22 ਵਾਰਾਂ – ਭਾਗ 8
ਵਾਰ ਰਾਇ ਮਹਮੇ ਹਸਨੇ ਕੀ
ਲੋਕ-ਕਥਾ ਅਨੁਸਾਰ ਮਹਿਮਾ ਅਤੇ ਹਸਨਾ ਭੱਟੀ ਰਾਜਪੂਤ ਸਨ ਜੋ ਮਾਲਵੇ ਦੇ ਖੇਤਰ ਕਾਂਗੜ ਅਤੇ ਧੌਲੇ ਦੇ ਰਜਵਾੜੇ ਸਨ। ਹਸਨੇ ਨੇ ਧੋਖੇ ਨਾਲ ਮਹਿਮੇ ਨੂੰ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਕਰ ਕੇ ਕੈਦ ਕਰਵਾ ਦਿੱਤਾ। ਮਹਿਮੇ ਨੇ ਆਪਣੀ ਬਹਾਦਰੀ ਨਾਲ ਬਾਦਸ਼ਾਹ ਨੂੰ ਖੁਸ਼ ਕਰ ਕੇ ਬਾਗ਼ੀ ਹੋਏ ਹਸਨੇ ਨੂੰ ਸੋਧਣ ਦੀ ਆਗਿਆ ਲਈ ਅਤੇ ਦੋਹਾਂ ਵਿਚਕਾਰ ਭਾਰੀ ਯੁੱਧ ਹੋਇਆ। ਇਸ ਯੁੱਧ ਵਿਚ ਹਸਨਾ ਹਾਰ ਗਿਆ।
ਇਸ ਘਟਨਾ ਬਾਰੇ ਇਕ ਹੋਰ ਵਾਰਤਾ ਵੀ ਪ੍ਰਚਲਿਤ ਹੈ ਕਿ ਹਸਨਾ ਅਕਬਰ ਬਾਦਸ਼ਾਹ ਪਾਸ ਨੌਕਰ ਸੀ। ਹਸਨੇ ਨੂੰ ਬਾਦਸ਼ਾਹ ਨੇ ਕਿਸੇ ਗਲਤੀ ਕਰਨ ਕਰਕੇ ਨੌਕਰੀ ਤੋਂ ਕੱਢ ਦਿੱਤਾ ਸੀ। ਉਹ ਮਹਿਮੇ ਦੀ ਸ਼ਰਨ ਵਿਚ ਚਲਾ ਗਿਆ ਅਤੇ ਅਖੀਰ ਵਿਚ ਉਸ ਨੂੰ ਧੋਖਾ ਦੇ ਮਾਮਲਾ ਨਾ ਤਾਰਨ ਦੇ ਦੋਸ਼ ਵਿਚ ਪਕੜਵਾ ਦਿੱਤਾ। ਬਾਅਦ ਵਿਚ ਬਾਦਸ਼ਾਹ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਸ ਨੇ ਮਹਿਮੇ ਨੂੰ ਫੌਜ ਦੇ ਕੇ ਹਸਨੇ ਨੂੰ ਸੋਧਣ ਲਈ ਭੇਜਿਆ। ਲੜਾਈ ਵਿਚ ਹਸਨਾ ਹਾਰ ਗਿਆ ਅਤੇ ਉਸ ਨੂੰ ਕੈਦ ਕਰ ਲਿਆ ਗਿਆ। ਪਰ ਮੁਆਫ਼ੀ ਮੰਗਣ ’ਤੇ ਮਹਿਮੇ ਨੇ ਉਸ ਨੂੰ ਛੱਡ ਦਿੱਤਾ। ਦੋਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਕਿਸੇ ਢਾਡੀ ਨੇ ਇਨ੍ਹਾਂ ਦੀ ਵਾਰ ਲਿਖ ਕੇ ਲੋਕਾਂ ਨੂੰ ਸੁਣਾਈ ਜੋ ਲੋਕਾਂ ਵਿਚ ਬਹੁਤ ਹਰਮਨਪਿਆਰੀ ਹੋਈ ਜਿਸ ਦੀ ਵੰਨਗੀ ਇਸ ਪ੍ਰਕਾਰ ਹੈ:
ਮਹਿਮਾ ਹਸਨਾ ਰਾਜਪੂਤ, ਰਾਇ ਭਾਰੇ ਭੱਟੀ।
ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ।
ਭੇੜ ਦੁਹਾਂ ਦਾ ਮੱਚਿਆ, ਸਰ ਵਗੇ ਸਫੱਟੀ।
ਮਹਿਮੇ ਪਾਈ ਫਤੇ ਰਨ ਗਲ ਹਸਨੇ ਘੱਟੀ।
ਬੰਨ੍ਹ ਹਸਨੇ ਨੂੰ ਛੱਡਿਆ, ਜਸ ਮਹਿਮੇ ਖੱਟੀ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀ
ਸਾਰੰਗ ਰਾਗ ਵਿਚ ਲਿਖੀ ਵਾਰ ਨੂੰ ਇਸ ਵਾਰ ਦੀ ਧੁਨੀ ਉੱਪਰ ਗਾਉਣ ਦੀ ਹਦਾਇਤ ਕੀਤੀ ਹੈ।
( ਚਲਦਾ )