ਇਤਿਹਾਸ – ਭਾਈ ਮਰਦਾਨਾ ਜੀ
ਭਾਈ ਮਰਦਾਨਾ ਜੀ 28 ਨਵੰਬਰ ਨੂੰ ਖੁਰਮ ਦਰਿਆ ਦੇ ਕੰਡੇ ਅਫ਼ਗਾਨਿਸਤਾਨ ਵਿੱਚ ਆਪਣਾ ਪੰਜ ਭੂਤਕ ਸਰੀਰ ਤਿਆਰ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ।
ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ ਤਾਂ ਭਾਈ ਮਰਦਾਨੇ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।ਸਭ ਤੋਂ ਵੱਧ ਗੁਰੂ ਬਾਬੇ ਨਾਨਕ ਨਾਲ ਰਹਿਣ ਦਾ ਸੁਭਾਗ ਵੀ ਭਾਈ ਮਰਦਾਨੇ ਨੂੰ ਹੀ ਪ੍ਰਾਪਤ ਹੋਇਆ ਹੈ। ਕਈ ਸਦੀਆਂ ਤੱਕ ਭਾਈ ਮਰਦਾਨਾ ਜੀ ਨੂੰ ਭੁਖੇ,ਤਿਹਾਏ,ਡਰਪੋਕ ਤੇ ਆਮ ਜਿਹਾ ਮਰਾਸੀ ਸਮਝਿਆ ਜਾਂਦਾ ਰਿਹਾ ਹੈ ਪਰ ਜਦੋਂ ਉਨ੍ਹਾਂ ਦਾ ਜੀਵਨ ਦੇਖੀਏ ਤਾਂ ਪਤਾ ਲੱਗਦਾ ਕਿ ਉਹ ਨਿਰਕਪਟ,ਸੂਰਮਾ,ਸਮੇਂ ਨਾਲ ਲੜਨ ਵਾਲਾ,ਦੁੱਖਾਂ ਨੂੰ ਹੱਸ ਕੇ ਝੱਲਣ ਵਾਲਾ,ਰਾਗ ਵਿੱਦਿਆ ਵਿੱਚ ਪ੍ਰਬੀਨ,ਗੁਰੂ ਦਾ ਹੁਕਮ ਮੰਨਣ ਵਾਲਾ,ਨਿਰਭੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਅਜਿਹਾ ਸਾਥੀ ਸੀ ਜਿਸ ਨੇ ਹਰ ਦੁੱਖ ਤੇ ਆਈ ਔਕੜ ਦਾ ਡੱਟ ਕੇ ਮੁਕਾਬਲਾ ਕੀਤਾ।
ਗੁਰੂ ਨਾਨਕ ਦੇ ਇਸ ਸਾਥੀ ਦਾ ਜਿਕਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਵੀ ਕੀਤਾ :-
“ਇਕ ਬਾਬਾ ਅਕਾਲ ਰੂਪ ,ਦੂਜਾ ਰਬਾਬੀ ਮਰਦਾਨਾ ।”
ਭਾਈ ਮਰਦਾਨਾ ਜੀ ਮਹਾਰਾਜ ਤੋਂ ਦਸ ਸਾਲ ਵੱਡੇ ਸਨ।ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਅਨੁਸਾਰ ਭਾਈ ਮਰਦਾਨਾ ਜੀ ਦਾ ਜਨਮ ਤਲਵੰਡੀ ਵਿਖੇ ਸੰਨ 1459ਈ: ਨੂੰ ਹੋਇਆ।ਭਾਈ ਮਰਦਾਨਾ ਬਚਪਨ ਦਾ ਪਾਵਨ ਨਾਂ ‘ਦਾਨਾ’ ਸੀ ।’ਮਰਦਾਨਾ’ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਵਲੋਂ ਮਿਲਿਆ ਖ਼ਿਤਾਬ ਸੀ।ਭਾਈ ਦਾਨਾ ਜੀ ਦੇ ਪਿਤਾ ਦਾ ਨਾਂ ਭਾਈ ਬਦਰੇ ਤੇ ਮਾਤਾ ਦਾ ਨਾਂ ਮਾਈ ਲੱਖੋ ਸੀ।
