ਇਤਿਹਾਸ – ਬਾਬਾ ਸੁੱਖਾ ਸਿੰਘ ਜੀ (ਮਾੜੀ ਕੰਬੋਕੀ)

ਅਬ ਸਾਖੀ ਸੁੱਖਾ ਸਿੰਘ ਕੀ ਸੁਨੀਏ ਮਨ ਚਿਤ ਲਾਇ‍ ।
ਕੰਬੋ ਕੀ ਮਾੜੀ ਭਯੋ ਜਾਤ ਤਰਖਾਣ ਕਹਾਇ ।
ਬਾਬਾ ਸੁੱਖਾ ਸਿੰਘ ਦੀ ਜਨਮ ਤਰੀਕ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿੱਚ ਉਸ ਦੇ ਖ਼ਾਨਦਾਨ ਮੁਤਾਬਿਕ ਉਸ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਕਲਸੀ ਅਤੇ ਬੀਬੀ ਹਰੋ ਸੀ। ਉਸ ਦੇ ਭਰਾ ਦਾ ਨਾਂ ਲੱਖਾ ਸਿੰਘ ਸੀ। ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਲੱਖਾ ਸਿੰਘ ਕਲਸੀ ਸ਼ਾਦੀ ਸ਼ੁਦਾ ਸੀ, ਉਸ ਦੇ ਵਾਰਸ ਹੁਣ ਵੀ ਪਿੰਡ ਮਾੜੀ ਕੰਬੋਕੀ ਵਿੱਚ ਵਸਦੇ ਹਨ। ਲੱਖਾ ਸਿੰਘ ਕਲਸੀ ਵੀ ਦਲ ਖ਼ਾਲਸਾ ਵਿੱਚ ਸ਼ਾਮਲ ਸੀ I
ਬਚਪਨ
ਭਾਈ ਸੁੱਖਾ ਸਿੰਘ ਦਾ ਝੁਕਾਅ ਬਚਪਨ ਤੋਂ ਹੀ ਸਿੱਖੀ ਵੱਲ ਸੀ। ੧੪-੧੫ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਪਿਆਂ ਨੂੰ ਦੱਸੇ ਬਗੈਰ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਮੁਖ਼ਬਰੀ ਮਿਲਣ ’ਤੇ ਸ਼ਾਹੀ ਫ਼ੌਜ ਉਸ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਪਿੰਡ ਪੁੱਜ ਗਈ। ਉਸ ਵੇਲੇ ਉਹ ਘਰ ਨਾ ਹੋਣ ਕਾਰਨ ਬਚ ਗਿਆ। ਘਰ ਵਾਲੇ ਡਰ ਗਏ, ਉਨ੍ਹਾਂ ਨੇ ਭੰਗ ਪਿਆ ਕੇ ਬੇਹੋਸ਼ ਪਏ ਦੇ ਕੇਸ ਕਤਲ ਕਰ ਦਿੱਤੇ। ਜਦੋਂ ਸੁੱਖਾ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਦੁਖੀ ਹੋ ਕੇ ਮਰਨ ਵਾਸਤੇ ਖੂਹ ਵਿੱਚ ਛਾਲ ਮਾਰ ਦਿੱਤੀ। ਪਾਣੀ ਘੱਟ ਹੋਣ ਕਾਰਨ ਉਹ ਬਚ ਗਿਆ, ਘਰ ਦੇ ਬਾਹਰ ਕੱਢਣ ਤੇ ਉਹ ਬਾਹਰ ਨਾ ਆਵੇ। ਰਾਹ ਜਾਂਦਾ ਇੱਕ ਸਿੰਘ ਰੌਲਾ ਸੁਣ ਕੇ ਉਸ ਖੂਹ ’ਤੇ ਆ ਗਿਆ। ਉਸ ਨੇ ਸੁੱਖਾ ਸਿੰਘ ਨੂੰ ਲਲਕਾਰਿਆ ਕਿ ਇਸ ਤਰ੍ਹਾਂ ਮਰਨ ਦੀ ਥਾਂ ਕਿਸੇ ਦੁਸ਼ਮਣ ਦੇ ਗਲ ਲੱਗ ਕੇ ਮਰ। ਇਸ ਦਾ ਸੁੱਖਾ ਸਿੰਘ ਦੇ ਦਿਲ ’ਤੇ ਡੂੰਘਾ ਅਸਰ ਹੋਇਆ, ਉਹ ਬਾਹਰ ਨਿਕਲ ਆਇਆ। ਕੁਝ ਦਿਨਾਂ ਬਾਅਦ ਉਹ ਪਿੰਡ ਦੇ ਨੰਬਰਦਾਰ ਦੀ ਘੋੜੀ ਭਜਾ ਕੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿੱਚ ਜਾ ਰਲਿਆ ਤੇ ਦੁਬਾਰਾ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ।
ਦਿੱਲੀ ਲੁੱਟਣ ਤੋਂ ਬਾਅਦ ਨਾਦਰ ਸ਼ਾਹ ਦੀ ਵਾਪਸ ਜਾਂਦੀ ਫ਼ੌਜ ਨੂੰ ੧੭੩੯ ਵਿੱਚ ਸਿੱਖਾਂ ਨੇ ਬੜੀ ਤਸੱਲੀ ਨਾਲ ਲੁੱਟਿਆ ਸੀ। ਉਸ ਦੇ ਵਾਪਸ ਜਾਣ ਪਿੱਛੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ’ਤੇ ਸਖ਼ਤੀ ਵਧਾ ਦਿੱਤੀ। ਹਰਿਮੰਦਰ ਸਾਹਿਬ ’ਤੇ ਕਬਜ਼ਾ ਕਰਨ ਲਈ ਕਾਜ਼ੀ ਅਬਦੁਲ ਰਹਿਮਾਨ ਨੂੰ ੨੦੦੦ ਫ਼ੌਜ ਦੇ ਕੇ ਭੇਜਿਆ ਗਿਆ। ਉਸ ਨੇ ਕਬਜ਼ਾ ਕਰ ਕੇ ਸਖ਼ਤ ਪਹਿਰਾ ਲਗਾ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਹੁੰਦਿਆਂ ਕੋਈ ਸਿੱਖ ਸਰੋਵਰ ਵਿੱਚ ਇਸ਼ਨਾਨ ਨਹੀਂ ਕਰ ਸਕਦਾ। ਜਦੋਂ ਇਹ ਖ਼ਬਰ ਦਲ ਖ਼ਾਲਸਾ ਤਕ ਪੁੱਜੀ ਤਾਂ ਭਾਈ ਸੁੱਖਾ ਸਿੰਘ ਕਲਸੀ ਤੇ ਭਾਈ ਮਨੀ ਸਿੰਘ ਦਾ ਭਤੀਜਾ ਥਰਾਜ ਸਿੰਘ ਪੰਜਾਹ ਸਿੰਘਾਂ ਦੇ ਜਥੇ ਸਮੇਤ ਇਸ਼ਨਾਨ ਕਰਨ ਲਈ ਤਿਆਰ ਹੋ ਗਏ। ਉਨ੍ਹਾਂ ਨੇ ਬਾਕੀ ਸਿੰਘ ਗਿਲਵਾਲੀ ਦਰਵਾਜ਼ੇ ਅੱਗੇ ਖੜ੍ਹੇ ਕੀਤੇ ਤੇ ਆਪ ਇਸ਼ਨਾਨ ਕਰ ਕੇ ਜੈਕਾਰੇ ਛਡਦੇ ਹੋਏ ਸਾਥੀਆਂ ਨਾਲ ਆ ਮਿਲੇ। ਕਾਜ਼ੀ ਤੇ ਉਸ ਦੇ ਪੁੱਤਰ ਨੇ ਫ਼ੌਜ ਲੈ ਕੇ ਸਿੱਖਾਂ ਦਾ ਪਿੱਛਾ ਕੀਤਾ। ਉਹ ਦੋਵੇਂ ਅਨੇਕਾਂ ਸਾਥੀਆਂ ਸਮੇਤ ਸਿੱਖਾਂ ਹੱਥੋਂ ਮਾਰੇ ਗਏ।
ਛੋਟਾ ਘੱਲੂਘਾਰਾ
ਸਿੱਖ ਇਤਿਹਾਸ ਦਾ ਪਹਿਲਾ ਵੱਡਾ ਖ਼ੂਨੀ ਕਾਂਡ ਛੋਟਾ ਘੱਲੂਘਾਰਾ ਮਾਰਚ ਤੋਂ ਜੂਨ ੧੭੪੬ ਤੱਕ ਵਾਪਰਿਆ ਸੀ। ਭਾਈ ਸੁੱਖਾ ਸਿੰਘ ਇਸ ਘੱਲੂਘਾਰੇ ਵੇਲੇ ਕਾਹਨੂੰਵਾਨ ਦੇ ਛੰਬਾਂ ਵਿੱਚ ਮੌਜੂਦ ਸੀ। ਜਦੋਂ ਘੇਰਾ ਲੰਮਾ ਚਲਾ ਗਿਆ ਤਾਂ ਇੱਕ ਦਿਨ ਭਾਈ ਸੁੱਖਾ ਸਿੰਘ ਨੇ ਸਿੱਖਾਂ ਨੂੰ ਲਲਕਾਰਿਆ ਕਿ ਦੀਵਾਨ ਲਖਪਤ ਰਾਏ ’ਤੇ ਹਮਲਾ ਕੀਤਾ ਜਾਵੇ। ਸਿੱਖ ਲਖਪਤ ਦੀਆਂ ਫ਼ੌਜਾਂ ’ਤੇ ਟੁੱਟ ਪਏ, ਬੜੀ ਖ਼ੂਨੀ ਲੜਾਈ ਹੋਈ। ਭਾਈ ਸੁੱਖਾ ਸਿੰਘ ਨੇ ਸੂਹ ਕੱਢ ਕੇ ਲਖਪਤ ਰਾਏ ਦੇ ਹਾਥੀ ਨੂੰ ਜਾ ਘੇਰਿਆ ਪਰ ਉਸ ਦੇ ਨਜ਼ਦੀਕ ਨਾ ਪੁੱਜ ਸਕਿਆ। ਲਖਪਤ ਰਾਏ ਦੀ ਮਦਦ ਲਈ ਉਸ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ ਆਦਿ ਪੁੱਜ ਗਏ। ਭਾਈ ਸੁੱਖਾ ਸਿੰਘ ਦੀ ਮਦਦ ਲਈ ਜੱਸਾ ਸਿੰਘ ਆਹਲੂਵਾਲੀਆ ਤੇ ਕਈ ਹੋਰ ਸਰਦਾਰ ਪੁੱਜੇ। ਜੰਗ ਵਿੱਚ ਹਰਭਜ ਰਾਏ, ਨਾਹਰ ਖ਼ਾਨ, ਕਰਮ ਬਖਸ਼ ਫ਼ੌਜਦਾਰ ਰਸੂਲ ਨਗਰ ਤੇ ਮਖਰੂਰ ਖ਼ਾਨ ਵਰਗੇ ਕਈ ਜਰਨੈਲ ਸਿੱਖਾਂ ਹੱਥੋਂ ਮਾਰੇ ਗਏ। ਰਣ ਵਿੱਚ ਜੰਬੂਰਚੇ ਦਾ ਇੱਕ ਗੋਲਾ ਭਾਈ ਸੁੱਖਾ ਸਿੰਘ ਦੀ ਲੱਤ ’ਤੇ ਆ ਵੱਜਾ ਤੇ ਪੱਟ ਤੋਂ ਉਸ ਦੀ ਲੱਤ ਟੁੱਟ ਗਈ, ਪਰ ਜੰਗ ਦੇ ਰੰਗ ਵਿੱਚ ਰੰਗੇ ਨੇ ਦਰਦ ਨਾ ਜਾਣੀ। ਘੱਲੂਘਾਰਾ ਖ਼ਤਮ ਹੋਣ ਮਗਰੋਂ ਉਸ ਦਾ ਜਥਾ ਜੈਤੋ ਜਾ ਉਤਰਿਆ, ਉਥੇ ਉਸ ਨੇ ਵੈਦ ਤੋਂ ਲੱਤ ਬੰਨ੍ਹਵਾਈ ਤੇ ੬-੭ ਮਹੀਨੇ ਮੰਜੇ ’ਤੇ ਪਿਆ ਰਿਹਾ। ਰਾਜ਼ੀ ਹੁੰਦੇ ਸਾਰ ਪਹਿਲਾਂ ਵਾਂਗ ਮਾਰਾਂ ਮਾਰਨ ਲੱਗਾ।
ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ
ਜਿਸ ਕਾਂਡ ਨੇ ਇਤਿਹਾਸ ਵਿੱਚ ਉਸ ਨੂੰ ਅਮਰ ਕਰ ਦਿੱਤਾ, ਉਹ ਸੀ ਮੱਸੇ ਰੰਘੜ ਮੁਸੱਲਉਲ ਖ਼ਾਨ ਦਾ ਸਿਰ ਵੱਢਣਾ। ਮੱਸੇ ਨੇ ਹਰਿਮੰਦਰ ਸਾਹਿਬ ਜਾ ਡੇਰਾ ਲਾਇਆ। ਉਸ ਨੇ ਸਰਕਾਰੀ ਚੌਕੀ ਦੇ ਨਾਂ ’ਤੇ ਸਾਰੇ ਹਿੰਦੂਆਂ ਦੇ ਘਰ ਲੁੱਟ ਲਏ। ਉਹ ਦਰਬਾਰ ਸਹਿਬ ਦੇ ਅੰਦਰ ਮੰਜਾ ਡਾਹ ਕੇ ਸ਼ਰਾਬ ਤੇ ਹੁੱਕਾ ਪੀਂਦਾ। ਜਿੱਥੇ ਬਾਣੀ ਦਾ ਕੀਰਤਨ ਹੁੰਦਾ ਸੀ, ਉਥੇ ਨਾਚੀ ਨਾਚ ਕਰਨ ਲੱਗੀ। ਸਿੱਖਾਂ ਦੇ ਜਥੇ ਸਰਕਾਰੀ ਸਖ਼ਤੀ ਕਾਰਨ ਰਾਜਸਥਾਨ ਦੇ ਟਿੱਬਿਆਂ ਨੂੰ ਚਲੇ ਗਏ ਸਨ। ਕੋਈ ਟਾਵਾਂ ਟਾਵਾਂ ਸਿੱਖ ਹੀ ਲੁਕ ਛਿਪ ਕੇ ਡੰਗ ਟਪਾਉਂਦਾ ਸੀ।
ਅੰਮ੍ਰਿਤਸਰ ਤੋਂ ਖ਼ਬਰ
ਪਿੰਡ ਕੰਗ ਨਜ਼ਦੀਕ ਤਰਨਤਾਰਨ ਦਾ ਬੁਲਾਕਾ ਸਿੰਘ ਵੀ ਅਜਿਹਾ ਹੀ ਸਿੱਖ ਸੀ। ਜਦੋਂ ਉਸ ਨੇ ਹਰਿਮੰਦਰ ਦੀ ਬੇਅਦਬੀ ਹੁੰਦੀ ਵੇਖੀ ਤਾਂ ਉਸ ਕੋਲੋਂ ਜ਼ਰਿਆ ਨਾ ਗਿਆ। ਉਹ ਸੈਂਕੜੇ ਮੀਲ ਪੰਧ ਮਾਰ ਕੇ ਬੀਕਾਨੇਰ ਦੇ ਨਜ਼ਦੀਕ ਬੁੱਢਾ ਜੌਹੜ ਪੁੱਜਿਆ। ਉਥੇ ਸ਼ਾਮ ਸਿੰਘ ਤੇ ਬੁੱਢਾ ਸਿੰਘ ਦੇ ਜਥੇ ਪੜਾਉ ਕਰੀ ਬੈਠੇ ਸਨ। ਜਦੋਂ ਉਸ ਨੇ ਇਕੱਠ ਵਿੱਚ ਵਿਥਿਆ ਸੁਣਾਈ ਤਾਂ ਸਿੱਖਾਂ ਦੇ ਕਲੇਜੇ ’ਤੇ ਛੁਰੀ ਫਿਰ ਗਈ। ਜਥੇਦਾਰਾਂ ਨੇ ਲਲਕਾਰਿਆ ਕਿ ਕੋਈ ਹੈ ਸੂਰਮਾ ਜੋ ਦੁਸ਼ਟ ਮੱਸੇ ਦਾ ਸਿਰ ਲਾਹ ਕੇ ਲਿਆਵੇ। ਇਹ ਸੁਣ ਕੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਤਲਵਾਰਾਂ ਧੂਹ ਕੇ ਖੜ੍ਹੇ ਹੋ ਗਏ। ਪੰਥ ਤੋਂ ਥਾਪੜਾ ਲੈ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ।
ਮੱਸੇ ਰੰਘੜ ਦਾ ਸੋਧਾ
ਅਗਸਤ ੧੭੪੦ ਨੂੰ ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਤੇ ਭਾਈ ਸੁੱਖਾ ਸਿੰਘ ਮੁਸਲਮਾਨੀ ਭੇਸ ਬਣਾ ਕੇ ਬੋਰੀ ਵਿੱਚ ਠੀਕਰੀਆਂ ਭਰ ਕੇ ਮਾਮਲਾ ਭਰਨ ਦੇ ਬਹਾਨੇ ਮੱਸੇ ਕੋਲ ਪੁੱਜ ਗਏ। ਉਨ੍ਹਾਂ ਨੇ ਬੋਰੀ ਮੱਸੇ ਦੇ ਪੈਰਾਂ ਵਿੱਚ ਸੁੱਟ ਦਿੱਤੀ। ਜਦੋਂ ਮੱਸਾ ਬੋਰੀ ਵੱਲ ਅਹੁਲਿਆ ਤਾਂ ਭਾਈ ਮਹਿਤਾਬ ਸਿੰਘ ਨੇ ਇੱਕੋ ਵਾਰ ਨਾਲ ਉਸ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਲਿਆ ਅਤੇ ਮੱਸੇ ਦੇ ਗਹਿਣੇ ਵੀ ਲਾਹ ਲਏ। ਦੋਵੇਂ ਘੋੜਿਆਂ ’ਤੇ ਚੜ੍ਹ ਕੇ ਬੀਕਾਨੇਰ ਨੂੰ ਚੱਲ ਪਏ ਤੇ ਸਿਰ ਜਥੇਦਾਰਾਂ ਅੱਗੇ ਜਾ ਰੱਖਿਆ। ਗੁਰਮਤਾ ਕਰ ਕੇ ਮੱਸੇ ਦਾ ਸਿਰ ਸਾੜ ਦਿੱਤਾ ਗਿਆ।
