22 ਵਾਰਾਂ – ਭਾਗ 11
ਵਾਰ’ ਪੰਜਾਬੀ ਲੋਕ ਸਾਹਿੱਤ ਦੇ ਕਾਵਿ-ਰੂਪ ਦਾ ਅਨਿੱਖੜਵਾਂ ਅੰਗ ਹੈ। ਇਹ ਪੰਜਾਬੀਆਂ ਦਾ ਮਨਭਾਉਂਦਾ ਸਾਹਿੱਤ ਹੈ। ਸੈਨਿਕਾਂ, ਯੋਧਿਆਂ ਵਿਚ ਬੀਰ ਰਸ ਪੈਦਾ ਕਰਨ ਲਈ ਇਸ ਸਾਹਿੱਤ ਦਾ ਬਹੁਤ ਹੱਥ ਹੁੰਦਾ ਹੈ। ਭੱਟਾਂ ਅਤੇ ਕਵੀਆਂ ਦੁਆਰਾ ਰਚਿਤ ਵਾਰਾਂ ਨੂੰ ਢਾਡੀ ਬੜੇ ਹੀ ਜੋਸ਼ੀਲੇ ਢੰਗ ਨਾਲ ਗਾਉਂਦੇ ਹਨ ਜਿਸ ਦੇ ਸੁਣਨ ਨਾਲ ਮਨੁੱਖ ਜੋਸ਼ ਨਾਲ ਭਰ ਜਾਂਦਾ ਹੈ। ਉਹ ਨਿਡਰ ਹੋ ਕੇ ਸ਼ੇਰ ਵਾਂਗ ਰਣ-ਤੱਤੇ ਵਿਚ ਜਾ ਗੱਜਦਾ ਹੈ। ਪਰੰਪਰਾ ਅਨੁਸਾਰ ਵਾਰਾਂ ਪਉੜੀਆਂ ਵਿਚ ਲਿਖੀਆਂ ਜਾਂਦੀਆਂ ਸਨ। ਪਉੜੀ ਦੇ ਦੋ ਰੂਪ ਵਰਤੇ ਜਾਂਦੇ ਹਨ- ਨਿਸ਼ਾਨੀ ਛੰਦ ਵਾਲਾ ਅਤੇ ਸਿਰਖੰਡੀ ਛੰਦ ਵਾਲਾ। ਇਸ ਦੀ ਭਾਸ਼ਾ ਜਨ-ਪੱਧਰ ਦੀ ਹੁੰਦੀ ਹੈ ਅਤੇ ਯੁੱਧ ਦਾ ਵਾਤਾਵਰਨ ਸਿਰਜਣ ਲਈ ਤਲਖ ਤੇ ਕਠੋਰ ਧੁਨੀਆਂ ਵਾਲੇ ਵਰਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਕਾਵਿ-ਰੂਪ ਦਾ ਅਰੰਭ ਕਦੋਂ ਹੋਇਆ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਇਸ ਦੇ ਪੁਰਾਤਨ ਹੋਣ ਦਾ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਜਾਂਦਾ ਹੈ।
ਸੂਰਬੀਰ ਯੋਧਿਆਂ ਦੇ ਜੰਗ-ਏ-ਮੈਦਾਨ ਵਿਚ ਕੀਤੇ ਵੀਰਤਾ-ਭਰਪੂਰ ਕਿਸੇ ਇਕ ਕਾਰਨਾਮੇ ਨੂੰ ਦਿਲਖਿਚਵੀਂ ਕਵਿਤਾ ਰਾਹੀਂ ਪੇਸ਼ ਕੀਤਾ ਜਾਂਦਾ ਆ ਰਿਹਾ ਹੈ। ਵਾਰ ਵਿਚ ਕਿਸੇ ਯੋਧੇ ਦੇ ਸਾਰੇ ਜੀਵਨ ਨੂੰ ਬਿਆਨ ਨਹੀਂ ਕੀਤਾ ਜਾਂਦਾ ਸਗੋਂ ਕਿਸੇ ਇਕ ਘਟਨਾ ਨੂੰ ਹੀ ਬਿਆਨ ਕੀਤਾ ਜਾਂਦਾ ਹੈ। ਵਾਰ ਦਾ ਵਿਸ਼ੇਸ਼ ਗੁਣ ਇਹ ਹੁੰਦਾ ਹੈ ਕਿ ਇਸ ਵਿਚ ਦੋ ਵਿਰੋਧੀ ਸ਼ਕਤੀਆਂ ਦੀ ਟੱਕਰ ਹੁੰਦੀ ਹੈ। ਲੋਕ-ਵਾਰਾਂ ਵਿਚ ਜਿੱਥੇ ਇਹ ਟੱਕਰ ਬਾਹਰਮੁਖੀ ਹੁੰਦੀ ਹੈ ਅਰਥਾਤ ਦੋ ਯੋਧਿਆਂ ਵਿਚ ਹੁੰਦੀ ਹੈ ਉਥੇ ਇਹ ਟੱਕਰ ਅਧਿਆਤਮਿਕ ਵਾਰਾਂ ਵਿਚ ਅੰਤਰਮੁਖੀ ਅਰਥਾਤ ਮਨੁੱਖ ਅੰਦਰ ਚੱਲ ਰਹੀਆਂ ਬੁਰਾਈਆਂ ਨੂੰ ਫਤਿਹ ਕਰਨ ਲਈ ਦਰਸਾਈ ਗਈ ਹੈ। ਇਨ੍ਹਾਂ ਅਧਿਆਤਮਿਕ ਵਾਰਾਂ ਵਿਚ ਮਨੁੱਖ ਨੂੰ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਪ੍ਰਕਰਣ ਵਿਚ ਸਹੀ ਸੇਧ ਪ੍ਰਦਾਨ ਕਰ ਕੇ ਉਸ ਦੇ ਇਖਲਾਕੀ ਜੀਵਨ ਨੂੰ ਉੱਚਾ ਚੁੱਕਿਆ ਗਿਆ ਹੈ।
ਸਿੱਖ ਸਾਹਿੱਤ ਵਿਚ ਇਹ ਕਾਵਿ-ਰੂਪ ਬਹੁਤ ਪ੍ਰਚਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਦਰਜ ਹਨ। ਗੁਰਮਤਿ ਵਿਚ ਵਾਰਾਂ ਦਾ ਮੁੱਢ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ 3 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਦੀ ਜਨਤਾ ਹਾਕਮਾਂ ਦੇ ਜ਼ੁਲਮ ਸਹਿ-ਸਹਿ ਕੇ ਬੁਜ਼ਦਿਲ ਤੇ ਨਿਰਬਲ ਹੋ ਚੁੱਕੀ ਸੀ। ਕਾਬਲ ਤੋਂ ਛੋਟੇ-ਛੋਟੇ ਜਥਿਆਂ ਦੇ ਰੂਪ ਵਿਚ ਹਮਲਾਵਰ ਆ ਕੇ ਹਿੰਦੋਸਤਾਨ ਵਿਚ ਲੁੱਟ-ਮਾਰ ਕਰ ਰਹੇ ਸਨ। ਉਨ੍ਹਾਂ ਨੂੰ ਰੋਕਣ ਦੀ ਕਿਸੇ ਵਿਚ ਕੋਈ ਹਿੰਮਤ ਨਹੀਂ ਸੀ। ਖੱਤਰੀ ਜਿਨ੍ਹਾਂ ਦਾ ਧਰਮ ਦੇਸ਼ ਦੀ ਰੱਖਿਆ ਕਰਨਾ ਸੀ, ਉਨ੍ਹਾਂ ਨੇ ਆਪਣਾ ਧਰਮ ਛੱਡ ਕੇ ਮਲੇਛਾਂ ਵਾਂਗ ਰਵੱਈਆ ਬਣਾ ਲਿਆ ਸੀ:
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥ (ਪੰਨਾ 663)
ਸ੍ਰੀ ਗੁਰੂ ਨਾਨਕ ਦੇਵ ਜੀ ਇਸ ਗੱਲ ਤੋਂ ਭਲੀ-ਭਾਂਤ ਜਾਣੂ ਸਨ ਕਿ ਹਿੰਦੋਸਤਾਨੀਆਂ ਨੂੰ ਬਹਾਦਰ ਬਣਾ ਕੇ ਜ਼ੁਲਮ ਦਾ ਟਾਕਰਾ ਕਰਨਾ ਪਵੇਗਾ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਵਿਚ ਬੀਰ ਰਸ ਪੈਦਾ ਕਰਨ ਲਈ ਸਮੇਂ ਦੇ ਅਨੁਕੂਲ 3 ਵਾਰਾਂ ਦੀ ਗੁਰਬਾਣੀ ਵਿਚ ਰਚਨਾ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਨੇ 4 ਵਾਰਾਂ, ਸ੍ਰੀ ਗੁਰੂ ਰਾਮਦਾਸ ਜੀ ਨੇ 8 ਵਾਰਾਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 6 ਵਾਰਾਂ ਅਤੇ ਇਕ ਵਾਰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਰਲ ਕੇ ਲਿਖੀ। ਇਨ੍ਹਾਂ ਵਾਰਾਂ ਵਿੱਚੋਂ ‘ਬਸੰਤ ਕੀ ਵਾਰ ਮਹਲ 5’ ਅਤੇ ‘ਸਤੇ ਬਲਵੰਡ ਕੀ ਵਾਰ’ ਨੂੰ ਛੱਡ ਕੇ ਬਾਕੀ ਸਾਰੀਆਂ ਵਾਰਾਂ ਵਿਚ ਪਉੜੀਆਂ ਦੇ ਨਾਲ ਸਲੋਕ ਭੀ ਹਨ ਜਿਹੜੇ ਪਉੜੀ ਦੇ ਭਾਵ-ਅਰਥ ਨਾਲ ਮਿਲਦੇ-ਜੁਲਦੇ ਹਨ। ਇਨ੍ਹਾਂ ਵਾਰਾਂ ਦੇ ਸਿਰਲੇਖ ਗੁਰੂ ਸਾਹਿਬ ਨੇ ਰਾਗਾਂ ਦੇ ਨਾਂ ’ਤੇ ਦਿੱਤੇ ਹਨ ਜਿਸ ਤੋਂ ਭਾਵ ਹੈ ਕਿ ਇਸ ਵਾਰ ਨੂੰ ਇਸ ਰਾਗ ਵਿਚ ਗਾਉਣਾ ਹੈ।
( ਚਲਦਾ )