ਇਤਿਹਾਸ – ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ
ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਦੀ 5 ਕਰੋੜ ਰੁਪਏ ਨਾਲ ਬਣਨ ਵਾਲੀ ਸ਼ਾਨਦਾਰ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਜਾਰੀ ਹਨ | ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਦੌਰਾਨ ਬੈਹਰ ਸਾਹਿਬ ਧਮਤਾਨ ਸਾਹਿਬ ਤੋਂ ਹੁੰਦੇ ਹੋਏ ਭਾਈ ਮੱਲਾ ਤੇ ਸੰਗਤ ਨਾਲ 7 ਸੰਮਤ 1723 ਨੂੰ ਇਸ ਸਥਾਨ ‘ਤੇ ਆਏ ਸਨ | ਇਸ ਦੌਰਾਨ ਗੁਰੂ ਜੀ ਨੇ ਭਾਈ ਮੱਲੇ ਬਹਿਰ ਜਛ ਵਾਲੇ ਨੂੰ ਪੁੱਛਿਆ ਕਿ ਅਸੀਂ ਕੈਥਲ ਜਾਣਾ ਹੈ ਤੇ ਉਥੇ ਕੋਈ ਗੁਰੂ ਦਾ ਪ੍ਰੇਮੀ ਹੈ ਤਾਂ ਮੱਲੇ ਨੇ ਕੈਥਲ ‘ਚ ਦੋ ਘਰਾਂ ਬਾਰੇ ਦੱਸਿਆ | ਗੁਰੂ ਜੀ ਮੱਲੇ ਨਾਲ ਕੈਥਲ ਵੱਲ ਚੱਲ ਪਏ ਤੇ ਕੈਥਲ ਨੇੜੇ ਪਹੁੰਚ ਕੇ ਮੱਲੇ ਨੇ ਪੁੱਛਿਆ ਕਿ ਕਿਹੜੇ ਘਰ ਜਾਣਾ ਹੈ | ਇਸ ‘ਤੇ ਗੁਰੂ ਨੇ ਕਿਹਾ ਕਿ ਜਿਹੜਾ ਘਰ ਨੇੜੇ ਹੈ | ਭਾਈ ਮੱਲਾ ਜੁਗਲ ਨਾਂਅ ਦੇ ਤਰਖਾਣ ਸਿੱਖ ਦੇ ਘਰ ਲੈ ਗਏ ਤੇ ਆਵਾਜ਼ ਮਾਰੀ ਕਿ ਤੁਹਾਡੇ ਘਰ ਜਗਤ ਦੇ ਤਾਰਨਹਾਰ ਆਏ ਹਨ | ਇਹ ਸੁਣ ਕੇ ਜੁਗਲ ਨੇ ਗੁਰੂ ਜੀ ਦਾ ਬਹੁਤ ਆਦਰ ਸਨਮਾਨ ਕੀਤਾ | ਇਸ ਤੋਂ ਬਾਅਦ ਗੁਰੂ ਜੀ ਅੰਮਿ੍ਤ ਵੇਲੇ ਠੰਡਾਰ ਤੀਰਥ ‘ਤੇ ਇਸ਼ਨਾਨ ਕਰਕੇ ਨਿੰਮ ਦੇ ਰੁੱਖ ਹੇਠਾਂ ਬੈਠ ਦੇ ਨਿੱਤਨੇਮ ਕਰ ਰਹੇ ਸਨ ਤਾਂ ਉਨ੍ਹਾਂ ਬਾਰੇ ਸੁਣ ਕੇ ਸ਼ਹਿਰ ਦੀ ਸੰਗਤ ਉਥੇ ਇਕੱਠੀ ਹੋ ਗਈ | ਸੰਗਤ ‘ਚ ਇਕ ਬੁਖਾਰ ਦਾ ਮਰੀਜ਼ ਸੀ | ਗੁਰੂ ਨੇ ਨਿੰਮ ਦੇ ਪੱਤੇ ਖੁਆ ਕੇ ਰੋਗੀ ਦਾ ਬੁਖਾਰ ਦੂਰ ਕੀਤਾ | ਇਹ ਸਥਾਨ ਨਿੰਮ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ | ਬਾਣੀਆਂ (ਮਹਾਜਨ) ਦੀ ਸੰਗਤ ਦੇ ਕਹਿਣ ‘ਤੇ ਗੁਰੂ ਜੀ ਦੁਪਹਿਰ ਦਾ ਭੋਜਨ ਕਰਨ ਲਈ ਮੁਹੱਲੇ ਸੇਠਾਨ ‘ਚ ਆਏ | ਗੁਰੂ ਜੀ ਭਾਈ ਜੁਗਲ ਦੇ ਘਰ ਬਿਰਾਜੇ, ਜਿੱਥੇ ਅੱਜ ਇਹ ਅਸਥਾਨ ਸੁਸ਼ੋਭਿਤ ਹੈ | ਸ਼ਹਿਰ ਦੀ ਬੇਅੰਤ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਈ | ਇਸ ਦੌਰਾਨ ਗੁਰੂ ਜੀ ਮੰਜੀ ‘ਤੇ ਬੈਠ ਗਏ ਅਤੇ ਵਰਦਾਨ ਦਿੱਤਾ ਕਿ ਇਥੇ ਕੀਰਤਨ ਹੋਇਆ ਕਰੇਗਾ ਅਤੇ ਜੋ ਪ੍ਰੇਮੀ ਸ਼ਰਧਾ ਨਾਲ ਆਵੇਗਾ, ਉਸ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ | ਅੱਜ ਵੀ ਗੁਰੂ ਘਰ ਆਉਣ ਵਾਲੀ ਸਾਧ ਸੰਗਤ ਦੀਆਂ ਝੋਲੀਆਂ ਖੁਸ਼ੀ ਨਾਲ ਭਰਦੀਆਂ ਹਨ | ਫਿਰ ਗੁਰੂ ਜੀ ਨਿੰਮ ਸਾਹਿਬ ਵੱਲ ਚੱਲ ਪਏ ਤੇ ਸੰਗਤ ਨੂੰ ‘ਨਾਮ ਜਪਣ ਤੇ ਵੰਡ ਛਕਣ’ ਦਾ ਉਪਦੇਸ਼ ਦਿੱਤਾ | 10 ਸੰਮਤ 1723 ਨੂੰ ਗੁਰੂ ਜੀ ਬਾਰਨਾ ਪਿੰਡ (ਕੁਰੂਕਸ਼ੇਤਰ) ਵੱਲ ਚੱਲ ਪਏ | ਗੁਰੂ ਪ੍ਰੇਮੀਆਂ ਵਲੋਂ ਭੇਟ ਕੀਤੀ 100 ਵਿਘੇ ਜ਼ਮੀਨ ਇਸ ਅਸਥਾਨ ਦੇ ਨਾਂਅ ਹੈ | ਕੈਥਲ ਸ਼ਹਿਰ ‘ਚ ਗੁਰੂ ਤੇਗ ਬਹਾਦਰ ਚੌਕ ‘ਚ ਵਿਸ਼ਾਲ ਖੰਡਾ ਸਥਾਪਿਤ ਕੀਤਾ ਗਿਆ ਹੈ |