22 ਵਾਰਾਂ ਆਖਰੀ ਭਾਗ – ਭਾਗ 22
21. ਬਸੰਤ ਕੀ ਵਾਰ ਮਹਲ ੫
‘ਬਸੰਤ’ ਬੜਾ ਪੁਰਾਤਨ ਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦਾ ਬਸੰਤ ਰੁੱਤ ਨਾਲ ਬੜਾ ਗਹਿਰਾ ਸੰਬੰਧ ਹੈ। ਇਸ ਨੂੰ ਮੌਸਮੀ ਜਾਂ ਰਿਤੂ ਕਾਲੀਨ ਰਾਗ ਮੰਨਿਆ ਜਾਂਦਾ ਹੈ। ਬਸੰਤ ਰਾਗ ਦੀ ਰਚਨਾ ਪੂਰਬੀ ਮੇਲ ਤੋਂ ਹੋਈ ਮੰਨੀ ਜਾਂਦੀ ਹੈ। ਇਸ ਵਿਚ ਰਿਸ਼ਭ, ਧੈਵਤ ਕੋਮਲ, ਮਧਿਅਮ ਦੋਵੇਂ ਅਤੇ ਹੋਰ ਸਭ ਸੁਰ ਸ਼ੁੱਧ ਪ੍ਰਯੋਗ ਹੁੰਦੇ ਹਨ। ਇਸ ਅਰੋਹ ਵਿਚ ਰਿਸ਼ਭ ਅਤੇ ਪੰਚਮ ਸੁਰ ਨਹੀਂ ਲੱਗਦੇ। ਬਸੰਤ ਰੁੱਤ ਵਿਚ ਹਰ ਸਮੇਂ ਅਤੇ ਬਾਕੀ ਰੁੱਤਾਂ ਵਿਚ ਇਸ ਦਾ ਸਮਾਂ ਅੱਧੀ ਰਾਤ ਤੋਂ ਬਾਅਦ ਦਾ ਮੰਨਿਆ ਜਾਂਦਾ ਹੈ। ਸੰਗੀਤਕਾਰਾਂ ਨੇ ਇਸ ਨੂੰ ਗੰਭੀਰ ਪ੍ਰਕਿਰਤੀ ਦਾ ਰਾਗ ਮੰਨਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਸ ਵਾਰ ਦੀਆਂ 3 ਪਉੜੀਆਂ ਹਨ। ਹਰ ਇਕ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ। ਇਸ ਵਾਰ ਵਿਚ ਕੇਵਲ ਪਉੜੀਆਂ ਹੀ ਹਨ, ਸਲੋਕ ਨਹੀਂ ਹਨ। ਇਸ ਵਾਰ ਵਿਚ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਕਿ ਵਾਸ਼ਨਾਵਾਂ ਤਿਆਗ ਕੇ ਨਾਮ-ਸਿਮਰਨ ਵਿਚ ਲੀਨ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜੀਵ ਦਾ ਪਰਮਾਤਮਾ ਨਾਲ ਏਕਾਕਾਰ ਹੋ ਜਾਂਦਾ ਹੈ।
22. ਰਾਮਕਲੀ ਕੀ ਵਾਰ ਭਾਈ ਸਤਾ ਅਤੇ ਭਾਈ ਬਲਵੰਡ
ਰਾਮਕਲੀ ਦੀ ਵਾਰ ‘ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ’ ਦੇ ਨਾਂ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 966 ’ਤੇ ਦਰਜ ਹੈ। ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਗੁਰੂ ਦਰਬਾਰ ਦੇ ਰਬਾਬੀ ਸਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਕੀਰਤਨ ਕਰਿਆ ਕਰਦੇ ਸਨ। ਇਸ ਵਾਰ ਵਿਚ ਉਨ੍ਹਾਂ ਵੱਲੋਂ ਗੁਰੂ-ਘਰ ਦੀ ਸਿਫ਼ਤ- ਸਲਾਹ ਕੀਤੀ ਗਈ ਹੈ। ਇਸ ਸਾਰੀ ਵਾਰ ਵਿਚ ਇੱਕੋ ਵਿਚਾਰ ਘੁੰਮ ਰਿਹਾ ਹੈ ਕਿ “ਗੁਰੂ ਦੀ ਆਪਣੇ ਚੇਲੇ ਅੱਗੇ ਰਹਿਰਾਸ”, ਸਾਰੀ ਵਾਰ ਦਾ ਇਹੋ ਕੇਂਦਰੀ-ਭਾਵ ਹੈ। ਇਸ ਵਾਰ ਦੀਆਂ ਕੁੱਲ ਅੱਠ ਪਉੜੀਆਂ ਹਨ। ਪਹਿਲੀਆਂ ਤਿੰਨ ਪਉੜੀਆਂ ਭਾਈ ਬਲਵੰਡ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਅਤੇ ਅਖ਼ੀਰਲੀਆਂ ਪੰਜ ਪਉੜੀਆਂ ਭਾਈ ਸੱਤਾ ਜੀ ਦੀਆਂ ਹਨ। ਵਾਰ ਦੀ ਪਹਿਲੀ ਪਉੜੀ ਵਿਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਦਾ ਇਕ ਨਵੀਂ ਕਿਸਮ ਦਾ ਰਾਜ ਚਲਾਇਆ ਹੈ। ਉਨ੍ਹਾਂ ਨੇ ਆਪਣੇ ਗੁਰਸਿੱਖ ਭਾਈ ਲਹਿਣਾ ਜੀ ਨੂੰ ਆਪਣੇ ਵਾਂਗ ਬਣਾ ਕੇ ਉਸ ਅੱਗੇ ਮੱਥਾ ਟੇਕਿਆ:
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥…
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ (ਪੰਨਾ 966)
