15 ਮਈ – ਪ੍ਰਕਾਸ਼ ਪੁਰਬ ਗੁਰੂ ਅਮਰਦਾਸ ਜੀ
15 ਮਈ ਪ੍ਰਕਾਸ਼ ਪੁਰਬ ਗੁਰੂ ਅਮਰਦਾਸ ਮਹਾਰਾਜ ਜੀ ਦਾ , ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ , ਆਉ ਸੰਖੇਪ ਝਾਤ ਮਾਰੀਏ ਗੁਰੂ ਸਾਹਿਬ ਦੇ ਜੀਵਨ ਕਾਲ ਤੇ ਜੀ ।
ਜਦੋ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰਦੇ ਹਾ ਤਾ ਅੱਖਾਂ ਸਾਹਮਣੇ ਲੰਮਾ ਕੱਦ , ਸੁੰਦਰ ਮੁੱਖ , ਚਿੱਟਾ ਦੁੱਧ ਵਰਗਾ ਦਾਹੜਾ , ਹੱਥ ਵਿਚ ਖੂੰਡਾ ਫੜੀ ਸਤਿਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਹੁੰਦੇ ਹਨ। ਜਦੋ ਗੁਰੂ ਸਾਹਿਬ ਸੰਗਤਾਂ ਵਿੱਚ ਆਉਦੇ ਇਉ ਮਹਿਸੂਸ ਹੁੰਦਾ ਜਿਵੇ ਅਕਾਲ ਪੁਰਖ ਪ੍ਰਕਾਸ਼ ਰੂਪ ਹੋ ਕੇ ਆ ਰਹੇ ਹੋਣ । ਸਾਰੀ ਸੰਗਤ ਨੂੰ ਏਨਾ ਪਿਆਰ ਕਰਦੇ ਕਿ ਕਾਇਨਾਤ ਦਾ ਪਿਆਰ ਵੀ ਫਿਕਾ ਪੈ ਜਾਵੇ । ਇਸ ਸੰਸਾਰ ਵਿੱਚ ਸਾਰੇ ਪਿਆਰ ਜਿਉਦੇ ਜੀਅ ਤੱਕ ਹੀ ਸੀਮਤ ਹਨ , ਜਦ ਕੋਈ ਮਰ ਜਾਵੇ ਸਾਰੇ ਪਿਆਰ ਕਰਨ ਵਾਲੇ ਆਪਣੇ ਹੱਥੀ ਸਾੜ ਕੇ ਆ ਜਾਦੇ ਹਨ , ਕੋਈ ਸਾਥ ਨਹੀ ਨਿਭਾ ਸਕਦਾ । ਪਰ ਗੁਰੂ ਜਿਉਦੇ ਜੀਅ ਤੇ ਗਲ ਨਾਲ ਲਾ ਕੇ ਰੱਖਦਾ ਹੈ ਪਰ ਮਰਨ ਤੋ ਬਾਅਦ ਵੀ ਸਾਥ ਨਹੀ ਛੱਡਦਾ । ਐਸਾ ਪਿਆਰ ਗੁਰੂ ਅਮਰਦਾਸ ਮਹਾਰਾਜ ਆਪਣੀ ਸੰਗਤ ਨਾਲ ਕਰਦੇ ਸਨ ।
ਗੁਰੂ ਅਮਰਦਾਸ ਮਹਾਰਾਜ ਜੀ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜਿਲਾ ਅੰਮ੍ਰਿਤਸਰ ਸਾਹਿਬ ਵਿੱਚ ਪਿਤਾ ਤੇਜ ਭਾਨ ਦੇ ਘਰ ਮਾਤਾ ਲਖਮੀ ਦੇਵੀ ਦੀ ਪਵਿੱਤਰ ਕੁੱਖ ਤੋ ਹੋਇਆ। ਗੁਰੂ ਜੀ ਚਾਰ ਭਰਾ ਸਨ ਆਪ ਸਾਰਿਆ ਨਾਲੋ ਵੱਡੇ ਸਨ ਆਪ ਜੀ ਦਾ ਵਿਆਹ ਦੇਵੀ ਚੰਦ ਬਹਿਲ ਦੀ ਧੀ ਬੀਬੀ ਰਾਮ ਕੌਰ ਜੀ ਨਾਲ ਹੋਇਆ , ਸਹੁਰੇ ਪਰਿਵਾਰ ਵਿੱਚ ਮਾਤਾ ਰਾਮ ਕੌਰ ਜੀ ਦਾ ਨਾਮ ਬਦਲ ਕੇ ਮਨਸਾ ਦੇਵੀ ਜੀ ਰੱਖ ਦਿੱਤਾ । ਆਪ ਜੀ ਦੇ ਘਰ ਦੋ ਪੁੱਤਰ ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ ਹੋਏ ਤੇ ਦੋ ਧੀਆ ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ ਹੋਈਆ। ਆਪ ਜੀ ਨੇ ਆਪਣੇ ਸਮੇਂ ਵਿੱਚ ਬਹੁਤ ਵੱਡੇ ਕਾਰਜ ਕੀਤੇ ਆਪ ਜੀ ਨੇ ਪੰਗਤ ਤੇ ਸੰਗਤ ਪ੍ਰਥਾ ਸੁਰੂ ਕੀਤੀ ਠੰਡੇ ਜਲ ਵਾਸਤੇ ਖੂਹ ਤੇ ਬਾਉਲੀਆ ਤਿਆਰ ਕਰਵਾਈਆ । ਨਵਾਂ ਨਗਰ ਗੋਇੰਦਵਾਲ ਸਾਹਿਬ ਵਸਾਇਆ ਸਭ ਤੋ ਵੱਡਾ ਕਾਰਜ ਔਰਤਾ ਵਾਸਤੇ ਕੀਤਾ । ਹਜ਼ਾਰਾਂ ਸਦੀਆਂ ਤੋ ਸਤੀ ਪ੍ਰਥਾ ਚਲਦੀ ਆ ਰਹੀ ਸੀ ਕਿ ਜਦੋ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਤਾ ਉਸ ਔਰਤ ਨੂੰ ਸਾਰਾ ਸਮਾਜ ਨਾਰੀਅਲ ਉਤੇ ਸੰਦੂਰ ਪਾ ਕੇ ਤੇ ਹੋਰ ਰਸਮਾ ਪੂਰੀਆਂ ਕਰਕੇ ਉਸ ਔਰਤ ਦੇ ਹੱਥ ਵਿਚ ਫੜਾ ਦਿੰਦੇ ਸਨ । ਹੁਣ ਤੇਰਾ ਏਥੋ ਸਭ ਕੁਝ ਮੁੱਕ ਗਿਆ ਹੈ , ਔਰਤ ਨੂੰ ਉਸ ਦੇ ਪਤੀ ਨਾਲ ਹੀ ਜਿਉਦੇ ਜੀਅ ਸਾੜ ਦਿੱਤਾ ਜਾਦਾ ਸੀ । ਪਰ ਜਦੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅਕਬਰ ਬਾਦਸ਼ਾਹ ਆਇਆ ਤਾ ਗੁਰੂ ਜੀ ਨੇ ਅਕਬਰ ਬਾਦਸ਼ਾਹ ਨੂੰ ਆਖ ਕੇ ਕਾਨੂੰਨ ਬਣਾ ਕੇ ਲਾਗੂ ਕਰਵਾ ਦਿੱਤਾ ਕਿ ਅਜ ਤੋ ਕੋਈ ਔਰਤ ਸਤੀ ਨਹੀ ਹੋਵੇਗੀ ਭਾਵ ਜਿਉਦੇ ਜੀਅ ਸਾੜੀ ਨਹੀ ਜਾਵੇਗੀ । ਉਹ ਔਰਤ ਮੁੜ ਤੋ ਆਪਣਾ ਵਸੇਬਾ ਕਰ ਸਕਦੀ ਹੈ ਹਰ ਇਕ ਨੂੰ ਜਿਉਣ ਦਾ ਅਧਿਕਾਰ ਹੈ । ਐਸੇ ਪਰ ਉਪਕਾਰੀ ਸਨ ਮੇਰੇ ਸਤਿਗੁਰੂ ਅਮਰਦਾਸ ਮਹਾਰਾਜ ਜੀ , ਐਸੇ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ ।
ਨਿਹੰਗ ਸਿੰਘਾ ਦੀ ਭਾਸ਼ਾ ਦੀ ਜਾਨਕਾਰੀ ਦੇਣ ਦਾ ਧੰਨਵਾਦ ਜੀ