ਪੰਥ ਲਈ ਉੱਜੜੇ ਘਰਾਂ ਦੀ ਦਾਸਤਾਨ
【ਸ਼ਹੀਦ ਭਾਈ ਬਲਦੇਵ ਸਿੰਘ ਜੇਠੂਵਾਲ】
ਸ਼ਹੀਦ ਭਾਈ ਬਲਦੇਵ ਸਿੰਘ ਆਹਲੂਵਾਲੀਆ ਆਪਣੇ ਖੇਤਾਂ ਵਿਚ ਹਲ੍ਹ ਵਾਹ ਰਹੇ ਸਨ,ਜਦੋਂ ਉਹਨਾਂ ਨੂੰ ਖ਼ਬਰ ਮਿਲੀ ਕਿ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਹੈ। ਉਹ ਬਲਦ ਵੀ ਖੇਤਾਂ ਚ ਛੱਡ ਆਏ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਆਣਕੇ ਅਨਾਉਸਮੈਂਟ ਕੀਤੀ ਕਿ ਚਲੋ ਸਿੰਘੋ ਮਰ ਤੇ ਇਕ ਦਿਨ ਸਭ ਨੇ ਜਾਣਾ ਹੈ ਪਰ ਅੱਜ ਗੁਰੂ ਪਾਤਸ਼ਾਹ ਦੇ ਦਰ ਤੇ ਭੀੜ ਬਣੀ ਹੈ ਆਓ ਉਥੇ ਚੱਲੀਏ ਪਿੰਡ ਤੋਂ ਜਥਾ ਲੈ ਕੇ ਨਿਕਲ ਤੁਰੇ 3 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਵਰ੍ਹਦੀਆਂ ਗੋਲ੍ਹੀਆਂ ਚ ਪਹੁੰਚ ਗਏ ਭਾਈ ਬਲਦੇਵ ਸਿੰਘ ਤਾਂ ਸ਼ਹੀਦੀ ਪ੍ਰਾਪਤ ਗਏ ਬਾਕੀ ਚਾਰ ਸਿੰਘਾਂ ਜੋਧਪੁਰ ਦੀ ਜ਼ੇਲ੍ਹ ਭੇਜ ਦਿੱਤੇ।
ਪ੍ਰਤੱਖ ਦਰਸ਼ੀਆ ਮੁਤਾਬਿਕ 38 ਸਾਲ ਪਹਿਲਾਂ ਜਦੋਂ ਭਾਈ ਬਲਦੇਵ ਸਿੰਘ ਪਿੰਡੋਂ ਨਿਕਲ ਰਹੇ ਸੀ ਤਾਂ ਉਹਨਾਂ ਦੀ ਸੱਤਵੀਂ ਕਲਾਸ ਚ ਪੜ੍ਹ ਰਹੀ ਇਹ ਇਕਲੌਤੀ ਬੱਚੀ (ਵੀਡੀਓ ਚ ਹੰਝੂ ਵਹਾ ਰਹੀ) ਜਸਬੀਰ ਕੌਰ ਸਕੂਲ ਤੋਂ ਪਰਤ ਰਹੀ ਸੀ,ਜਿਸ ਵੱਲ ਵੇਖ ਬਲਰਾਜ ਸਿੰਘ ਨੇ ਕਿਹਾ ਬਲਦੇਵ ਸਿਆ ਤੇਰੀ ਧੀ ਪਿਛੋਂ ਆਵਾਜ਼ ਦੇ ਰਹੀ ਹੈ,ਬਸ ਉਹੀ ਅਖੀਰੀ ਦਰਸ਼ਨ ਸਨ।