ਭਾਈ ਮਰਦਾਨਾ ਜੀ ਨੂੰ ਰਾਗ ਵਿੱਦਿਆ ਪੁਰਖਿਆਂ ਵਿਚੋਂ ਹੀ ਮਿਲੀ ਸੀ।ਸੁਰੀਲਾ ਗਲਾ ਰਬ ਦੀ ਦੇਣ ਸੀ ਤੇ ਰਾਗ-ਗਾਇਕੀ ਦੀ ਸੂਝ ਪਿਤਾ-ਪੁਰਖੀ ਤੋਂ ਪ੍ਰਾਪਤ ਹੋਈ।ਬਹੁਤ ਘੱਟ ਲੋਕ ਜਾਣਦੇ ਹਨ ਕਿ ਸੰਸਾਰ ਪ੍ਰਸਿੱਧ ਗਾਇਕ ਤਾਨਸੇਨ ਦੇ ਗੁਰੂ ਹਰਿਦਾਸ ਜੀ ਮਰਦਾਨਾ ਜੀ ਦੇ ਸ਼ਾਗਿਰਦ ਸਨ।ਦਰਅਸਲ ਉਦੋਂ ਆਮ ਹੀ ਮੰਨਿਆ ਜਾਂਦਾ ਸੀ ਕਿ ਮਿਰਾਸੀ ਜਨਮ ਤੋਂ ਹੀ ਗਾਇਕ ਹੁੰਦਾ ਹੈ ਪਰੰਤੂ ਸੰਗੀਤਕਾਰ ਬਣਨ ਲਈ ਸ਼ਾਸਤਰੀ ਸੰਗੀਤ ਜਾਂ ਉਚੇਰਾ ਹੁਨਰ ਪ੍ਰਾਪਤ ਕਰਨ ਲਈ ਵਿਦਿਆ ਆਪਣੇ ਬਜ਼ੁਰਗਾਂ ਜਾਂ ਉਸਤਾਦ ਘਰਾਣਿਆਂ ਤੋਂ ਲੈਣੀ ਹੀ ਪੈਂਦੀ ਸੀ। ਭਾਈ ਮਰਦਾਨਾ ਜੀ ਦੀ ਪਤਨੀ ਦਾ ਕੀ ਨਾਮ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਇਸ ਬਾਰੇ ਜਰੂਰ ਜਿਕਰ ਆਉਂਦਾ ਹੈ ਕਿ ਉਹ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਤਿੰਨ ਬੱਚੇ ਸਨ।ਦੋ ਪੁੱਤਰ ਸ਼ਹਿਜ਼ਾਦਾ ਅਤੇ ਰਜਾਦਾ ਅਤੇ ਇਕ ਪੁੱਤਰੀ ਸੀ। ਰਬਾਬੀ ਹੋਣ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੇ ਮਰਦਾਨੇ ਨੇ ਆਪਣੇ ਗਾਇਨ ਨਾਲ ਬੜਾ ਰੰਗ ਲਾਇਆ। ਇਸ ਵਿਆਹ ਦੇ ਮੌਕੇ ਤੇ ਹੀ ਗੁਰੂ ਸਾਹਿਬ ਨੇ ਉਸਨੂੰ ਇਕ ਨਵੀਂ ਰਬਾਬ ਲੈ ਕੇ ਦਿਤੀ ਸੀ।ਰਬਾਬ ਅਰਬੀ ਸ਼ਬਦ ਹੈ।ਇਹ ਅਰਬ ਤੇ ਈਰਾਨ ਦੇ ਸੂਫੀ ਫਕੀਰਾਂ ਦੀ ਸਾਂਝੀ ਉਪਜ ਦਾ ਫਲ ਹੈ।ਭਾਈ ਕਾਨ੍ਹ ਸਿੰਘ ਅਨੁਸਾਰ ਰਬਾਬ ਦਾ ਅਸਲ ਨਾਮ ਰਾਵਣ ਵੀਣਾ ਹੈ। ਰਬਾਬ ਮਿਰਾਸੀਆਂ ਦਾ ਪੁਰਾਣਾ ਸੰਗੀਤਕ ਸਾਜ਼ ਹੈ।
ਖੋਜਕਾਰਾਂ ਨੇ ਰਬਾਬ ਬਾਰੇ ਲਿਖਿਆ ਹੈ ਕਿ ਰਬਾਬ ਤੰਤੀ ਸਾਜ਼ ਹੈ।ਇਸਦੇ ਦੋ ਪ੍ਰਕਾਰ ਹੁੰਦੇ ਹਨ।ਨਿਬੱਧ ਅਤੇ ਅਨਿਬੱਧ। ਨਿਬੱਧ ਰਬਾਬ ਵਿੱਚ ਸੁਰਾਂ ਚਿੰਨ੍ਹਾਂ ਦੇ ਪਰਦੇ ਤੰਦਾਂ ਨਾਲ ਬੱਝੇ ਹੁੰਦੇ ਹਨ।ਅਨਿਬੱਧ ਰਬਾਬ ਵਿੱਚ ਸੁਰਾਂ ਦੇ ਪਰਦੇ ਬੱਝੇ ਨਹੀ ਹੁੰਦੇ।ਰਬਾਬ ਨੂੰ ਵਜਾਉਣ ਲਈ ਆਮ ਤੌਰ ਤੇ ਲਕੜੀ ਜਾਂ ਹਾਥੀ ਦੰਦ ਦਾ ਤਿਕੋਣਾ ਟੁਕੜਾ ਵਰਤਿਆ ਜਾਂਦਾ ਹੈ।ਇਸ ਨੂੰ ਜਵਾਂ,ਜ਼ਰਬ ਤੇ ਮਿਜ਼ਰਾਬ ਵੀ ਕਹਿੰਦੇ ਹਨ।
ਇਸ ਨੂੰ ਵਜਾਉਣ ਲਈ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਤੇ ਦੂਜੀ ਉਂਗਲੀ ਨਾਲ ਫੜਕੇ ਤਾਰਾਂ ਉੱਤੇ ਟੁਣਕਰ ਕੀਤਾ ਜਾਂਦਾ ਹੈ ਤੇ ਖੱਬੇ ਹੱਥ ਦੀਆਂ ਉਂਗਲੀਆਂ ਨਾਲ ਤਾਰ ਨੂੰ ਡਾਂਡ ਉੱਤੇ ਦਬਾਕੇ ਸੁਰਾਂ ਨੂੰ ਪੈਦਾ ਕੀਤਾ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਰਬਾਬ ਦੀ ਉਦਾਹਰਨ ਛੇ ਵਾਰ ਹੋਈ ਮਿਲਦੀ ਹੈ।
ਭਾਈ ਮਨੀ ਸਿੰਘ ਜੀ ਨੇ ਭਾਈ ਮਰਦਾਨਾ ਜੀ ਦਾ ਗੁਰੂ ਪਾਤਸ਼ਾਹ ਨਾਲ ਪਹਿਲਾ ਮੇਲ ਲਗਭਗ ਸੰਨ 1480 ਵਿੱਚ ਹੋਇਆ ਦੱਸਿਆ ਹੈ।ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਗਿਆਰਾਂ ਸਾਲ ਦੀ ਸੀ ਤੇ ਭਾਈ ਮਰਦਾਨਾ ਜੀ ਇੱਕੀ ਸਾਲ ਦੇ ਸਨ।ਗੁਰੂ ਪਾਤਸ਼ਾਹ ਤੇ ਭਾਈ ਮਰਦਾਨੇ ਦਾ ਮੇਲ ਤਲਵੰਡੀ ਵਿੱਚ ਹੀ ਹੋਇਆ।ਭਾਈ ਮਰਦਾਨਾ ਵੀ ਰਾਇ ਭੌਂਇ ਦੀ ਤਲਵੰਡੀ ਦਾ ਜੰਮਪਲ ਸੀ।
ਤਲਵੰਡੀ ਦੀ ਹੀ ਸਾਖੀ ਹੈ ਕਿ ਇਕ ਵਾਰ ਗੁਰੂ ਨਾਨਕ ਜੀ ਇਕ ਰੁੱਖ ਹੇਠਾਂ ਆਰਾਮ ਕਰਦੇ ਪਏ ਸਨ ਕਿ ਉਧਰੋਂ ਕਿਸੇ ਪਾਸਿਉਂ ਰਬਾਬ ਵਜਾਉਣ ਦੀ ਆਵਾਜ਼ ਉਨ੍ਹਾਂ ਦੇ ਕੰਨ ਵਿੱਚ ਪਈ।ਉਹ, ਉੱਠ ਕੇ ਰਬਾਬ ਵਜਾਉਣ ਵਾਲੇ ਕੋਲ ਗਏ ਤੇ ਪੁੱਛਿਆ, “ਭਾਈ, ਤੇਰਾ ਨਾਉਂ ਕਿਆ ਹੈ ? ਤਾਂ ਉਸ ਨੇ ਕਿਹਾ, “ਜੀ ਮੇਰਾ ਨਾਉਂ ‘ਦਾਨਾ, ਮਰਾਸੀ ਲੋਕੀ ਕਹਿੰਦੇ ਹਨ। ਗੁਰੂ ਨਾਨਕ ਜੀ ਨੇ ਇਹ ਸੁਣ ਕੇ ਕਿਹਾ: “ਤੂੰ ਰਬਾਬ ਭਲਾ ਵਜਾਉਂਦਾ ਹੈਂ ਤੇ ਤੈਨੂੰ ਰਾਗਾਂ ਦੀ ਵੀ ਸੋਝੀ ਹੈ, ਪਰ ਜੇ ਤੂੰ ਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾ ਕੇ ਗਾਵੇ ਤਾਂ ਤੇਰਾ ਦੀਨ ਦੁਨੀ ਵਿਚ ਉਧਾਰ ਹੋਵੇਗਾ। ਦਾਨਾ ਜੀ ਨੇ ਕਿਹਾ ਅਸੀਂ ਤਾਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ ਚਾਰ ਪੈਸੇ ਲਿਆਉਂਦੇ ਹਾਂ। ਜੇ ਤੇਰੇ ਨਾਲ ਲੱਗਾਂਗੇ, ਤਾਂ ਪਰਿਵਾਰ ਵਾਲੇ ਸਭ ਭੁੱਖ ਨਾਲ ਮਰ ਜਾਣਗੇ ਤੇ ਭੁੱਖਿਆਂ ਤੋਂ ਨਿਮਾਜ਼ ਰੋਜ਼ਾ ਵੀ ਨਹੀਂ ਹੋਣਾ। ਇਹ ਸੁਣ ਸਾਹਿਬ ਬਚਨ ਕੀਤਾ, ‘ਦਾਨਿਆ, ਤੂੰ ਦਿਵਾਨਾ ਹੋਇਆ ਹੈਂ, ਸਭ ਦੀ ਪਾਲਣਾ ਈਸ਼ਵਰ ਕਰਦਾ ਹੈ। ਨਮਾਜ਼ ਤੇ ਰੋਜ਼ਾ ਖ਼ੁਦਾ ਦੇ ਘਰੋਂ ਬਖ਼ਸ਼ਿਸ਼ ਹੈ । ਜਦੋਂ ਲੇਖਾ ਹੋਇਆ ਤਾਂ ਹਾਮੀ ਕਿਸੇ ਨਹੀਂ ਭਰਨੀ। ਫਿਰ ਗੁਰੂ ਨਾਨਕ ਜੀ ਨੇ ਸਮਝਾਉਂਦੇ ਹੋਏ ਕਿਹਾ : ਦਾਨਿਆਂ, ਜੇ ਹੁਣ ਤੂੰ ਮਰਦਾਨਾ (ਸੂਰਮਾ) ਹੋਵੇਂ, ਸ਼ਬਦ ਪਾ ਕੇ ਰਾਗ ਨੂੰ ਗਾਵੇਂ ਤਾਂ ਤੇਰਾ ਦੋਹਾਂ ਲੋਕਾਂ ਦਾ ਕਾਰਜ ਹੋਵੇਗਾ। ਦਾਨਾ, ਮਰਦਾਨਾ ਬਣ ਕੇ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਨਾਲ ਤਿਆਰ ਹੋਇਆ । ਕੀਰਤਨ ਨੇ ਜਨਮ ਲਿਆ। ਬਾਬੇ ਦੇ ਸ਼ਬਦ ਤੇ ਮਰਦਾਨੇ ਦੀ ਰਬਾਬ ਨੇ ਅਜਿਹੀ ਕਰਾਮਾਤ ਕੀਤੀ ਜਿਸ ਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ। ਭਾਈ ਮਰਦਾਨਾ ਜੀ ਨੇ ਪੁੱਛਿਆ ਵੀ, ‘ਬਾਬਾ, ਇਹ ਜੋ ਕੀਰਤਨ ਅਸੀਂ ਗਾਉਂਦੇ ਹਾਂ , ਕੀ ਇਹੀ ਸ਼ਬਦ ਹੈ? ਇਸ ਸ਼ਬਦ ਨਾਲ ਹੀ ਮੁਕਤੀ ਹੋਵੇਗੀ?ਗੁਰੂ ਨਾਨਕ ਜੀ ਨੇ ਕਿਹਾ ” ਇਹੀ ਸ਼ਬਦ ਕੀਰਤ ਹੈ।ਜੇ ਕੋਈ ਸੁਰਤਿ ਨਾਲ ਸਮਝੇ ਤਾਂ ਉਹ ਮੁਕਤ ਹੋ ਸਕਦਾ ਹੈ।ਸਾਖੀਆਂ ਵਿੱਚ ਕਈ ਰੌਚਿਕ ਦ੍ਰਿਸ਼ ਹਨ।
