ਇਤਿਹਾਸ – ਭਗਤ ਰਾਮਾਨੰਦ ਜੀ

ਭਗਤੀ ਲਹਿਰ ਭਾਵੇਂ ਭਗਤ ਰਾਮਾਨੰਦ ਤੋਂ ਕਾਫੀ ਦੇਰ ਪਹਿਲੇ ਸ਼ੁਰੂ ਹੋ ਚੁਕੀ ਸੀ ਪਰੰਤੂ ਇਸ ਦਾ ਮੋਢੀ ਰਾਮਾਨੰਦ ਨੂੰ ਹੀ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 1366 ਈ. ਵਿੱਚ ਦੱਖਣ ਮਾਨਕੋਟ ਪਿੰਡ ਵਿਖੇ ਇੱਕ ਬ੍ਰਾਹਮਣ ਪਰਿਵਾਰ ਪਿਤਾ ਸ੍ਰੀ ਭੂਰਿਕਰਮਾ ਤੇ ਮਾਤਾ ਸੁਸ਼ੀਲਾ ਦੇਵੀ ਦੇ ਘਰ ਹੋਇਆ ਭਗਤ ਜੀ ਦੇ ਬਚਪਨ ਦਾ ਨਾਂ ਰਾਮਾਦੱਤ ਸੀ। ਲੇਖਕਾਂ ਦੀਆਂ ਲਿਖਤਾਂ ਵਿਚ ਭਗਤ ਜੀ ਦੇ ਪਿਤਾ ਦਾ ਨਾਮ ਸਦਨ ਸ਼ਰਮਾ ਅਤੇ ਜਨਮ ਸਥਾਨ ਕਾਂਸ਼ੀ ਵੀ ਲਿਖਿਆ ਗਿਆ ਹੈ ।
ਭਗਤ ਜੀ ਦਾ ਜੀਵਨ-ਕਾਲ ਇੱਕ ਸਦੀ ਤੋਂ ਵੀ ਵਧੇਰੇ ਮੰਨਿਆ ਜਾਂਦਾ ਹੈ । ਜਿਸ ਦਾ ਬਹੁਤਾ ਹਿੱਸਾ ਉਨ੍ਹਾਂ ਨੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿ ਕੇ ਹੀ ਗੁਜ਼ਾਰਿਆ
ਪਹਿਲਾਂ ਆਪ ਰਾਮ-ਸੀਤਾ ਦੇ ਉਪਾਸ਼ਕ ਸਨ ਪਰ ਫਿਰ ਨਿਰਗੁਣ ਦੇ ਉਪਾਸਨਾ ਵੱਲ ਰੁਚਿਤ ਹੋ ਗਏ ਰਾਮਨੰਦ ਜੀ ਬੜੇ ਉਦਾਰ ਦ੍ਰਿਸ਼ਟੀ ਕੋਣ ਦੇ ਮਾਲਕ ਸਨ। ਉਨ੍ਹਾਂ ਨੂੰ ਔਰਤਾਂ ਅਤੇ ਪਛੜੀਆਂ ਜਾਤੀਆਂ ਲਈ ਵੀ ਭਗਤੀ ਦੇ ਦੁਆਰ ਖੋਲ੍ਹ ਦਿੱਤੇ। ਫਲਸਰੂਪ ਭਗਤੀ ਕਾਵਿ ਵਿੱਚ ਉਦਾਰਵਾਦੀ ਚੇਤਨਾ ਦਾ ਵਿਕਾਸ ਹੋਇਆ ਰਾਮਾਨੰਦ ਨੇ ਸੰਸਕ੍ਰਿਤ ਦੀ ਥਾਂ ਹਿੰਦੀ ਸਧੂੱਕੜੀ ਭਾਸ਼ਾ ਨੂੰ ਆਪਣਾ ਪ੍ਰਚਾਰ ਮਾਧਿਅਮ ਬਣਾਇਆ।
ਭਗਤ ਰਾਮਾਨੰਦ ਜੀ ਅਚਾਰੀਆ ‘ਰਾਮਾਨੁਜ’ ਜੀ ਦੁਆਰਾ ਚਲਾਈ ਗਈ ਸ੍ਰੀ ਸੰਪਰਦਾ ਦੇ ਇੱਕ ਉੱਘੇ ਪ੍ਰਚਾਰਕ ਸਵਾਮੀ ਰਾਘਵਨੰਦ ਦੇ ਚੇਲੇ ਸਨ, ਜਿਹੜੇ ਇਸ ਸੰਪਰਦਾ ਦੇ ਤੇਰਵੇਂ ਮੁੱਖੀ ਸਨ । ਭਗਤ ਜੀ ਲੰਮੇ ਸਮੇਂ ਤੱਕ ਸ੍ਰੀ ਸੰਪਰਦਾ ਨਾਲ ਜੁੜ ਕੇ ਆਪਣੀਆਂ ਅਧਿਆਤਮਕ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਦੇ ਰਹੇ ਹਨ ਪਰ ਬਾਅਦ ਵਿਚ ਉਨ੍ਹਾਂ ਨੇ ਰਾਮਾਵਤ/ਰਾਮਾਦਤ ਸੰਪਰਦਾ ਦੀ ਸਥਾਪਨਾ ਕਰ ਲਈ । ਇਸ ਸੰਪਰਦਾ ਦੇ ਸਿਧਾਂਤ ਤਾਂ ਪਹਿਲਾਂ ਵਾਲੇ ਹੀ ਰਹੇ ਪਰ ਸਾਧਨਾ-ਪਧਤੀ ਵਿਚ ਕੁੱਝ ਉਦਾਰਤਾ ਜ਼ਰੂਰ ਕਾਇਮ ਹੋ ਗਈ । ਇਸ ਲਹਿਰ ਨਾਲ ਭਗਤੀ ਲਹਿਰ ਵਿਚ ਇੱਕ ਨਿਵੇਕਲਾ ਰੰਗ ਅਤੇ ਢੰਗ ਦਿਖਾਈ ਦੇਣ ਲੱਗ ਪਿਆ । ਇਸ ਰੰਗ ਅਤੇ ਢੰਗ ਕਾਰਨ ਹੀ ਉਸ ਵਕਤ ਦੀਆਂ ਕੁੱਝ ਨੀਵੀਆਂ ਜਾਤਾਂ ਦੇ ਲੋਕ ਵੀ ਇਸ ਕ੍ਰਾਂਤੀਕਾਰੀ ਲਹਿਰ ਨਾਲ ਜੁੜਨ ਲੱਗੇ ਅਤੇ ਪਰਮ ਪਿਤਾ ਦੀ ਭਗਤੀ ਦਾ ਹੱਕ ਹਾਸਲ ਕਰਨ ਲੱਗੇ ।
ਭਗਤ ਰਾਮਾਨੰਦ ਜੀ ਦੇ ਉਚੇਚੇ ਯਤਨਾਂ ਨਾਲ ਰਾਮ-ਨਾਮ ਦੀ ਗੰਗਾ ਝੁੱਗੀਆਂ ਝੋਪੜੀਆਂ ਦੇ ਬਸ਼ਿੰਦਿਆਂ ਤੱਕ ਵੀ ਪਹੁੰਚ ਗਈ ਅਤੇ ਉਨ੍ਹਾਂ ਦਾ ਆਤਮਿਕ ਜੀਵਨ ਵੀ ਆਨੰਦਿਤ ਹੋਣ ਲੱਗਾ । ਉਸ ਵਕਤ ਦੇ ਵਰਣ-ਵੰਡ ਵਾਲੇ ਸਮਾਜ ਵਿਚ ਭਗਤ ਜੀ ਦੁਆਰਾ ਕੀਤਾ ਗਿਆ ਬਰਾਬਰਤਾ ਦਾ ਇਹ ਉਪਰਾਲਾ ਕਿਸੇ ਕ੍ਰਾਂਤੀਕਾਰੀ ਕਦਮ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਵਕਤ ਪੂਜਾ-ਪਾਠ ਦਾ ਅਧਿਕਾਰ ਕੁੱਝ ਰਾਖਵੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਹੀ ਹਿੱਸੇ ਆਉਂਦਾ ਸੀ । ਭਗਤ ਜੀ ਦੀ ਇਸ ਫ਼ਰਾਖਦਿਲੀ ਵਾਲੀ ਸੋਚ-ਸਮਝ ਤੋਂ ਪ੍ਰਭਾਵਤ ਹੋ ਕੇ ਵੈਰਾਗੀ ਸੰਪਰਦਾ ਵਾਲੇ ਵੀ ਉਨ੍ਹਾਂ ਨੂੰ ਆਪਣਾ ਅਚਾਰੀਆ ਮੰਨਣ ਲੱਗ ਪਏ । ਸਮਾਂ ਪਾ ਕੇ ਭਗਤ ਰਾਮਾਨੰਦ ਜੀ ਨੇ ਵੈਸ਼ਨਵ ਮੱਤ ਨੂੰ ਤਿਆਗ ਦਿੱਤਾ ਅਤੇ ਅਕਾਲ-ਪੁਰਖ ਦੇ ਨਿਰਗੁਣ ਸਰੂਪ ਦੇ ਉਪਾਸ਼ਕ ਬਣ ਗਏ । ਭਗਤ ਜੀ ਦੀ ਇਸ ਉਪਾਸ਼ਨਾ ਕਾਰਨ ਹੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦਾ ਬਸੰਤ ਰਾਗ ਵਿਚ ਉਚਾਰਨ ਕੀਤਾ ਹੋਇਆ ਇਹ ਸ਼ਬਦ ‘‘ਕਤ ਜਾਈਐ ? ਰੇ ! ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ; ਮਨੁ ਭਇਓ ਪੰਗੁ ॥੧॥ ਰਹਾਉ ॥’’ (ਭਗਤ ਰਾਮਾਨੰਦ/੧੧੯੫), ਗੁਰੂ ਗ੍ਰੰਥ ਸਾਹਿਬ ਦੇ ਅੰਗ 1195 ਉੱਪਰ ਦਰਜ ਕੀਤਾ ਹੈ । ਆਪਣੀ ਮਾਨਸਿਕ ਅਵਸਥਾ ਨੂੰ ਬਿਆਨਦੇ ਹੋਏ ਸਵਾਮੀ ਜੀ ਦੱਸਦੇ ਹਨ ਕਿ ਮੇਰਾ ਮਨ ਪਿੰਗਲਾ ਹੋ ਗਿਆ ਹੈ ਭਾਵ ਹੁਣ ਇਹ ਦਰ-ਦਰ ’ਤੇ ਨਹੀਂ ਭਟਕਦਾ ਸਗੋਂ ਆਪਣੇ ਪਿਆਰੇ ਨੂੰ ਪੂਰਨ ਰੂਪ ਵਿਚ ਸਮਰਪਿਤ ਹੋ ਗਿਆ ਹੈ ।
ਭਗਤ ਰਾਮਾਨੰਦ ਜੀ ਦੇ ਕਈ ਹੋਰ ਵੀ ਪ੍ਰਸਿੱਧ ਚੇਲੇ ਹੋਏ ਹਨ ਜਿਨ੍ਹਾਂ ਨੇ ਆਪਣੇ-ਆਪਣੇ ਸਮੇਂ ਵਿਚ ਮਨੁੱਖਤਾ ਨੂੰ ਸੱਚ ਨਾਲ ਜੋੜਿਆ ਅਤੇ ਕੂੜ ਤੋਂ ਮੋੜਿਆ ਹੈ । ਭਗਤ ਜੀ ਦੇ ਇਨ੍ਹਾਂ ਚੇਲਿਆਂ ਵਿਚ ਕਬੀਰ ਸਾਹਿਬ, ਬਾਬਾ ਰਵਿਦਾਸ ਜੀ, ਭਗਤ ਸੈਣ ਜੀ ਅਤੇ ਭਗਤ ਪੀਪਾ ਜੀ ਦਾ ਨਾਮ ਵਰਣਨ ਯੋਗ ਹੈ । ਇਸ ਸੂਚੀ ਵਿਚ ਕਈ ਲੇਖਕਾਂ ਨੇ ਭਗਤ ਧੰਨਾ ਜੀ ਦੇ ਨਾਂ ਨੂੰ ਵੀ ਸ਼ਾਮਲ ਕੀਤਾ ਹੈ ਪਰ ਇਹ ਪੂਰਨ ਰੂਪ ਵਿਚ ਪ੍ਰਮਾਣਿਤ ਨਹੀਂ ਹੈ । ਭਗਤੀ ਲਹਿਰ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਇਨ੍ਹਾਂ ਸਾਰੇ ਭਗਤਾਂ ਨੇ ਕਾਬਲ-ਏ-ਤਾਰੀਫ਼ ਯੋਗਦਾਨ ਪਾਇਆ ਹੈ ਅਤੇ ਰੱਬੀ ਨੇੜਤਾ ਤੇ ਪਿਆਰ ਹਾਸਲ ਕਰਨ ਲਈ ਭਾਉ-ਭਗਤੀ ਦੇ ਮਾਰਗ ਨੂੰ ਇੱਕ ਉੱਤਮ ਮਾਰਗ ਦਰਸਾਇਆ ਹੈ ।
ਆਪਣੀ ਹਯਾਤੀ ਦਾ ਲੰਮਾ ਸਮਾਂ ਗੰਗਾ ਦੇ ਕੰਢੇ (ਕਾਂਸ਼ੀ) ’ਤੇ ਬਤੀਤ ਕਰ ਕੇ ਭਗਤ ਰਾਮਾਨੰਦ ਜੀ 12 ਦਸੰਬਰ 1467 ਈ. ਨੂੰ ਪ੍ਰਲੋਕ ਗਮਨ ਕਰ ਗਏ । ਬੇਸ਼ੱਕ ਭਗਤ ਜੀ ਇੱਕ ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਏ ਪਰ ਉਹ ਬ੍ਰਾਹਮਣਵਾਦੀ ਪਸਾਰੇ ਤੋਂ ਨਿਰਲੇਪ ਹੀ ਰਹੇ । ਉਨ੍ਹਾਂ ਦੇ ਮੁਤਾਬਕ ਪੂਰੇ ਗੁਰੂ ਦੀ ਸ਼ਰਨ ਹੀ ਜਨਮਾਂ-ਜਨਮਾਤਰਾਂ ਦੇ ਬੰਧਨਾਂ ਨੂੰ ਕੱਟਣ ਦੇ ਸਮਰੱਥ ਬਣਦੀ ਹੈ॥ ਸੰਸਕ੍ਰਿਤ ਵਿੱਚ ਆਪ ਦੇ ਨਾਂ ਦੀਆਂ ਕਈ ਰਚਨਾਵਾਂ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਦੋ ਮਹੱਤਵਪੂਰਨ ਸਮਝੀਆਂ ਜਾਂਦੀਆਂ ਹਨ। ਪਹਿਲੀ ਸ੍ਰੀ ਵੈਸ਼ਣਵਮਤਾਬਜ ਭਾਸਕਰ ਜਿਸ ਵਿੱਚ ਪ੍ਰਮੁੱਖ ਸਿਧਾਂਤ ਅੰਕਿਤ ਹਨ, ਦੂਜੀ ‘ਸ੍ਰੀ ਰਾਮਾਚਰਣ ਪੱਧਤੀ` ਜਿਸ ਵਿੱਚ ਪੂਜਾ ਪ੍ਰਣਾਲੀ ਬਾਰੇ ਦੱਸਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਰਾਮਾਨੰਦ ਜੀ ਦਾ ਇੱਕ ‘ਸ਼ਬਦ` ਬਸੰਤ ਰਾਗ ਵਿਚ ਦਰਜ ਹੈ। ਰਾਮਾਨੰਦ ਜੀ ਅਨੁਸਾਰ ਪ੍ਰਮਾਤਮਾ ਕਿਸੇ ਖ਼ਾਸ ਥਾਂ ਤੇ ਨਹੀਂ ਹੈਂ।ਉਹ ਸਰਬ ਵਿਆਪੀ ਹੈਂ,ਉਸ ਦੀ ਮਿਹਰ ਹੋ ਜਾਏ ਤਾਂ ਪ੍ਰਭੂ ਮਨ ਵਿੱਚੋ ਹੀ ਪ੍ਰਗਟ ਹੋ ਜਾਂਦਾ ਹੈਂ
ਸਤਿਗੁਰ ਮੈਂ ਬਲਿਹਾਰੀ ਤੋਰ॥ਜਿਨਿ ਸਕਲ ਬਿਕਲ ਭ੍ਰਮ ਕਾਟੈ ਮੋਰ॥
ਰਾਮਾਨੰਦ ਸੁਆਮੀ ਰਮਤ ਬ੍ਰਹਮ॥ਗੁਰ ਕਾ ਸ਼ਬਦ ਕਾਟੈ ਕੋਟਿ ਕਰਮ॥ (ਪੰਨਾ:1195)
ਅੱਜ ਵੀ ਭਗਤ ਰਾਮਾਨੰਦ ਜੀ ਦੇ ਕਮਾਏ ਹੋਏ ਉਪਦੇਸ਼ਾਂ ਦੀ ਓਨੀ ਹੀ ਸਾਰਥਿਕਤਾ ਹੈ ਜਿੰਨੀ ਉਨ੍ਹਾਂ ਦੇ ਆਪਣੇ ਸਮਕਾਲ ਵਿਚ ਰਹੀ ਹੈ । ਲੋੜ ਸਿਰਫ਼ ਉਨ੍ਹਾਂ ਨੂੰ ਆਪਣੇ ਅੰਗ-ਸੰਗ ਲਗਾਉਣ ਦੀ ਹੈ, ਪਰ ਅਫਸੋਸ ਕਿ ਅਸੀਂ ਆਪਣੇ ਪੁਰਖਿਆਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚੋਂ ਦਿਨ-ਬ-ਦਿਨ ਮਨਫ਼ੀ ਕਰੀ ਜਾ ਰਹੇ ਹਾਂ ਅਤੇ ਕਈ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਸੰਤਾਪ ਭੋਗੀ ਜਾ ਰਹੇ ਹਾਂ । ਉਨ੍ਹਾਂ ਦੇ ਜਨਮ ਦਿਨ ਅਤੇ ਬਰਸੀਆਂ ਸਾਨੂੰ ਹਮੇਸ਼ਾਂ ਹੀ ਉਨ੍ਹਾਂ ਦੁਆਰਾ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ । ਆਉ ! ਭਗਤ ਰਾਮਾਨੰਦ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅਸੀਂ ਵੀ ਆਪਣੇ ਲੋਕ ਤੇ ਪ੍ਰਲੋਕ ਨੂੰ ਸੰਵਾਰਨ ਅਤੇ ਸ਼ਿੰਗਾਰਨ ਦਾ ਯਤਨ ਕਰੀਏ ।
ਸ਼ਬਦ ਭਗਤ ਰਾਮਾਨੰਦ ਜੀ
ੴ ਸਤਿਗੁਰ ਪ੍ਰਸਾਦਿ ॥
ਕਤ ਜਾਈਐ ਰੇ ਘਰ ਲਾਗੋ ਰੰਗੁ ॥
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
ਏਕ ਦਿਵਸ ਮਨ ਭਈ ਉਮੰਗ ॥
ਘਸਿ ਚੰਦਨ ਚੋਆ ਬਹੁ ਸੁਗੰਧ ॥
ਪੂਜਨ ਚਾਲੀ ਬ੍ਰਹਮ ਠਾਇ ॥
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
ਜਹਾ ਜਾਈਐ ਤਹ ਜਲ ਪਖਾਨ ॥
ਤੂ ਪੂਰਿ ਰਹਿਓ ਹੈ ਸਭ ਸਮਾਨ ॥
ਬੇਦ ਪੁਰਾਨ ਸਭ ਦੇਖੇ ਜੋਇ ॥
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
ਸਤਿਗੁਰ ਮੈ ਬਲਿਹਾਰੀ ਤੋਰ ॥
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
ਰਾਮਾਨੰਦ ਸੁਆਮੀ ਰਮਤ ਬ੍ਰਹਮ ॥
ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥1195॥
ਜੋਰਾਵਰ ਸਿੰਘ ਤਰਸਿੱਕਾ
ਵਾਹਿਗੁਰੁ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਹਿ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top