ਦੂਜੀ ਤੇ ਤੀਜੀ ਪਉੜੀ ਵਿਚ ਵੀ ਭਾਈ ਬਲਵੰਡ ਜੀ ਇਸੇ ਗੱਲ ਨੂੰ ਹੈਰਾਨ ਹੋ ਕੇ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਰੀਰ ਵਟਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ ਗੁਰਗੱਦੀ ’ਤੇ ਬੈਠੇ ਹੋਏ ਹਨ:
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥ (ਪੰਨਾ 967)
ਭਾਈ ਬਲਵੰਡ ਜੀ ਫ਼ਰਮਾ ਰਹੇ ਹਨ ਕਿ ਭਾਈ ਲਹਿਣਾ ਜੀ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ ਜੋਤਿ ਹੈ, ਜੀਵਨ ਦਾ ਢੰਗ ਵੀ ਉਹੀ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ਼ ਸਰੀਰ ਹੀ ਵਟਾਇਆ ਹੈ:
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੇਂ ਧਰਮ-ਰਸਤੇ ਨੂੰ ਵਿਚਾਰ ਕੇ ਭਾਈ ਸੱਤਾ ਜੀ ਭੀ ਬਹੁਤ ਹੈਰਾਨ ਹੁੰਦੇ ਹਨ। ਵਾਰ ਦੀ ਚੌਥੀ ਪਉੜੀ ਵਿਚ ਉਹ ਫ਼ਰਮਾਉਂਦੇ ਹਨ ਕਿ ਜਗਤ ਦੇ ਨਾਥ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਹੋਰ ਪਾਸੇ ਵੱਲ ਹੀ ਗੰਗਾ ਚਲਾ ਦਿੱਤੀ ਹੈ:
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥ (ਪੰਨਾ 967)
ਵਾਰ ਦੀ ਛੇਵੀਂ ਪਉੜੀ ਵਿਚ ਭਾਈ ਸੱਤਾ ਜੀ ਸ੍ਰੀ ਗੁਰੂ ਅਮਰਦਾਸ ਜੀ ਬਾਬਤ ਅਚੰਭੇ ਵਾਲੀ ਮਰਯਾਦਾ ਦਾ ਜ਼ਿਕਰ ਕਰਦੇ ਫ਼ਰਮਾਉਂਦੇ ਹਨ:
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥ (ਪੰਨਾ 968)
ਭਾਈ ਸੱਤਾ ਜੀ ਫ਼ਰਮਾਉਂਦੇ ਹਨ ਕਿ ਪੋਤੇ ਭਾਵ ਸ੍ਰੀ ਗੁਰੂ ਅਮਰਦਾਸ ਜੀ ਦੇ ਮੱਥੇ’ਤੇ ਭੀ ਉਹੀ ਨੂਰ ਹੈ, ਉਹੀ ਤਖ਼ਤ ਹੈ ਅਤੇ ਉਹੀ ਦਰਬਾਰ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸੀ। ਸਤਵੀਂ ਪਉੜੀ ਵਿਚ ਭਾਈ ਸੱਤਾ ਜੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੁੱਖ ਰੱਖ ਕੇ ਆਪਣੇ ਵਿਚਾਰ ਇਉਂ ਪ੍ਰਗਟ ਕਰਦੇ ਹਨ:
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥ (ਪੰਨਾ 968)
ਅਖ਼ੀਰਲੀ ਪਉੜੀ ਵਿਚ ਭਾਈ ਸੱਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿਚ ਫ਼ਰਮਾਉਂਦੇ ਹਨ:
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ॥ (ਪੰਨਾ 968)
ਅੰਤ ਵਿਚ ਗੁਰੂ ਸਾਹਿਬਾਨ ਦੀ ਮਹਿਮਾ ਬਿਆਨ ਕਰਦਿਆਂ ਹੋਇਆਂ ਵਾਰ ਨੂੰ ਹੇਠ ਲਿਖੇ ਸ਼ਬਦਾਂ ਨਾਲ ਸਮਾਪਤ ਕੀਤਾ ਗਿਆ ਹੈ:
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥ (ਪੰਨਾ 968)
ਭਾਵ ਚਾਰੇ ਗੁਰੂ ਸਾਹਿਬਾਨ ਆਪੋ ਆਪਣੇ ਸਮੇਂ ਰੋਸ਼ਨ ਹੋਏ ਅਤੇ ਵਾਹਿਗੁਰੂ ਆਪ ਹੀ ਉਨ੍ਹਾਂ ਵਿਚ ਪ੍ਰਗਟ ਹੋਇਆ ਹੈ। ਇਨ੍ਹਾਂ ਉਪਰੋਕਤ ਵਾਰਾਂ ਨੂੰ ਨਿਰਧਾਰਤ ਰਾਗਾਂ ’ਤੇ ਆਧਾਰਿਤ ਗਾਉਣ ਦੇ ਨਾਲ-ਨਾਲ ਇਨ੍ਹਾਂ ਵਿਚੋਂ 9 ਵਾਰਾਂ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਧੁਨੀਆਂ ਅਨੁਸਾਰ ਗਾਉਣ ਦੀ ਹਦਾਇਤ ਕੀਤੀ ਗਈ ਹੈ।
ਲੇਖਕ ਭਾਈ ਸਿਮਰਜੀਤ ਸਿੰਘ