ਭਾਈ ਬਲਦੇਵ ਸਿੰਘ ਜੀ ਦੀ ਮ੍ਰਿਤਕ ਦੇਹ ਵੀ ਨਹੀਂ ਮਿਲੀ,ਘੱਲੂਘਾਰੇ ਤੋਂ ਬਾਅਦ ਪਰਿਵਾਰ ਨਾਲ ਨਿੱਤ ਕੀ ਵਾਪਰਿਆ ਉਸ ਤ੍ਰਾਸਦੀ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ।
ਬੰਦਗੀ ਤੋਂ ਸੱਖਣੇ,ਹਵਾ ਵਿਚ ਤਲਵਾਰਾ ਮਾਰਨ ਵਾਲੇ,ਪੰਥ ਦੇ ਨਾਮ ਤੇ ਰੋਟੀਆਂ ਸੇਕਣ ਵਾਲੇ ਇਹਨਾ ਪਰਿਵਾਰਾਂ ਦੇ ਦਰਦ ਨੂੰ ਨਹੀ ਸਮਝ ਸਕਦੇ,ਦਿਲੋਂ ਮਹਿਸੂਸ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।
ਜਦੋਂ ਭਾਈ ਬਲਦੇਵ ਸਿੰਘ ਜੀ ਦੀ ਸਿੰਘਣੀ ਗੁਰਪੁਰਵਾਸੀ ਮਾਤਾ ਦਰਸ਼ਨ ਕੌਰ ਜੀ ਦੀ ਘਾਲਣਾ ਯਾਦ ਆਉਦੀ ਹੈ ਤਾਂ ਦਿਲ ਦੀ ਧੜ੍ਹਕਨ ਹੌਲੀ ਹੋ ਜਾਂਦੀ ਹੈ,ਜਬਾਨ ਤਾਲੂ ਨਾਲ ਲੱਗ ਜਾਂਦੀ ਹੈ,ਹਰ ਵਰ੍ਹੇ ਤੀਹ ਸਾਲ ਕੱਲੀ ਆਪਣੇ ਸਿਰ ਦੇ ਸਾਂਈ ਦਾ ਸ਼ਹੀਦੀ ਦਿਹਾੜਾ ਮਨਾਉਦੀ ਰਹੀ ਤੇ ਜੂਨ ਦੇ ਪਹਿਲੇ ਹਫਤੇ ਜਦੋਂ ਸ੍ਰੀ ਅਖੰਡ ਪਾਠ ਰਖਣਾ ਮਾਤਾ ਭਾਈ ਬਲਦੇਵ ਸਿੰਘ ਦੀ ਫੋਟੋ ਨਾਲ ਗੱਲਾਂ ਕਰਿਆ ਕਰਦੀ ਸੀ ਕਿ ਸਿਰ ਦੇ ਸਾਂਈਆਂ ਤੂੰ ਤੇ ਤੁਰ ਗਿਆ ਮੇਰੇ ਤੇ ਕੀ ਬੀਤੀ ਮੈਂ ਹੀ ਜਾਣਦੀ ਹਾਂ…ਇਕ ਦੋ ਵਾਰ ਇਹ ਸੀਨ ਵੇਖ ਮੇਰੀਆਂ ਅੱਖਾਂ ਨਮ ਹੋਣੋ ਨਾ ਰਹਿ ਸਕੀਆ।
ਮਾਤਾ ਦੇ ਅਕਾਲ ਚਲਾਣੇ ਤੋਂ ਬਾਅਦ ਭਾਈ ਬਲਦੇਵ ਸਿੰਘ ਦਾ ਵੀਰਾਨ ਤੇ ਖੰਡਰ ਹੋਇਆ ਘਰ ਹੇਠਲੀ ਤਸਵੀਰ ਵਿਚ ਵੇਖਿਆ ਜਾ ਸਕਦਾ ਹੈ,ਜਿਸ ਅੰਦਰ ਬਣੇ ਚੁੱਲ੍ਹਿਆ ਤੇ ਵੀ ਘਾਹ ਉਗਾ ਹੈ।
【ਸ਼ਮਸ਼ੇਰ ਸਿੰਘ ਜੇਠੂਵਾਲ】