ਭਾਈ ਮਰਦਾਨਾ ਉਹ ਪਹਿਲਾ ਸ੍ਰੋਤਾ ਹੈ ਜਿਸਨੇ ਬਾਬਾ ਨਾਨਕ ਦੇ ਮੁਖੋਂ ਉਚਾਰਿਤ ਬਾਣੀ ਸੁਣੀ।ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ। ” ਮਰਦਾਨਿਆ-ਰਬਾਬ ਵਜਾਇ ਬਾਣੀ ਆਈ ਏ” ਇਹ ਸਿਰਜਣਾ ਦੇ ਪਲ ਹੁੰਦੇ ਸਨ।
ਪ੍ਰਥਮ ਸ੍ਰੋਤਾ,ਪ੍ਰਥਮ ਵਾਦਕ ਤੇ ਪ੍ਰਥਮ ਗਵਈਆ ਹੋਣ ਦਾ ਮਾਣ ਕੇਵਲ ਮਰਦਾਨਾ ਜੀ ਨੂੰ ਪ੍ਰਾਪਤ ਹੋਇਆ।ਗੁਰਮਤਿ ਸੰਗੀਤ ਦੀਆਂ ਬਰੀਕੀਆਂ,ਸੂਖਮ ਤਰੰਗਾਂ ਦਾ ਸੁਮੇਲ ਸੰਗੀਤ ਤੇ ਬਾਣੀ ਦੀ ਇਕਸੁਰਤਾ ਦੀ ਸਿਖਲਾਈ ਪ੍ਰਾਪਤ ਕਰਨ ਦਾ ਪਹਿਲਾ ਅਵਸਰ ਭਾਈ ਮਰਦਾਨਾ ਜੀ ਨੂੰ ਮਿਲਿਆ।ਗੁਰੂ ਸਾਹਿਬ ਕਰਤਾਰੀ ਸਮਰੱਥਾ ਤੇ ਕਾਢਾਂ ਦੇ ਸੁਆਮੀ ਸਨ ਤੇ ਭਾਈ ਮਰਦਾਨਾ ਜੀ ਸਿੱਖਣਹਾਰ ਸੀ।
ਲੋਕ-ਸ਼ੈਲੀਆਂ ਦੀ ਵਿਸ਼ੇਸ਼ ਧੁਨ ਤੇ ਗਾਇਨ ਦਾ ਤਰੀਕਾ ਤੇ ਰਾਗ ਨਾਲ ਮਿਲ ਕੇ ਗਾਉਣ ਦਾ ਚੱਜ ਭਾਈ ਮਰਦਾਨਾ ਜੀ ਨੇ ਗੁਰੂ ਜੀ ਤੋਂ ਸਿੱਖਿਆ। ਪਹਿਰੇ,ਥਿਤੀ ਤੇ ਬਾਰਾਂਮਾਹ ਤਿੰਨੇ ਰੂਪ ਕਾਲ-ਚੇਤਨਾ ਨਾਲ ਓਤਪ੍ਰੋਤ ਹਨ।ਤਿੰਨਾਂ ਦੀ ਗਾਇਨ ਸ਼ੈਲੀ ਆਪਣੀ ਹੀ ਹੈ।ਇਸੇ ਤਰ੍ਹਾਂ ਛੰਤ,ਸੋਹਿਲਾ,ਅਲਾਹੁਣੀਆਂ,ਕੁਚਜੀ,ਸੁਚਜੀ ਨੂੰ ਵਿਸ਼ੇਸ਼ ਰਾਗ-ਬੰਦਿਸ਼ ਨਾਲ ਮਿਲਾਕੇ ਵਿਧੀ ਵੀ ਕੇਵਲ ਗੁਰੂ ਨਾਨਕ ਸਾਹਿਬ ਜੀ ਹੀ ਸਿਖਾ ਸਕਦੇ ਸਨ।
ਦਰਅਸਲ ਭਾਈ ਮਰਦਾਨਾ ਜੀ ਰਾਗਾਂ ਦਾ ਪਾਰੰਗਤ ਕਲਾਕਾਰ ਸੀ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਦੀ ਕਲਾਕਾਰੀ ਤੇ ਬੜਾ ਰੀਝਦੇ।ਜਦੋਂ ਭਾਈ ਜੀ ਰਾਗ ਤੇ ਬਾਣੀ ਦਾ ਸੁਮੇਲ ਕਰਕੇ ਸੰਗੀਤਕ ਟੁੰਬ ਦੇਂਦਾ ਤਾਂ ਹਿਰਦੇ ਪ੍ਰਫੁੱਲਤ ਹੋ ਵਿਸਮਾਦੀ ਰੰਗ ਵਿੱਚ ਰੰਗੇ ਜਾਂਦੇ ਸਨ।ਹਰ ਪਾਸੇ ਮਸਤੀ ਛਾ ਜਾਇਆ ਕਰਦੀ।ਰਾਗ, ਰਾਗਾਂ ਦੀਆਂ ਕਿਸਮਾਂ,ਰਹਾਉ,ਘਰ,ਲੋਕ ਗਾਇਨ ਸ਼ੈਲੀਆਂ ਨੂੰ ਰਾਗ ਵਿਸ਼ੇਸ਼ ਦੇ ਅਧੀਨ ਰੱਖਕੇ ਕਿਵੇਂ ਗਾਇਆ ਜਾਣਾ ਚਾਹੀਦਾ ਹੈ? ਗੁਰੂ ਬਾਬੇ ਨਾਨਕ ਨੇ ਭਾਈ ਮਰਦਾਨਾ ਜੀ ਨੂੰ ਸੁਸਿਖਿਅਤ ਕਲਾਕਾਰ ਦੇ ਰੂਪ ਵਿੱਚ ਉਭਾਰਿਆ।
ਭਾਈ ਮਰਦਾਨਾ ਅਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਗੋਸ਼ਟਾਂ ‘ਸਾਖੀਆਂ’ ਵਿੱਚ ਆਉਂਦੀਆ ਹਨ।ਇਹ ਗੋਸ਼ਟਾਂ ਪ੍ਰਮਾਰਥ ਦਾ ਖਜ਼ਾਨਾ ਹਨ। ਗੁਰੂ ਦਾ ਹੁਕਮ ਮੰਨਣ ਲਈ ਭਾਈ ਜੀ ਹਮੇਸ਼ਾ ਤਿਆਰ ਰਹਿੰਦੇ ਸਨ।ਜੋ ਗੁਰੂ ਨਾਨਕ ਜੀ ਕਹਿੰਦੇ ਮਰਦਾਨਾ ਓਹੀ ਕਰਦਾ।
ਜਦੋਂ ਗੁਰੂ ਸਾਹਿਬ ਜਬਲਪੁਰ ਵੱਲ ਨੂੰ ਤੁਰੇ ਤਾਂ ਪੱਚੀ ਤੀਹ ਮੀਲ ਦੇ ਫਾਸਲੇ ਤੇ ਇਕ ਅਜਿਹਾ ਭਿਆਨਕ ਜੰਗਲ ਆਇਆ ਜਿਸ ਵਿੱਚ ਕਈ ਆਦਮ ਖੋਰ (ਜੰਗਲੀ) ਮਨੁੱਖ ਰਹਿੰਦੇ ਸਨ, ਥੋੜ੍ਹੀ ਦੂਰ ਅੱਗੇ ਇੱਕ ਝੀਲ ਸੀ।ਜਿਸ ਦੇ ਕਿਨਾਰੇ ਗੁਰੂ ਸਾਹਿਬ ਜੀ ਆਸਣ ਲਾ ਕੇ ਟਿੱਕ ਗਏ। ਭਾਈ ਮਰਦਾਨਾ ਜੀ ਨੇ ਭੁੱਖ ਦੀ ਨਵਿਰਤੀ ਦੀ ਲਈ ਆਗਿਆ ਲਈ ਤੇ ਲਾਗੇ ਚਾਗੇ ਕਿਸੇ ਫਲ ਦੀ ਭਾਲ ਵਿੱਚ ਤੁਰ ਪਿਆ।ਅੱਗੋਂ ਕਈ ਕੇਲਿਆਂ ਦੇ ਬੂਟੇ ਵੀ ਉਸਨੂੰ ਦਿਖਾਈ ਦਿੱਤੇ।ਜਿਨ੍ਹਾਂ ਦੇ ਪੱਕੇ ਹੋਏ ਵੱਡੇ ਵੱਡੇ ਗੁੱਛੇ ਲਟਕ ਰਹੇ ਸਨ।ਭਾਈ ਮਰਦਾਨਾ ਜੀ ਨੇ ਅਜੇ ਇੱਕ ਗੁੱਛੇ ਨੂੰ ਹੱਥ ਪਾਇਆ ਹੀ ਸੀ ਕਿ ਪਿੱਠ ਵੱਲੋਂ ਕਿਸੇ ਨੇ ਹੱਥ ਮਾਰ ਕੇ ਉਸਨੂੰ ਆ ਦਬੋਚਿਆ ਅਤੇ ਤੇਲ ਦੇ ਤਪੇ ਕੜ੍ਹਾਹੇ ਕੋਲ ਲੈ ਗਿਆ। ਭਾਈ ਮਰਦਾਨਾ ਜੀ ਦੀ ਦੇਰੀ ਤੇ ਗੁਰੂ ਸਾਹਿਬ ਕਾਹਲੀ ਨਾਲ ਉੱਠੇ ਤੇ ਕੌਡੇ ਕੋਲ ਪਹੁੰਚ ਗਏ। ਕੌਡੇ ਨੇ ਮਨ ਹੀ ਮਨ ਇੱਕ ਹੋਰ ਸ਼ਿਕਾਰ ਹੱਥ ਲੱਗਣ ਦੀ ਖੁਸ਼ੀ ਮਨਾਈ।