ਇਤਿਹਾਸ – ਦਰਬਾਰ ਸਾਹਿਬ ਦੇ ਦਰਸ਼ਨ
ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਵਾਲੇ ਦਿਨ ਗੁਰੂ ਰਾਮਦਾਸ ਸਾਹਿਬ ਜੀ ਨੇ ਮਿਹਰ ਕੀਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ । ਜਦੋ ਮੈ ਲੰਗਰ ਹਾਲ ਵਲੋ ਦੀ ਗਿਆ ਸਭ ਤੋ ਪਹਿਲਾ ਲੰਗਰ ਵਿੱਚ ਸੇਵਾ ਤੇ ਪ੍ਰਸਾਦਾ ਛਕਦੀਆਂ ਸੰਗਤਾਂ ਦੇ ਦਰਸ਼ਨ ਹੋਏ ਸਨ । ਇਕ ਦਮ ਸੁਰਤ ਨੇ ਉਡਾਰੀ ਮਾਰੀ ਤੇ ਪਾਕਿਤਸਾਨ ਦੀ ਪਵਿੱਤਰ ਧਰਤੀ ਜਿਥੇ ਗੁਰੂ ਨਾਨਕ ਸਾਹਿਬ ਜੀ ਨੇ ਵੀਹ ਰੁਪਿਆ ਦਾ ਲੰਗਰ ਭੁੱਖੇ ਸਾਧੂਆਂ ਨੂੰ ਛਕਾਇਆ ਉਥੇ ਪਹੁੰਚ ਗਈ । ਜਦੋ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਦੀ ਪਹਿਲੀ ਨੀਂਹ ਰੱਖੀ ਸੀ ਮੂੰਹ ਵਿਚੋ ਸੁਭਾਵਕ ਹੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਨਿਕਲ ਗਿਆ । ਜਦੋ ਥੋੜਾ ਅੱਗੇ ਜਾ ਕੇ ਲੰਗਰ ਸਾਹਿਬ ਵੱਲ ਦੇਖਿਆ ਤਾ ਇਕ ਤਖਤੀ ਦੇ ਉਪਰ ਭਾਈ ਸੱਤੇ ਬਲਵੰਡ ਜੀ ਦੀ ਵਾਰ ਦੇ ਸ਼ਬਦ ਲਿਖੇ ਪੜੇ ( ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ ) ਗੁਰਬਾਣੀ ਦੀ ਤੁਕ ਪੜਦਿਆਂ ਸੁਰਤ ਨੇ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਲੰਗਰ ਅੰਦਰ ਮਾਤਾ ਖੀਵੀ ਜੀ ਨੂੰ ਆਪਣੇ ਸਿੱਖ ਪੁੱਤਰਾਂ ਵਾਸਤੇ ਘਿਉ ਵਾਲੀ ਖੀਰ ਤੇ ਕਈ ਪ੍ਰਕਾਰ ਦੇ ਹੋਰ ਭੋਜਨ ਵਰਤਾਉਦਿਆਂ ਵੇਖਿਆ । ਫੇਰ ਜਦੋ ਲੰਗਰ ਸਾਹਿਬ ਦੇ ਅੰਦਰ ਜਾਂਦੀ ਸੰਗਤ ਵੱਲ ਦੇਖਿਆ ਕੋਈ ਕਿਸੇ ਨਾਲ ਭੇਦ ਭਾਵ ਨਹੀ ਕੀ ਰਾਜਾ ਤੇ ਕੀ ਗਰੀਬ ਸਾਰੇ ਇਕ ਹੀ ਪੰਗਤ ਵਿਚ ਬੈਠ ਕੇ ਪ੍ਰਸਾਦਾ ਛੱਕਣ ਲਈ ਤਿਆਰ ਖੜੇ ਸਨ ਫੇਰ ਸੁਰਤ ਨੇ ਉਡਾਰੀ ਮਾਰੀ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਗਈ । ਜਿਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਦੇਸ਼ ਦਾ ਬਾਦਸ਼ਾਹ ਅਕਬਰ ਪੰਗਤ ਵਿਚ ਬੈਠ ਕੇ ਸਾਰੀ ਸੰਗਤ ਨਾਲ ਪ੍ਰਸਾਦਾ ਛੱਕ ਰਿਹਾ ਸੀ । ਗੁਰੂ ਘਰ ਨਾ ਕੋਈ ਵੱਡਾ ਤੇ ਨਾ ਕੋਈ ਛੋਟਾ ਸਾਰੇ ਬਰਾਬਰ ਸਨ ਜਦੋ ਤਿਨ ਗੁਰੂ ਸਹਿਬਾਨ ਦੀ ਚਲਾਈ ਮਰਿਯਾਦਾ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਲਾਗੂ ਕੀਤਾ ਤਾ ਭਾਈ ਸਤੇ ਬਲਵੰਡ ਜੀ ਨੂੰ ਕਹਿਣਾ ਪਿਆ । ( ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥ ) ਜਦੋ ਲੰਗਰ ਸਾਹਿਬ ਤੋ ਖੱਬੇ ਵਾਲੇ ਪਾਸੇ ਨਿਗਾਹ ਗਈ ਸਾਹਮਣੇ ਮੰਜੀ ਸਾਹਿਬ ਦੇ ਦਰਸ਼ਨ ਹੋਏ ਸੁਰਤ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਚੱਲੀ ਗਈ । ਉਹ ਕਿਨਾਂ ਭਾਗਾ ਵਾਲਾ ਸਮਾਂ ਹੋਵੇਗਾਂ ਜਦੋ ਗੁਰੂ ਜੀ ਆਪਣੇ ਮੁਖਾਰਬਿੰਦ ਤੋ ਸੰਗਤਾਂ ਨੂੰ ਕਥਾ ਸਰਵਨ ਕਰਵਾਉਦੇ ਹੋਵਣਗੇ । ਬਾਬਾ ਬੁੱਢਾ ਸਾਹਿਬ ਜੀ ਤੇ ਸੰਗਤ ਦੀ ਬੇਨਤੀ ਨੂੰ ਮੰਨ ਕੇ ਮੰਜੀ ਸਾਹਿਬ ਦਰਵਾਜੇ ਦੇ ਬਾਹਰ ਥੜੇ ਉਤੇ ਬੈਠ ਕੇ ਬਾਰਹਮਾਂਹ ਬਾਣੀ ਦਾ ਉਚਾਰਨ ਕੀਤਾ ਹੋਵੇਗਾ । ਜਦੋ ਅੱਗੇ ਪੈਰ ਜਲ ਨਾਲ ਧੋ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਅੰਦਰ ਜਾਣ ਲਈ ਪੋੜੀਆਂ ਉਤਰੀਆਂ ਤੇ ਨਿਵਾਣ ਵੱਲ ਗਿਆ ਤਾ ਸੁਰਤ ਨੇ ਉਡਾਰੀ ਮਾਰੀ ਤੇ ਹਰ ਗੁਰੂ ਘਰ ਹੁੰਦੀ ਅਰਦਾਸ ਦੇ ਉਹ ਬਚਨ ਚੇਤੇ ਆ ਗਏ ( ਸਿਖਾਂ ਦਾ ਮਨ ਨੀਵਾਂ ਤੇ ਮਤ ਉਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ) ਪੌੜੀਆ ਉਤਰਦਿਆਂ ਮਨ ਵਾਕਿਆ ਹੀ ਨੀਵਾਂ ਹੋ ਗਿਆ ਮਨ ਬਾਹਰਲੀਆਂ ਭਟਕਣਾਂ ਤੋ ਸਾਂਤ ਹੋ ਗਿਆ ਸਿਰਫ ਜੁਬਾਨ ਤੇ ਮਨ ਵਿੱਚ ਇਕ ਹੀ ਸ਼ਬਦ ਗੂੰਜ ਰਿਹਾ ਸੀ । ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ । ਜਦੋ ਪੌੜੀਆ ਤੋ ਥੱਲੇ ਉਤਰਿਆ ਤੇ ਨਿਗਾਹ ਦੁੱਖ ਭੰਜਨੀ ਬੇਰ ਤੇ ਪੈ ਗਈ ਸੁਰਤ ਨੇ ਉਡਾਰੀ ਮਾਰੀ ਤੇ ਪੱਟੀ ਦੇ ਰਾਜੇ ਦੁਨੀ ਚੰਦ ਦੀ ਧੀ ਬੀਬੀ ਰਜਨੀ ਤੇ ਉਸਦੇ ਪਿੰਗਲੇ ਪਤੀ ਤੇ ਜਾ ਟਿਕੀ । ਕਿਵੇ ਬੀਬੀ ਰਜਨੀ ਆਪਣੇ ਕੋਹੜੀ ਪਤੀ ਨੂੰ ਧੂੰਹਦੀ ਹੋਈ ਇਸ ਬੇਰੀ ਦੀ ਛਾ ਹੇਠਾ ਲੈ ਕੇ ਆਈ ਤੇ ਕਿਸ ਤਰਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਦਾ ਮੀਂਹ ਇਸ ਕੋਹੜੀ ਦੇ ਉਤੇ ਪਿਆ ਤੇ ਇਸਨਾਨ ਕਰਦਿਆ ਹੀ ਸਰੀਰ ਕੰਚਨ ਦੀ ਨਿਆਈ ਹੋ ਗਿਆ। ਅੱਜ ਵੀ ਇਸ ਦੁੱਖ ਭੰਜਨੀ ਬੇਰ ਹੇਠ ਸ਼ਰਧਾ ਨਾਲ ਇਸਨਾਨ ਕਰਨ ਵਾਲਿਆ ਦੇ ਸਾਰੇ ਰੋਗ ਦੂਰ ਹੋ ਰਹੇ ਹਨ । ਜਦੋ ਦੁੱਖ ਭੰਜਨੀ ਬੇਰ ਦੇ ਲਾਗੇ ਹੀ ਉਸ ਥੜੇ ਦੇ ਦਰਸ਼ਨ ਕੀਤੇ ਜਿਥੇ ਬੈਠ ਕੇ ਕਦੇ ਗੁਰੂ ਅਰਜਨ ਸਾਹਿਬ ਜੀ ਸੰਗਤਾਂ ਪਾਸੋ ਦਰਬਾਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸਨ । ਆਪ ਮਹੂਰੇ ਹੀ ਉਸ ਥੜੇ ਅੱਗੇ ਸਿਰ ਝੁਕ ਗਿਆ , ਜਦੋ ਪਰਕਰਮਾਂ ਵਿੱਚ ਹੋਰ ਅੱਗੇ ਗਿਆ ਤਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਹੋਏ ਤੇ ਸੁਰਤ ਨੇ ਉਡਾਰੀ ਮਾਰੀ ਤੇ ਦਮਦਮਾਂ ਸਾਹਿਬ ਸਾਬੋ ਕੀ ਤਲਵੰਡੀ ਪਹੁੰਚ ਗਈ। ਜਿਥੇ ਬੁੱਢਾ ਸ਼ੇਰ ਭੋਰੇ ਵਿੱਚ ਬੈਠ ਕੇ ਭਗਤੀ ਵਿੱਚ ਲੀਨ ਸੀ ਜਦੋ ਦਰਬਾਰ ਸਾਹਿਬ ਦੀ ਬੇਅਦਬੀ ਦੀ ਖ਼ਬਰ ਸੁਣੀ ਡੋਲੇ ਫੜਕ ਉਠੇ ਅੱਖਾਂ ਲਾਲ ਹੋ ਗਈਆਂ । ਕਰਕੇ ਸਾਰੇ ਸਿੰਘ ਇਕੱਠੇ ਕੀਤੀ ਅਰਦਾਸ ਗੁਰੂ ਰਾਮਦਾਸ ਸਾਹਿਬ ਜੀ ਜਿਨਾ ਚਿਰ ਆਪ ਜੀ ਦੇ ਅਸਥਾਨ ਨੂੰ ਅਜਾਦ ਨਹੀ ਕਰਵਾ ਲੈਦਾਂ ਉਨਾ ਚਿਰ ਸ਼ਹਾਦਤ ਪ੍ਰਾਪਤ ਨਹੀ ਕਰਾਗਾਂ। ਹੁਣ ਤੱਕ ਦੀ ਸੱਭ ਤੋ ਵੱਖਰੀ ਅਰਦਾਸ ਸੀ , ਹੋਇਆ ਵੀ ਏਦਾ ਜਦੋ ਬਾਬਾ ਦੀਪ ਸਿੰਘ ਜੀ ਚੱਬੇ ਦੀ ਧਰਤੀ ਤੇ ਪਹੁੰਚੇ ਤਾਂ ਜੰਗ ਦੌਰਾਨ ਦੁਸ਼ਮਨ ਜਰਨੈਲ ਨਾਲ ਸਾਝਾਂ ਵਾਰ ਚੱਲਿਆ ਦੋਹਾਂ ਯੋਧਿਆ ਦੇ ਸਿਰ ਧਰ ਨਾਲੋ ਵੱਖ ਹੋ ਗਏ। ਇਕ ਸਿੰਘ ਨੇ ਆਖਿਆ ਬਾਬਾ ਜੀ ਤੁਸੀ ਅਰਦਾਸ ਕੀਤੀ ਸੀ ਦਰਬਾਰ ਸਾਹਿਬ ਅਜਾਦ ਕਰਵਾ ਕੇ ਸ਼ਹਾਦਤ ਪ੍ਰਾਪਤ ਕਰਾਗਾਂ। ਬਸ ਏਨਾ ਕਹਿਣ ਦੀ ਦੇਰ ਸੀ ਬਾਬਾ ਜੀ ਨੇ ਸੀਸ ਤੱਲੀ ਤੇ ਰੱਖਿਆ ਤੇ ਦੁਸ਼ਮਨਾਂ ਦੇ ਆਹੂ ਲਾਉਂਦੇ ਹੋਏ ਦਰਬਾਰ ਸਾਹਿਬ ਅੰਦਰ ਦਾਖਲ ਹੋਏ । ਉਸ ਬੁੱਢੇ ਜਰਨੈਲ ਮਹਾਬਲੀ ਬੀਰ ਸੂਰਮਾਂ ਬਾਬਾ ਦੀਪ ਸਿੰਘ ਜੀ ਆਪਣੀ ਕੀਤੀ ਹੋਈ ਗੁਰੂ ਚਰਨਾਂ ਵਿੱਚ ਅਰਦਾਸ ਪੂਰੀ ਕਰ ਗਏ । ਉਸ ਤੋ ਅੱਗੇ ਗਿਆਂ ਤੇ ਦੇਖਿਆ ਗੁਰੂ ਕੇ ਸੇਵਾਦਾਰ ਹਰ ਕੋਨੇ ਵਿੱਚ ਠੰਡਾ ਮਿਠਾ ਜਲ ਸੰਗਤਾਂ ਨੂੰ ਵਰਤਾ ਰਹੇ ਸਨ ਇਹ ਤਾ ਗੁਰੂ ਕੀ ਸੰਗਤ ਹੈ । ਸਾਡਾ ਇਤਿਹਾਸ ਤੇ ਏਡਾ ਅਮੀਰ ਹੈ ਇਹ ਸੋਚਦਿਆਂ ਸੋਚਦਿਆਂ ਸੁਰਤ ਨੇ ਉਡਾਰੀ ਮਾਰੀ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਈ ਜਿਥੇ ਭਾਈ ਘਨੱਈਆ ਜੀ ਜੰਗ ਵਿੱਚ ਫੱਟੜ ਦੁਸ਼ਮਨਾਂ ਨੂੰ ਵੀ ਪਾਣੀ ਪਿਲਾ ਰਹੇ ਸਨ ਤੇ ਮਲਮ ਪੱਟੀ ਵੀ ਕਰ ਰਹੇ ਸਨ ਰੈਡ ਕਰੋਸ ਦੇ ਜਨਮ ਦਾਤਾ ਭਾਈ ਘਨੱਈਆ ਜੀ ਦੀ ਸੇਵਾ ਤੋ ਸਿਖਿਆ ਲੈ ਕੇ ਗੁਰੂ ਕੇ ਸਿੱਖ ਅੱਜ ਵੀ ਇਹ ਸੇਵਾ ਨਿਰੰਤਰ ਚਾਲੂ ਰੱਖਦੇ ਹਨ । ਇਸ ਤੋ ਅੱਗੇ ਜਦੋ ਦਰਬਾਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਨਿਰੰਤਰ ਚਲਦਾ ਕੀਰਤਨ ਸਰਵਨ ਕੀਤਾ ਤੇ ਆਪ ਮਹੂਰੇ ਹੀ ਮੂੰਹ ਵਿੱਚੋ ਨਿਕਲ ਗਿਆ । ( ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ) ਕੁਝ ਸਮਾਂ ਕੀਰਤਨ ਸਰਵਨ ਕਰ ਕੇ ਜਦੋ ਬਾਹਰ ਆਣ ਕੇ ਕੜਾਹ ਪ੍ਰਸਾਦ ਲਿਆ ਤਾ ਸੁਰਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਗਈ ਜਦੋ ਗੁਰੂ ਨਾਨਕ ਸਾਹਿਬ ਜੀ ਪਹਿਲੀ ਵਾਰ ਭਾਈ ਮਰਦਾਨਾ ਜੀ ਦੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਏ ਉਸ ਸਮੇ ਇਕ ਸ਼ਰਧਾਲੂ ਸਿੱਖ ਨੇ ਗੁਰੂ ਜੀ ਨੂੰ ਕੁਝ ਛਕਾਉਣ ਲਈ ਬੇਨਤੀ ਕੀਤੀ । ਉਸ ਸਮੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਿੱਖ ਪਾਸੋ ਰਸਦ ਮੰਗਵਾਈ ਤੇ ਪਹਿਲੀ ਕੜਾਹ ਪ੍ਰਸਾਦ ਦੀ ਦੇਗ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਉਤੇ ਬਣਾਉਣਾ ਕੀਤੀ । ਦੇਗ ਬਣਾ ਕੇ ਗੁਰੂ ਜੀ ਨੇ ਸਾਰੀ ਬੈਠੀ ਸੰਗਤ ਨੂੰ ਵਰਤਾ ਕੇ ਬਚਨ ਕੀਤਾ ਇਹ ਐਸਾ ਸੱਚਖੰਡ ਦਾ ਭੋਜਨ ਹੈ ਜੋ ਬੱਚੇ ਤੋ ਲੈ ਕੇ ਬਜ਼ੁਰਗ ਤੱਕ ਸਾਰੇ ਇਸ ਨੂੰ ਛੱਕ ਸਕਦੇ ਹਨ । ਗੁਰੂ ਨਾਨਕ ਸਾਹਿਬ ਜੀ ਨੂੰ ਸੰਗਤ ਨੇ ਬੇਨਤੀ ਕਰ ਕੇ ਏਥੇ ਰੁਕਣ ਲਈ ਆਖਿਆ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਅਸੀ ਏਥੇ ਚੌਥੇ ਜਾਮੇ ਵਿੱਚ ਆਣ ਕੇ ਰੁਕਾਗੇ । ਉਸ ਤੋ ਬਾਅਦ ਇਹ ਕੜਾਹ ਪ੍ਰਸਾਦ ਗੁਰੂ ਘਰ ਦੀ ਮਰਯਾਦਾ ਦਾ ਅੰਗ ਬਣ ਗਿਆ , ਕੜਾਹ ਪ੍ਰਸਾਦ ਲੈ ਕੇ ਜਦੋ ਨਿਗਾਹ ਲਾਇਚੀ ਬੇਰ ਵੱਲ ਪਈ ਜਿਸ ਨੂ ਲਾਇਚੀਆਂ ਵਾਗ ਨਿਕੇ ਨਿਕੇ ਬੇਰ ਲਗਦੇ ਸਨ । ਸੁਰਤ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਕੰਬੋਕੀ ਮਾੜੀ ਵਾਲਿਆਂ ਵੱਲ ਚਲੀ ਗਈ ਕਿਵੇ ਯੋਧਿਆ ਨੇ ਪੱਟੀ ਦੇ ਲੰਬਰਦਾਰਾਂ ਦੇ ਭੇਸ ਬਣਾ ਕੇ ਮੱਸੇ ਰੰਗੜ ਦਾ ਸਿਰ ਵੱਡਿਆ ਤੇ ਨੇਜੇ ਤੇ ਟੰਗ ਕੇ ਚਲੇ ਗਏ। ਇਸ ਤੋ ਅਗੇ ਜਦੋ ਸਾਹਮਣੇ ਨਿਗਾਹ ਗਈ ਤੇ ਅਕਾਲ ਦਾ ਤਖਤ ਨਜਰੀ ਪਿਆ ਜਿਸ ਨੂੰ ਤਿਨ ਮਹਾਂਪੁਰਸ਼ਾਂ ਨੇ ਬਣਾਇਆ ਸੀ । ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੇ ਜਿਸ ਤਖਤ ਤੇ ਬੈਠ ਕੇ ਸਾਸਤਰਾਂ ਦੇ ਨਾਲ ਨਾਲ ਸ਼ਸਤਰਾਂ ਦਾ ਜਿਕਰ ਹੋਇਆ । ਮੀਰੀ ਪੀਰੀ ਦੀਆਂ ਦੋ ਤਲਵਾਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪਵਾਈਆਂ । ਜੰਗੀ ਨਗਾਰੇ ਵੱਜੇ ਦਿਲੀ ਦੇ ਬਾਦਸ਼ਾਹ ਤੋ ਉਚਾ ਤਖਤ ਬਣਾਇਆਂ , ਮਰਦੇ ਹੋਏ ਲੋਕਾ ਨੂੰ ਅਣਖ ਨਾਲ ਜਿਉਣਾ ਸਿਖਾਇਆ ਜਾਣ ਲੱਗਾ । ਹੁਕਮਨਾਮੇ ਲਾਗੂ ਹੋਏ ਹੁਣ ਗੁਰੂ ਘਰ ਵਿੱਚ ਜਵਾਨੀ ਚੰਗੇ ਸ਼ਸਤਰ ਤੇ ਤੇਜ ਘੋੜਿਆ ਦੀ ਜਰੂਰਤ ਹੈ , ਗੁਰੂ ਜੀ ਨੇ ਚਾਰ ਜੰਗਾਂ ਕੀਤੀਆਂ ਹਕੂਮਤ ਦੇ ਨਾਲ ਤੇ ਚਾਰੇ ਜੰਗਾ ਜਿੱਤੀਆਂ ਸਨ । ਦਰਸ਼ਨ ਕੀਤੇ ਅਕਾਲ ਤਖ਼ਤ ਸਾਹਿਬ ਜੀ ਦੇ , ਜਦੋ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਲੇ ਪਾਸੇ ਗਿਆ ਤਾ ਦੇਖਿਆ ਉਥੇ ਬਾਬਾ ਦੀਪ ਸਿੰਘ ਤੋ ਬਾਅਦ ਦੂਸਰਾ ਜਥੇਦਾਰ ਸ਼ਹੀਦ ਗੁਰਬਖਸ਼ ਸਿੰਘ ਚੌਕੜਾ ਮਾਰ ਕੇ ਬੈਠਾ ਹੋਇਆ ਹੈ । ਜਦੋ ਦਰਸ਼ਨ ਕੀਤੇ ਸ਼ਹੀਦ ਦੇ ਦਰ ਦੇ ਤੇ ਸੁਰਤ ਚਲੀ ਗਈ ਅਬਦਾਲੀ ਦੀ ਫੌਜ ਵੱਲ ਜਦੋ ਅਠਾਰਾ ਕੁ ਦੀ ਗਿਣਤੀ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਨਿਹੰਗ ਸਿੰਘ ਬੈਠੇ ਸਨ । ਖਬਰ ਮਿਲੀ ਅਬਦਾਲੀ ਦੀ ਫੌਜ ਫੇਰ ਦਰਬਾਰ ਸਾਹਿਬ ਵੱਲ ਆ ਰਹੀ ਹੈ , ਕਰ ਕੇ ਅਰਦਾਸ ਛੱਡ ਕੇ ਜੰਗੀ ਜੈਕਾਰੇ ਆ ਪਏ ਦੁਸ਼ਮਨ ਦੀ ਫੌਜ ਨੂੰ , ਆਹੂ ਲਾ ਦਿੱਤੇ ਦੁਸ਼ਮਨ ਦੀ ਫੌਜ ਦੇ । ਫੌਜ ਨੂੰ ਭੱਜਣ ਦਾ ਰਾਹ ਨਾ ਦਿਸੇ ਏਨੀ ਗਹਿਗਚ ਦੀ ਜੰਗ ਹੋਈ ਫੌਜ ਨੇ ਜਿਉਣ ਦੀ ਆਸ ਛੱਡ ਦਿੱਤੀ । ਏਧਰ ਇਕ ਇਕ ਕਰਕੇ ਬਾਬਾ ਜੀ ਦੇ ਸਾਥੀ ਵੀ ਸ਼ਹਾਦਤ ਦਾ ਜਾਮ ਪੀਂਦੇ ਗਏ ਅਖੀਰ ਬਾਬਾ ਜੀ ਗੁਰਧਾਮਾ ਦੀ ਰੱਖਿਆ ਕਰਦੇ ਹੋਏ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜਾ ਬਿਰਾਜੇ ਸਨ। ਜਦੋ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਕਰਕੇ ਅਗਾਹ ਥੜਾ ਸਾਹਿਬ ਦੇ ਅਸਥਾਨ ਵੱਲ ਤੁਰਿਆ ਤੇ ਸੁਰਤ ਨੇ ਉਡਾਰੀ ਮਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਟਿਕੀ । ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋ ਚਲ ਕੇ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਤੇ ਪਹੁੰਚੇ ਸਨ । ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਦੀ ਖਬਰ ਪ੍ਰਿਥੀ ਚੰਦ ਦੀ ਔਲਾਦ ਤੇ ਮਸੰਦਾਂ ਨੂੰ ਪਤਾ ਲੱਗੀ ਇਹਨਾਂ ਨੇ ਡਰਦਿਆ ਹੀ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ । ਕਿਤੇ ਗੁਰੂ ਸਾਡੇ ਕੋਲੋ ਇਸ ਦਰਬਾਰ ਸਾਹਿਬ ਦਾ ਕਬਜ਼ਾ ਨਾ ਖੋਹ ਲਵੇ , ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਵੱਡੇ ਸਤਿਗੁਰਾਂ ਦੇ ਅਸਥਾਨ ਦੇ ਉਥੋ ਹੀ ਦਰਸ਼ਨ ਕੀਤੇ ਤੇ ਥੜੇ ਤੇ ਬੈਠ ਕੇ ਸੰਗਤਾਂ ਨੂੰ ਇਕ ਵਾਹਿਗੁਰੂ ਜੀ ਦੇ ਲੜ ਲੱਗਣ ਦਾ ਉਪਦੇਸ਼ ਦੇਂਦੇ ਹੋਏ ਵਾਪਸ ਆ ਗਏ। ਉਹਨਾਂ ਦੀ ਯਾਦ ਵਿੱਚ ਗੁਰਦੁਵਾਰਾ ਥੜਾ ਸਾਹਿਬ ਦੇ ਦਰਸ਼ਨ ਕਰਕੇ ਜਦੋ ਬਾਹਰ ਨਿਕਲਿਆ ਤਾ ਸਾਹਮਣੇ ਨਿਗਾਹ ਪਈ ਜੂਨ 1984 ਦੇ ਸ਼ਹੀਦ ਸਿੰਘਾਂ ਦੇ ਅਸਥਾਨ ਤੇ । ਸੁਰਤ ਉਸ ਸਮੇ ਦੇ ਹਾਲਾਤਾ ਨੂੰ ਦੇਖਣ ਲੱਗੀ ਜਦੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਭਾਈ ਠਾਹਰਾ ਸਿੰਘ ਜਰਨਲ ਸੁਬੇਗ ਸਿੰਘ ਤੇ ਹੋਰ ਬਹੁਤ ਮਰਜੀਵਰੇ ਸਿੰਘ ਜਿਨਾਂ ਨੇ ਆਪਣੀ ਸ਼ਹਾਦਤ ਇਸ ਅਸਥਾਨ ਤੇ ਦਿੱਤੀ । ਉਹਨਾ ਦੀ ਯਾਦਗਾਰ ਦੇ ਦਰਸ਼ਨ ਕਰਕੇ ਜਦੋ ਪੌੜੀਆ ਹੇਠ ਨੂ ਉਤਰਿਆ ਦੋ ਨਿਸ਼ਾਨ ਸਾਹਿਬ ਦੇਖੇ ਇਕ ਮੀਰੀ ਦਾ ਇਕ ਪੀਰੀ ਦਾ । ਜਦੋ ਉਪਰ ਵੱਲ ਨਿਗਾਹ ਗਈ ਕੀ ਦੇਖਿਆ ਮੀਰੀ ਦਾ ਨਿਸ਼ਾਨ ਸਾਹਿਬ ਪੀਰੀ ਦੇ ਨਿਸ਼ਾਨ ਸਾਹਿਬ ਤੋ ਕੁਝ ਫੁੱਟ ਛੋਟਾ ਹੈ । ਇਹ ਦੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਨ ਯਾਦ ਆ ਗਏ ਸਿੱਖ ਨੇ ਧਰਮ ਤੇ ਰਾਜਨੀਤੀ ਦੋਵੇ ਪੜਨੇ ਹਨ । ਪਰ ਯਾਦ ਰਹੇ ਰਾਜਨੀਤੀ ਹਮੇਸਾ ਧਰਮ ਦੇ ਅਧੀਨ ਹੋ ਕੇ ਚਲੇ ਕਦੇ ਵੀ ਰਾਜਨੀਤੀ ਨੂੰ ਧਰਮ ਤੇ ਹਾਵੀ ਨਹੀ ਹੋਣ ਦੇਣਾ । ਇਹ ਦੋਵੇ ਨਿਸ਼ਾਨ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਉਹਨਾਂ ਬਚਨਾਂ ਨੂੰ ਯਾਦ ਕਰਵਾਉਦੇ ਹਨ । ਫੇਰ ਜਦੋ ਵਾਪਸ ਆਉਣ ਲੱਗਾ ਪਰਕਰਮਾਂ ਵਿੱਚ ਲੱਗੀ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਦੇਖੀ । ਸੁਰਤ ਨੇ ਉਡਾਰੀ ਮਾਰੀ ਉਸ ਸਮੇਂ ਵਿੱਚ ਪਹੁੰਚ ਗਈ ਜਦੋ ਬਾਬਾ ਬੁੱਢਾ ਸਾਹਿਬ ਜੀ ਇਸ ਬੇਰ ਹੇਠ ਬੈਠ ਕੇ ਸੰਗਤਾਂ ਨੂੰ ਸੇਵਾ ਕਰਨ ਦਾ ਉਪਦੇਸ਼ ਦਿੰਦੇ ਹੋਵਣਗੇ । ਕਿਨੇ ਗੁਰੂ ਦੇ ਪਿਆਰੇ ਦਰਬਾਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਕਰਦੇ ਹੋਵਣਗੇ ਭਾਈ ਸਾਲੋ ਜੀ , ਭਾਈ ਬਹਿਲੋ , ਭਾਈ ਗੁਰਦਾਸ ਜੀ , ਤੇ ਹੋਰ ਪਤਾ ਨਹੀ ਕਿਨੇ ਗੁਰੂ ਦੇ ਪਿਆਰੇ ਸਿੱਖ । ਜਦੋ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਤੋ ਅਗਾਹ ਗਿਆ ਤਾ ਸਾਹਮਣੇ ਉਹ ਨੁਕਰ ਦੇਖੀ ਜਿਥੇ ਕਦੇ ਉਦਾਸੀ ਮੱਤ ਦੇ ਮੁਖੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲਣ ਵਾਸਤੇ ਆਏ ਸਨ । ਤੇ ਇਸ ਅਸਥਾਨ ਤੇ ਬਾਬਾ ਸ੍ਰੀ ਚੰਦ ਜੀ ਕਈ ਦਿਨ ਬੈਠ ਕੇ ਸਿੱਖ ਸੰਗਤਾਂ ਨੂੰ ਸਰੋਵਰ ਦੀ ਸੇਵਾ ਕਰਦਿਆ ਵੇਖ ਕੇ ਖੁਸ਼ ਹੁੰਦੇ ਰਹੇ ਸਨ । ਇਸ ਤੋ ਅੱਗੇ ਆਇਆ ਬੁੰਗਾਂ ਰਾਮਗੜੀਆ ਦਾ ਜਿਸ ਨੂੰ ਵੇਖ ਕੇ ਸੁਰਤ ਉਸ ਸਮੇਂ ਵਿੱਚ ਪਹੁੰਚ ਗਈ ਜਦੋ ਸਾਡੀਆਂ ਸਿੱਖ ਮਿਸਲਾਂ ਵੈਰੀਆਂ ਨੂੰ ਖਤਮ ਕਰਦੀਆਂ ਹੋਈਆਂ ਸਿੱਖ ਰਾਜ ਵੱਲ ਵੱਧ ਰਹੀਆ ਸਨ । ਅਖੀਰ ਉਹ ਸਮਾਂ ਵੀ ਆਇਆ ਜਦੋ ਸਾਡਾ ਆਪਣਾ ਸਿੱਖ ਰਾਜ ਹੋਇਆ ਸਾਰੇ ਪਾਸੇ ਖੁਸ਼ੀ ਹੀ ਖੁਸ਼ੀ ਸੀ । ਇਹ ਸਭ ਦੇ ਦਰਸ਼ਨ ਕਰਦਾ ਕਰਦਾ ਮੈ ਵਾਪਸ ਆਉਣ ਦੀ ਤਿਆਰੀ ਕਰ ਲਈ ਅਖੀਰ ਵਿੱਚ ਫੇਰ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਗੁਰੂ ਜੀ ਰਹਿਮ ਕਰਿਉ ਸਰਬੱਤ ਦਾ ਭਲਾ ਕਰਿਉ ਤੇ ਦਾਸ ਨੂੰ ਫੇਰ ਆਪਣੇ ਦਰਬਾਰ ਦੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਵਾਉਣੇ ਜੀ ।
ਜੋਰਾਵਰ ਸਿੰਘ ਤਰਸਿੱਕਾ ।