ਅਫਗਾਨੀ ਗਿਲਜੇ ਨਾਲ ਟੱਕਰ
ਸੰਨ 1748 ਦੇ ਅਬਦਾਲੀ ਦੇ ਹਮਲੇ ਦੁਰਾਨ ਉਸ ਦੀਆਂ ਫੌਜਾਂ ਸਤਲੁਜ ਵੱਲ ਆ ਰਹੀਆਂ ਸਨ ਜਦੋਂ ਕਿ ਖਾਲਸਾ ਦਲ ਵੀ ਸਤਲੁਜ ਲਾਗੇ ਹੀ ਸੀ।ਖਾਲਸਾ ਦਲ ਲੜਾਈ ਦੇ ਪੈਂਤੜੇ ਵਜੋਂ ਸਤਲੁਜ ਤੋਂ ਪਾਰ ਹੋ ਗਿਆ। ਇਹ ਦੇਖ ਕੇ ਅਬਦਾਲੀ ਦੇ ਗਿਲਜਿਆਂ ਨੇ ਆਪਣੇ ਹੰਕਾਰ ਵਜੋਂ ਖਾਲਸੇ ਨੂੰ ਚਿੱਠੀ ਭੇਜੀ ਕਿ ਸਾਡੀਆਂ ਫੌਜਾਂ ਦੀ ਧੂੜ ਉਡਦੀ ਦੇਖ ਕੇ ਤੁਸੀਂ ਡਰਦੇ ਮਾਰੇ ਦਰਿਆਉਂ ਪਾਰ ਹੋ ਗਏ ਹੋ, ਤੁਸੀਂ ਸਿੰਘ ਨਹੀਂ ਗਿੱਦੜ ਹੋ। ਜੇਕਰ ਲੜਨ ਦਾ ਚਾਅ ਹੈ ਤਾਂ ਅਸੀਂ ਇਧਰੋਂ ਇਕ ਗਿਲਜਾ ਭੇਜਦੇ ਹਾਂ ਤੇ ਤੁਸੀਂ ਦੋ ਸਿੰਘ ਨਿਕਲੋ, ਕਾਹਨੂੰ ਬਾਕੀ ਲੋਕਾਂ ਦਾ ਖੂੰਨ ਵਹਾਉਂਦੇ ਹੋ। ਜਿਸਦਾ ਬੰਦਾ ਮਰ ਜਾਏਗਾ ਉਹ ਆਪਣੀ ਹਾਰ ਮੰਨ ਲਵੇਗਾ। ਚਿੱਠੀ ਦੇਖਕੇ ਸਿੰਘਾਂ ਨੂੰ ਬਹੁਤ ਰੋਹ ਚੜਿਆ, ਉਹਨਾਂ ਜੁਆਬ ਘਲਿਆ ਕਿ ਸਾਡਾ ਇਕ ਸਿੰਘ ਨਿਕਲੇਗਾ, ਤੁਸੀਂ ਤਿੰਨ ਗਿਲਜੇ ਘਲੋ ਤਾਂ ਉਹ ਬਹੁਤ ਸ਼ਰਮਿੰਦੇ ਹੋਏ ਤੇ ਫੇਰ ਦੋਵਾਂ ਪਾਸਿਆਂ ਤੋਂ ਇੱਕ ਇੱਕ ਜਣਾ ਹੀ ਨਿਕਲਿਆ ਤੇ ਮੁਕਾਬਲਾ ਸ਼ੁਰੂ ਹੋ ਗਿਆ। ਗਿਲਜਾ ਤਾਂ ਕੋਈ ਦੈਂਤ ਕੱਦ ਕਾਠ ਦਾ ਅਤੇ ਪੂਰੇ ਸ਼ਰੀਰ ਤੇ ਸੰਜੋਅ, ਲੋਹ ਟੋਪ ਤੇ ਹੋਰ ਜੰਗੀ ਸਮਾਨ ਨਾਲ ਪੂਰੀ ਤਰਾਂ ਲੈਸ ਸੀ। ਇਹ ਦੇਖ ਕੇ ਸੁਆਲ ਪੈਦਾ ਹੋਇਆ ਕਿ ਇਸ ਦੈਂਤ ਦਾ ਮੁਕਾਬਲਾ ਕੌਣ ਕਰੇਗਾ।