ਸੰਖੇਪ ਇਤਿਹਾਸ ਸਾਕਾ ਸਰਹਿੰਦ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੇ ਰਹਿਣ ਵਾਲੇ ਸਨ , ਆਪ ਨਵਾਬ ਵਜੀਦ ਖਾਨ ਸੂਬਾ ਸਰਹਿੰਦ ਦੇ ਹਿੰਦੂ ਲੰਗਰ ਵਿੱਚ ਨੌਕਰੀ ਕਰਦੇ ਸਨ , ਹਿੰਦੂ ਕੈਦੀਆਂ ਨੂੰ ਭੋਜਨ ਛਕਾਉਣ ਤੇ ਆਪ ਜੀ ਦੀ ਡਿਊਟੀ ਸੀ।
ਆਪ ਜੀ ਨਿੱਕਾ ਗਰੀਬੜਾ ਜਿਹਾ ਪਰਿਵਾਰ ਸੀ। ਗੁਰੂ ਘਰ ਨਾਲ ਪੂਰਨ ਸ਼ਰਧਾ ਸੀ। ਆਏ – ਗਏ ਸਿੱਖਾਂ ਨੂੰ ਘਰ ਵਿਖੇ ਲੰਗਰ ਦੀ ਸੇਵਾ ਕਰ ਦਿਆ ਕਰਦੇ ਸਨ। ਸ਼੍ਰੀ ਅਨੰਦਪੁਰ ਸਾਹਿਬ ਵੱਲ ਜਾਂਦੇ ਹੋਏ ਮਾਲਵੇ ਦੇ ਸਿੱਖ ਉਹਨਾਂ ਕੋਲ ਰਾਤ ਨੂੰ ਠਹਿਰ ਵੀ ਜਾਇਆ ਕਰਦੇ ਸਨ।
ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਦੇ ਕੰਢੇ ਵਿਛੜ ਗਿਆ। ਗੁਰੂ ਸਾਹਿਬ ਦੇ ਪੂਜਯੋਗ ਮਾਤਾ ਜੀ ਸਮੇਤ ਛੋਟੇ ਸਾਹਿਬਜ਼ਾਦੇ ਰੋਪੜ ਦੇ ਸਥਾਨ ਤੇ ਕੀਮੇ ਝੀਵਰ ਤੋਂ ਮੁਸਲਮਾਨ ਹੋਏ ਕਾਇਮਦੀਨ ਮਲਾਹ ਦੀ ਕਿਸ਼ਤੀ ਵਿੱਚ ਦੋ ਰਾਤ ਕੱਟ ਕੇ ਗੰਗੂ ਬ੍ਰਾਹਮਣ ਦੀ ਬੇਨਤੀ ਤੇ ਰਾਤ ਲਈ ਉਸ ਦੇ ਘਰ ਠਹਿਰੇ ,ਜਿਸਨੇ ਬਦਨੀਅਤ ਹੋ ਕੇ ਖਜਾਨੇ ਦੀ ਖੁਰਜੀ ਲਕੋ ਲਈ ਚੋਰ ਚੋਰ ਦਾ ਰੌਲਾ ਪਾ ਕੇ ਮੋਰਿੰਡੇ ਦੇ ਹਾਕਮ ਕੋਲ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਕੈਦ ਕਰਵਾ ਦਿੱਤਾ। ਮੁਰਿੰਡੇ ਦਾ ਹਾਕਮ ਇਹਨਾਂ ਨੂੰ ਸਰਹਿੰਦ ਦੇ ਨਵਾਬ ਵਜੀਦ ਖ਼ਾਨ ਕੋਲ ਲੈ ਆਇਆ ਅਤੇ ਉਸ ਨੇ ਇਹਨਾਂ ਨੂੰ ਠੰਡੇ ਬੁਰਜ ਅੰਦਰ ਕੈਦ ਕਰ ਦਿੱਤਾ। ਪੋਹ ਦੇ ਮਹੀਨੇ ਦੀ ਕੜਕਦੀ ਠੰਡ ਅਤੇ ਬਰਸਾਤੀ ਰਾਤ, ਕੋਲ ਕੋਈ ਗਰਮ ਕੱਪੜਾ ਨਹੀਂ , ਠੰਡ ਨਾਲ ਠੁਠਰਦੇ ਬਾਲ , ਦਾਦੀ ਦੀ ਹਿੱਕ ਨਾਲ ਚਿੰਬੜੇ ਉਸ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਦਾ ਜਾਪੁ ਕਰ ਰਹੇ ਸਨ।
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਇਹ ਬਰਦਾਸ਼ਤ ਨਾ ਕਰ ਸਕੇ ਕਿ ਦੋ ਜਹਾਨਾਂ ਦੇ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ ਨਿੱਕੇ ਬਾਲ ਅਤੇ ਬਿਰਧ ਮਾਤਾ ਭੁੱਖੇ ਭਾਣੇ ਰਾਤ ਬਤੀਤ ਕਰਨ , ਘਰਵਾਲੀ ਨਾਲ ਵਿਚਾਰ ਕੀਤਾ ਘਰੋਂ ਦੁੱਧ ਦਾ ਗੜਵਾ , ਕੋਰੇ ਭਾਂਡੇ ਵਿਚ ਜਲ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇਣ ਲਈ ਘਰਵਾਲੀ ਦੇ ਚਾਂਦੀ ਦੇ ਗਹਿਣੇ ਲੈ ਕੇ ਠੰਡੇ ਬੁਰਜ ਵਿੱਚ ਜਾ ਪੁੱਜਾ।
ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਫਿਰ ਆਪ ਵੀ ਛਕਿਆ , ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਧੰਨ ਹੋਇਆ। ਇਸ ਪ੍ਰਕਾਰ ਤਿੰਨ ਰਾਤਾਂ ਦੁੱਧ ਤੇ ਜਲ ਦੀ ਸੇਵਾ ਕੀਤੀ। ਸਾਹਿਬਜ਼ਾਦਿਆਂ ਦੇ ਇਸਲਾਮ ਧਰਮ ਕਬੂਲ ਨਾ ਕਰਨ ਤੇ ਨਵਾਬ ਸਰਹਿੰਦ ਨੇ ਦੋਹਾਂ ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ , ਮਾਤਾ ਜੀ ਵੀ ਪਰਲੋਕ ਸਿਧਾਰ ਗਏ ,ਦੀਵਾਨ ਟੋਡਰ ਮੱਲ ਨੇ ਮੋਹਰਾਂ ਖੜੀਆਂ ਚਿਣ ਕੇ ਦਾਹ ਸੰਸਕਾਰ ਕਰਨ ਲਈ ਥਾਂ ਦਾ ਮੁੱਲ ਤਾਰਿਆ ਤੇ ਸੰਸਕਾਰ ਕੀਤਾ। ਸਮਾਂ ਪਾ ਕੇ ਨਵਾਬ ਨੂੰ ਪਤਾ ਲੱਗਾ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਨੇ ਚੋਰੀ ਚੋਰੀ ਦੁੱਧ ਦੀ ਸੇਵਾ ਕੀਤੀ ਹੈ ਅਤੇ ਦਾਹ ਸੰਸਕਾਰ ਲਈ ਲੱਕੜਾਂ ਲਿਆਉਣ ਦੇ ਹਿੱਤ ਦੀਵਾਨ ਟੋਡਰ ਮੱਲ ਦੀ ਸਹਾਇਤਾ ਕੀਤੀ ਹੈ ਤਾਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਮੇਤ ਪਰਿਵਾਰ ਕੋਹਲੂ ਵਿੱਚ ਪਿੜ੍ਹਵਾ ਦਿੱਤਾ ਗਿਆ। ਦੁੱਧ ਦੀ ਸੇਵਾ ਲਈ ਜ਼ੁਰਮ ਦੇ ਤੌਰ ਤੇ ਸ਼ਹੀਦ ਕਰ ਦਿੱਤੇ ਗਏ। ਇਹ ਘਟਨਾ ਔਰੰਗਜ਼ੇਬ ਦੇ ਰਾਜ ਸਮੇਂ ਹੋਈ।