22 ਵਾਰਾਂ – ਭਾਗ 18
13 ਬਿਲਾਵਲ ਕੀ ਵਾਰ ਮਹਲਾ ੪
‘ਬਿਲਾਵਲ’ ਬੜਾ ਪ੍ਰਸਿੱਧ ਅਤੇ ਪੁਰਾਤਨ ਰਾਗ ਹੈ। ਮੱਧਕਾਲੀ ਅਤੇ ਆਧੁਨਿਕ ਹਰ ਸੰਗੀਤ ਗ੍ਰੰਥ ਵਿਚ ਇਸ ਦਾ ਵਰਣਨ ਮਿਲਦਾ ਹੈ, ਜਿਸ ਤੋਂ ਇਸ ਦੇ ਅਤਿਅੰਤ ਲੋਕਪ੍ਰਿਯ ਹੋਣ ਦਾ ਸਬੂਤ ਭਲੀ-ਭਾਂਤ ਮਿਲ ਜਾਂਦਾ ਹੈ।
ਵਰਤਮਾਨ ਥਾਟ ਪੱਧਤੀ ਨੂੰ ਮੰਨਣ ਵਾਲੇ ਵਿਦਵਾਨਾਂ ਨੇ ਇਸ ਰਾਗ ਦੀ ਰਚਨਾ ਬਿਲਾਵਲ ਥਾਟ ਤੋਂ ਹੋਈ ਮੰਨੀ ਹੈ। ਇਹ ਆਪਣੇ ਥਾਟ ਦਾ ਪ੍ਰਮੁੱਖ ਅਤੇ ਜਨਕ ਰਾਗ ਹੈ। ਕਈ ਸੰਗੀਤ ਗ੍ਰੰਥਾਂ ਵਿਚ ਇਸ ਨੂੰ ਹਿੰਡੋਲ ਦੀ ਰਾਗਣੀ ਲਿਖਿਆ ਹੋਇਆ ਹੈ ਅਤੇ ਕਈਆਂ ਨੇ ਇਸ ਨੂੰ ਭੈਰਵ ਦਾ ਪੁੱਤਰ ਮੰਨਿਆ ਹੈ। ਪਰੰਤੂ ਗੁਰਮਤਿ ਸੰਗੀਤ ਪ੍ਰਣਾਲੀ ਦੇ ਆਧਾਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ‘ਬਿਲਾਵਲ’ ਹੀ ਲਿਖਿਆ ਗਿਆ ਹੈ। ਇਸ ਰਾਗ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਲਿਖੀ ਵਾਰ ਵਿਚ ਕੁੱਲ 13 ਪਉੜੀਆਂ ਹਨ। ਇਨ੍ਹਾਂ ਵਿੱਚੋਂ 12 ਪਉੜੀਆਂ ਪੰਜ-ਪੰਜ ਤੁਕਾਂ ਦੀਆਂ ਹਨ ਅਤੇ ਦਸਵੀਂ ਪਉੜੀ 6 ਤੁਕਾਂ ਦੀ ਹੈ। ਇਹ ਤੁਕਾਂ ਆਕਾਰ ਵਜੋਂ ਇਕ-ਸਮਾਨ ਨਹੀਂ ਹਨ। ਹਰ ਇਕ ਪਉੜੀ ਨਾਲ ਦੋ-ਦੋ ਸਲੋਕ ਹਨ, ਸਿਰਫ਼ ਸਤਵੀਂ ਪਉੜੀ ਨਾਲ 3 ਸਲੋਕ ਹਨ। ਇਨ੍ਹਾਂ 27 ਸਲੋਕਾਂ ਵਿੱਚੋਂ ਇਕ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ। ਬਾਕੀਆਂ ਵਿੱਚੋਂ 2 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 24 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਲਿਖੇ ਹੋਏ ਹਨ। ਇਨ੍ਹਾਂ ਵਿਚ ਦੋ ਤੋਂ ਲੈ ਕੇ ਦਸ ਤੁਕਾਂ ਸ਼ਾਮਲ ਹਨ।
ਇਸ ਵਾਰ ਵਿਚ ਗੁਰੂ ਸਾਹਿਬ ਨੇ ਫ਼ਰਮਾਇਆ ਹੈ ਕਿ ਸਾਰਾ ਸੰਸਾਰ ਪਰਮਾਤਮਾ ਨੇ ਸਿਰਜਿਆ ਹੈ। ਮੁੱਖ ਤੌਰ ’ਤੇ ਨਾਮ-ਸਿਮਰਨ ਹੀ ਮਨੁੱਖ ਦੀ ਸੱਚੀ ਕਮਾਈ ਹੈ।
14. ਸਾਰੰਗ ਕੀ ਵਾਰ ਮਹਲਾ ੪
‘ਰਾਗ ਸਾਰੰਗ’ ਭਾਰਤੀ ਸੰਗੀਤ ਦਾ ਪੁਰਾਤਨ ਲੋਕਪ੍ਰਿਯ ਰਾਗ ਹੈ। ਇਸ ਦੀ ਰਚਨਾ ਇਕ ਲੋਕ ਗੀਤ ਤੋਂ ਹੋਈ ਹੈ। ਚਰਵਾਹਿਆਂ ਅਤੇ ਸਪੇਰਿਆਂ ਦੇ ਲੋਕ-ਗੀਤਾਂ ਦੀਆਂ ਧੁਨਾਂ ’ਚੋਂ ਇਸ ਰਾਗ ਦੀ ਝਲਕ ਮਿਲ ਸਕਦੀ ਹੈ।
ਇਸ ਵਾਰ ਵਿਚ ਕੁੱਲ 36 ਪਉੜੀਆਂ ਹਨ ਜਿਨ੍ਹਾਂ ਵਿੱਚੋਂ 35ਵੀਂ ਪਉੜੀ ਦੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੀਤੀ ਹੋਈ ਹੈ ਅਤੇ ਬਾਕੀ ਦੀਆਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਹਨ। ਹਰ ਇਕ ਪਉੜੀ ਵਿਚ ਇਕਸਾਰ ਆਕਾਰ ਦੀਆਂ ਪੰਜ-ਪੰਜ ਤੁਕਾਂ ਹਨ। ਇਨ੍ਹਾਂ ਪਉੜੀਆਂ ਨਾਲ 74 ਸਲੋਕ ਵੀ ਦਰਜ ਹਨ। ਇਨ੍ਹਾਂ ਸਲੋਕਾਂ ਵਿੱਚੋਂ 34 ਪਉੜੀਆਂ ਨਾਲ ਦੋ-ਦੋ ਸਲੋਕ ਹਨ ਅਤੇ ਪਹਿਲੀ ਤੇ 34ਵੀਂ ਪਉੜੀ ਵਿਚ ਇਹ ਗਿਣਤੀ ਤਿੰਨ-ਤਿੰਨ ਹੈ। ਇਨ੍ਹਾਂ 74 ਸਲੋਕਾਂ ਵਿੱਚੋਂ 33 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ, 9 ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅਤੇ 23 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। 6 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ ਅਤੇ 3 ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਨ। ਇਨ੍ਹਾਂ ਸਲੋਕਾਂ ਦੀਆਂ ਦੋ ਤੋਂ ਲੈ ਕੇ ਗਿਆਰਾਂ ਤਕ ਤੁਕਾਂ ਹਨ। ਭਾਸ਼ਾ ਸਰਲ ਅਤੇ ਪੰਜਾਬੀ ਦੇ ਵਧੇਰੇ ਅਨੁਰੂਪ ਹੈ।
ਇਸ ਵਾਰ ਵਿਚ ਗੁਰੂ ਜੀ ਨੇ ਦਰਸਾਇਆ ਹੈ ਕਿ ਪਰਮਾਤਮਾ ਦੁਆਰਾ ਪੈਦਾ ਕੀਤੀ ਮਾਇਆ ਦੇ ਮੋਹ-ਜਾਲ ਵਿਚ ਫਸ ਕੇ ਮਨੁੱਖ ਆਪਣੇ ਪਰਮਾਰਥਿਕ ਕਰਤੱਵ ਨੂੰ ਭੁੱਲ ਜਾਂਦਾ ਹੈ ਅਤੇ ਦੁਖੀ ਹੋ ਭਟਕਦਾ ਹੈ। ਮਨੁੱਖ ਨੂੰ ਹੌਲੀ-ਹੌਲੀ ਨਾਮ ਜਪਣ ਦੀ ਆਦਤ ਪਾਉਣੀ ਚਾਹੀਦੀ ਹੈ ਜੋ ਮਨੁੱਖ ਨੂੰ ਸਹੀ ਮਾਰਗ ਉਪਰ ਚੱਲਣ ਵਿਚ ਸਹਾਈ ਹੁੰਦੀ ਹੈ:
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ॥
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ੀ ਉਪਰਿ ਚੋਰ॥ (ਪੰਨਾ 1247)
( ਚਲਦਾ )
waheguru ji