰਦਾਨਾ ਬਾਬੇ ਦਾ ਹੋ ਗਿਆ।
ਇਉਂ ਮਰਦਾਨੇ ਦਾ ਬਾਬੇ ਨਾਨਕ ਨਾਲ ਪਹਿਲਾ ਮੇਲ ਹੋਇਆ। ਪਹਿਲਾਂ ਮਰਦਾਨਾ ਬਾਬੇ ਦਾ ਰਬਾਬੀ ਬਣਿਆ … ਫਿਰ ਜਿਉਂ ਜਿਉਂ ਕਪਾਟ ਖੁੱਲੇ … ਅਨੁਭਵ ਡੂੰਘਾ ਹੋਇਆ ਉਹ ਆਤਮਜ ਤੇ ਬਾਬੇ ਦਾ ਸਿੱਖ ਬਣਿਆ .. ਤੇ ਫਿਰ ਮਰਦਾਨਾ ਬਾਬੇ ਨਾਨਕ ਦਾ ਹੀ ਰੂਪ ਹੋ ਅਤੇ ਅੰਤ ਉਸੇ ਵਿੱਚ ਸਮਾ ਗਿਆ। ਉਸੇ ਦੇ ਹੱਥਾਂ ਵਿੱਚ … ਉਸਦੀ ਗੋਦ ਵਿੱਚ ਆਖਰੀ ਸਵਾਸ ਲਿਆ ॥