ਸਾਧੂ ਅਲਮਸਤ ਜੀ

ਸਾਧੂ ਅਲਮਸਤ ਹਮੇਸ਼ਾ ਵਾਹਿਗੁਰੂ ਦੇ ਰੰਗ ਵਿਚ ਹੀ ਰੰਗੇ ਰਹਿੰਦੇ । ਦੁਨੀਆਂ ਤੋਂ ਬੇਪਰਵਾਹ ਆਪਣੀ ਹੀ ਮਸਤੀ ਵਿਚ ਜਿਊਂਦੇ । ਅਲਾਹ ਦੇ ਪ੍ਰੇਮ ਦੇ ਨਸ਼ੇ ਵਿਚ ਬੇਸੁਧ ਰਹਿੰਦੇ । ਹਰਿ ਰਸ ਪੀਵੈ ਅਲਮਸਤ ਮਤਵਾਰਾ ਅਲਮਸਤ ਜੀ ਗੁਰੂ ਨਾਨਕ ਜੀ ਦੇ ਤੇ ਮੁੱਖ ਤੌਰ ‘ ਤੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਸਨ । ਅਲਮਸਤ ਜੀ ਇਕ ਆਤਮ ਗਿਆਨੀ ਸਾਧੂ ਸਨ । ਵਾਹਿਗੁਰੂ ਦੇ ਰੰਗ ਵਿਚ ਰੰਗੇ ਰਹਿੰਦੇ ਸਨ ਜਿਸ ਕਰਕੇ ਕੁਝ ਇਨ੍ਹਾਂ ਨੂੰ ਕਮਲੀਆ ਅਤੇ ਗੋਦੜੀਆ ਵੀ ਆਖਦੇ ਸਨ । ਅਲਮਸਤ ਜੀ ਦਾ ਜਨਮ ਕਸ਼ਮੀਰ ਦੇ ਇਲਾਕੇ ਗੋੜ ਬ੍ਰਾਹਮਣ ਦੇ ਘਰ ਸੰਮਤ 1610 ਵਿਚ ਹੋਇਆ । ਬਾਲੂ ਹਸਨਾ ਇਸ ਦਾ ਛੋਟਾ ਭਰਾ ਸੀ । ਇਹ ਬਾਬਾ ਗੁਰਦਿੱਤਾ ਜੀ ਦਾ ਚੇਲਾ ਹੋ ਕੇ ਉਦਾਸੀਆਂ ਦੇ ਇਕ ਧੂੰਣੈ ਦਾ ਮੁਖੀਆ ਬਣਿਆ । ਸ੍ਰੀ ਗੁਰੂ ਹਰਿਗੋਬਿੰਦ ਜੀ ਨਾਨਕ ਮਤੇ ਇਸ ਦੀ ਪੁਕਾਰ ‘ ਤੇ ਪਹੁੰਚੇ ਸਨ ਤੇ ਉਸ ਪਿੱਪਲ ਦੇ ਸਿਧਾਂ ਵੱਲੋਂ ਸਾੜੇ ਨਾਨਕ ਦਰਖ਼ਤਾਂ ਨੂੰ ਛੱਟੇ ਮਾਰ ਹਰਿਆ ਭਰਿਆ ਕੀਤਾ :
ਪੁਨ ਅਲਮਸਤੇ ਸਾਧੂ ਕੈ ਧੀਰ , ਦੇ ਕਹਿ ਭਲੇ ਗੁਰੂ ਬਰਬੀਰ / ਸਿੱਖ ਕੌਮ ਦਾ ਇਕ ਅੰਗ ਉਦਾਸੀਨ ਵੀ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਤੋਂ ਚਲਿਆ ਸੀ । ਬਾਬਾ ਗੁਰਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ । ਅੱਗੇ ਇਨ੍ਹਾਂ ਦੇ ਚਾਰ ਸੇਵਕ ਬਣੇ ( 1 ) ਬਾਲੂ ਹਸਨਾ ( 2 ) ਅਲਮਸਤ ( 3 ) ਫੁਲਸ਼ਾਹ ( 4 ) ਗੋਂਦਾ ਅਥਵਾ ਗੋਇੰਦ ਜੀ ।
