ਇਤਿਹਾਸ – ਗੁਰਦੁਆਰਾ ਸੁਹੇਲਾ ਘੋੜਾ ਸਾਹਿਬ , ਆਨੰਦਪੁਰ ਸਾਹਿਬ
ਗੁਰਦੁਆਰਾ ਸੁਹੇਲਾ ਘੋੜਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਅਸਥਾਨ ਹੈ। ਇੱਕ ਕਾਬਲ ਦਾ ਰਹਿਣ ਵਾਲਾ ਸਿੱਖ ਕਰੋੜੀ ਮੱਲ ਹੋਇਆ ਜੋ ਸਤਿਗੁਰਾਂ ਦਾ ਬਹੁਤ ਸ਼ਰਧਾਲੂ ਸੀ। ਸੰਮਤ 1635 ਵਿੱਚ ਇਸ ਸਿੱਖ ਨੇ ਘੋੜੇ ਸਤਿਗੁਰੂ ਜੀ ਨੂੰ ਭੇਟ ਕੀਤੇ ਸਨ। ਉਨ੍ਹਾਂ ਘੋੜਿਆਂ ਦੇ ਨਾਂ ਦਿਲਬਾਗ ਤੇ ਗੁਲਬਾਗ ਰੱਖੇ ਸਨ। ਬਾਅਦ ਵਿੱਚ ਸਤਿਗੁਰਾਂ ਨੇ ਘੋੜਿਆਂ ਦਾ ਨਾਮ ਬਦਲ ਕੇ ਜਾਨ ਭਾਈ ਅਤੇ ਸੁਹੇਲਾ ਘੋੜਾ ਰੱਖਿਆ ਸੀ। ਮਾਤਾ ਸੁਲੱਖਣੀ ਜੀ ਨੂੰ ਪੁੱਤਰਾਂ ਦਾ ਵਰ ਦੇਣ ਵੇਲੇ ਸਤਿਗੁਰੂ ਜੀ ਸੁਹੇਲੇ ਘੋੜੇ ‘ਤੇ ਹੀ ਸਵਾਰ ਸਨ। ਗੁਰੂ ਜੀ ਨੇ ਸੁਹੇਲਾ ਘੋੜੇ ‘ਤੇ ਹੀ ਕਰਤਾਰਪੁਰ ਦੀ ਜੰਗ ਲੜੀ। ਜੰਗ ਵਿੱਚ ਲੜਦਿਆਂ ਸੁਹੇਲਾ ਘੋੜਾ ਜ਼ਖ਼ਮੀ ਹੋ ਗਿਆ। ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਜੀ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਨ। ਰਸਤੇ ਵਿੱਚ ਘੋੜੇ ਨੇ ਸਰੀਰ ਛੱਡ ਦਿੱਤਾ ।
ਘੋੜੇ ਦੇ ਸਰੀਰ ਵਿੱਚ ਉਸ ਸਮੇਂ ਅਨੇਕਾਂ ਗੋਲ਼ੀਆਂ ਲੱਗੀਆਂ ਹੋਈਆਂ ਸਨ। ਸਸਕਾਰ ਕਰਨ ‘ਤੇ ਘੋੜੇ ਦੇ ਸਰੀਰ ਵਿੱਚੋਂ ਸਵਾ ਮਣ ਕੱਚਾ ਸਿੱਕਾ (20 ਕਿੱਲੋ) ਨਿਕਲਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅਰਦਾਸਾ ਸੋਧ ਕੇ ਆਪਣੇ ਹੱਥੀਂ ਸੁਹੇਲੇ ਘੋੜੇ ਦਾ ਸਸਕਾਰ ਕੀਤਾ ਤੇ ਇਹ ਅਸਥਾਨ ਸੁਹੇਲਾ ਘੋੜਾ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੋਇਆ।
ਵਾਹਿਗੁਰੂ ਜੀ 🙏