ਦੁਸ਼ਮਣ ਨਾਲ ਵੀ ਈਰਖਾ ਨਹੀਂ ਕਰਦਾ ਗੁਰੂ ਕਾ ਖਾਲਸਾ..

ਖਾਲਸਾ ਕਦੇ ਕਿਸੇ ਨਾਲ ਈਰਖਾ ਨਹੀਂ ਕਰਦਾ। ਇਥੋਂ ਤੱਕ ਕਿ ਗੁਰੂ ਕੇ ਖਾਲਸੇ ਜੰਗ ਵਿੱਚ ਜਿੰਨਾਂ ਦੁਸ਼ਮਣਾਂ ਨੂੰ ਮਾਰਿਆ ਕਰਦੇ ਸਨ ਉਹਨਾ ਨਾਲ ਵੀ ਈਰਖਾ ਨਹੀਂ ਕਰਿਆ ਕਰਦੇ ਸਨ। ਖਾਲਸੇ ਦੇ ਹਰ ਇੱਕ ਕਾਰਜ ਪਿੱਛੇ ਲੁਕਾਈ ਦਾ ਭਲਾ ਛੁਪਿਆ ਹੁੰਦਾ ਹੈ। ਏਸੇ ਕਰਕੇ ਖਾਲਸੇ ਦੇ ਬੋਲ੍ਹੇ ਵਿੱਚ ਦੁਸ਼ਮਣ ਲਈ ਵੀ ਮਾਰਨਾ ਸ਼ਬਦ ਨਹੀਂ ਵਰਤਿਆ ਜਾਂਦਾ ਸਗੋਂ ਸੋਧਾ ਲਾਉਣਾ ਸ਼ਬਦ ਵਰਤਿਆ ਜਾਂਦਾ ਹੈਂ। ਸੋਧਾ ਲਾਉਣ ਤੋਂ ਭਾਵ ਹੈ ਸੋਧ ਦੇਣਾ, ਠੀਕ ਕਰ ਦੇਣਾ। ਕਲਯੁਗ ਵਿੱਚ ਅਜਿਹੇ ਪਾਪੀ ਲੋਕ ਵੀ ਹੁੰਦੇ ਹਨ ਜਿੰਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ। ਏਸੇ ਲਈ ਇਸ ਯੁੱਗ ਨੂੰ ਕਲਯੁਗ ਕਹਿੰਦੇ ਹਨ। ਇਹੀ ਪਰਮਾਤਮਾ ਦੀ ਕੁਦਰਤ ਹੈ, ਖੇਲ ਹੈ। ਅਜਿਹੇ ਲੋਕ ਜੋ ਸਮਝਾਏ ਨਾ ਜਾ ਸਕਣ ਉਹਨਾ ਦਾ ਸੋਧਾ ਲੱਗ ਜਾਣ ਵਿੱਚ ਹੀ ਉਹਨਾ ਦੀ ਭਲਾਈ ਹੁੰਦੀ ਹੈ। ਜੇ ਉਹਨਾ ਨੂੰ ਸੋਧਾ ਨਾ ਲੱਗੇ ਤਾਂ ਉਹ ਹੋਰ ਪਾਪ ਕਮਾਉਣਗੇ। ਹੋਰ ਲੋਕਾਂ ਨੂੰ ਦੁੱਖ ਦੇਣਗੇ। ਇਸ ਲੋਕ ਵਿੱਚ ਲੋਕਾਂ ‘ਤੇ ਜ਼ੁਲਮ ਕਰਣਗੇ ਅਤੇ ਆਪਣੇ ਪਰਲੋਕ ਲਈ ਨਰਕ ਤਿਆਰ ਕਰ ਰਹੇ ਹੋਣਗੇ। ਸੋ ਜਰੂਰੀ ਹੈ ਅਜਿਹੇ ਲੋਕਾਂ ਨੂੰ ਸੋਧ ਦਿੱਤਾ ਜਾਵੇ। ਇਹ ਕੰਮ ਗੁਰੂ ਸਾਹਿਬ ਨੇ ਖਾਲਸੇ ਦੀ ਝੋਲੀ ਪਾਇਆ ਹੈ ਅਤੇ ਖਾਲਸੇ ਦੇ ਇਸੇ ਕੰਮ ਕਰਕੇ ਹੀ ਅੱਜ ਭਾਰਤ ਦੇ ਲੋਕ ਸੁਖੀ ਹਨ। ਖਾਲਸੇ ਨੇ ਪਾਪੀਆਂ ਨੂੰ ਸੋਧੇ ਲਾ ਕੇ ਉਹਨਾ ਨੂੰ ਵੀ ਨਰਕ ਤੋਂ ਬਚਾਇਆ ਅਤੇ ਲੋਕਾਂ ਨੂੰ ਵੀ ਸੁੱਖ ਸ਼ਾਂਤੀ ਦਿੱਤੀ। ਖ਼ੈਰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਹਾਲਾਤ ਥੋੜੇ ਵਿਗੜੇ ਹੋਏ ਦਿਖਾਈ ਦੇ ਰਹੇ ਹਨ। ਬਹੁਤੇ ਸਿੱਖ ਵੀਰ ਵੀ ਛੇਤੀ ਹੀ ਨਫ਼ਰਤ ਅਤੇ ਈਰਖਾ ਦੇ ਸ਼ਿਕਾਰ ਹੋ ਜਾਂਦੇ ਹਨ। ਜੇ ਕੋਈ ਉਹਨਾ ਨੂੰ ਬੁਰਾ ਭਲਾ ਬੋਲ ਦੇਵੇ ਤਾਂ ਉਹ ਵੀ ਅੱਗੋਂ ਗਾਲਾਂ ਕੱਢਣ ਅਤੇ ਲੜਨ ਲਗ ਜਾਂਦੇ ਹਨ। ਖਾਲਸੇ ਦਾ ਕੰਮ ਤਾਂ ਗਾਲਾਂ ਕੱਢਣ ਵਾਲੇ ਦਾ ਵੀ ਭਲਾ ਮੰਗਣਾ ਹੈ। ਸਿਰਫ ਮੂੰਹ ਤੋਂ ਹੀ ਨਹੀਂ, ਦਿਲ ਤੋਂ ਮੰਗਣਾ ਹੈ। ਹੋ ਸਕੇ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਨੀ ਹੈ ਕਿ ਗੁਰੂ ਜੀ ਇਸ ਨੂੰ ਵੀ ਆਪਣੇ ਚਰਨਾਂ ਨਾਲ ਜੋੜੋ। ਉਸ ਨੂੰ ਗਾਲਾਂ ਦਾ ਜਵਾਬ ਗਾਲਾਂ ਵਿੱਚ ਨਹੀਂ ਦੇਣਾ ਸਗੋਂ ਆਪਣੇ ਚਿਹਰੇ ਤੇ ਮੁਸਕਾਨ ਲਿਆ ਕੇ ਹੱਥ ਜੋੜ ਕੇ ਉਸ ਨੂੰ ਕਹਿਣਾ ਹੈ ਕਿ ਗੁਰੂ ਪਿਆਰਿਆ ਰੱਬ ਤੇਰੀ ਚੜਦੀ ਕਲਾ ਕਰੇ। ਯਕੀਨ ਜਾਣਿਓ ਇਸ ਤਰਾਂ ਕਰਨ ਨਾਲ ਤੁਹਾਨੂੰ ਗਾਲਾਂ ਕੱਢਣ ਵਾਲੇ ਲੋਕ ਆਪਣੇ ਆਪ ਉੱਤੇ ਸ਼ਰਮਿੰਦੇ ਹੋਣਗੇ। ਉਹਨਾ ਦੇ ਦਿਲ ਵਿੱਚ ਤੁਹਾਡੇ ਲਈ ਇੱਜ਼ਤ ਵਧੇਗੀ। ਹੋਰਨਾਂ ਅੱਗੇ ਉਹ ਤੁਹਾਡੀ ਸਿਫਤ ਕਰਣਗੇ। ਤੁਹਾਡੇ ਵਰਗਾ ਖੁਸ਼ਦਿਲ ਬਣਨਾ ਵੀ ਚਾਹੁਣਗੇ ਕਿਉਂਕਿ ਲੋਕ ਤੁਹਾਡੇ ਉਪਦੇਸ਼ਾਂ ਤੋਂ ਨਹੀਂ ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੁੰਦੇ ਹਨ। ਤੁਹਾਡਾ ਨਿਰਵੈਰ ਜੀਵਨ ਹੀ ਸਿੱਖੀ ਦਾ ਪ੍ਰਚਾਰ ਹੈ। ਪਰ ਅਫ਼ਸੋਸ ਕਿ ਅਜੇ ਅਸੀਂ ਮੂਰਖਾਂ ਦੀ ਗਿਣਤੀ ਵਿੱਚ ਆਉਣਾ ਚਾਹੁੰਦੇ ਹਾਂ। ਜਦੋਂ ਕੋਈ ਇਨਸਾਨ ਦੋ ਚਾਰ ਲੋਕਾਂ ਦੇ ਸਾਹਮਣੇ ਸਾਨੂੰ ਮੰਦਾ ਬੋਲ ਦੇਵੇ ਤਾਂ ਸਾਨੂੰ ਲਗਦਾ ਹੈ ਕਿ ਇਸ ਨੇ ਸਾਡਾ ਅਪਮਾਨ ਕੀਤਾ ਹੈ। ਪਰ ਅੱਗੋਂ ਉਸ ਨੂੰ ਮੰਦਾ ਬੋਲ ਕੇ ਜਾਂ ਉਸ ਨਾਲ ਲੜ ਕੇ ਅਸੀਂ ਆਪ ਹੀ ਆਪਣਾ ਅਪਮਾਨ ਵੀ ਕਰਵਾ ਰਹੇ ਹੁੰਦੇ ਹਾਂ ਅਤੇ ਕੋਈ ਨਾ ਕੋਈ ਨੁਕਸਾਨ ਵੀ ਕਰ ਬਹਿੰਦੇ ਹਾਂ। ਏਦਾਂ ਕਰਨ ਵਾਲੇ ਨੂੰ ਹੀ ਮੂਰਖ ਕਹਿੰਦੇ ਹਨ। ਅਸੀਂ ਅਪਮਾਨ ਤੋਂ ਬਚਣਾ ਚਾਹੁੰਦੇ ਹਾਂ ਪਰ ਆਪ ਹੀ ਲੋਕਾਂ ਅੱਗੇ ਹੋਰ ਅਪਮਾਨ ਕਰਵਾਉਂਦੇ ਹਾਂ। ਲੋਕ ਜਦ ਦੋ ਲੋਕਾਂ ਨੂੰ ਲੜਦੇ ਵੇਖਦੇ ਹਨ ਤਾਂ ਇਹੀ ਕਹਿੰਦੇ ਹਨ ਕਿ ਵੇਖਣ ਨੂੰ ਤਾਂ ਸਿਆਣੇ ਬਿਆਣੇ ਹਨ ਮੂਰਖਾਂ ਵਾਂਗ ਲੜ ਰਹੇ ਹਨ। ਇਸ ਤੋਂ ਚੰਗਾ ਸੀ ਕਿ ਸਾਨੂੰ ਗਾਲਾਂ ਕੱਢਣ ਵਾਲੇ ਨੂੰ ਅਸੀਂ ਇਹ ਕਹਿ ਦੇਂਦੇ ਕਿ ਪਿਆਰਿਆ ਰੱਬ ਤੇਰੀ ਚੜਦੀ ਕਲਾ ਕਰੇ। ਅਪਮਾਨ ਤੋਂ ਹੀ ਨਹੀਂ ਬਚਦੇ ਸਗੋਂ ਲੋਕਾਂ ਦੇ ਦਿਲਾਂ ਵਿੱਚ ਥਾਂ ਵੀ ਬਣਾ ਲੈਂਦੇ। ਬੇਸ਼ੱਕ ਇਹ ਕਹਿਣਾ ਏਨਾ ਸੌਖਾ ਨਹੀਂ ਹੁੰਦਾ ਕਿਉਂਕਿ ਇਹ ਕਹਿਣ ਤੋਂ ਪਹਿਲਾਂ ਮੰਦੇ ਬੋਲਾਂ ਨੂੰ ਜਰਨ ਦੀ ਤਾਕਤ ਚਾਹੀਦੀ ਹੈ ਅਤੇ ਅੱਗੋਂ ਦੁਆਵਾਂ ਦੇਣ ਲਈ ਮਨ ਈਰਖਾ ਤੋਂ ਰਹਿਤ ਹੋਣਾ ਚਾਹੀਦਾ ਹੈ ਪਰ ਇਹ ਗੁਣ ਤਾਂ ਖਾਲਸੇ ਵਿੱਚ ਹੁੰਦੇ ਹੀ ਹਨ। ਜਿਸ ਵਿੱਚ ਨਹੀਂ ਹਨ ਉਹ ਭਾਵੇਂ ਆਪਣੇ ਨਾਮ ਦੇ ਨਾਲ ਖਾਲਸਾ ਲਗਾ ਲਵੇ, ਉਹ ਖਾਲਸਾ ਨਹੀਂ। ਇਹ ਤਾਂ ਰਹੀ ਉਹਨਾ ਦੀ ਗੱਲ ਜੋ ਸਾਨੂੰ ਮੰਦਾ ਬੋਲਦੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਧਰਮ ਨੂੰ ਮੰਦਾ ਬੋਲਦੇ ਹਨ। ਏਥੇ ਵੀ ਖਾਲਸੇ ਨੇ ਈਰਖਾ ਨਹੀਂ ਕਰਨੀ। ਧਰਮ ਨੂੰ ਮੰਦਾ ਬੋਲਣ ਵਾਲਿਆਂ ਨੂੰ ਜਦੋਂ ਅਸੀਂ ਮੰਦਾ ਬੋਲਦੇ ਹਾਂ ਤਾਂ ਇਸ ਵਿੱਚ ਬੁਰਾਈ ਦੀ ਜਿੱਤ ਹੁੰਦੀ ਹੈ। ਅਸੀ ਵੀਂ ਮੰਦਾ ਬੋਲਣ ਵਾਲੇ ਇਨਸਾਨ ਦੀ ਕਿਸਮ ਵਿੱਚ ਆ ਜਾਨੇ ਹਾਂ। ਇਸ ਨਾਲ ਮੰਦਾ ਬੋਲਣ ਵਾਲੇ ਦਾ ਹੌਂਸਲਾ ਵੀ ਹੋਰ ਵੱਧ ਜਾਂਦਾ ਹੈ ਕਿਉਂਕਿ ਉਸ ਦੇ ਮਨ ਵਿੱਚ ਜੋ ਬੁਰਾਈ ਹੁੰਦੀ ਹੈ ਉਸ ਨੂੰ ਖਤਮ ਕਰਨ ਲਈ ਅੱਛਾਈ ਦੀ ਜਰੂਰਤ ਹੁੰਦੀ ਹੈ ਜੋ ਦੋਨਾਂ ਪਾਸੇ ਨਹੀਂ ਹੁੰਦੀ। ਇਸ ਤਰ੍ਹਾਂ ਕਰਨ ਨਾਲ ਅਸੀਂ ਖੁਦ ਵੀ ਖਾਲਸੇ ਦੀ ਕਿਸਮ ਵਿੱਚੋਂ ਬਾਹਰ ਹੋ ਕੇ ਮੰਦਾ ਬੋਲਣ ਵਾਲੇ ਦੀ ਕਿਸਮ ਵਿੱਚ ਆ ਜਾਨੇ ਹਾਂ। ਸੋ ਆਓ ਗੁਰੂ ਪਿਆਰਿਓ ਅਸੀਂ ਖਾਲਸੇ ਦੇ ਗੁਣ ਅਪਣਾਈਏ। ਦੂਸਰਿਆਂ ਨਾਲ ਈਰਖਾ ਕਰਨ ਦੀ ਖਾਲਸੇ ਨੂੰ ਗੁਰੂ ਸਾਹਿਬ ਨੇ ਕਦੀ ਵੀ ਇਜਾਜ਼ਤ ਨਹੀਂ ਦਿੱਤੀ। ਈਰਖਾ ਨੂੰ ਪ੍ਰੇਮ ਹੀ ਕੱਟ ਸਕਦਾ ਹੈ ਈਰਖਾ ਨਹੀਂ। ਗੁਰੂ ਸਾਹਿਬ ਸਭ ਦੀ ਚੜਦੀ ਕਲਾ ਕਰਨ।
ਰਣਜੀਤ ਸਿੰਘ ਮੋਹਲੇਕੇ
80700-61000


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top