ਇਹ ਸਭ ਕਰਨੀ ਵਾਲੇ ਸਾਧੂ ਸਨ ਜਿਨ੍ਹਾਂ ਦੇ ਨਾਂ ਚਾਰ ਧੂੰਣੈ ਉਦਾਸੀਆਂ ਦੇ ਪ੍ਰਸਿੱਧ ਹਨ
ਬਾਲੂ ਹਸਨਾ ਫੁਲ ਪੂਨ ਗੋਂਦਾ ਅਹੁ ਅਲਮਸਤ
ਮੁਖ ਉਦਾਸੀ ਇਹ ਭਏ ਬਹੁਰੋ ਸਾਧੂ ਸਮਸਤ ।
ਧੂਣੀ ਦਾ ਅਰਥ ਹੈ ਮਸ਼ਾਲ ਜਗਾਉਣਾ ਤੇ ਰੌਸ਼ਨੀ ਕਰਨਾ । ਇਹ ਮੁਖੀ ਤੇ ਉਨ੍ਹਾਂ ਦੇ ਸਾਥੀ ਸਿੱਖੀ ਦੀ ਮਸ਼ਾਲ ਲੈ ਕੇ ਪਿੰਡ – ਪਿੰਡ ਪੁੱਜੇ ਤੇ ਸਿੱਖੀ ਉਸ ਥਾਂ ਥਾਂ ਪੁਜਾਈ ਜਿੱਥੇ ਕਿਸੇ ਦੇ ਪੁੱਜਣ ਦੀ ਸ਼ਕਤੀ ਨਹੀਂ ਸੀ ਹੁੰਦੀ । ਇਨ੍ਹਾਂ ਦੇ ਪ੍ਰਚਾਰ ਸਦਕਾ ਸਿੱਖੀ ਚਾਰੇ ਪਾਸੇ ਫੈਲੀ । ਇਨ੍ਹਾਂ ਚਾਰ ਧੂਨੀਆਂ ਨਾਲ ਛੇ ਬਖ਼ਸ਼ਿਸ਼ਾਂ ਮਿਲਾ ਕੇ ਦੁਮਨਾਮੀ ਸਾਧੂ ਕਹੇ ਜਾਂਦੇ ਹਨ ।
ਛੇ ਬਖ਼ਸ਼ਿਸ਼ਾਂ ਹਨ
1. ਸੁਥਰੇ ਸ਼ਾਹੀ ਬਖ਼ਸ਼ਿਸ਼ ਗੁਰੂ ਹਰਿ ਰਾਇ ਸਾਹਿਬ ਜੀ
2. ਸੰਗਤ ਸਾਹਿਬੀਏ ਬਖ਼ਸ਼ਿਸ਼ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ
3. ਜੀਤਮਲੀਏ ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ
4. ਬਖ਼ਤਮਲੀਏ – ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ
5. ਭਗਤ ਭਗਵਾਨੀਏ – ਬਖ਼ਸ਼ਿਸ਼ ਗੁਰੂ ਹਰਿ ਰਾਇ ਸਾਹਿਬ ਜੀ 6. ਮੀਹਾਂ ਸ਼ਾਹੀਏ – ਬਖ਼ਸ਼ਿਸ਼ ਗੁਰੂ ਤੇਗ ਬਹਾਦਰ ਜੀ ।
ਇਨ੍ਹਾਂ ਉਦਾਸੀਆਂ ਦਾ ਲਿਬਾਸ ਮਜੀਠੀ ਚੋਲਾ , ਗਲ ਕਾਲੀ ਥੈਲੀ , ਹੱਥ ਤੂੰਬਾ ਅਤੇ ਸਿਰ ਉੱਚੀ ਨੋਕਦਾਰ ਟੋਪੀ ਨੁਮਾ ਦਸਤਾਰ ਹੁੰਦੀ ਸੀ । ਇਸ ਮੱਤ ਦੇ ਸਾਧੂ ਕੇਸ ਦਾੜ੍ਹੀ ਨਹੀਂ ਮਨਾਉਂਦੇ ਸਨ ਪਰ ਹੁਣ ਬਹੁਤ ਜਟਾਧਾਰੀ , ਮੁੰਡਿਤ ਭਸਮਧਾਰੀ , ਨਾਂਗੇ ਅਤੇ ਗੇਰੂ ਰੰਗੇ ਵਸਤਰ ਹੀ ਪਾਏ ਦੇਖੋ ਜਾਂਦੇ ਹਨ । ਅਲਮਸਤ ਜੀ ਨੇ ਨਾਨਕ ਮਤੇ ਆਪਣਾ ਸਥਾਨ ਬਣਾਇਆ ਹੋਇਆ ਸੀ । ਇਹ ਸਥਾਨ ਨੇਪਾਲ ਦੀ ਤਰਾਈ ਵਿਚ ਗੋਰਖਪੁਰ ਤੋਂ ਅੱਗੇ ਹੈ । ਇਹ ਉਹ ਸਥਾਨ ਹੈ ਜਿੱਥੇ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਉਥੋਂ ਗੁਜ਼ਰ ਰਹੇ ਸਨ ਤਾਂ ਮਰਦਾਨੇ ਨੂੰ ਭੁੱਖ ਨੇ ਸਤਾਇਆ । ਉਨ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਕੁਝ ਚਿਰ ਰੁਕ ਕੇ ਰੋਟੀ ਖਾਣ ਬਾਰੇ ਆਖਿਆ । ਗੁਰੂ ਨਾਨਕ ਦੇਵ ਜੀ ਨੇ ਚਾਰੇ ਪਾਸੇ ਨਜ਼ਰ ਮਾਰੀ ਤੇ ਰੀਠੇ ਦੇ ਰੁੱਖ ਹੀ ਸਨ । ਗੁਰੂ ਜੀ ਨੇ ਉਨ੍ਹਾਂ ਵੱਲ ਤੱਕ ਆਖਿਆ ਜਾ ਖਾ ਲੈ । ਮਰਦਾਨਾ ਬੜਾ ਹੈਰਾਨ ਹੋਇਆ ਕਿਉਂਕਿ ਰੀਠੇ ਦਾ ਫਲ ਅਤਿ ਕੌੜਾ ਹੁੰਦਾ ਹੈ । ਜਦ ਗੁਰੂ ਨਾਨਕ ਦਾ ਕਿਹਾ ਮੰਨ ਉਸ ਫਲ ਤੋੜਿਆ ਤਾਂ ਫਲ ਅਤਿ ਦਾ ਮਿੱਠਾ ਸੀ । ਉਸ ਆਪ ਵੀ ਖਾਧੇ ਤੋਂ ਗੁਰੂ ਜੀ ਨੂੰ ਵੀ ਦਿੱਤੇ । ਜਿਸ ਰੁੱਖ ਤੋਂ ਫਲ ਤੋੜਿਆ ਉਸ ਦਾ ਫਲ ਅੱਜ ਵੀ ਮਿੱਠਾ ਅਤੇ ਸੁਆਦਲਾ ਹੁੰਦਾ ਹੈ । ਉਸੇ ਥਾਂ ‘ ਤੇ ਹੀ ਅਲਮਸਤ ਜੀ ਨੇ ਆਪਣਾ ਡੇਰਾ ਬਣਾ ਲਿਆ ਸੀ । ਅਲਮਸਤ ਜੀ ਪਹਿਲਾਂ ਰਾਵੀ ਦੇ ਕੰਢੇ ਬੱਕਰੀਆਂ ਚਾਰਦੇ ਸਨ । ਉਸ ਦੇ ਦਿਲ ਵਿਚ ਬਹੁਤ ਚਿਰ ਬਾਅਦ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਇੱਛਾ ਜਾਗੀ । ਜਦ ਗੁਰੂ ਜੀ ਦੇ ਦਰਸ਼ਨ ਹੋਏ ਤਾਂ ਪ੍ਰੇਮ ਭਗਤੀ ਜਾਗ ਪਈ । ਇਕ ਬੱਕਰੀ ਦਾ ਦੁੱਧ ਚੋ ਕੇ ਗੁਰੂ ਜੀ ਅੱਗੇ ਰੱਖਿਆ । ਗੁਰੂ ਜੀ ਦੇ ਕਹਿਣ ਤੇ ਕਿ ਕੁਝ ਮੰਗ ਤਾਂ ਅਲਮਸਤ ਜੀ ਨੇ ਮੰਗਿਆ ਕਿ ਤੁਹਾਡੇ ਦਰਸ਼ਨ ਹੁੰਦੇ ਰਹਿਣ ਤਾਂ ਗੁਰੂ ਜੀ ਨੇ ਆਖਿਆ ਕਿ ਛੇਵੇਂ ਜਾਮੇ ਵਿਚ ਆਪ ਜੀ ਪਾਸ ਆਵਾਂਗੇ । ਅਲਮਸਤ ਜੀ ਦਿਨ ਰਾਤ ਪ੍ਰਭੂ ਦੀ ਮਹਿਮਾ ਗਾਂਦੇ ਮਸਤ ਰਹਿੰਦੇ ਅਤੇ ਹਰ ਵਕਤ ਮਨ ਵਿਚ ਇਕੋ ਵਿਸ਼ਵਾਸ਼ ਰਹਿੰਦਾ ਕਿ ਕਦ ਗੁਰੂ ਜੀ ਮੈਨੂੰ ਦਰਸ਼ਨ ਦੇਣਗੇ । ਉਸ ਨੂੰ ਕੁਝ ਮਸਤ ਸਾਧੂ ਵੀ ਆਖਦੇ ਸਨ । ਉਸ ਵਕਤ ਦੇ ਰਾਜੇ ਬਾਜ਼ ਬਹਾਦਰ ਦੇ ਘਰ ਇਕ ਬੇਟਾ ਹੋਇਆ । ਉਸ ਖ਼ੁਸ਼ੀ ਵਿਚ ਬੜੀਆਂ ਹੀ ਸੁਗਾਤਾਂ ਅਲਮਸਤ ਸਾਧੂ ਨੂੰ ਭੇਟ ਕੀਤੀਆਂ । ਅਲਮਸਤ ਜੀ ਨੇ ਸਾਰੀਆਂ ਭੇਟਾਵਾਂ ਸੰਮਤ 1687 ਨੂੰ ਅੰਮ੍ਰਿਤਸਰ ਗੁਰੂ ਸਾਹਿਬ ਦੇ ਚਰਨਾਂ ਵਿਚ ਲਿਆ ਭੇਟ ਕਰ ਦਿੱਤੀਆਂ ਅਲਮਸਤ ਜੀ ਉਥੋਂ ਲੰਗਰ ਤੇ ਸੰਗਤ ਨੂੰ ਵੇਖ ਬੜੇ ਹੀ ਪ੍ਰਭਾਵਿਤ ਹੋਏ ! ਗੁਰੂ ਜੀ ਤੋਂ ਬੜੀਆਂ ਹੀ ਹੋਰ ਬਖ਼ਸ਼ਿਸ਼ਾਂ ਲੈ ਵਾਪਸ ਮੁੜ ਆਏ । ਰਾਹ ਵਿਚ ਉਨ੍ਹਾਂ ਦੇ ਕਾਫ਼ੀ ਚੇਲੋ ਬਣ ਗਏ । ਅਲਮਸਤ ਜੀ ਨੇ ਹੁਣ ਫ਼ਕੀਰੀ ਦੀ ਥਾਂ ਲੰਗਰ ਤੇ ਕੀਰਤਨ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ ਤੇ ਹੁਣ ਉਨ੍ਹਾਂ ਨੂੰ ਆਪਣੇ ਡੇਰੇ ਗੁਰੂ ਹਰਿਗੋਬਿੰਦ ਜੀ ਦੇ ਮਿਲਣ ਦੀ ਚਾਅ ਹੋਣ ਲੱਗੀ । ਹਰ ਵਕਤ ਹੁਣ ਇਕੋ ਹੀ ਧਿਆਨ ਕਰਦੇ ਕਦ ਗੁਰੂ ਜੀ ਉਨ੍ਹਾਂ ਨੂੰ ਦਰਸ਼ਨ ਦੇਣਗੇ । ਜਦ ਅਲਮਸਤ ਜੀ ਆਪਣੇ ਚੇਲੇ ਨਾਲ ਜਗਨਨਾਥ ਗਏ ਤਾਂ ਉੱਥੇ ਉਨ੍ਹਾਂ ਨੂੰ ਭੋਜਨ ਖਾਣ ਨੂੰ ਨਾ ਮਿਲਿਆ । ਪੰਡਤਾਂ ਨੇ ਜਗਨਨਾਥ ਨੂੰ ਭੋਗ ਲਗਾਇਆ ਤੇ ਜਿਸ ਥਾਲ ਵਿਚ ਭੋਗ ਲਗਾਇਆ ਸੀ ਉਹੀ ਥਾਲ ਅਲਮਸਤ ਜੀ ਪਾਸ ਪਹੁੰਚ ਗਿਆ । ਜਦ ਪੰਡਤਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਥਾਲ ਬਾਰੇ ਪੁੱਛਿਆ ਤਾਂ ਅਲਮਸਤ ਜੀ ਨੇ ਕਿਹਾ ਕਿ ਥਾਲ ਸਮੁੰਦਰ ਵਿਚ ਹੈ ਪਰ ਜਦ ਉੱਥੇ ਗਏ ਤਾਂ ਉਹੋ ਜਿਹੇ ਬੇਅੰਤ ਥਾਲ ਦੇਖੇ । ਸਭ ਬੜੇ ਹੈਰਾਨ ਹੋਏ । ਰਾਜਾ ਮੰਗੂ ਨਾਥ ਵੀ ਉਨ੍ਹਾਂ ਦਾ ਸੇਵਕ ਬਣ ਗਿਆ । ਉੱਥੇ ਕਾਫ਼ੀ ਚਿਰ ਅਲਮਸਤ ਜੀ ਮਨ ਬਣਾ ਕੇ ਰਹੇ । ਉਸ ਮੱਠ ਦਾ ਨਾਂ ਮੰਗੂ ਮੱਠ ਨਾਲ ਪ੍ਰਸਿੱਧ ਹੈ । ਨਾਨਕ ਸ਼ਾਹੀ ਸਾਧੂ ਸੰਤ ਬੜੇ ਹੀ ਉੱਥੇ ਆਉਣ ਲੱਗੇ । 1926 ਵਿਚ ਉਥੋਂ ਦੇ ਇਕ ਮਹੰਤ ਮੰਗਲ ਦਾਸ ਨੇ ਵੀ ਉਦਾਸੀਂ ਧਾਰਨ ਕਰ ਆਪਣੀ ਜ਼ਮੀਨ ਮਕਾਨ ਸਭ ਉਸ ਮੱਠ ਦੇ ਨਾਂ ਕਰ ਦਿੱਤੀ । ਅਲਮਸਤ ਜੀ ਨੇ ਕਾਫ਼ੀ ਸਮਾਂ ਜਗਨ ਨਾਥ ਪੁਰੀ ਵਿਚ ਬਿਤਾਇਆ । ਅਲਮਸਤ ਜੀ ਆਪਣੇ ਡੇਰੇ ਨਾਨਕ ਮਤਾ ਇਕੋ ਆਸ , ਇਕੋ ਵਿਸ਼ਵਾਸ ਨਾਲ ਬੈਠੇ ਰਹੇ ਕਿ ਕਦ ਗੁਰੂ ਜੀ ਉਨ੍ਹਾਂ ਨੂੰ ਦਰਸ਼ਨ ਦੇਣਗੇ । ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਵਾਹਿਗੁਰੂ ਉਨ੍ਹਾਂ ਦੀ ਪੁਕਾਰ ਸੁਣ ਇਸੇ ਪ੍ਰੇਮ ਵਿਚ ਜ਼ਰੂਰ ਦੌੜੇ ਚਲੇ ਆਉਣਗੇ । ਇਕ ਸਮੇਂ ਐਸਾ ਹੋਇਆ ਕਿ ਸਿੱਧਾਂ ਨੇ ਅਲਮਸਤ ਜੀ ਦੀ ਪ੍ਰਸਿੱਧੀ ਤੋਂ ਐਸੀ ਖੁਣਸ ਖਾਧੀ ਕਿ ਉਸ ਪਾਵਨ ਪਿੱਪਲ ਨੂੰ ਸਾੜਨ ਦਾ ਯਤਨ ਕੀਤਾ । ਅਲਮਸਤ ਜੀ ਨੇ ਅੰਮ੍ਰਿਤਸਰ ਪੁਕਾਰ ਭੇਜੀ ਤੇ ਗੁਰੂ ਜੀ ਲਸ਼ਕਰ ਸਮੇਤ ਨਾਨਕ ਮਤਾ ਪੁੱਜੇ । ਸਾਧੂ ਅਲਮਸਤ ਜੀ ਨੇ ਜਦ ਘੋੜਿਆਂ ਦੇ ਟਾਪਾਂ ਦੀ ਆਵਾਜ਼ ਸੁਣੀ ਤਾਂ ਦੇਖ ਹੈਰਾਨ ਹੋਇਆ ਕਿ ਮੀਰੀ ਪੀਰੀ ਦੇ ਮਾਲਕ ਉਸ ਥਾਂ ਸਾਹਮਣੇ ਖੜੋਤੇ ਹਨ ਜਿੱਥੇ ਉਹ ਖੀਵਾ ਹੋਇਆ ਉਡੀਕ ਰਿਹਾ ਸੀ । ਉੱਥੇ ਸਿੱਧਾਂ ਨੂੰ ਕੰਬਣੀ ਛਿੜ ਗਈ । ਪਾਪ ਤਨ ਤੀਕਰ ਕੰਬਣ ਲੱਗੇ । ਗੁਰੂ ਹਰਿਗੋਬਿੰਦ ਜੀ ਦਾ ਤੇਜ ਦੇਖ ਉਨ੍ਹਾਂ ਦੀਆਂ ਸਿੱਧੀਆਂ ਮੰਦ ਪੈ ਗਈਆਂ । ਸਾਹਮਣੇ ਆਉਣ ਦਾ ਸਾਹਮ ਕਿਸੇ ਵਿਚ ਨਹੀਂ ਸੀ । ਬਹੁਤੇ ਛੱਪਰਾਂ , ਚਿੱਪਣੀਆਂ ਚੁੱਕ ਨੱਠ ਗਏ , ਜੋ ਕੁਝ ਰਹਿ ਗਏ ਉਨ੍ਹਾਂ ਨੂੰ ਗੁਰੂ ਜੀ ਨੇ ਵਾਹਿਗੁਰੂ ਨੂੰ ਯਾਦ ਕਰਨ ਦਾ ਸਰਲ ਤਰੀਕਾ ਦੱਸਿਆ । ਸੇਵਾ ਸਿਮਰਨ ਸਤਸੰਗ ਨਾਲ ਵਾਹਿਗੁਰੂ ਅੰਗ ਸੰਗ ਰਵੇਗਾ । ਆਪਣੇ ਆਪ ਨੂੰ ਕਸ਼ਟ ਦੇ ਕੇ ਕੁਝ ਨਹੀਂ ਮਿਲਦਾ । ਵਾਹਿਗੁਰੂ ਤਾਂ ਨਿਕਟ ਖੜੋਤਾ ਹੈ । ਹਰ ਇਕ ਦੇ ਮਨ ਵਿਚ ਵਸਦਾ ਹੈ । ਅਲਮਸਤ ਜੀ ਨੂੰ ਪਿਆਰ ਨਾਲ ਗਲੇ ਲਗਾਇਆ । ਗੁਰੂ ਜੀ ਨੇ ਉਸ ਪਿੱਪਲ ’ ਤੇ ਕੇਸਰ ਦੇ ਛਿੱਟੇ ਮਾਰ ਹਰਾ ਕੀਤਾ । ਅੱਜ ਤੱਕ ਪੱਤਿਆਂ ‘ ਤੇ ਕੇਸਰ ਦੇ ਛਿੱਟਿਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ । ਫਿਰ ਦੀਵਾਨ ਸੱਜਣ ਲੱਗ ਪਏ । ਅਲਮਸਤ ਜੀ ਨੇ ਉਸੇ ਉਤਸ਼ਾਹ ਨਾਲ ਫਿਰ ਸਿੱਖੀ ਪ੍ਰਚਾਰਨੀ ਸ਼ੁਰੂ ਕਰ ਦਿੱਤੀ । ਆਪ ਜੀ ਦਾ ਅਕਾਲ ਚਲਾਣਾ ਉੱਥੇ ਨਾਨਕ ਮਤਾ ਹੀ ਸੰਨ 1643 ( ਸੰਮਤ 1700 ) ਵਿਚ ਹੋਇਆ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top