ਸਾਖੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਭਾਈ ਆਦਮ ਜੀ
ਭਾਈ ਆਦਮ ਜੀ ਬਿੰਝੂ ਪਿੰਡ ਦੇ ਰਹਿਣ ਵਾਲੇ ਪੁੱਤਰ ਹੀਨ ਸਨ । ਉਹ ਆਪਣੀ ਪੁੱਤਰੀ ਅਤੇ ਇਸਤਰੀ ਸਮੇਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਆਏ।
ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਉਪਦੇਸ਼ ਧਾਰਨ ਕਰਕੇ ਤਿੰਨੇ ਜੀਅ ਲੰਗਰ ਦੀ ਸੇਵਾ ਕਰਨ ਲੱਗੇ। ਦੋ ਭਾਰ ਲੱਕੜਾਂ ਦੇ ਰੋਜ਼ ਲਿਆਉਣ । ਇਕ ਲੰਗਰ ਵਿਚ ਪਾ ਦੇਣ । ਇਕ ਜਮਾਂ ਰੱਖਣ ਅਤੇ ਸਵਾਸ- ਸਵਾਸ ਵਾਹਿਗੁਰੂ ਦਾ ਸਿਮਰਨ ਕਰਨ ਅਤੇ ਮਨ ਨੀਵਾਂ ਰੱਖਣ।
ਏਸੇ ਤਰਾਂ ਸੇਵਾ ਕਰਦਿਆ ਇਹਨਾਂ ਨੂੰ ਚਾਰ ਸਾਲ ਹੋ ਗਏ। ਇਕ ਵਾਰੀ ਡਾਢੀ ਝੜੀ ਲੱਗੀ।ਪੋਹ ਦਾ ਮਹੀਨਾ ਹੋਣ ਕਰਕੇ ਸੰਗਤ ਨੂੰ ਠੰਡ ਨੇ ਬਹੁਤ ਪ੍ਰੇਸ਼ਾਨ ਕੀਤਾ ਤਾਂ ਭਾਈ ਆਦਮ ਨੇ ਅੰਦਰੋ ਸੁੱਕਾ ਬਾਲਣ ਕੱਢ ਕੇ ਸਭ ਨੂੰ ਅੱਗ ਸਿਕਾਈ ਅਤੇ ਲੰਗਰ ਵਾਸਤੇ ਬਹੁਤ ਭਾਰ ਬਾਲਣ ਦੇ ਦਿਤੇ। ਜਿਸ ਪਰ ਖੁਸ਼ ਹੋ ਕੇ ਗੁਰੂ ਮਹਾਰਾਜ ਜੀ ਨੇ ਆਖਿਆ “ਭਾਈ ਆਦਮ
ਤੇਰੀ ਘਾਲਿ ਥਾਇ ਪਈ।ਜੋ ਕੁਛ ਮੰਗਣਾ ਸੋ ਮੰਗ।
ਭਾਈ ਆਦਮ ਤਾਂ ਚੁੱਪ ਰਿਹਾ ਪਰ ਉਸਦੀ ਬੇਟੀ ਨੇ ਬੇਨਤੀ ਕੀਤੀ। ਮਹਾਰਾਜ ਜੀ ਇਕ ਵੀਰ ਬਖਸ਼ੋ ਜੀ।
ਕੁਝ ਸਮੇਂ ਬਾਅਦ ਐਸਾ ਹੀ ਹੋਇਆ” ਭਾਈ ਭਗਤੂ ਨਾਮ ਦਾ ਪੁਤਰ ਭਾਈ ਆਦਮ ਦੇ ਘਰ ਪੈਦਾ ਹੋਇਆ ਅਤੇ ਸੱਤਵੇਂ ਪਾਤਸ਼ਾਹ ਤੱਕ ਗੁਰੂ ਘਰ ਦੀ ਸੇਵਾ ਕਰਦਾ ਰਿਹਾ।ਉਸੇ ਦੀ ਸੰਤਾਨ ਵਿਚੋਂ ਕੈਂਥਲ ਵਾਲੇ ਰਾਜੇ ਭਾਈ ਲਾਲ ਸਿੰਘ, ਭਾਈ ਉਦੇ ਸਿੰਘ ਹੋਏ। ਜਿਨਾਂ ਨੇ ਭਾਈ ਸੰਤੋਖ ਸਿੰਘ ਕੋਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਤਿਆਰ ਕਰਵਾਇਆ ਸੀ।
ਦੇਖੋ ਸਤਗੁਰੂ ਜੀ ਨੇ ਲੱਕੜਾ ਦੀ ਸੇਵਾ ਕਰਨ ਵਾਲਿਆ ਨੂੰ ਵੀ ਰਾਜੇ ਬਣਾ ਕੇ ਬਾਦਸ਼ਾਹੀਆ ਬਕਸ਼ੀਆ ਸਨ।
ਸਾਰੇ ਜਿੰਦਗੀ ਦੇ ਅਨਮੋਲ ਸਮਾ ਕੱਢ ਕੇ ਗੁਰੂਘਰ ਸੇਵਾ ਜਰੂਰ ਕਰਿਆ ਕਰੋ ਜੀ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