ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਵਿਚਾਰਾਂ
ਮਾਪਿਆਂ ਤੇ ਬੱਚਿਆਂ ਵਾਲਿਓ,
ਮੁੱਖ ਓਸ ਦੀ ਸਿਫ਼ਤ ਦੇ ਵੱਲ ਕਰੀਏ
ਸਾਰਾ ਪਰਿਵਾਰ ਜਿਨ੍ਹੇਂ ਹੱਸ ਵਾਰਿਆ,
ਆਓ ਓਸ ਗੁਰੂ ਦੀ ਗੱਲ ਕਰੀਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤ ਦੇ ਰੂਪ ਵਿੱਚ ਦੁਨੀਆਂ ਦੇ ਕਲਿਆਣ ਦਾ ਜੋ ਕੰਮ ਕੀਤਾ ਓਸ ਦੀ ਉਦਾਹਰਣ ਪੂਰੀ ਦੁਨੀਆ ਵਿੱਚ ਅੱਜ ਤੱਕ ਕਿਤੇ ਨਹੀਂ ਮਿਲਦੀ। 9 ਸਾਲ ਦੀ ਉਮਰ ਵਿੱਚ ਹੀ ਪਿਤਾ ਨੂੰ ਕੁਰਬਾਨੀ ਲਈ ਭੇਜਣਾ ਸਿਰਫ ਓਹਨਾ ਦੀ ਤਿਆਗ ਸ਼ਕਤੀ ਹੀ ਨਹੀਂ ਦਰਸਾਉਂਦਾ ਸਗੋਂ ਛੋਟੀ ਉਮਰ ਵਿੱਚ ਹੀ ਵੱਡੇ ਫੈਸਲੇ ਲੈਣ ਦੀ ਸਮਰੱਥਾ ਨੂੰ ਵੀ ਦੁਨੀਆਂ ਦੇ ਸਾਹਮਣੇ ਪੇਸ਼ ਕਰਦਾ ਹੈ।
ਧਰਮ ਬਚਾਵਣੇ ਲਈ ਜਾਓ ਪਿਤਾ ਜੀ,
ਸਬਕ ਪੜਾਵਨੇ ਲਈ ਜਾਓ ਪਿਤਾ ਜੀ
ਤੁਹਾਡੇ ਨਾਲੋਂ ਵੱਡਾ ਕੌਣ ਮਹਾਂਪੁਰਸ਼ ਹੈ,
ਸੀਸ ਕਟਾਵਨੇ ਲਈ ਜਾਓ ਪਿਤਾ ਜੀ।
ਇਸ ਦੇ ਨਾਲ ਹੀ ਗੁਰੂ ਸਾਹਿਬ ਜੀ ਨੇ ਆਪਣੇ ਮਾਤਾ ਮਾਤਾ ਗੁਜਰ ਕੌਰ ਜੀ ਨੂੰ ਵੀ ਹਰ ਜੰਗ ਵਿੱਚ ਆਪਣੇ ਨਾਲ ਰੱਖਿਆ। ਗੁਰੂ ਸਾਹਿਬ ਚਾਹੁੰਦੇ ਤਾਂ ਮਾਤਾ ਜੀ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਭੇਜ ਸਕਦੇ ਸਨ ਜਿਵੇਂ ਕਿ ਜਿਹੜੇ ਸਿੰਘਾਂ ਨੇ ਬੇਦਾਵਾ ਦਿੱਤਾ ਸੀ ਓਹ ਵੀ ਸੁਰੱਖਿਅਤ ਘਰਾਂ ਨੂੰ ਚਲੇ ਗਏ ਸਨ। ਪਰ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਜੰਗਾਂ ਵਿੱਚ ਵੀ ਆਪਣੇ ਨਾਲ ਰੱਖਿਆ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਗੁਰੂ ਸਾਹਿਬ ਜੀ ਨੇ ਵਖਰੇਵਾਂ ਕੀਤਾ ਹੈ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਦਾ ਯਤਨ ਕੀਤਾ ਹੈ। ਆਖਿਰ ਸਰਸਾਂ ਨਦੀ ਤੇ ਵਿਛੋੜਾ ਪੈਣ ਤੋਂ ਬਾਅਦ ਮਾਤਾ ਜੀ ਠੰਡੇ ਬੁਰਜ ਵਿਖੇ ਸਮਾਧੀ ਲੀਨ ਹੋ ਗਏ ਅਤੇ ਧਰਮ ਉੱਤੋਂ ਆਪਣੇ ਮਾਤਾ ਜੀ ਨੂੰ ਕੁਰਬਾਨ ਕਰਨਾ ਵੀ ਗੁਰੂ ਸਾਹਿਬ ਜੀ ਨੇ ਆਪਣੀ ਝੋਲੀ ਪਵਾਇਆ।
ਸਭ ਨਾਲੋਂ ਉੱਚਾ ਦਰਜਾ ਹੈ ਮਾਵਾਂ ਦਾ,
ਪਰ ਗੁਰੂ ਜੀ ਨੇ ਧਰਮ ਮਹਾਨ ਕਰਤਾ,
ਪੰਥ ਤੇ ਮਨੁੱਖਤਾ ਬਚਾਉਣ ਦੇ ਲਈ,
ਪਿਆਰੇ ਮਾਤਾ ਨੂੰ ਵੀ ਕੁਰਬਾਨ ਕਰਤਾ।
ਸਿਰਫ ਪੁੱਤ ਦੇ ਰੂਪ ਵਿੱਚ ਹੀ ਨਹੀਂ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਿਤਾ ਦੇ ਰੂਪ ਜੋ ਕੁਰਬਾਨੀ ਕੀਤੀ ਗਈ ਓਹ ਵੀ ਦੁਨੀਆਂ ਵਿੱਚ ਕੋਈ ਹੋਰ ਨਹੀਂ ਕਰ ਸਕਿਆ। ਧਰਮ ਦੇ ਉੱਤੋਂ ਆਪਣੇ ਚਾਰੇ ਪੁੱਤਾਂ ਨੂੰ ਵਾਰ ਦੇਣਾ ਇਹ ਕਿਸੇ ਵੀ ਯੁੱਗ ਵਿੱਚ ਕਿਸੇ ਵੀ ਮਹਾਂਪੁਰਸ਼ ਦੇ ਹਿੱਸੇ ਨਹੀਂ ਆਇਆ।
ਲੋੜ ਪਈ ਜਦ ਪੰਥ ਨੂੰ ਕੁਰਬਾਨੀਆਂ ਦੀ,
ਪੁੱਤ ਚਾਰੇ ਦੇ ਚਾਰੇ ਹੀ ਵਾਰ ਦਿੱਤੇ।
ਨਾ ਰੱਖਿਆ ਇੱਕ ਵੀ ਬਚਾ ਕੇ ਤੇ,
ਓਹਨੇ ਸਾਰੇ ਦੇ ਸਾਰੇ ਹੀ ਵਾਰ ਦਿੱਤੇ,
ਸੋ ਗੁਰੂ ਪਿਆਰਿਓ ਇਸ ਤਰਾਂ ਗੁਰੂ ਸਾਹਿਬ ਜੀ ਨੇ ਮਨੁੱਖਤਾ ਲਈ ਜੋ ਕੁਰਬਾਨੀਆਂ ਕੀਤੀਆਂ ਓਸ ਦਾ ਕਰਜ਼ ਰਹਿੰਦੀ ਦੁਨੀਆਂ ਵਿੱਚ ਕੋਈ ਲੱਖਾਂ ਕਰੋੜਾਂ ਜਨਮ ਲੈ ਕੇ ਵੀ ਨਹੀਂ ਉਤਾਰ ਸਕਦਾ।
ਰਣਜੀਤ ਸਿੰਘ ਮੋਹਲੇਕੇ
80700-61000