ਵਿਸਾਖੀ
ਖ਼ਾਲਸਾ ਸਾਜਨਾ ਦਿਵਸ ਮਨਾ ਰਹੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਵਾਨ ਹੋਵਣ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨ ਗੁਰੂ ਸਾਹਿਬ ਦਾ ਖ਼ਾਲਸਾ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹੇ।
ਪਿਛਲੇ ਸਾਲ ਮੈਂ ਪਰਿਵਾਰ ਸਮੇਤ ਵਿਸਾਖੀ ਮੌਕੇ ਪੰਜਾਬ ਸੀ ਤੇ ਮੈਨੂੰ ਵਿਸਾਖੀ ਵਾਲੇ ਦਿਨ ਮੇਰੇ ਪੇਕੇ ਪਿੰਡ ਦੇਨੋਵਾਲ ਕਲਾਂ ਵੱਲੋਂ ਹਰ ਸਾਲ ਲਗਾਏ ਜਾਂਦੇ ਲੰਗਰ ਸਥਾਨ ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਈਆ ਸੀ ।
ਮੇਰੇ ਪੇਕੇ ਪਿੰਡ ਦਾ ਲੰਗਰ ਸਥਾਨ ਗੜਸ਼ੰਕਰ ਤੋਂ ਸ੍ਰੀ ਅਨੰਦ ਪੁਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਅੱਧ ਰਸਤੇ ਵਿੱਚ ਆਉਂਦਾ ਹੈ। ਇਸ ਸਥਾਨ ਨੂੰ ਖੂਹੀ ਪੁਰ ਨਾਮ ਨਾਲ ਸਭ ਸੰਗਤਾਂ ਜਾਣਦੀਆਂ ਹਨ।
ਸਾਡੇ ਪਿੰਡ ਵਿੱਚ ਰਹਿੰਦੇ ਸੰਤ ਸ਼ਿਵ ਰਾਮ ਜੀ ਮਹਾਰਾਜ ਜੀ ਵੱਲੋਂ ਇਸ ਸਥਾਨ ਤੇ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ। ਪਹਿਲਾ ਪਹਿਲ ਅਨੰਦ ਪੁਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਲਈ ਕੇਵਲ ਭੁੰਨੇ ਹੋਏ ਕਾਲੇ ਛੋਲੇ ਤੇ ਜਲ ਦੀ ਸੇਵਾ ਕੀਤੀ ਜਾਂਦੀ ਸੀ। ਛੋਲੇ ਭੁੰਨਣ ਦੀ ਸੇਵਾ ਪਿੰਡ ਦੀਆਂ ਸਵਾਣੀਆਂ ਰਲਕੇ ਕਰਦੀਆਂ ਸਨ। ਜਲ ਵੀ ਆਸ ਪਾਸ ਦੇ ਪਿੰਡਾਂ ਵਿੱਚੋਂ ਘੜੇ ਭਰਕੇ, ਹੱਥੀ ਚੁੱਕ ਲਿਆਂਦਾ ਜਾਂਦਾ ਸੀ। ਫੇਰ ਸੰਤਾ ਨੇ ਮੇਰੇ ਪਿੰਡ ਦੇ ਨੌਜੁਆਨ ਤੇ ਬਜ਼ੁਰਗਾਂ ਨਾਲ ਰਲ ਕੇ ਬਹੁਤ ਡੂੰਘੀ ਖੂਹੀ ਪੁੱਟ ਲਈ ਤੇ ਕਰਦੇ ਕਰਦੇ ਇਹ ਖੂਹੀ ਦੀ ਚਿਣਾਈ ਵੀ ਪੱਕੀ ਚਿਣ ਦਿੱਤੀ ਗਈ । ਤਕਰੀਬਨ ਵੀਹ ਕੁ ਸਾਲ ਪਹਿਲਾ ਤੱਕ ਲੰਗਰ ਵਿੱਚ ਵਰਤਿਆ ਜਾਂਦਾ ਜਲ ਇਸ ਹੀ ਖੂਹੀ ਵਿੱਚੋਂ ਲੰਬੇ ਰੱਸੇ ਤੇ ਡੋਲ ਦੀ ਮੱਦਦ ਨਾਲ ਕੱਢ ਕੇ ਵਰਤਿਆ ਜਾਂਦਾ ਸੀ।
ਪਰ ਅੱਜ ਵਾਹਿਗੁਰੂ ਜੀ ਦੀ ਕਿਰਪਾ ਸਦਕੇ ਹਰ ਦਿਨ ਲੰਗਰ ਵਿੱਚ ਕਈ ਪ੍ਰਕਾਰ ਦਾ ਭੋਜਨ ਤਿਆਰ ਹੁੰਦਾ ਹੈ। ਸੰਗਤਾਂ ਦੇ ਰਹਿਣ ਲਈ ਪੱਕੇ ਕਮਰੇ ਹਨ , ਪਾਣੀ ਦੀ ਸਹੂਲਤ ਲਈ ਬੋਰ ਕੀਤਾ ਗਿਆ ਹੈ। ਭਾਵੇ ਅੱਜ ਇੱਥੇ ਕਈ ਪ੍ਰਕਾਰ ਦਾ ਲੰਗਰ ਤਿਆਰ ਹੁੰਦਾ ਹੈ ਪਰ ਭੁੰਨੇ ਹੋਏ ਛੋਲਿਆਂ ਵਾਲੀ ਕਈ ਦਹਾਕਿਆਂ ਤੋਂ ਚੱਲੀ ਆਉਂਦੀ ਰਸਮ ਉਬਲੇ ਛੋਲਿਆਂ ਵਿੱਚ ਬਦਲ ਗਈ ਤੇ ਹਰ ਵਕਤ ਉੱਬਲੇ ਛੋਲੇ ਪ੍ਰਸਾਦ ਰੂਪ ਵਿੱਚ ਵਰਤਾਏ ਜਾਂਦੇ ਹਨ।
ਮੇਰੇ ਪੇਕੇ ਪਿੰਡ ਦਾ ਹਰ ਜੀਅ ਹਰ ਸਾਲ ਇਸ ਸਥਾਨ ਤੇ ਬਹੁਤ ਸ਼ਰਧਾ ਨਾਲ ਹਾਜ਼ਰੀ ਭਰਦਾ ਹੈ। ਵਾਹਿਗੁਰੂ ਜੀ ਖ਼ਾਲਸੇ ਦੀ ਹਰ ਥਾਂ ਹਰ ਵਕਤ ਚੜ੍ਹਦੀ ਕਲਾਂ ਰੱਖਣ ।
ਸਰਬਜੀਤ ਸਿੰਘ ਜਰਮਨੀ