ਜਦ ਉਹ ਭਾਈ ਮਰਦਾਨੇ ਨੂੰ ਕੜਾਹੇ ‘ਚ ਸੁੱਟਣ ਲੱਗਿਆ ਤਾਂ ਕਰੜੇ ਪੰਜਿਆਂ ਵਿੱਚ ਜਕੜੇ ਹੋਏ ਭਾਈ ਮਰਦਾਨੇ ਨੇ ਗੁਰੂ ਨਾਨਕ ਜੀ ਦੇ ਨਾਮ ਦੀ ਰਟ ਲਗਾਉਂਦਿਆ ਤਰਲੇ ਭਰੀ ਪੁਕਾਰ ਕੀਤੀ।ਗੁਰੂ ਜੇ ਨੇ ਸ਼ਬਦ ਉਚਾਰਨ ਕੀਤਾ।ਜਿੰਨੀ ਦੇਰ ਤਕ ਸ਼ਬਦ ਦੀ ਆਵਾਜ਼ ਕੌਡੇ ਦੇ ਕੰਨੀ ਪੈਂਦੀ ਰਹੀ ਤਾਂ ਉਹ ਬੁੱਤ ਬਣ ਕੇ ਸੁਣਦਾ ਰਿਹਾ।ਸ਼ਬਦ ਪੂਰਾ ਹੋ ਜਾਣ ਦੇ ਤੇ ਮਹਾਰਾਜ ਨੇ ਕਿਹਾ “ਮਰਦਾਨਿਆ! ਨਿਡਰ ਹੋ ਜਾਹ ਤੇ ਸਤਿ ਕਰਤਾਰ ਆਖ ਕੇ ਕੜ੍ਹਾਹੇ ਨੂੰ ਹੱਥ ਪੇ ਦੇਹ।ਹੁਕਮ ਮੰਨ ਕੇ ਜਦੋਂ ਮਰਦਾਨੇ ਹੱਥ ਪਾਇਆ ਤਾਂ ਗਰਮ ਤੇਲ ਪਾਣੀ ਵਾਂਗ ਠੰਡਾ ਹੋ ਗਿਆ।ਕੌਡੇ ਦਾ ਰਾਕਸ਼ਾ ਵਾਲਾ ਵਰਤਾਉ ਦੂਰ ਕਰਕੇ ਗੁਰੂ ਜੀ ਨੇ ਸਾਊ ਮਨੁੱਖ ਬਣਨ ਦੀ ਸਿਖਿਆ ਦਿੱਤੀ। ਹਰ ਜਗ੍ਹਾ ਤੇ ਇਹੀ ਜਿਕਰ ਆਉਂਦਾ ਹੈ ਕਿ ਰਬਾਬ ਤੇ ਸ਼ਬਦਾਂ ਦੀ ਅਵਾਜ਼ ਸੁਣ ਕੇ ਲੋਕੀਂ ਬਾਬੇ ਵੱਲ ਖਿੱਚੇ ਆਉਂਦੇ ਸਨ।ਮੱਕਾ,ਮਦੀਨਾ,ਬਗ਼ਦਾਦ ਹੋਰ ਇਸਲਾਮੀ ਦੇਸ਼ਾਂ ਵਿੱਚ ਰਬਾਬ ਨਾਲ ਕੀਰਤਨ ਕਰਕੇ,ਨਾ ਸਿਰਫ ਸਭ ਨੂੰ ਹੈਰਾਨ ਕੀਤਾ ਸਗੋਂ ਜੁਰਅੱਤ ਦੀ ਹੱਦ ਦੱਸੀ।ਇਸਲਾਮੀ ਮੁਲਕਾਂ ਵਿੱਚ ਮਰਦਾਨਾ ਜੀ ਨੇ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ‘ ਗਾਏ।ਹੀਰੇ,ਰਤਨ ਜਵਾਹਰਾਂ ਵੱਲ ਕਦੇ ਮੂੰਹ ਨਾ ਕੀਤਾ।ਗੁਰੂ ਬਾਬਾ ਤੇ ਭਾਈ ਮਰਦਾਨਾ ਜੀ ਨੇ ਅਤੀ ਦੁਸ਼ਟਿ ਮਨੁੱਖਾਂ ਕੋਲ ਜਾ ਕੇ ਉਨ੍ਹਾਂ ਨੂੰ ਸੱਚ ਦਾ ਰਾਹ ਦਿਖਾਇਆ।ਗੁਰੂ ਬਾਬਾ ਜੀ ਮਨੁੱਖਤਾ ਨੂੰ ਸਮਝਾਉਣ ਲਈ ਧੁਰ ਕੀ ਬਾਣੀ ਦਾ ਉਚਾਰਨ ਕਰਦੇ, ਭਾਈ ਮਰਦਾਨੇ ਨੂੰ ਕਿਹਾ ਕਰਦੇ “ਮਰਦਾਨਿਆ! ਰਬਾਬ ਵਜਾਏ ਬਾਣੀ ਆਈ ਐ।”
