ਇਤਿਹਾਸ – ਬੀਬੀ ਤੁਲਸਾਂ ਜੀ

ਬੀਬੀ ਤੁਲਸਾਂ ਜੋ ਇਕ ਮੁਸਲਮਾਨ ਔਰਤ ਸੀ ਜੋ ਭਾਈ ਮਹਿਤਾ ਕਲਿਆਣ ਜੀ ਦੇ ਘਰ ਦਾ ਕੰਮ ਕਾਜ ਕਰਦੀ ਸੀ। ਇਸ ਦੀ ਇਤਿਹਾਸ ਵਿੱਚ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਜਿਨੀ ਕੋ ਜਾਣਕਾਰੀ ਮਿਲਦੀ ਹੈ ਬਾਕਮਾਲ ਜਾਣਕਾਰੀ ਹੈ ।ਤੁਲਸਾਂ ਦਾਸੀ ਪਹਿਲੀ ਇਕ ਐਸੀ ਪਵਿੱਤਰ ਰੂਹ ਸੀ ਜਿਸ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਕਾਂਸ਼ ਰੂਪ ਕਰ ਕੇ ਜਾਣਿਆ ਹੈ । ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰੀ ਉਮਰ ਬੀਬੀ ਤੁਲਸਾਂ ਜੀ ਵਾਹਿਗੁਰੂ ਜੀ ਦੀ ਯਾਦ ਦਾ ਅਨੰਦ ਮਾਣ ਦੀ ਰਹੀ ।
‘ ਗੁਰ ਨਾਨਕ ਪ੍ਰਕਾਸ਼ ‘ ਵਿੱਚ ਇਹ ਘਟਨਾ ਪਿੰਡ ਤਲਵੰਡੀ ( ਹੁਣ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਵਾਪਰੀ ਦੱਸੀ ਗਈ ਹੈ । ਇਸ ਵਿਤਾਂਤ ਅਨੁਸਾਰ , ਇੱਕ ਦਿਨ ਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਆਪਣੇ ਘਰ ਵਿੱਚ ਲੇਟੇ ਹੋਏ ਹਨ । ਮਾਤਾ ਤ੍ਰਿਪਤਾ ਜੀ ਨੇ ਭੋਜਨ ਤਿਆਰ ਕਰਵਾਇਆ ਤੇ ਤੁਲਸਾਂ ਦਾਸੀ ਨੂੰ ਕਿਹਾ , “ ਮੇਰੇ ਪੁੱਤਰ ਨੂੰ ਜਗਾਉ ॥ ਕਿਤੇ ਭੋਜਨ ਠੰਢਾ ਨਾ ਹੋ ਜਾਏ । ਉਸ ਨੂੰ ਆਖੋ ਕਿ ਭੋਜਨ ਕਰ ਲਏ । ਸਮਝਦਾਰ ਦਾਸੀ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਪਹੁੰਚੀ , ਤਾਂ ਗੁਰੂ ਜੀ ਸੁੱਤੇ ਹੋਏ ਸਨ । ਗੁਰੂ ਜੀ ਦਾ ਪੈਰ ਕਪੜੇ ਤੋਂ ਬਾਹਰ ਸੀ । ਦਾਸੀ ਦੇ ਮਨ ਵਿੱਚ ਪ੍ਰੇਮ ਜਾਗਿਆ । ਉਸ ਨੇ ਗੁਰੂ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ ਵੱਡੇ ਭਾਗਾਂ ਵਾਲੀ ਦਾਸੀ ਨੇ ਜਦੋਂ ਗੁਰੂ ਜੀ ਦੇ ਚਰਨ ਨੂੰ ਆਪਣੇ ਮੱਥੇ ਨਾਲ ਛੋਹਿਆ , ਤਾਂ ਉਸ ਨੂੰ ਤਿੰਨਾਂ ਲੋਕਾਂ ਦੀ ਸ਼ੁੱਧ ਪ੍ਰਾਪਤ ਹੋ ਗਈ । ਦਾਸੀ ਨੇ ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਕਰਦਿਆਂ ਹੀ ਇੱਕ ਅਨੁਪਮ ਕੌਤਕ ਦੇਖਿਆ । ਲਾਹੌਰ ਦੇ ਵਾਪਾਰੀ ਗੁਰਸਿੱਖ ਭਾਈ ਮਨਸੁਖ ਦਾ ਸਮੁੰਦਰੀ ਜਹਾਜ਼ ਸਮੁੰਦਰ ਵਿੱਚ ਸੀ । ਉਸ ਨੂੰ ਉਥੋਂ ਕੋਈ ਰੁਕਾਵਟ ਆ ਰਹੀ ਸੀ | ਉਸ ਨੇ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ , “ ਹੇ ਦੀਨਾਂ ਦੇ ਬੰਧੂ ,( ਇਹ ਬੰਧੂ ਸ਼ਬਦ ਬੰਗਾਲ ਵਿੱਚ ਬੋਲਿਆ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਭਰਾ , ਵੀਰ ) ਪੂਰਣ ਸਤਿਗੁਰੂ , ਛੇਤੀ ਮੇਰੀ ਸਹਾਇਤਾ ਕਰੋ । ” | ਗੁਰੂ ਜੀ ਨੇ ਅੰਤਰਯਾਮੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਨਸੁਖ ਦੀ ਅਰਦਾਸ ਸੁਣੀ ਤੇ ਉਥੈ ਪਹੁੰਚ ਗਏ ਭਾਈ ਮਨਸੁਖ ਦੇ ਜਹਾਜ਼ ਨੂੰ ਕਿਨਾਰੇ ਲਾਇਆ । ਦਾਸੀ ਨੇ ਦਿੱਵ – ਸੋਝੀ ਰਾਹੀਂ ਇਹ ਸਭ ਕੁੱਝ ਦੇਖਿਆ ਤੇ ਗੁਰੂ ਜੀ ਨੂੰ ਬਿਨਾਂ ਜਗਾਏ ਹੀ ਵਾਪਸ ਚਲੀ ਗਈ । ਗੁਰੂ ਜੀ ਦੀ ਮਾਤਾ ਜੀ ਨੂੰ ਦਾਸੀ ਨੇ ਆਖਿਆ , “ ਮੈਂ ਗੁਰੂ ਜੀ ਨੂੰ ਜਗਾਇਆ ਨਹੀਂ । ਉਹ ਤਾਂ ਕਿਸੇ ਸਿੱਖ ਦਾ ਜਹਾਜ਼ ਲੰਘਾ ਰਹੇ ਸਨ । ਜਦੋਂ ਉਹ ਆਪਣੇ ਸਿੱਖ ਦਾ ਜਹਾਜ਼ ਲੰਘਾ ਦੇਣਗੇ , ਤਾਂ ਮੈਂ ਉਨ੍ਹਾਂ ਜਗਾ ਦੇਵਾਂਗੀ । ” ਮਾਤਾ ਜੀ ਨੇ ਸਮਝਿਆ ਕਿ ਦਾਸੀ ਮਜ਼ਾਕ ਕਰ ਰਹੀ ਹੈ । ਇਸਲਈ ਮਾਤਾ ਜੀ ਨੇ ਆਪ ਜਾ ਕੇ : ਗੁਰੂ ਜੀ ਨੂੰ ਜਗਾ ਕੇ ਭੋਜਨ ਕਰਵਾਇਆ । ਫਿਰ ਮਾਤਾ ਜੀ ਬੋਲੇ , “ ਸੁਣ ਪੁੱਤਰ , ਤੇਰੀ ਹਾਲਤ ਦੇਖ ਕੇ ਦਾਸੀ ਮੇਰੇ ਨਾਲ ਮਜ਼ਾਕ ਕਰਦੀ ਸੀ । ਉਸ ਨੇ ਮੈਂਨੂੰ ਆਖਿਆ ਕਿ ਗੁਰੂ ਜੀ ਕਿਸੇ ਸਿੱਖ ਦਾ ਜਹਾਜ਼ ਲੰਘਾ ਰਹੇ ਹਨ । ਮਾਤਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਬੋਲੇ , “ ਤੁਸੀਂ ਇਸ ਕਮਲੀ ਦੀ ਗੱਲ ਦੇ ਵਿਸ਼ਵਾਸ਼ ਨਾ ਕਰੋ ।
ਭਾਈ ਸਾਹਿਬ ਵੀਰ ਸਿੰਘ ਜੀ ਨੇ ਆਪਣੇ ਵੱਲੋਂ ਦਿੱਤੇ ‘ ਫੁਟ – ਨੋਟ ‘ ਵਿੱਚ ਇਸ ਪ੍ਰਕਾਰ ਲਿਖਿਆ ਹੈ : ਕਮਲੀ ਹੋਣ ਤੋਂ ਮੁਰਾਦ ਸ਼ੁਦਾਈ ਹੋਣ ਦੀ ਨਹੀਂ , ਜਿਕੂ ਬੀਮਾਰ ਹੁੰਦੇ ਹਨ ; ਪਰੰਤੂ ਮਸਤਾਨੀ ਅਵਸਥਾ ਦੀ ਮੁਰਾਦ ਹੈ ਕਿ ਉਹ ਅੰਤਰਮੁਖ ਸੁੱਖ ਵਿੱਚ ਰਹੀ ਤੇ ਬਾਹਰਲੀ ਸੁਧ ਪੂਰੀ ਸਾਵਧਾਨਤਾ ਦੀ ਨਾ ਹੋਈ । ਜੇ ਅੰਤਰਮੁਖ ਸੁਰਤ ਏਕਾ ਤੇ ਨਾਮ ਰਸ ਵਿੱਚ ਨਾ ਰਹੀ ਹੋਵੇ , ਤਾਂ ਮੁਕਤ ਨਹੀਂ ਹੋ ਸਕਦੀ । ਸੁਧ ਪਰਤੀ ਇਸ ਵਾਸਤੇ ਨਾ , ਕਿ ਉਹ ਭਾਂਡਾ ਹਲਕਾ ਸੀ । ਰੱਬੀ ਭੇਤ ਜਰ ਨਹੀਂ ਸਕਦੀ ਸੀ । ਜੇ ਹੋਸ਼ ਪੂਰੀ ਪਰਤਦੀ , ਤਾਂ ਡਰ ਸੀ ਕਿ ਉਹ ਰਿਧੀਆਂ ਸਿਧੀਆਂ ਵਿਚ ਪਰਚ ਜਾਂਦੀ ਤੇ ਮੁਕਤ ਨਾ ਹੋ ਸਕਦੀ । ਇਹ ਹੀ ਪ੍ਰਸੰਗ ‘ ਪੁਰਾਤਨ ਜਨਮਸਾਖੀ ਵਿੱਚ ਇਸ ਪ੍ਰਕਾਰ ਦਿੱਤਾ ਗਿਆ ਹੈ : ਤਬਿ ਬਾਬਾ ਜਾਇ ਸੁਤਾ । ਜਬ ਰਸੋਈ ਕਾ ਵਖਤੁ ਹੋਇਆ , ਤਥਿ ਬਾਂਦੀ ਲਗੀ ਜਗਾਵਣਿ । ਤਬਿ ਬਾਬੇ ਦੇ ਚਰਨ ਜੀਭ ਨਾਲਿ ਚਟਿਆਸੂ | ਚਟਣੇ ਨਾਲਿ ਜਬ ਦੇਖੈ , ਤਾਂ ਬਾਬਾ ਸਮੁੰਢ ਵਿਚਿ ਖੜਾ ਹੈ । ਸਿਖ ਕਾ ਬੋਹਿਥਾ ਕਢਦਾ ਹੈ । ਤਬ ਮਾਤਾ ਭੀ ਆਇ ਗਈ , ਆਖਿਉਸ , “ ਨਾਨਕ ਜਾਗਿਆ ਹੈ ? ” ਤਬ ਬਾਂਦੀ ਆਖਿਆ , “ ਮਾਤਾ ਜੀ , ਨਾਨਕੁ ) ਏਥੈ ਨਾਹੀ , ਬਾਬਾ ਸਮੁੰਦੁ ਵਿਚਿ ਖੜਾ ਹੈ ” । ਤਾਂ ਮਾਤਾ ਬਾਂਦੀ ਜੋਗੁ ਲਗੀ ਮਾਰਣ , ਆਖਿਓਸੁ , “ ਇਹ ਭੀ ਲਗੀ ਮਸਕਰੀਆਂ ਕਰਦਿ । ਤਬ ਬਾਬਾ ਜਾਗਿਆ , ਤਾਂ ਮਾਤਾ ਆਖਿਆ , “ ਬੇਟਾ , ਇਹ ਭੀ ਗੋਲੀ ਲਗੀ ਮਸਕਰੀਆਂ ਕਰਣ , ਆਖੈ ਜੋ ਨਾਨਕੁ ਸਮੁੰਦੁ ਵਿਚਿ ਖੜਾ ਹੈ । ਤਬ ਬਾਬੇ ਆਖਿਆ , “ ਮਾਤਾ ਜੀ , ਕਮਲੀਆਂ ਫਲੀਆਂ ਦੇ ਆਖੇ ਲਗਣਾ ਦੇਖੋ , ਭਾਈ ਵੀਰ ਸਿੰਘ ਜੀ ਵੱਲੋਂ ਸੰਪਾਦਿਤ ‘ ਸ੍ਰੀ ਗੁਰ ਨਾਨਕ ਪ੍ਰਕਾਸ਼ ‘ ,
ਬੀਬੀ ਤੁਲਸਾਂ ਦਾ ਅਸਲ ਪਿੰਡ ਤਲਵੰਡੀ ਹੀ ਹੋਏ ਤੇ ਉਹ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਹੋਣ ਤੋਂ ਬਾਅਦ ਖੁਦ ਵੀ ਸੁਲਤਾਨਪੁਰ ਚਲੀ ਗਈ । ਅਮੀਰ ਘਰਾਂ ਵਿੱਚ ਇਹ ਆਮ ਰਿਵਾਜ਼ ਸੀ ਕਿ ਧੀ ਦੇ ਵਿਆਹ ਸਮੇਂ ਦਾਸ ਜਾਂ ਦਾਸੀ ਨੂੰ ਵੀ ਲੜਕੀ ਦੇ ਸਹੁਰੇ ਹੀ ਵੱਸਣ ਲਈ ਭੇਜ ਦਿੱਤਾ ਜਾਂਦਾ ਸੀ । ਉਨ੍ਹਾਂ ਦਿਨਾਂ ਵਿੱਚ ਛੋਟੀ ਉਮਰ ਵਿੱਚ ਹੀ ਵਿਆਹ ਹੋ ਜਾਂਦਾ ਸੀ । ਨਵੀਂ ਜਗ੍ਹਾ ਜਾ ਕੇ ਲੜਕੀ ਓਪਰਾਪਣ ਮਹਿਸਸ ਨਾ ਕਰੇ , ਇਸ ਲਈ ਵਿਸ਼ਵਾਸਪਾਤਰ ਦਾਸੀ ਨੂੰ ਵੀ ਨਾਲ ਹੀ ਭੇਜਣਾ ਆਮ ਪ੍ਰਚਲਿਤ ਸੀ । ਸੰਭਵ ਹੈ ਕਿ ਬੀਬੀ ਤੁਲਸਾਂ ਨੂੰ ਵੀ ਵਿਸ਼ਵਾਸਪਾਤਰ ਦਾਸੀ ਹੋਣ ਕਾਰਣ ਬੇਬੇ ਨਾਨਕੀ ਜੀ ਦੇ ਵਿਆਹ ਮਗਰੋਂ ਬੇਬੇ ਨਾਨਕੀ ਜੀ ਦੇ ਸਹੁਰੇ ਸੁਲਤਾਨਪੁਰ ਭੇਜ ਦਿੱਤਾ ਗਿਆ ।
ਬੀਬੀ ਤੁਲਸਾਂ ਦੇ ਭਾਗ ਉਸ ਵਕਤ ਖੁੱਲ੍ਹਣੇ ਸ਼ੁਰੂ ਹੋਏ , ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਵਿਖੇ ਮੋਦੀ ਦਾ ਕੰਮ ਕਰਨਾ ਆਰੰਭ ਕੀਤਾ । ਕਾਫ਼ੀ ਚਿਰ ਗੁਰੂ ਜੀ ਬੇਬੇ ਨਾਨਕੀ ਜੀ ਦੇ ਘਰ ਹੀ ਰਹੇ ਸਨ । ਇਸ ਸਮੇਂ ਦੌਰਾਨ ਰੋਜ਼ਾਨਾ ਹੀ ਬੀਬੀ ਤੁਲਸਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ । ਜਦੋਂ ਗੁਰੂ ਜੀ ਆਪਣੇ ਪਰਿਵਾਰ ਸਮੇਤ ਅਲੱਗ ਰਹਿਣ ਲੱਗ ਪਏ , ਉਦੋਂ ਵੀ ਬੀਬੀ ਤੁਲਸਾਂ ਨੂੰ ਅਕਸਰ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ । ਕੇਸਰ ਸਿੰਘ ਛਿਬਰ ਆਪਣੀ ਪੁਸਤਕ “ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ‘ ਵਿੱਚ ਲਿਖਦਾ ਹੈ ਕਿ ਗੁਰੂ ਜੀ ਜਦੋਂ ਚੌਦਾਂ ਸਾਲ ਦੇ ਹੋਏ , ਤਾਂ ਉਹ ਸੁਲਤਾਨਪੁਰ ਗਏ ਤੇ । ਇਸ ਹਿਸਾਬ ਨਾਲ ਗੁਰੂ ਜੀ ਸੰਮਤ ੧੫੪੦ ਬਿਕਰਮੀ ਵਿੱਚ ਸੁਲਤਾਨਪੁਰ ਗਏ । ‘ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ‘ ਅਨੁਸਾਰ ਗੁਰੂ ਸਾਹਿਬ ਜੀ ਦੇ ਛੋਟੇ ਬੇਟੇ ਸ੍ਰੀ ਲਖਮੀ ਚੰਦ ਦਾ ਜਨਮ ਸੰਮਤ ੧੫੫੩ ਬਿਕਰਮੀ ਵਿੱਚ ਹੋਇਆ ਹੈ । ਅਸੀਂ ਇਹ ਜਾਣਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਆਪਣੀਆਂ ਉਦਾਸੀਆਂ ਸੁਲਤਾਨਪੁਰ ਤੋਂ ਹੀ ਸ੍ਰੀ ਲਖਮੀ ਚੰਦ ਦੇ ਜਨਮ ਤੋਂ ਬਾਅਦ ਹੀ ਸ਼ੁਰੂ ਕੀਤੀਆਂ ਸਨ । ਇਸ ਤੋਂ ਅਸੀਂ ਸਹਿਜੇ ਹੀ ਇਸ ਨਤੀਜੇ ‘ ਤੇ ਪਹੁੰਚਦੇ ਹਾਂ ਕਿ ਗੁਰੂ ਸਾਹਿਬ ਜੀ ਲੱਗਭੱਗ ੧੩-੧੪ ਸਾਲ ਸੁਲਤਾਨਪੁਰ ਵਿਖੇ ਹੀ ਰਹੇ । ਇਹ ਇੱਕ ਲੰਬਾ ਸਮਾਂ ਹੈ । ਇੰਨਾ ਸਮਾਂ ਬੀਬੀ ਤੁਲਸਾਂ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਮਾਣਦੇ ਰਹੇ । ਜਿਵੇਂ ਕਿ ਉਪਰ ਆਖਿਆ ਜਾ ਚੁੱਕਾ ਹੈ , ਸਾਡੇ ਕੋਲ ਤੁਲਸਾਂ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਮੌਜੂਦ ਨਹੀਂ ਹੈ । | ਬੀਬੀ ਤੁਲਸਾਂ ਦਾ ਕੁੱਝ ਜ਼ਿਕਰ ਭਾਈ ਸੰਤੋਖ ਸਿੰਘ ਜੀ ਰਚਿਤ ਗ੍ਰੰਥ ‘ ਸ੍ਰੀ ਗੁਰ ਨਾਨਕ ਪ੍ਰਕਾਸ਼ ‘ ਵਿੱਚ ਮਿਲਦਾ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top