ਹੁਣ ਫੇਰ ਭਾਈ ਸੁੱਖਾ ਸਿੰਘ ਨੇ ਆਪਣੇ ਆਪ ਨੂੰ ਪੇਸ਼ ਕੀਤਾ ਪਰ ਸਿੱਖ ਸਰਦਾਰ ਇਸਦੀ ਛੋਟੀ ਉਮਰ ਹੋਣ ਕਰਕੇ ਇਸ ਗੱਲ ਲਈ ਸਹਿਮਤ ਨਹੀਂ ਸ਼ਨ।ਭਾਈ ਸੁੱਖਾ ਸਿੰਘ ਦੀ ਜਿੱਦ ਅੱਗੇ ਕਿਸੇ ਦੀ ਨਾ ਚੱਲੀ, ਅਖੀਰ ਉਸਦੇ ਲਈ ਇਕ ਵਧੀਆ ਘੋੜਾ, ਸੰਜੋਅ, ਦਸਤਾਨੇ, ਲੋਹ ਟੋਪ ਤੇ ਹੋਰ ਜੰਗੀ ਹਥਿਆਰ ਮੰਗਵਾਕੇ ਉਸਨੂੰ ਮੁਕਾਬਲੇ ਲਈ ਤਿਆਰ ਕੀਤਾ ਗਿਆ । ਸਦਾ ਵਾਂਗ ਖਾਲਸੇ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਜੈਕਾਰੇ ਛੱਡੇ ਗਏ ਤਾਂ ਭਾਈ ਸੁੱਖਾ ਸਿੰਘ ਲਲਕਾਰੇ ਮਾਰਦਾ, ਘੋੜਾ ਦੁੜਾ ਕੇ ਦੁਸ਼ਮਨ ਦੇ ਸਹਮਣੇ ਜਾ ਡੱਟਿਆ।ਦੋਵਾਂ ਵਿਚ ਘਮਸਾਨ ਦਾ ਯੁੱਧ ਹੋਇਆ, ਦੋਵੇਂ ਫੱਟਾਂ ਨਾਲ ਘਾਇਲ ਹੋ ਗਏ, ਹੱਥਿਆਰ ਵੀ ਟੁੱਟ ਗਏ ਤਾਂ ਫਿਰ ਗੁਥੱਮ ਗੁੱਥਾ ਹੋ ਗਏ। ਦੋਵੇਂ ਡੂੰਗੇ ਜੱਖਮਾਂ ਤੇ ਥਕਾਵਟ ਨਾਲ ਬੇਹੋਸ਼ ਹੋ ਕੇ ਡਿੱਗ ਪਏ ਪਰ ਗੁਰੂਆਂ ਦੀ ਬਖਸ਼ਿਸ਼ ਕਰਕੇ ਭਾਈ ਸੁੱਖਾ ਸਿੰਘ ਜੀ ਪਹਿਲਾਂ ਹੋਸ਼ ਵਿੱਚ ਆਕੇ ਉੱਠ ਖੜੇ ਹੋਏ। ਫਿਰ ਕੀ ਸੀ ਬਿਜਲੀ ਦੀ ਤੇਜੀ ਨਾਲ ਉਸਨੇ ਟੁੱਟੀ ਤਲਵਾਰ ਹੀ ਫੜ ਕੇ ਇਕ ਜੋਰਦਾਰ ਹਮਲਾ ਕਰਕੇ ਗਿਲਜੇ ਦਾ ਪੇਟ ਫਾੜ ਕੇ ਜੰਮਪੁਰੀ ਪਹੁੰਚਾ ਦਿੱਤਾ ਤੇ ਆਪਣੇ ਘੋੜੇ ਤੇ ਸਵਾਰ ਹੋ ਵਾਪਿਸ ਆਪਣੇ ਸਿੰਘਾਂ ਵਿੱਚ ਆ ਫਤਹਿ ਗੁੰਜਾਈ। ਜੈਕਾਰਿਆਂ ਦੀ ਘਨਘੋਰ ਅਵਾਜ ਨਾਲ ਅਕਾਸ਼ ਕੰਬਾ ਦਿੱਤਾ, ਇਹ ਦੇਖਕੇ ਗਿਲਜਿਆਂ ਵਿਚ ਮਾਤਮ ਛਾ ਗਿਆ। ਉਹ ਆਪਣੇ ਵਾਹਿਦੇ ਤੋਂ ਮੁਕਰ ਕੇ ਅਪਣੀ ਇਸ ਬੇਇਜਤੀ ਦਾ ਬਦਲਾ ਲੈਣ ਲਈ ਖਾਲਸੇ ਤੇ ਹਮਲਾ ਕਰ ਦਿੱਤਾ। ਪਰ ਖਾਲਸਾ ਫੌਂਜਾਂ ਵੀ ਤਿਆਰ ਬਰ ਤਿਆਰ ਸਨ, ਇਸਤਰਾਂ ਜੋਰਦਾਰ ਯੁੱਧ ਸ਼ੁਰੂ ਹੋ ਗਿਆ। ਖਾਲਸਾ ਫੌਜਾਂ ਨੇ ਚੁਣ ਚੁਣ ਕੇ ਗਿਲਜੇ ਮਾਰੇ ਕਿ ਉਹ ਤੋਬਾ ਤੋਬਾ ਕਰਦੇ ਪਿਛਾਂਹ ਨੂੰ ਭੱਜਣ ਲਗ ਪਏ ਤੇ ਵਾਪਿਸ ਲਾਹੌਰ ਪੰਹੁਚ ਕੇ ਦਮ ਲਿਆ।
ਭਾਈ ਸੁੱਖਾ ਸਿੰਘ ਜੀ ਦੀ ਇਸ ਸੂਰਬੀਰਤਾ ਤੇ ਨਿਡਰਤਾ ਲਈ ਸਾਰੇ ਸਿੱਖ ਸਰਦਾਰਾਂ ਨੇ ਇਕ ਇਕ ਵਧੀਆ ਘੋੜਾ ਦੇਣਾ ਚਾਹਿਆ ਪਰ ਇਸ ਸੂਰਬੀਰ ਨੇ ਨਿਮਰਤਾ ਸਹਿਤ ਸਾਰੇ ਘੋੜੇ ਵਾਪਿਸ ਕਰ ਦਿੱਤੇ ਤੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਿਕੇ ਸਾਰੇ ਖਾਲਸਾ ਪੰਥ, ਨਿਆਏ, ਸੱਚ ਤੇ ਮੇਰੇ ਦਸ਼ਮੇਸ਼ ਪਿਤਾ ਜੀ ਦੀ ਹੈ। ਮੈ ਤਾਂ ਖਾਲਸੇ ਦਾ ਨਿਮਾਣਾ ਜਿਹਾ ਸੇਵਕ ਹਾਂ।
ਸ਼ਹੀਦੀ
ਭਾਈ ਸੁੱਖਾ ਸਿੰਘ ਦੀ ਸ਼ਹੀਦੀ ਅਹਿਮਦ ਸ਼ਾਹ ਅਬਦਾਲੀ ਦੇ ਦਸਤਿਆਂ ਨਾਲ ਜੂਝਦਿਆਂ ਹੋਈ। ਇਹ ਗੱਲ ੧੭੫੨ ਦੀ ਹੈ। ਉਨ੍ਹਾਂ ਦੀ ਯਾਦ ਵਿੱਚ ਪਿੰਡ ਮਾੜੀ ਕੰਬੋ ਵਿੱਚ ਤਿੰਨ ਗੁਰਦੁਆਰੇ ਬਣੇ ਹੋਏ ਹਨ।


Related Posts

One thought on “ਗੁਰੂ ਗੋਬਿੰਦ ਸਿੰਘ ਜੀ ਭਾਗ 8

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top