ਗੁਰੂ ਜੀ ਨੇ ਭਾਈ ਮਰਦਾਨਾ ਜੀ ਦਾ ਅੰਤਲਾ ਸਮਾਂ ਨੇੜੇ ਆ ਜਾਣ ਕੇ ਮਰਦਾਨਾ ਜੀ ਦੀ ਪਰਖ ਲੈਣ ਦੇ ਇਰਾਦੇ ਨਾਲ ਕਿਹਾ “ਮਰਦਾਨਿਆ!ਜੇ ਚਾਹੇਂ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗੰ ਦਰਿਆ ਵਿੱਚ ਸੁੱਟ ਦਈਏ।ਮਰਦਾਨਿਆ ਜੇ ਤੇਰੀ ਇੱਛਾ ਹੋਵੇ ਤਾਂ ਖੱਤਰੀ ਵਾਂਗ ਸਾੜ ਦਈਏ,ਜਾਂ ਵੈਸ਼ ਵਾਂਗੂੰ ‘ਹਵਾ’ ‘ਚ ਸੁਟਵਾ ਦਈਏ,ਜੇ ਤੇਰਾ ਚਿਤ ਹੋਵੇ ਤਾਂ ਸ਼ੂਦਰ ਵਾਂਗ ਦਬਵਾ ਦੇਈਏ।”
ਮਰਦਾਨਾ ਜੀ ਨੇ ਉੱਤਰ ਦਿੰਦੇ ਕਿਹਾ:”ਵਾਹ ,ਬਾਬਾ ਵਾਹ।ਅਜੇ ਵੀ ਸਰੀਰਾਂ ਦੇ ਚੱਕਰਾਂ ਵਿਚ ।ਤੁਹਾਡੇ ਉਪਦੇਸ਼ ਕਰ ਤਾਂ ਦੇਹੀ ਦਾ ਖਿਆਲ ਹੀ ਮੁਕ ਗਿਆ ਹੈ।ਮੈਂ ਤਾ ਆਪਣੀ ਆਤਮਾ ਨੂੰ ਕੇਵਲ ਸਰੀਰ ਦਾ ਸਾਥੀ ਸਮਝਦਾ ਹਾਂ।” ਫਿਰ ਗੁਰੂ ਬਾਬੇ ਕਿਹਾ “ਮਰਦਾਨਿਆ!ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿੱਚ ਪ੍ਰਸਿੱਧ ਕਰ ਦਈਏ।”
ਮਰਦਾਨਾ ਜੀ ਨੇ ਗੰਭੀਰ ਹੋ ਕਿਹਾ “ਬਾਬਾ ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗੇ ਹਾਂ ਇਸ ਨੂੰ ਫਿਰ ਪੱਥਰ ਦੀ ਸਮਾਧ ਵਿੱਚ ਕਿਉਂ ਪਾਉਂਦੇ ਹੋ।”
ਗੁਰੂ ਬਾਬੇ ਨੇ ਅਗਾਂਹ ਵਧ ਕੇ ਮਰਦਾਨੇ ਨੂੰ ਛਾਤੀ ਨਾਲ ਲਗਾਇਆ ਤੇ ਕਿਹਾ “ਤੂੰ ਬ੍ਰਹਮ ਨੂੰ ਪਛਾਣ ਲਿਆ ਹੈ,ਮਰਦਾਨਿਆ ।”
ਗੁਰੂ ਜੀ ਦਾ ਨੀਵੀਂ ਜਾਤ ਦੇ ਇਕ ਡੂਮ ਨੂੰ ਆਪਣਾ ਸਾਥੀ ਬਣਾਉਣਾ ਉੱਚੀਆਂ ਜਾਤਾਂ ਦੇ ਅਭਿਮਾਨੀਆਂ ਉੱਤੇ ਇਕ ਤਗੜੀ ਚੋਟ ਸੀ।ਗੁਰੂ ਬਾਬੇ ਨੇ ਨੀਵਿਆਂ ਨੂੰ ਰੱਜ ਕੇ ਪਿਆਰ ਕੀਤਾ ਤੇ ਉੱਚਾ ਚੁਕ ਕੇ ‘ਮਰਦਾਨਾ’ ਬਣਾਇਆ। ਸਿੱਖੀ ਰਬਾਬ ਤੋਂ ਸ਼ੁਰੂ ਹੋ ਕੇ ਨਗਾਰੇ ਤੇ ਜਾ ਕੇ ਸੰਪੂਰਨ ਹੋਈ।