22 ਵਾਰਾਂ – ਭਾਗ 3
ਰਾਇ ਕਮਾਲਦੀ ਮੌਜਦੀ ਦੀ ਵਾਰ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਉਚਾਰੀ ਬਾਣੀ ‘ਗਉੜੀ ਕੀ ਵਾਰ ਮਹਲਾ ੫ ਨੂੰ ਇਸ ਧੁਨ ’ਤੇ ਗਾਉਣ ਦਾ ਆਦੇਸ਼ ਕੀਤਾ ਹੈ। ਰਾਇ ਸਾਰੰਗ ਤੇ ਰਾਇ ਕਮਾਲਦੀ (ਕਮਾਲਦੀਨ) ਦੋ ਸਕੇ ਭਰਾ ਸਨ, ਜੋ ਬਾਰਾ ਦੇਸ ਦੇ ਸਰਦਾਰ ਸਨ। ਰਾਇ ਕਮਾਲਦੀ ਜੋ ਛੋਟਾ ਸੀ, ਵੱਡੇ ਭਰਾ ਦੀ ਜਗੀਰ-ਜਾਇਦਾਦ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੇ ਰਾਇ ਸਾਰੰਗ ਵਿਰੁੱਧ ਬਗ਼ਾਵਤ ਦੀ ਝੂਠੀ ਖ਼ਬਰ ਉਡਾ ਦਿੱਤੀ। ਉਸ ਦੇਸ ਦੇ ਰਾਜੇ ਨੇ ਬਿਨਾਂ ਸੋਚੇ-ਸਮਝੇ ਤੇ ਬਿਨਾਂ ਕੋਈ ਪੜਤਾਲ ਕੀਤਿਆਂ ਰਾਇ ਸਾਰੰਗ ਨੂੰ ਬੰਦੀ ਬਣਾ ਲਿਆ। ਇਸ ’ਤੇ ਰਾਇ ਕਮਾਲਦੀ ਨੇ ਸਾਰੰਗ ਦੀ ਸਾਰੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ।
ਕੁਝ ਚਿਰ ਬਾਅਦ ਰਾਜੇ ਨੂੰ ਅਸਲੀਅਤ ਦਾ ਪਤਾ ਲੱਗਾ। ਉਸ ਨੇ ਸਾਰੰਗ ਨੂੰ ਨਿਰਦੋਸ਼ ਠਹਿਰਾਉਂਦਿਆਂ ਬੜੇ ਆਦਰ-ਭਾਉ ਨਾਲ ਰਿਹਾਅ ਕਰ ਦਿੱਤਾ। ਇਧਰ ਰਾਇ ਕਮਾਲਦੀ ਵੱਡੇ ਭਰਾ ਦੀ ਜਾਇਦਾਦ ਵਾਪਿਸ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਭਰਾ ਦੀ ਰਿਹਾਈ ਦਾ ਬਹਾਨਾ ਬਣਾ ਕੇ ਇਕ ਵੱਡਾ ਜਸ਼ਨ ਮਨਾਉਣ ਦੀ ਸਕੀਮ ਬਣਾਈ। ਪਰ ਇਸ ਜਸ਼ਨ ਵਿਚ ਆਪਣੇ ਭਰਾ ਸਾਰੰਗ ਨੂੰ ਧੋਖੇ ਨਾਲ ਸ਼ਰਾਬ ਵਿਚ ਜ਼ਹਿਰ ਮਿਲਾ ਕੇ ਮਰਵਾ ਦਿੱਤਾ।
ਸਾਰੰਗ ਦੀ ਪਤਨੀ ਆਪਣੇ ਪੁੱਤਰ ਮੌਜਦੀ (ਮੁਅੱਜਦੀਨ) ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਮੌਜਦੀ ਨੂੰ ਸ਼ਸਤਰ ਵਿੱਦਿਆ ਵਿਚ ਪ੍ਰਬੀਨ ਕੀਤਾ ਗਿਆ। ਜਦ ਮੌਜਦੀ ਜਵਾਨ ਹੋਇਆ ਉਸ ਨੇ ਨਾਨਕਿਆਂ ਦੀ ਭਾਰੀ ਫੌਜ ਲੈ ਕੇ ਆਪਣੇ ਚਾਚੇ ਨੂੰ ਜੰਗ ਲਈ ਲਲਕਾਰਿਆ। ਚਾਚੇ ਭਤੀਜੇ ਵਿਚਕਾਰ ਘਮਸਾਨ ਦਾ ਜੁੱਧ ਹੋਇਆ। ਮੌਜਦੀ ਅਜਿਹੀ ਬਹਾਦਰੀ ਨਾਲ ਲੜਿਆ ਕਿ ਰਾਇ ਕਮਾਲਦੀ ਨੂੰ ਸੰਸਾਰ ਤਿਆਗਣਾ ਪਿਆ।
ਢਾਡੀਆਂ ਨੇ ਇਸ ਜੁੱਧ ਬਾਰੇ ਇਕ ਵਾਰ ਲਿਖੀ, ਜਿਸ ਦੀ ਇਕ ਪਉੜੀ ਇਸ ਤਰ੍ਹਾਂ ਹੈ:
ਰਾਣਾ ਰਾਇ ਕਮਾਲਦੀ ਰਣ ਭਾਰਾ ਬਾਹੀ।
ਮੌਜਦੀ ਤਲਵੰਡੀਓਂ ਚੜ੍ਹਿਆ ਸਾਬਾਹੀ।
ਢਾਲੀ ਅੰਬਰ ਛਾਇਆ ਫੁਲੇ ਅੱਕ ਕਾਹੀ।
ਜੁੱਟੇ ਆਹਮੋ ਸਾਹਮਣੇ ਨੇਜ਼ੇ ਝੁਲਕਾਹੀ।
ਮੌਜੇ ਘਰ ਵਧਾਈਆਂ ਘਰ ਚਾਚੇ ਧਾਹੀ।
ਇਸ ਵਾਰ ਦੀ ਧੁਨੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਬਾਣੀ ‘ਗਉੜੀ ਕੀ ਵਾਰ’ ਨੂੰ ਗਾਉਣ ਦੀ ਹਦਾਇਤ ਕੀਤੀ ਹੈ ।
( ਚਲਦਾ)